ਪੰਥਕ ਸੰਕਟ ਦੇ ਹੱਲ ਲਈ ਬੁੱਧੀਜੀਵੀ ਭੂਮਿਕਾ ਨਿਭਾਉਣ

ਪੰਥਕ ਸੰਕਟ ਦੇ ਹੱਲ ਲਈ ਬੁੱਧੀਜੀਵੀ ਭੂਮਿਕਾ ਨਿਭਾਉਣ

ਬਘੇਲ ਸਿੰਘ ਧਾਲੀਵਾਲ
99142-58142

ਸਿੱਖਾਂ ਅੰਦਰ ਰਾਜ ਕਰਨ ਦੀ ਭਾਵਨਾ ਤਾਂ ਉਸ ਸਮੇ ਹੀ ਪੈਦਾ ਹੋ ਗਈ ਸੀ, ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਵੀਆਂ ਤੇ ਬੈਠਾਂ ਕੇ ਤੋ ਹੋਰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਪੰਜਵੇਂ ਗੁਰੂ ਸਾਹਿਬ ਦੀ ਇਸ ਸ਼ਹੀਦੀ ਦੇ ਪ੍ਰਤੀਕਰਮ ਵਿਚੋਂ ਹੀ ਅਜਾਦ  ਪ੍ਰਭੂਸੱਤਾ ਨੇ ਅੰਗੜਾਈ ਭਰੀ, ਛੇਵੇਂ ਪਾਤਸ਼ਾਹ ਸਾਹਿਬ ਗੁਰੂ ਹਰਿਗੋਬਿਂਦ ਸਾਹਿਬ ਜੀ ਵੱਲੋਂ ਅਕਾਲ ਤਖਤ ਸਾਹਿਬ ਦੀ ਸਥਾਪਨਾ ਸਮੇ ਦੀ ਹਕੂਮਤ ਦੇ ਬਰਾਬਰ ਸਿੱਖ ਪ੍ਰਭੂਸੱਤਾ ਦੇ ਪ੍ਰਤੀਕ ਵਜੋ ਕੀਤੀ ਗਈ। ਏਥੇ ਹੀ ਬੱਸ ਨਹੀ, ਸਗੋ ਸ਼ਸ਼ਤਰ, ਘੋੜੇ ਰਣਜੀਤ ਨਗਾਰਾ, ਬਾਜ ਅਤੇ ਸ਼ਿਕਾਰ ਖੇਡਣਾ ਜਿੱਥੇ ਗੁਰੂ ਸਾਹਿਬ ਵੱਲੋਂ ਦੁਨਿਆਵੀ ਬਾਦਸ਼ਾਹ ਨੂੰ ਆਪਣੀ ਅਜਾਦ ਪ੍ਰਭੂਸੱਤਾ ਦਾ ਸੁਨੇਹਾ ਸੀ, ਓਥੇ ਨਗਾਰੇ ਦੀ ਚੋਟ ਨਾਲ ਸਮੇ ਦੀ ਹਕੂਮਤ ਨੂੰ ਲਲਕਾਰਿਆ ਵੀ ਗਿਆ, ਕਿ ਕਿਤੇ ਕੋਈ ਹਾਕਮ ਇਹ ਭੁਲੇਖਾ ਨਾ ਪਾਲ ਬੈਠੇ ਕਿ ਸਾਇਦ ਇਹ ਗੁਰੂ ਸਾਹਿਬ ਦੇ ਸਿਰਫ ਸ਼ੌਂਕ ਮਾਤਰ ਹੀ ਹੋ ਸਕਦੇ ਹਨ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਿਧਾਂਤ ਤੇ ਹੋਰ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਖਾਲਸੇ ਦੀ ਸਾਜਨਾ ਕਰਕੇ ਸਿੱਖਾਂ ਨੂੰ ਇੱਕ ਨਿਰਾਲੇ ਪੰਥ ਵਜੋ ਪ੍ਰਵਾਂਨ ਚਾੜ੍ਹਿਆ। ਦੁਨਿਆਵੀ ਹਕੂਮਤਾਂ ਦੀ ਗੁਲਾਮੀ ਤੋ ਦੂਰ,ਅਜਾਦ ਪ੍ਰਭੂਸੱਤਾ ਦੇ ਆਸ਼ੇ ਵਿਚੋਂ ਪੈਦਾ ਹੋਈ ਇਸ ਕੌਂਮ ਨੇ ਜਿੰਨੀ ਦੇਰ ਗੁਰੂ ਨੂੰ ਹਾਜਰ ਨਾਜਰ ਜਾਣਿਆ,ਓਨੀ ਦੇਰ ਸਫਲਤਾ ਖਾਲਸੇ ਦੇ ਪੈਰਾਂ ਵਿੱਚ ਦਾਸੀ ਬਣਕੇ ਬੈਠੀ ਰਹੀ ਹੈ, ਪ੍ਰੰਤੂ ਜਦੋ ਤੋਂ ਸਿੱਖਾਂ ਨੇ ਗੁਰੂ ਨਾਲੋਂ ਦੁਨਿਆਵੀ ਹਾਕਮਾਂ ਨੂੰ ਨੇੜੇ ਸਮਝਣਾ ਸ਼ੁਰੂ ਕਰ ਦਿੱਤਾ, ਉਸ ਵੇਲੇ ਤੋਂ ਹੀ ਸਿੱਖ ਕੌਂਮ ਨਿਘਾਰ ਵੱਲ ਜਾ ਰਹੀ ਹੈ। ਮੌਜੂਦਾ ਦੌਰ ਤੱਕ ਪਹੁੰਚਦਿਆਂ ਪਹੁੰਚਦਿਆਂ ਹਾਲਾਤ ਇਹ ਬਣ ਗਏ ਹਨ ਕਿ ਸਿੱਖਾਂ ਨੇ ਅਜਾਦ ਹਸਤੀ ਵਜੋਂ ਅਪਣੇ ਆਪ ਦੀ ਪਛਾਣ ਖਤਮ ਕਰ ਲਈ। ਸਿੱਖ ਲੀਡਰਾਂ ਨੇ ਕੌਂਮ ਅਤੇ ਕੌਂਮੀ ਖਿੱਤੇ ਦੇ ਸਾਰੇ ਮੁਢਲੇ ਹੱਕ ਹਕੂਕ ਭਾਰਤੀ ਹਕੂਮਤ ਪਾਸ ਵੇਚ ਦਿੱਤੇ ਜਾਂ ਸਹਿਮਤੀ ਨਾਲ ਅਪਣੀ ਹੋਣੀ ਦੇ ਸਾਰੇ ਅਧਿਕਾਰ ਕੇਂਦਰ ਨੂੰ ਸੌਂਪ ਦਿੱਤੇ ਤੇ ਬਦਲੇ ਵਿੱਚ ਸੂਬੇ ਦੀ ਚੌਧਰ ਕਬੂਲ ਕਰ ਲਈ। ਸਿੱਖ ਕੌਂਮ ਦੀ ਨੁਮਾਇੰਦਗੀ ਦੇ ਨਾਮ ਤੇ ਸੂਬੇ ਦੀ ਰਾਜਸੱਤਾ ਤੇ ਲੰਮਾ ਸਮਾ ਕਾਬਜ ਰਹੇ ਸਿੱਖ ਆਗੂਆਂ ਨੇ ਕੇਂਦਰੀ ਤਾਕਤਾਂ ਨਾਲ ਅਜਿਹੀ ਗੂੜ੍ਹੀ ਸਾਂਝ ਪਾ ਲਈ, ਜਿਹੜੀ ਉਹਨਾਂ ਦੀ ਆਪਣੀ ਕੌਮ ਲਈ ਬੇਹੱਦ ਘਾਟੇਬੰਦ ਸਾਬਤ ਹੋਈ। ਨਤੀਜੇ ਵਜੋਂ ਘੱਟ ਗਿਣਤੀਆਂ ਦੀ ਕੱਟੜ ਦੁਸ਼ਮਣ ਜਮਾਤ ਆਰ ਐਸ ਐਸ ਸਿੱਖ ਆਗੂਆਂ ਦੀ ਬਦੌਲਤ ਸਰੋਮਣੀ ਕਮੇਟੀ ਅੰਦਰ ਘੁਸਪੈਠ ਕਰਨ ਵਿੱਚ ਸਫਲ ਹੋ ਗਈ। ਇਹੋ ਕਾਰਨ ਹੈ ਅੱਜ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਦਾ ਬ੍ਰਾਹਮਣੀਕਰਨ ਹੋ ਚੁੱਕਾ ਹੈ, ਹਰ ਪਾਸੇ ਜਾਤ ਪਾਤ, ਪਖੰਡਵਾਦ, ਕਰਮਕਾਂਡ ਅਤੇ ਵਿਪਰਵਾਦ ਦਾ ਬੋਲਬਾਲਾ ਹੈ। ਹਰ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਕੋਲ ਮੰਦਰ ਸਥਾਪਿਤ ਹੋ ਚੁੱਕੇ ਹਨ। ਇਤਿਹਾਸਿਕ ਗੁਰਦੁਆਰਿਆਂ ਵਿੱਚੋਂ ਬਾਬੇ ਨਾਨਕ ਸਾਹਿਬ ਦੀਆਂ ਸਿਖਿਆਵਾਂ ਨੂੰ ਬ੍ਰਾਹਮਣਵਾਦ ਦੀ ਪਾਣ ਦਿੱਤੀ ਜਾ ਰਹੀ ਹੈ। ਅੰਮ੍ਰਿਤ ਦੀ ਦਾਤ ਪਰਾਪਤ ਕਰਨ ਵੇਲੇ ਅੱਜ ਵੀ ਜਨਮ ਅਸਥਾਨ ਅਨੰਦਪੁਰ ਸਾਹਿਬ, ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਕਹਿਣ ਵਾਲਾ ਖਾਲਸਾ ਮਜ੍ਹਬੀ ਸਿੱਖ, ਜੱਟ ਸਿੱਖ,ਰਾਮਦਾਸੀਆ ਸਿੱਖ, ਨਾਈ ਸਿੱਖ, ਮਹਿਰਾ ਸਿੱਖ, ਛੀਂਬਾ ਸਿੱਖ ਆਦਿ ਪਤਾ ਨਹੀ ਕਿੰਨੀਆਂ ਕੁ ਜਾਤਾਂ, ਕੁਜਾਤਾਂ ਵਿੱਚ ਉਲਝ ਕੇ ਸਿਰਫ ਨਾਮ ਦਾ ਹੀ ਸਿੱਖ ਰਹਿ ਗਿਆ ਹੈ। ਓਧਰ ਦੂਜੇ ਪਾਸੇ ਸਿੱਖ ਦੁਸ਼ਮਣ ਤਾਕਤਾਂ ਨੇ ਸਿੱਖਾਂ ਨੂੰ ਜਾਤਾਂ ਪਾਤਾਂ ਵਿੱਚ ਉਲਝਾ ਕੇ ਅਤੇ ਧੜੇਬੰਦੀਆਂ ਵਿੱਚ ਵੰਡ ਕੇ ਪਹਿਲਾਂ ਤਾਕਤ ਪੱਖੋਂ ਕਮਜੋਰ ਕੀਤਾ ਗਿਆ ਹੈ,ਫਿਰ ਸਿਧਾਂਤਾਂ ਤੇ ਹਮਲੇ ਸ਼ੁਰੂ ਕੀਤੇ। ੴ ਦਾ ਧਾਰਨੀ ਸਿੱਖ ਅੱਜ ਪਤਾ ਨਹੀ ਕਿੱਥੇ ਕਿੱਥੇ ਨੱਕ ਰਗੜਦਾ ਫਿਰਦਾ ਹੈ। ਪੰਜਾਬ ਅੰਦਰ ਡੇਰਾਵਾਦ ਦਾ ਬੋਲਬਾਲਾ ਵੀ ਸਿੱਖੀ ਸਿਧਾਂਤਾਂ ਦੇ ਘਾਣ ਦੀ ਇੱਕ ਕੜੀ ਹੈ, ਜਿਸ ਨੂੰ ਸਮਝਣ ਦੀ ਬਜਾਏ ਸਿੱਖ ਖੁਦ ਹੀ ਗੁਰੂ ਨਾਲੋਂ ਟੁੱਟ ਕੇ ਡੇਰਿਆਂ ਦੇ ਪਰੇਮੀ, ਰਾਧਾ ਸੁਆਮੀ, ਗਰੀਬਦਾਸੀਏ ਅਤੇ ਹੋਰ ਪਤਾ ਨਹੀ ਕੀ ਕੀ ਤਖੱਲਸ ਲਵਾ ਕੇ ਡੇਰਾਵਾਦ ਦੀ ਕਾਇਮੀ ਲਈ ਸਰਗਰਮ ਹੋ ਗਏ। ਇਸ ਸਾਰੇ ਵਰਤਾਰੇ ਤੋ ਬਾਅਦ ਬੜੀ ਚਲਾਕੀ ਨਾਲ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਗਈਆਂ,ਜਿਸ ਵਿੱਚ ਜਿੱਥੇ ਸੂਬੇ ਦੀ ਤਤਕਾਲੀ ਅਕਾਲੀ ਦਲ ਦੀ ਸਰਕਾਰ ਬੇਅਦਬੀਆਂ ਵਿੱਚ ਦੋਸ਼ੀਆਂ ਨਾਲ ਰਲੀ ਹੋਣ ਦੀ ਦੋਸ਼ੀ ਬਣੀ,ਓਥੇ ਸਰੋਮਣੀ ਕਮੇਟੀ ਇਹਨਾਂ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ ਕਰਨ ਦੀ ਬਜਾਏ ਮੂਕ ਦਰਸ਼ਕ ਬਣਕੇ ਦੇਖਣ ਪਿੱਛੇ ਦਾ ਵੀ ਇਹ ਹੀ ਕਾਰਨ ਹੈ ਕਿ ਸਰੋਮਣੀ  ਕਮੇਟੀ ਗੁਰਸਿੱਖਾਂ ਦੇ ਹੱਥਾਂ ਚੋ ਬਹੁਤ ਦੇਰ ਪਹਿਲਾਂ ਦੀ ਨਿਕਲ ਕੇ ਸਿੱਖ ਵਿਰੋਧੀਆਂ ਦੇ ਹੱਥਾਂ ਵਿੱਚ ਜਾ ਚੁੱਕੀ ਹੈ,ਜਿਸ ਨੂੰ ਨਾਗਪੁਰ ਦਾ ਇਸ਼ਾਰਾ ਗੁਰੂ ਦੇ ਇਲਾਹੀ ਹੁਕਮ ਤੋ ਸ਼੍ਰੇਸਟ ਅਤੇ ਨੇੜੇ ਜਾਪਦਾ ਹੈ। ਭਾਰਤੀ ਹਕੂਮਤ ਨੇ ਸਿੱਖਾਂ ਦੇ ਪਵਿੱਤਰ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਰਿਹਾਅ ਹੀ ਨਹੀ ਕਰਵਾਇਆ ਬਲਕਿ ਸੀਬੀਆਈ ਵੱਲੋਂ ਅਦਾਲਤ ਵਿੱਚ ਇਸ ਕੇਸ ਨੂੰ ਬੰਦ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ,ਜਿਸ ਦੇ ਖਿਲਾਫ ਨਾ ਹੀ ਸਿੱਖਾਂ ਦੀ ਮੁੱਖ ਨੁਮਾਇੰਦਾ ਪਾਰਟੀ ਕਹੀ ਜਾਣ ਵਾਲੀ ਅਕਾਲੀ ਦਲ ਦੇ ਆਗੂਆਂ ਨੇ ਜ਼ੁਬਾਨ ਖੋਲੀ ਹੈ ਤੇ ਨਾ ਹੀ ਸਰੋਮਣੀ ਕਮੇਟੀ ਨੇ ਕੋਈ ਪੁਖਤਾ ਪ੍ਰਤੀਕਰਮ ਦਿੱਤਾ ਹੈ,ਅਜਿਹੇ ਸਮੇ ਇਨਸਾਫ ਲੈਣ ਲਈ ਉਹ ਰਵਾਇਤੀ ਪੰਥਕ ਧਿਰਾਂ ਵੀ ਅੱਗੇ ਨਹੀ ਆਈਆਂ, ਜਿੰਨ੍ਹਾਂ ਨੇ ਬੇਅਦਬੀ ਦਾ ਇਨਸਾਫ ਲੈਣ ਲਈ ਮੋਰਚੇ ਵੀ ਲਗਾਏ ਸਨ, ਪ੍ਰੰਤੂ ਨਿਰੋਲ ਸਿੱਖ ਜਥੇਬੰਦੀਆਂ,ਪੰਥ ਦਰਦੀ ਅਤੇ ਸਿੱਖ ਜੁਆਨੀ ਬੇਅਦਬੀਆਂ ਦਾ ਇਨਸਾਫ ਲੈਣ ਲਈ ਦੁਵਾਰਾ ਫਿਰ ਸੜਕਾਂ ਤੇ ਜਰੂਰ ਆ ਗਈ। ਪਿਛਲੇ ਦਿਨੀ ਸੀ ਬੀ ਆਈ ਦੇ ਸਿੱਖ ਵਿਰੋਧੀ ਫੈਸਲੇ ਦੇ ਖਿਲਾਫ ਰੋਸ ਪਰਗਟ ਕਰਨ ਲਈ ਚੰਡੀਗੜ੍ਹ ਪਹੁੰਚੇ ਪੰਥ ਦਰਦੀ, ਸਿੱਖ ਸੰਸਥਾਵਾਂ ਦੇ ਆਗੂ ਵਰਕਰ ਅਤੇ ਸਿੱਖ ਨੌਜਵਾਨਾਂ ਤੇ ਅੱਥਰੂ ਗੈਸ ਅਤੇ ਪਾਣੀ ਦੀਆਂ ਤੇਜ ਬੁਛਾੜਾਂ ਸੁੱਟ ਕੇ ਜਿੱਥੇ ਦਸਤਾਰਾਂ ਪੈਰਾਂ ਵਿੱਚ ਰੋਲੀਆਂ ਗਈਆਂ ਉੱਥੇ ਸਾਂਤਮਈ ਸਿੱਖਾਂ ਨੂੰ ਬੁਛਾੜਾਂ ਨਾਲ ਜਖਮੀ ਕਰਕੇ ਉਹਨਾਂ ਦੀ ਅਣਖ ਨੂੰ ਜਾਣਬੁੱਝ ਕੇ ਹਲੂਣਿਆ ਗਿਆ ਤਾਂ ਕਿ ਸਿੱਖ ਉਲਟਾ ਪ੍ਰਤੀਕਰਮ ਕਰਨ ਤਾਂ ਕਿ ਸਿੱਖਾਂ ਨੂੰ ਮੁੜ ਤੋ 1984 ਦੀ ਯਾਦ ਤਾਜਾ ਕਰਵਾ ਕੇ ਨਸਲਕੁਸ਼ੀ ਕੀਤੀ ਜਾ ਸਕੇ। 

ਹੁਣ ਉਪਰੋਕਤ ਵਰਤਾਰੇ ਦੇ ਮੱਦੇਨਜਰ ਇਹ ਸਮਝਣ ਦੀ ਜਰੂਰਤ ਹੈ,ਕਿ ਸਿੱਖਾਂ ਨੂੰ ਆਪਣੇ ਗੁਰੂ ਦੀ ਬੇਅਦਬੀ ਦਾ ਇਨਸਾਫ ਸੀਬੀਆਈ ਦੇ ਦਫਤਰ ਦਾ ਘਿਰਾਓ ਕਰਕੇ ਮਿਲਣਾ ਮੁਸ਼ਕਲ ਹੈ, ਸੋ ਇਸ ਸਿੱਖ ਵਿਰੋਧੀ ਵਰਤਾਰੇ ਦੀ ਜੜ ਨੂੰ ਫੜਨ ਦੀ ਜਰੂਰਤ ਹੈ, ਉਹ ਜੜ ਹੈ ਸਰੋਮਣੀ ਕਮੇਟੀ,ਜਿਸ ਦਾ ਪ੍ਰਬੰਧ ਸਹੀ ਹੱਥਾਂ ਵਿੱਚ ਆ ਜਾਣ ਨਾਲ ਇਸ ਸਾਰੇ ਵਰਤਾਰੇ ਨੂੰ ਸੌਖਿਆਂ ਹੀ ਠੱਲ ਪਾਈ ਜਾ ਸਕਦੀ ਹੈ। ਜੇਕਰ ਅਕਾਲ ਤਖਤ ਸਾਹਿਬ ਤੇ ਸੱਚੇ ਸੁੱਚੇ ਗੁਰਸਿੱਖ ਬੈਠੇ ਹੋਣਗੇ, ਫਿਰ ਹੀ ਅਜਾਦ ਪ੍ਰਭੂਸੱਤਾ ਬਾਰੇ ਸੋਚਿਆ ਜਾ ਸਕਦਾ ਹੈ। ਜਿੰਨੇ ਸਿੱਖ ਬੁੱਧੀਜੀਵੀ ਹਨ, ਜਿੰਨੇ ਪੰਥਕ ਵਿਦਵਾਨ ਅਤੇ ਸੰਤ ਸਮਾਜ ਦੇ ਉਹ ਲੋਕ ਜਿਹੜੇ ਸੱਚਮੁੱਚ ਕੌਮੀ ਦਰਦ ਰੱਖਦੇ ਹਨ, ਉਹਨਾਂ ਸਭਨਾਂ ਨੂੰ ਕੌਂਮੀ ਲਾਮਬੰਦੀ ਲਈ ਇੱਕ ਸਾਂਝਾ ਪਰੋਗਰਾਮ ਉਲੀਕਣਾ ਪਵੇਗਾ। ਰਾਜਨੀਤਕ ਸਿੱਖ ਜਥੇਬੰਦੀਆਂ ਦੇ ਆਗੂ ਕਦੇ ਵੀ ਅਪਣੀ ਹਉਮੈਂ ਨਹੀ ਛੱਡਣਗੇ। ਜੇਕਰ ਸਿੱਖ ਇਸ ਲਾਮਬੰਦੀ ਤੋ ਇਹ ਕਹਿ ਕੇ ਪੱਲਾ ਝਾੜਦੇ ਰਹਿਣਗੇ ਕਿ ਸਰੋਮਣੀ ਕਮੇਟੀ ਦੀਆਂ ਚੋਣਾਂ ਦਾ ਕੋਈ ਪਤਾ ਨਹੀ ਕਿ ਕਦੋ ਹੋਣੀਆਂ ਹਨ,ਫਿਰ ਕਾਮਯਾਬੀ ਮਿਲਣੀ ਮੁਸ਼ਕਲ ਹੈ। ਸਾਡੀ ਤਿਆਰੀ ਪਹਿਲਾਂ ਹੀ ਹੋਣੀ ਚਾਹੀਦੀ ਹੈ, ਕਿਉਕਿ ਖੱਖੜੀਆਂ ਕਰੇਲੇ ਹੋਈ ਕੌਂਮ ਨੂੰ ਮੌਕੇ ਤੇ ਇਕੱਠੀ ਕਰਨਾ ਕੋਈ ਸੌਖਾ ਕੰਮ ਨਹੀ ਹੈ, ਜਦੋ ਕਿ ਦੂਜੇ ਪਾਸੇ ਦੁਸ਼ਮਣ ਸਮੁੱਚੀਆਂ ਘੱਟ ਗਿਣਤੀਆਂ ਨੂੰ ਖਤਮ ਕਰਨ ਲਈ ਇੱਕਮੱਤ ਅਤੇ ਬੇਹੱਦ ਤਾਕਤਵਰ ਹੈ, ਇਸ ਲਈ ਸਮਾਂ ਮੰਗ ਕਰਦਾ ਹੈ ਕਿ ਕੌਮੀ ਵਿਦਵਾਨ ਅਪਣੇ ਫਰਜਾਂ ਤੇ ਪਹਿਰਾ ਦਿੰਦੇ ਹੋਏ ਆਪਣੀ ਕਲਮ ਤੇ ਬੌਧਿਕਤਾ ਨੂੰ ਕੌਮ ਦੇ ਸੁਨਹਿਰੀ ਭਵਿੱਖ ਲਈ ਇਸਤੇਮਾਲ ਕਰਨ,ਤਾਂ ਕਿ ਸਿੱਖੀ ਸਿਧਾਤਾਂ ਦੀ ਰਾਖੀ, ਗੁਰਦੁਆਰਾ ਪਰਬੰਧ ਨੂੰ ਸਿੱਖ ਦੁਸ਼ਮਣ ਤਾਕਤਾਂ ਤੋ ਮੁਕਤ ਕਰਵਾਉਣ ਅਤੇ ਪੰਜਾਬ,ਪੰਜਾਬੀਅਤ ਤੇ ਪੰਥ ਦੀ ਅਜਾਦ ਹਸਤੀ ਬਰਕਰਾਰ ਰੱਖਣ ਅਤੇ ਅਕਾਲ ਤਖਤ ਸਾਹਿਬ ਦੇ ਆਸ਼ੇ ਅਨੁਸਾਰ ਅਜਾਦ ਪ੍ਰਭੂਸੱਤਾ ਦੀ ਪਰਾਪਤੀ ਲਈ  ਖਿੰਡੀ ਪੁੰਡੀ ਸਿੱਖ ਸਕਤੀ ਦਾ ਇੱਕ ਲੜੀ ਵਿੱਚ ਪਰੋ ਕੇ ਕੌਮੀ ਕਾਰਜ ਲਈ ਸਦ ਉਪਯੋਗ ਕੀਤਾ ਜਾ ਸਕੇ। ਇਹ ਸੱਚ ਹੈ ਕਿ ਮੌਜੂਦਾ ਸੰਕਟ ਦੇ ਦੌਰ ਅੰਦਰ ਕੌਮੀ ਹਿਤਾਂ ਲਈ ਬੁੱਧੀਜੀਵੀ ਵਰਗ ਹੀ ਜਿਕਰਯੋਗ ਭੂਮਿਕਾ ਅਦਾ ਕਰ ਸਕਦਾ ਹੈ।


ਬਘੇਲ ਸਿੰਘ ਧਾਲੀਵਾਲ