ਆਖ਼ਰੀ ਖ਼ਤ ਸਿੰਘ ਸਾਹਿਬ ਗਿਆਨੀ ਹਰਦੀਪ ਸਿੰਘ ਜੀ ਦੇ ਨਾਮ

ਮੇਰੀਆਂ ਅੱਖਾਂ ਅੱਜ ਤੁਹਾਡੇ ਵਿਛੋੜੇ ਦੇ ਵੈਰਾਗ ਨਾਲ ਨਮ ਹੋ ਗਈਆਂ
ਸਿੰਘ ਸਾਹਿਬ ਜੀ ਆਪ ਜੀ ਇਸ ਪੂਰੇ ਸੰਸਾਰ ਵਿਚ ਸਭ ਤੋਂ ਉਚ ਕੋਟੀ ਦੇ ਸ਼੍ਰੋਮਣੀ ਪੰਥਕ ਵਿਦਵਾਨ, ਮਹਾਨ ਗੁਰਮਤਿ ਮਰਤਾਂਡ, ਅਗਿਆਨ ਦੇ ਹਨੇਰੇ ਨੂੰ ਦੂਰ ਕਰਨ ਵਾਲੇ ਉਹ ਸੂਰਜ ਹੋ ਜੋ ਇਨਸਾਨੀ ਹਿਰਦੇ ਦੇ ਕਣ ਕਣ ਵਿਚ ਮਨੁੱਖਤਾ ਦੇ ਹਨੇਰੇ ਨੂੰ ਦੂਰ ਕਰਕੇ ਮਹਾਂਕਾਲ ਦੀ ਗੁਰਮਤਿ ਚੇਤਨਾ ਰਾਹੀਂ ਸਰੀਰ ਦੇ ਰਗ ਰਗ ਨੂੰ ਰੋਸ਼ਨਾ ਦੇਂਦੇ ਹਨ। ਜ਼ਹਰਾ ਜ਼ਹੂਰ, ਕਲਗੀਧਰ ਸੱਚੇ ਪਾਤਸ਼ਾਹ, ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਪ ਜੀ ਉਹ ਗੁਰ ਪਿਆਰੇ ਗੁਰ ਖ਼ਾਲਸਾ ਹੋ ਜਿਨ੍ਹਾਂ ਨੇ ਆਪਣੀ ਸਾਰੀ ਉਮਰ 300 ਸਾਲਾਂ ਤੋਂ ਵੱਧ ਕੇ ਜੋ ਹਜ਼ੂਰੀ ਗੁਰ ਖ਼ਾਲਸਾ ਸਿੱਖ ਰਹਿਤ ਮਰਿਯਾਦਾ ਹੈ ਉਸ ਦੇ ਉਪਰ ਖੁਦ ਵੀ ਪਹਿਰਾ ਦੇਂਦੇ ਰਹੇ ਅਤੇ ਦੂਜਿਆਂ ਨੂੰ ਵੀ ਉਸ ਕਾਬਿਲ ਬਣਾਇਆ।
ਹਜ਼ੂਰੀ ਟਕਸਾਲ ਦੇ ਮੁੱਖੀ ਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜੀ (ਨਾਂਦੇੜ) ਦੇ ਸਾਬਕਾ ਹੈਡ ਗ੍ਰੰਥੀ, ਇਕ ਮਹਾਨ ਗੁਰਸਿੱਖ ਪੰਥਕ ਵਿਦਵਾਨ ਹੋਣ ਦੇ ਨਾਤੇ ਜੋ ਗੁਰਮਤਿ ਗਿਆਨ ਆਪ ਜੀ ਨੇ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪ੍ਰਦਾਨ ਕੀਤਾ ਹੈ, ਉਹ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਆਪ ਜੀ ਨਾ ਸਿਰਫ਼ ਉਹਨਾਂ ਦੇ ਵਿਦਿਆ ਗੁਰੂ ਸੀ ਬਲਕਿ ਇਕ ਪਿਤਾ ਸਮਾਨ ਵੀ ਸਨ । ਆਪ ਜੀ ਨੇ ਹਜ਼ੂਰੀ ਟਕਸਾਲ ਦੇ ਸਾਰੇ ਵਿਦਿਆਰਥੀਆ ਨੂੰ ਬਿਨਾਂ ਕਿਸੇ ਉਚ ਨੀਚ ਤੇ ਭੇਦ ਭਾਵ ਤੋਂ ਸਮਾਨ ਦ੍ਰਿਸ਼ਟੀਕੋਣ ਰੱਖਦੇ ਹੋਏ ਗਿਆਨ ਦਿਤਾ ਸੀ। ਜਿਸ ਤਰੀਕੇ ਨਾਲ ਆਪ ਜੀ ਨੇ ਜਾਗਤੀ ਜੋਤ, ਹਾਜ਼ਰਾ ਹਜ਼ੂਰ, ਚੰਦੋਇਆ ਚਵਰ ਸੇਵਾ ਦੇ ਮਾਲਿਕ, ਸਰਵ ਕਲਾ ਭਰਪੂਰ, ਰਾਜਨ ਕੇ ਰਾਜਾ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਆਦਿ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਬਾਣੀ-ਬਾਣਾ ਦੇ ਪ੍ਰਤੀਕ, ਵੀਰ ਰਸੀ ਭਰਪੂਰ, ਦਸਮ ਪਾਤਸ਼ਾਹ ਜੀ ਦੀ ਕਲਮ-ਏ-ਕਮਾਲ ਸ੍ਰੀ ਦਸਮ ਬਾਣੀ ਦੀ ਸੰਥਿਆ ਜਿਸ ਤਰੀਕੇ ਨਾਲ ਆਪ ਕਰਵਾਉਂਦੇ ਸੀ ਉਹ ਇਸ ਸਗਲ ਸ੍ਰਿਸ਼ਟ ਵਿਚ ਕੋਈ ਹੋਰ ਨਹੀਂ ਕਰਵਾ ਸਕਦਾ।
ਦਸਮ ਪਾਤਸ਼ਾਹ ਜੀ ਦੇ ਸ੍ਰੀ ਅਬਚਲਨਗਰ ਸਾਹਿਬ ਜੀ (ਨਾਂਦੇੜ) ਵਿਚ ਵਸਦੇ ਹੋਏ ਇਕ-ਇਕ ਹਜੂਰੀ ਸਿੰਘ/ ਸਿੰਘਣੀਆਂ ਦੇ ਜੋ ਹਜ਼ੂਰੀ ਗੁਰਸਿੱਖੀ ਸਰੂਪ ਹੈ ਉਹ ਆਪ ਜੀ ਦੁਆਰਾ ਹਜੂਰੀ ਟਕਸਾਲ ਜ਼ਰੀਏ ਚਲਾਏ ਗਏ ਹਜ਼ੂਰੀ ਗੁਰਮਤਿ ਚੇਤਨਾ ਲਹਿਰ ਦਾ ਪ੍ਰਤੀਕ ਹੈ । ਆਪ ਜੀ ਦੁਆਰਾ ਦਿਤੇ ਗਏ ਹਜ਼ੂਰੀ ਗੁਰਮਤਿ ਗਿਆਨ ਦੇ ਪ੍ਰਤੱਖ ਰੂਪ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਜੀ (ਨਾਂਦੇੜ) ਦੇ ਮੌਜੂਦਾ ਜਥੇਦਾਰ ਪਰਮ ਸਨਮਾਨਯੋਗ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਆਪ ਜੀ ਦੇ ਜਵਾਈ ਪਰਮ ਸਨਮਾਨ ਯੋਗ ਸਿੰਘ ਸਾਹਿਬ ਗਿਆਨੀ ਗਗਨਦੀਪ ਸਿੰਘ ਜੀ ਅੱਜ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਇਕ ਬਹੁਤ ਹੀ ਗੁਣਵਾਨ ਤੇ ਗੁਰੂ ਪ੍ਰੇਮ ਵਿਚ ਲੀਨ ਰਹਿਣ ਵਾਲੇ ਸੀਨੀਅਰ ਕਥਾ ਵਾਚਕ ਬਣ ਚੁਕੇ ਹਨ। ਆਪ ਜੀ ਦਾ ਸੱਚਖੰਡ ਗਮਨ (ਅਕਾਲ ਚਲਾਣਾ) ਨਾ ਸਿਰਫ਼ ਹਜ਼ੂਰੀ ਟਕਸਾਲ ਜਾ ਅਬਚਲਨਗਰ ਸਾਹਿਬ ਜੀ (ਨਾਂਦੇੜ) ਦੀ ਧਰਤੀ ਸੁੰਨੀ ਹੋ ਕੇ ਹੰਝੂਆਂ ਨਾਲ ਬਹਿ ਰਹੀ ਹੈ ਅਤੇ ਸਾਨੂੰ ਦੁੱਖਾਂ ਦੇ ਸਾਗਰ ਵਿਚ ਲੀਨ ਕਰ ਰਹੀ ਹੈ, ਪਰ ਅਸੀਂ ਸਭ ਇਹ ਵੀ ਜਾਣਦੇ ਹਾਂ ਕਿ ਸੱਚਖੰਡ ਵਿਚ ਆਪ ਜੀ ਦਾ ਫੁੱਲਾਂ ਨਾਲ ਸਤਿਕਾਰ ਹੋ ਰਿਹਾ ਹੈ। ਮੈਨੂੰ ਯਾਦ ਹੈ ਅਪ੍ਰੈਲ 2020 ਵਿਚ ਜਦੋਂ ਆਪਣੀ ਮੁਲਾਕਾਤ ਫ਼ੋਨ ਦੇ ਜਰੀਏ ਹੋਈ ਸੀ, ਉਸ ਰਾਬਤਾ ਦੌਰਾਨ ਹੋਈ ਹਜ਼ੂਰੀ ਗੁਰਮਤਿ ਗਿਆਨ ਦੇ ਉਪਰ ਚਰਚਾ 3 ਘੰਟੇ ਤੋਂ ਵੀ ਵੱਧ ਕੇ ਚੱਲ ਗਈ ਸੀ । ਆਪ ਜੀ ਦੁਆਰਾ ਬੋਲਿਆ ਹਰ ਇਕ ਸ਼ਬਦ, ਸ਼ਬਦ ਬਾਣੀ ਦੀ ਵਿਆਖਿਆ , ਗੁਰਮਤਿ ਕਥਾ ਵੀਚਾਰ, ਅੱਜ ਵੀ ਮੇਰੀਆਂ ਡਾਇਰੀਆ ਵਿਚ ਕਲਮਬੰਦ ਹਨ।
ਆਪ ਜੀ ਦੁਆਰਾ ਭੇਜੀ ਗਈ ਪੋਥੀ- ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ( ਨਿਤਨੇਮ, ਸ੍ਰੀ ਦਸ ਗ੍ਰੰਥੀ ਅਤੇ ਹੋਰ ਬਾਣੀਆਂ) ਜਿਸ ਦੀ ਸੋਧਕ ਤੇ ਪ੍ਰਕਾਸ਼ਨ ਆਪ ਜੀ ਨੇ ਹਜ਼ੂਰੀ ਟਕਸਾਲ ਜ਼ਰੀਏ ਖੁਦ ਕੀਤੀ ਸੀ ਉਹ ਅੱਜ ਵੀ ਮੇਰੀ ਗੁਰਮਤਿ ਲਾਇਬਰੇਰੀ ਵਿਖੇ ਪਰਮ ਸਤਿਕਾਰ ਨਾਲ ਸੁਸ਼ੋਭਿਤ ਹੈ। ਮੈਂ ਅਬਿਨਾਸ਼ ਮਹਾਪਾਤਰਾ, ਪੂਰਬੀ ਭਾਰਤ ਵਿਚ ਹਜ਼ੂਰੀ ਗੁਰ ਖ਼ਾਲਸਾ ਮਰਿਯਾਦਾ ਉਤੇ ਪਹਿਰਾ ਦੇਣ ਵਾਲਾ ਅਤੇ ਪੰਜਾਬੀ ਗਲੋਬਲ ਫਾਊਂਡੇਸ਼ਨ (ਉੜੀਸਾ ਚੈਪਟਰ) ਦਾ ਪ੍ਰਧਾਨ ਹੋਣ ਦੇ ਨਾਤੇ ਆਪ ਜੀ ਨਾਲ ਵਾਅਦਾ ਕਰਦਾ ਹਾਂ ਕਿ ਆਪ ਜੀ ਦੀਆਂ ਸਾਰੀਆਂ ਰਚਨਾਵਾਂ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਜੀ (ਨਾਂਦੇੜ) ਦੀ ਗੁਰਦੁਆਰਾ ਪ੍ਰਬੰਧਕੀ ਬੋਰਡ ਦੀ ਸਰਪ੍ਰਸਤੀ ਵਿਚ ਪ੍ਰਕਾਸ਼ਨ ਕਰ ਕੇ ਇਸ ਦੁਨੀਆਂ ਦੇ ਹਰ ਇਕ ਕੋਨੇ ਵਿੱਚ ਪਹੁੰਚਾਉਣ ਦਾ ਭਾਰ ਦਾਸ ਆਪਣੇ ਉਤੇ ਲੈਂਦਾ ਹੈ। ਆਪ ਜਿਹੇ ਗੁਰ ਪਿਆਰਿਓ ਗੁਰ ਖ਼ਾਲਸਾ ਪੂਰਨ ਹਜੂਰੀ ਗੁਰ ਸਿੱਖ ਇਸ ਦੁਨੀਆਂ ਉਤੇ ਬਹੁਤ ਘੱਟ ਗਿਣਤੀ ਵਿਚ ਆਓਂਦੇ ਹਨ ਜਿਨ੍ਹਾਂ ਦੇ ਅੱਗੇ ਮੈਂ ਝੁਕ ਕੇ ਕੋਟਨ ਕੋਟ ਨਮਸਕਾਰ ਕਰਦਾ ਹਾਂ। ਮੇਰੀਆਂ ਅੱਖਾਂ ਅੱਜ ਤੁਹਾਡੇ ਵਿਛੋੜੇ ਦੇ ਵੈਰਾਗ ਨਾਲ ਨਮ ਹੋ ਗਈਆਂ ਤੇ ਮੇਰੀ ਸੋਚ ਤੋਂ ਉਪਜਿਆ ਹਰ ਸ਼ਬਦ ਆਪ ਜੀ ਦੇ ਬੋਲੇ ਹੋਏ ਹਰਫ਼ਾਂ ਨਾਲ ਭਰਿਆ ਹੋਈਆ ਜਾਪਦਾ ਹੈ। ਇਸ ਖ਼ਤ ਦੀ ਸੰਪੂਰਨਤਾ ਹੰਝੂਆਂ ਦੇ ਵਗਦੇ ਨੀਰ ਰਾਹੀਂ ਸਮਾਪਤ ਕਰ ਰਿਹਾ ਹਾਂ।
ਅਬਿਨਾਸ਼ ਮਹਾਪਾਤਰਾ
ਸਿੱਖ ਇਤਿਹਾਸਕਾਰ ਅਤੇ ਲੇਖਕ
ਪ੍ਰਧਾਨ- ਪੰਜਾਬੀ ਗਲੋਬਲ ਫਾਊਂਡੇਸ਼ਨ (ਉੜੀਸਾ ਚੈਪਟਰ)
ਮੋਬੀ: 9439394882, 8984048446
Comments (0)