ਪੰਜਾਬ ਦੇ 1500 ਬੱਚੇ ਲਾਪਤਾ

ਪੰਜਾਬ ਦੇ 1500 ਬੱਚੇ ਲਾਪਤਾ

ਲੁਧਿਆਣਾ: ਪੰਜਾਬ ਵਿਚ ਬੱਚਿਆਂ ਨੂੰ ਚੁੱਕਣ ਵਾਲੇ ਗਿਰੋਹਾਂ ਨੂੰ ਨੱਥ ਪਾਉਣ ਵਿਚ ਸਰਕਾਰ ਲਗਾਤਾਰ ਨਾਕਾਮ ਰਹੀ ਹੈ। ਸਾਹਮਣੇ ਆਏ ਅੰਕੜਿਆਂ ਮੁਤਾਬਕ ਸਾਲ 2013 ਤੋਂ ਹੁਣ ਤਕ 1500 ਦੇ ਕਰੀਬ ਬੱਚੇ ਲਾਪਤਾ ਹਨ। ਪੁਲਿਸ ਇਹਨਾਂ ਦੀ ਉੱਘ-ਸੁੱਘ ਲਗਾਉਣ ਵਿਚ ਨਾਕਾਮ ਰਹੀ ਹੈ। ਇਹਨਾਂ ਬੱਚਿਆਂ ਵਿਚ ਜ਼ਿਆਦਾ ਗਿਣਤੀ ਕੁੜੀਆਂ ਦੀ ਹੈ।

ਬੱਚਿਆਂ ਦੇ ਲਾਪਤਾ ਹੋਣ ਦੇ ਸਭ ਤੋਂ ਵੱਧ ਮਾਮਲੇ ਲੁਧਿਆਣਾ ਸ਼ਹਿਰ ਵਿਚ ਦਰਜ ਕੀਤੇ ਗਏ ਹਨ। ਇੱਥੇ 319 ਬੱਚੇ ਲਾਪਤਾ ਹੋਣ ਦੀਆਂ ਰਿਪੋਰਟਾਂ ਹਨ। ਇਸ ਤੋਂ ਬਾਅਦ ਮੁਕਤਸਰ ਵਿਚ 128, ਜਲੰਧਰ ਵਿਚ 107, ਐਸਏਐਸ ਨਗਰ (ਮੋਹਾਲੀ) ਵਿਚ 99, ਅੰਮ੍ਰਿਤਸਰ ਅਤੇ ਤਰਨਤਾਰਨ ਵਿਚ 81, ਫਿਰੋਜ਼ਪੁਰ ਵਿਚ 71, ਸੰਗਰੂਰ ਵਿਚ 65, ਪਟਿਆਲਾ ਵਿਚ 64 ਬੱਚੇ ਲਾਪਤਾ ਹੋਏ ਹਨ। 

ਇਹ ਅੰਕੜੇ ਰੋਹਿਤ ਸੱਭਰਵਾਲ ਨੇ ਪੰਜਾਬ ਦੇ ਡੀਜੀਪੀ ਦਫਤਰ ਤੋਂ ਆਰਟੀਆਈ ਰਾਹੀਂ ਲਏ ਹਨ। ਰੋਹਿਤ ਨੇ ਇਸ ਮਾਮਲੇ ਸਬੰਧੀ ਬੱਚਿਆਂ ਦੇ ਹੱਕਾਂ ਬਾਰੇ ਕੌਮੀ ਕਮਿਸ਼ਨ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ। 

ਜ਼ਿਕਰਯੋਗ ਹੈ ਕਿ ਦੁਨੀਆ ਵਿਚ ਮਨੁੱਖਾਂ ਦੀ ਖਰੀਦੋ ਫਰੋਖਤ ਦੀ ਇਕ ਵੱਡੀ ਮੰਡੀ ਹੈ ਜੋ ਕਿ ਪਿਛਲੀਆਂ ਸਦੀਆਂ ਦੇ ਗੁਲਾਮਾਂ ਦੇ ਗੈਰ-ਮਨੁੱਖੀ ਵਰਤਾਰੇ ਵਰਗਾ ਇਕ ਵਰਤਾਰਾ ਹੈ। ਅੱਜ ਵੀ ਇਹ ਕੰਮ ਸਰਕਾਰਾਂ ਦੀ ਨੱਕ ਹੇਠ ਹੋ ਰਹੇ ਹਨ। ਬੱਚਿਆਂ ਨੂੰ ਅਗਵਾ ਕਰਕੇ ਜਿਸਮ ਫਰੋਸ਼ੀ ਦੀ ਮੰਡੀ ਵਿਚ ਵੇਚਣ ਦੇ ਬਹੁਤ ਮਾਮਲੇ ਜਗ ਜਾਹਰ ਹੋ ਚੁੱਕੇ ਹਨ। ਪਰ ਪੰਜਾਬ ਪੁਲਸ ਦੀ ਇਸ ਮਾਮਲੇ ਵਿਚ ਨਾਕਾਮੀ ਸਰਕਾਰ ਅਤੇ ਪੁਲਸ ਪ੍ਰਸ਼ਾਸਨ 'ਤੇ ਵੱਡੇ ਸਵਾਲ ਖੜ੍ਹੇ ਕਰਦੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।