ਅਸੁਰੱਖਿਅਤਾ ਦਾ ਵੱਧਦਾ ਘੇਰਾ

ਅਸੁਰੱਖਿਅਤਾ ਦਾ ਵੱਧਦਾ ਘੇਰਾ

ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ
13 ਦਸੰਬਰ ਦੀ ਸ਼ਾਮ ਮੈਂ ਜਿਉਂ ਹੀ ਦਿੱਲੀ ਵਿਚ ਪ੍ਰਵੇਸ਼ ਕੀਤਾ, ਪਤਾ ਨੀ ਕਿਉਂ, ਸੜਦੇ ਮਾਸ ਦੀ ਤੇਜ਼ ਗੰਧ ਨਾਸਾਂ ਥਾਣੀ ਦਿਮਾਗ ਨੂੰ ਚੜ੍ਹ ਗਈ, ਟਾਇਰਾਂ ਵਾਲੀਆਂ ਦੁਕਾਨਾਂ ਦੇਖ-ਦੇਖ ਇਉਂ ਲੱਗਿਆ ਜਿਵੇਂ ਹੁਣੇ ਹੀ ਮੇਰੇ ਗਲ ਵਿਚ ਪੈ ਜਾਣਗੇ ਤੇ ਆਪੇ ਬਲਣ ਲੱਗਣਗੇ, ਪਤਾ ਨੀ ਕਿਉਂ ਟਰੈਫਿਕ ਦੀ ਭੀੜ ਵੀ 'ਇੰਦਰਾ ਗਾਂਧੀ ਅਮਰ ਰਹੇ' ਦੇ ਨਾਅਰੇ ਗੂੰਜਾਉਂਦੀ ਹੋਈ ਜਾਪੀ, ਭੈਣਾਂ ਦੀਆਂ ਕੰਨ ਪਾੜਵੀਆਂ ਚੀਕਾਂ ਕੰਨਾਂ ਵਿਚ ਗੂੰਜ ਰਹੀਆਂ ਸਨ ਤੇ ਉਹ ਦਿਲ ਦਹਿਲਾ ਦੇਣ ਲਈ ਕਾਫ਼ੀ ਸਨ। ਗੱਡੀ ਦਾ ਐਸੀਲੇਟਰ ਮੱਲੋਮੱਲੀ ਹੌਲੀ ਹੋ ਗਿਆ। ਅਜੀਬ ਜਿਹਾ ਲੱਗ ਰਿਹਾ ਸੀ, ਇਹ ਸਿਰਫ਼ ਇਕ ਭਰਮ ਸੀ ਜਾਂ ਸਚਮੁੱਚ ਹੀ ਅਜਿਹਾ ਕੁਝ ਹੋ ਰਿਹਾ ਸੀ। ਫੋਨ 'ਤੇ ਆਪਣੀ ਸਥਿਤੀ ਜਾਨਣ ਲਈ ਨੈਵੀਗੇਸ਼ਨ ਔਨ ਕੀਤਾ, ਉਹ ਵੀ ਭਮੱਤਰਿਆ ਪਿਆ ਸੀ। ਕੋਈ ਲੋਕੇਸ਼ਨ ਨਹੀਂ ਸੀ ਦਿਖ ਰਹੀ, ਥੋੜ੍ਹੀ ਦੇਰ ਬਾਅਦ ਫੋਨ 'ਤੇ ਹੀ ਪਤਾ ਲੱਗਿਆ ਕਿ ਨੈਟ ਬੰਦ ਹੈ। ਸਰਕਾਰੀ ਮੈਸੇਜ ਹਿੰਦੀ ਵਿਚ ਇਉਂ ਸੀ, 'ਸਰਕਾਰ ਕੇ ਨਿਰਦੇਸ਼ਾਂ ਅਨੁਸਾਰ, ਆਪਕੇ ਸ਼ੇਤਰ ਮੇ ਇੰਟਰਨੈਟ ਸੇਵਾ ਅਗਲੀ ਸੂਚਨਾ ਆਨੇ ਤੱਕ ਬੰਦ ਕਰ ਦੀ ਗਈ ਹੈ'। ਮੈਸੇਜ ਪੜ੍ਹ ਸੋਚਿਆ ਕੁਝ ਤਾਂ ਹੈ ਜੋ ਦਿੱਲੀ ਵਿਚ ਹੋ ਰਿਹਾ ਹੈ। ਉਧੇੜਬੁਣ ਵਿਚ ਦਿੱਲੀ ਬਾਈਪਾਸ ਤੋਂ ਗੁਜ਼ਰਦੇ ਨੂੰ ਨਿਸ਼ਾਨ ਸਾਹਿਬ ਨਜ਼ਰੀਂ ਪਿਆ, ਮੱਲੋ-ਮੱਲੀ ਗੱਡੀ ਦੇ ਬਰੇਕ ਲੱਗ ਗਏ। ਮੈਂ ਗੱਡੀ ਬਾਹਰ ਖੜ੍ਹੀ ਕਰ ਗੁਰੂ-ਘਰ ਅੰਦਰ ਰਾਤ ਗੁਜ਼ਾਰਨ ਦੀ ਠਾਹਰ ਪਤਾ ਕਰਨ ਪਹੁੰਚ ਗਿਆ। ਮੇਰੇ ਨਾਲ ਮੇਰੀ ਪਤਨੀ ਵੀ ਸੀ। ਇਹ ਇਤਿਹਾਸਕ ਗੁਰਦੁਆਰਾ ਮਜਨੂੰ ਕਾ ਟਿੱਲਾ ਸਾਹਿਬ ਸੀ। ਸਿੱਧਾ ਦਫ਼ਤਰ ਗਿਆ। ਉਥੇ ਮੈਨੇਜਰ ਸਾਹਿਬ ਤਾਂ ਨਹੀਂ ਮਿਲੇ ਸੇਵਾਦਾਰ ਨੇ ਪਿੱਛੇ ਵੱਲ ਇਸ਼ਾਰਾ ਕਰਕੇ ਦੱਸਿਆ ਕਿ ਕਮਰਿਆਂ ਦੀ ਬੁਕਿੰਗ ਉਥੋਂ ਕਰਵਾ ਸਕਦੇ ਹੋ। ਨੋਟ ਕੀਤਾ ਕਿ ਇਤਿਹਾਸਕ ਗੁਰੂ-ਘਰ ਵਿਚ ਚਹਿਲ-ਪਹਿਲ ਨਹੀਂ ਸੀ। ਸਾਰੇ ਚਿਹਰੇ ਡਰੇ-ਡਰੇ ਜਿਹੇ ਲੱਗ ਰਹੇ ਸਨ। ਪਿੱਛੇ ਬੁਕਿੰਗ ਕਾਊਂਟਰ 'ਤੇ ਪੁੱਜਿਆ ਤਾਂ ਕਾਊਂਟਰ 'ਤੇ ਕੋਈ ਨਹੀਂ ਸੀ। ਕੁਝ ਸੇਵਾਦਾਰ ਬਾਹਰ ਖੜ੍ਹੇ ਹਿੰਦੀ ਵਿਚ ਗੱਲਾਂ ਕਰ ਰਹੇ ਸਨ ਕਿ ਆਜ ਪਤਾ ਨੀ ਕਿਆ ਹੋਗਾ। ਮਾਹੌਲ ਖ਼ਰਾਬ ਹੋਨੇ ਕੇ ਕਾਰਨ ਸਭ ਕੀ ਛੁੱਟੀ ਕਰ ਦੀ ਗਈ ਹੈ। ਹਮ ਦੋ ਚਾਰ ਆਦਮੀ ਹੀ ਗੁਰੂ ਘਰ ਮੇਂ ਹੈ। ਮੈਂ ਉਨ੍ਹਾਂ ਦੀਆਂ ਗੱਲਾਂ ਵਿਚ ਸ਼ਾਮਿਲ ਹੁੰਦਿਆਂ ਕਿਹਾ ਕਿ ਫ਼ਿਕਰ ਨਾ ਕਰੋ ਕੁਝ ਨੀ ਹੁੰਦਾ ਆਪਾਂ ਹੈਗੇ ਆ। ਉਹ ਕਹਿਣ ਲੱਗੇ ਕਿ ਅਗਰ ਤੀਨ-ਚਾਰ ਹਜ਼ਾਰ ਕੀ ਸੰਖਿਆ ਮੇਂ ਮਾਰਨ ਆ ਗਏ ਤੋਂ ਕਿਆ ਕਰੇਂਗੇ? ਮੈਂ ਕਿਹਾ 'ਭਾਵੇਂ ਲੱਖ ਆ ਜਾਣ' ਫ਼ਿਕਰ ਨਾ ਕਰੋ।
ਗੱਲਾਂ ਕਰਦਿਆਂ ਉਨ੍ਹਾਂ ਨੂੰ ਬੁਕਿੰਗ ਕਲਰਕ ਬਾਰੇ ਪੁੱਛਿਆ, ਉਹ ਉੱਪਰ ਕਮਰੇ ਵਿਚ ਲੈ ਗਏ। ਉਥੇ ਬੁਕਿੰਗ ਕਲਰਕ ਲੰਗਰ ਛਕ ਰਿਹਾ ਸੀ। ਮੈਂ ਉਸ ਨੂੰ ਰਾਤ ਕੱਟਣ ਲਈ ਕਮਰੇ ਲਈ ਕਿਹਾ ਤਾਂ ਕਹਿਣ ਲੱਗਾ ਕਿ ਕਮਰਾ ਲੈ ਲੈਣਾ ਗੁਰੂ ਘਰ ਤਾਂ ਖਾਲੀ ਹੈ, ਮੈਂ ਸਵੇਰ ਦੀ ਰੋਟੀ ਨਹੀਂ ਖਾਧੀ ਡਿਊਟੀ 'ਤੇ ਇਕੱਲਾ ਹੀ ਹਾਂ, ਲੰਗਰ ਛਕ ਕੇ ਆਉਂਦਾ ਹਾਂ ਤੁਹਾਨੂੰ ਠਾਹਰ ਮਿਲ ਜਾਵੇਗੀ।
ਉਸ ਤੋਂ ਤਸੱਲੀ ਲੈ ਕੇ ਸੜਕ 'ਤੇ ਖੜ੍ਹੀ ਕਾਰ ਨੂੰ ਗੁਰੂ ਘਰ ਲੈ ਆਇਆ। ਸਾਮਾਨ ਚੁੱਕ ਕੇ ਜਦੋਂ ਯਾਤਰੀ ਨਿਵਾਸ ਵਾਲੇ ਦਫ਼ਤਰ ਕੋਲ ਪਹੁੰਚਿਆ ਤਾਂ ਕਲਰਕ ਵੀ ਆਪਣੀ ਥਾਂ 'ਤੇ ਆ ਚੁੱਕਿਆ ਸੀ। ਉਸ ਦੇ ਮਨ ਵਿਚਲਾ ਭੈਅ ਸਪੱਸ਼ਟ ਦਿਖਾਈ ਦੇ ਰਿਹਾ ਸੀ। ਗੱਲਾਂ ਕਰਦਿਆਂ ਕਹਿਣ ਲੱਗਾ ਕਿ ਮਾਹੌਲ ਖ਼ਰਾਬ ਹੈ ਪਤਾ ਨੀ ਕੀ ਹੋ ਜਾਵੇ, ਖ਼ਰਾਬ ਮਾਹੌਲ ਦੀ ਵਜ੍ਹਾ ਨਾਲ ਗੁਰੂ ਘਰ ਪੂਰਾ ਖਾਲੀ ਹੈ। ਮੈਂ ਕਿਹਾ ਫ਼ਿਕਰ ਨਾ ਕਰੋ। ਕਹਿਣ ਲੱਗਾ ਫ਼ਿਕਰ ਨਾ ਕਰੋ ਕਹਿਣ ਨਾਲ ਥੋੜ੍ਹੋ ਕੁਝ ਹੁੰਦਾ, ਅਸੀਂ 84 ਵਿਚ ਜਲਦੇ ਆਪਣੇ ਭੈਣ-ਭਰਾ ਦੇਖੇ ਨੇ, ਚਾਰੇ ਪਾਸੇ ਅੱਗਾਂ ਹੀ ਅੱਗਾਂ ਦੇਖੀਆਂ ਨੇ, ਝੁੰਡਾਂ ਦੇ ਝੁੰਡ ਚੀਕਾਂ ਮਾਰਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਦੇ ਦਰਿੰਦੇ ਦੇਖੇ ਨੇ, ਅਸੀਂ ਜਾਣਦੇ ਹਾਂ, ਮੌਤ ਅਤੇ ਡਰ ਕੀ ਸ਼ੈਅ ਆ, ਸਰਕਾਰਾਂ ਤਾਂ ਇਸ਼ਾਰਾ ਕਰਦੀਆਂ ਨੇ ਜਿਵੇਂ ਤਤਕਾਲੀਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕਿਹਾ ਸੀ 'ਜਬ ਬੜਾ ਪੇੜ ਗਿਰਤਾ ਹੈ ਧਰਤੀ ਤੋ ਹਿਲਤੀ ਹੈ'। ਅਸੀਂ ਹਿਲਦੀ ਧਰਤੀ ਅੱਖੀਂ ਤੱਕੀ ਤੇ ਹੱਡੀਂ ਹੰਢਾਈ ਹੈ। ਇਨ੍ਹਾਂ ਨੇ ਧਰਤੀ ਹਿਲਾਉਣ ਦੇ ਚੱਕਰ ਵਿਚ ਪਤਾ ਨੀ ਕਿੰਨੇ ਘਰਾਂ ਵਿਚ ਸੱਥਰ ਵਿਛਾ ਦਿੱਤੇ। ਤੇ ਅੱਜ, ਹੁਣ ਸਰਕਾਰ ਨੇ ਨੈੱਟ ਵੀ ਬੰਦ ਕਰਤਾ, ਪਤਾ ਨੀ ਕੀ ਹੋਵੇਗਾ। ਮੈਂ ਦਿਲਾਸਾ ਜਿਹਾ ਦੇ ਕੇ ਕਮਰੇ ਦੀ ਚਾਬੀ ਲੈ ਚਲਾ ਗਿਆ। ਮੂੰਹ ਹੱਥ ਧੋ ਗੁਰੂ ਘਰ ਮੱਥਾ ਟੇਕਣ ਆ ਗਿਆ। ਕੀਰਤਨ ਸੁਣਨ ਲੱਗ ਗਿਆ। ਮਨ ਬੇਚੈਨ ਸੀ, ਆਪਾ ਸਵਾਲ ਕਰ ਰਿਹਾ ਸੀ ਅਜਿਹਾ ਭੈਅ ਦਾ ਮਾਹੌਲ ਕਿਉਂ ਸਿਰਜਿਆ ਜਾ ਰਿਹਾ? 'ਨਾਗਰਿਕਤਾ ਸੰਸ਼ੋਧਨ ਬਿੱਲ' ਕਾਰਨ ਭੈਅ ਦਾ ਮਾਹੌਲ ਕਿਉਂ ਬਣ ਰਿਹਾ? ਘੱਟ-ਗਿਣਤੀਆਂ ਤੇ ਬਹੁਗਿਣਤੀ ਵਿਚ ਪਾੜ ਕਿਉਂ ਪਾਇਆ ਜਾ ਰਿਹਾ ਹੈ? ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ('ਪ੍ਰਸਤਾਵਨਾ' ਸੰਵਿਧਾਨ ਦੀ ਮੂਲ ਭਾਵਨਾ ਹੈ) ਦੇ ਉਲਟ ਨਾਗਰਿਕਤਾ ਕਾਨੂੰਨ ਵਿਚ ਸੋਧ ਕਿਉਂ ਕੀਤੀ ਜਾ ਰਹੀ ਹੈ? ਪ੍ਰਸਤਾਵਨਾ ਸੈਕੂਲਰ ਹੋਣ ਦਾ ਦਮ ਭਰਦੀ ਹੈ ਜਿਥੇ ਬਿਨਾਂ ਕੋਈ ਭਿੰਨ ਭੇਦ ਦੇ, ਭਾਵ ਰੰਗ, ਧਰਮ, ਨਸਲ, ਜਾਤ ਦੇ ਲੋਕਾਂ ਲਈ ਇਕੋ ਜਿਹੇ ਅਧਿਕਾਰਾਂ ਦੀ ਗੱਲ ਕਰਦੀ ਹੈ) ਤੇ ਇਹ ਬਿੱਲ ਮੂਲ ਭਾਵਨਾ ਦੇ ਹੀ ਉਲਟ ਹੈ। 'ਰਾਮਨਾਥ ਕੋਵਿੰਦ' ਜਿਹੜੇ ਕਿ ਭਾਰਤ ਦੇ ਰਾਸ਼ਟਰਪਤੀ ਹਨ ਤੇ ਸੰਵਿਧਾਨ ਦੇ ਨਿਰਮਾਤਾ 'ਡਾ: ਭੀਮ ਰਾਓ ਅੰਬੇਦਕਰ' ਜੀ ਵਾਂਗੂੰ 'ਮੂਲ ਨਿਵਾਸੀ' ਹਨ। ਇਨ੍ਹਾਂ ਹੱਥੋਂ ਹੀ ਡਾ: ਭੀਮ ਰਾਓ ਅੰਬੇਦਕਰ ਜੀ ਦੁਆਰਾ ਬਣਾਏ ਸੰਵਿਧਾਨ ਦੀ ਉਲੰਘਣਾ ਕਰਵਾ ਦਿੱਤੀ ਗਈ। ਠੀਕ ਉਸੇ ਤਰ੍ਹਾਂ ਜਿਵੇਂ ਇਕ ਸਿੱਖ ਗਿਆਨੀ ਜ਼ੈਲ ਸਿੰਘ ਦੇ ਰਾਸ਼ਟਰਪਤੀ ਰਹਿੰਦਿਆਂ ਸਿੱਖਾਂ ਦੇ ਮੱਕੇ 'ਤੇ ਹਮਲਾ ਕਰਵਾ ਦਿੱਤਾ ਗਿਆ ਸੀ, ਅਕਾਲ ਤਖਤ ਸਾਹਿਬ ਟੈਂਕਾਂ ਤੋਪਾਂ ਨਾਲ ਗਿਰਾਇਆ ਗਿਆ ਸੀ। ਹੁਕਮਰਾਨ ਬੜਾ ਸ਼ਾਤਿਰ ਹੈ, ਬੱਸ ਇਸ਼ਾਰਾ ਕਰਦਾ ਹੈ। ਜਿਵੇਂ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਸੀ ਕਿ 'ਜਬ ਬੜਾ ਪੇੜ ਗਿਰਤਾ ਹੈ ਧਰਤੀ ਤੋ ਹਿਲਤੀ ਹੀ ਹੈ' ਉਵੇਂ ਹੁਣ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ਼ਾਰਾ ਕੀਤਾ ਕਿ 'ਜਿਤਨਾ ਹਿੰਸਾ ਕਾ ਕੀਚੜ ਫੈਲੇਗਾ ਕਮਲ ਉਤਨਾ ਹੀ ਖਿਲੇਗਾ' ਲਗਦਾ ਹੈ ਕਮਲ ਖਿਲਾਉਣ ਦੇ ਚੱਕਰ ਵਿਚ ਇਕ ਫ਼ਿਰਕੇ ਦਾ ਘਾਣ ਹੋਵੇਗਾ, ਲਹੂ ਮਿੱਝ ਦਾ ਕੀਚੜ ਕੀ ਕਮਲ ਖਿਲਾਉਣ ਦੇ ਕਾਬਲ ਹੋਵੇਗਾ? ਰੱਬ ਖੈਰ ਕਰੇ।