ਖਾਲਿਸਤਾਨ ਟਾਈਗਰ ਫੋਰਸ ਦੇ ਮੈਂਬਰ ਦਾ ਭਰਾ ਕਾਬੂ

ਖਾਲਿਸਤਾਨ ਟਾਈਗਰ ਫੋਰਸ ਦੇ ਮੈਂਬਰ ਦਾ ਭਰਾ ਕਾਬੂ

ਅੰਮ੍ਰਿਤਸਰ ਟਾਈਮਜ਼ ਬਿਉਰੋ

ਮੋਗਾ: ਕੈਨੇਡਾ ਆਧਾਰਤ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਕਾਰਕੁਨ ਅਰਸ਼ਦੀਪ ਉਰਫ਼ ਅਰਸ਼ ਪਿੰਡ ਡਾਲਾ ਦੇ ਭਰਾ ਬਲਦੀਪ ਸਿੰਘ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਪੁਲੀਸ ਨੇ ਪਾਕਿ ਸਰਹੱਦ ਤੋਂ ਹਥਿਆਰਾਂ ਦਾ ਜ਼ਖ਼ੀਰਾ ਵੀ ਬਰਾਮਦ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਧਰੂਮਨ ਐੱਚ ਨਿੰਬਾਲੇ ਤੇ ਐੱਸਪੀ (ਆਈ) ਜਗਤਪ੍ਰੀਤ ਸਿੰਘ ਤੇ ਡੀਐੱਸਪੀ (ਸਿਟੀ) ਜਸਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਥੇ ਸ਼ਹਿਰ ’ਚ ਕਾਰੋਬਾਰੀਆਂ ਨੂੰ ਫ਼ਿਰੌਤੀ ਲਈ ਧਮਕਾਉਣ ਅਤੇ ਫ਼ਿਰੌਤੀ ਨਾ ਦੇਣ ’ਤੇ ਹੱਤਿਆ ਕਰਨ ਸਬੰਧੀ ਕੇਸਾਂ ਵਿੱਚ ਕੈਨੇਡਾ ਆਧਾਰਤ ਕੇਟੀਐੱਫ ਕਾਰਕੁਨ ਅਰਸ਼ਦੀਪ ਉਰਫ਼ ਅਰਸ਼ ਨਾਮਜ਼ਦ ਹੈ। ਪੁਲੀਸ ਨੇ ਉਸ ਦੇ ਭਰਾ ਬਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਪਰ ਉਹ ਜ਼ਮਾਨਤ ਮਿਲਣ ਮਗਰੋਂ ਬਾਹਰ ਆ ਗਿਆ ਸੀ। ਇਸ ਮਗਰੋਂ ਅਦਾਲਤ ’ਚੋਂ ਗ਼ੈਰਹਾਜ਼ਰ ਰਹਿਣ ਕਾਰਨ ਉਸ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਹੋਏ ਸਨ। ਐੱਸਐੱਸਪੀ ਨੇ ਕਿਹਾ ਕਿ ਡੀਐੱਸਪੀ ਸਿਟੀ ਜਸ਼ਨਦੀਪ ਸਿੰਘ ਗਿੱਲ ਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਬੀਐੱਸਐੱਫ ਨਾਲ ਸਾਂਝਾ ਅਪਰੇਸ਼ਨ ਕਰਕੇ ਸਰਚ ਕੀਤੀ ਤਾਂ 4 ਕੌਮਾਂਤਰੀ ਪਿਸਤੌਲ (ਤਿੰਨ .30 ਬੋਰ ਅਤੇ ਇੱਕ .9 ਐਮ.ਐਮ), 4 ਮੈਗਜ਼ੀਨ, 8 ਕਾਰਤੂਸ ਤੇ ਛੋਟੇ ਬੈਗ ਭਾਰਤ ਤੇ ਪਾਕਿਸਤਾਨ ਦੇ ਕੌਮਾਂਤਰੀ ਬਾਰਡਰ ਦੀ ਜ਼ੀਰੋ ਲਾਈਨ ਤੋਂ ਬਰਾਮਦ ਕੀਤੇ ਗਏ ਹਨ।