ਸਕਾਟਲੈਂਡ ਦੇ ਪੰਜਾਬੀਆਂ ਵੱਲੋਂ ਕਿਸਾਨਾਂ ਦੇ ਹੱਕ 'ਚ ਭਾਰਤ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਸਕਾਟਲੈਂਡ ਦੇ ਪੰਜਾਬੀਆਂ ਵੱਲੋਂ ਕਿਸਾਨਾਂ ਦੇ ਹੱਕ 'ਚ ਭਾਰਤ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਭਾਰਤ ਸਰਕਾਰ ਵੱਲੋਂ ਖੇਤੀ ਖੇਤਰ ਨਾਲ ਸੰਬੰਧਤ ਜ਼ਬਰੀ ਥੋਪੇ ਗਏ 3 ਕਾਨੂੰਨਾਂ ਖਿਲਾਫ਼ ਦੇਸ਼ ਵਿਦੇਸ਼ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨੀ ਦੇ ਹੱਕ ਵਿੱਚ ਅਤੇ ਭਾਰਤ ਸਰਕਾਰ ਦੇ ਜ਼ਿੱਦੀ ਰਵੱਈਏ ਖਿਲਾਫ਼ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਕਾਟਲੈਂਡ ਦੇ ਸਹਿਰ ਗਲਾਸਗੋ ਵਿਖੇ ਵੀ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਸੈਂਟਰਲ ਗੁਰਦੁਆਰਾ ਸਿੰਘ ਸਭਾ ਦੇ ਬਾਹਰ ਹੋਏ ਇਸ ਪ੍ਰਦਰਸ਼ਨ ਦੌਰਾਨ ਸੁਰਜੀਤ ਸਿੰਘ ਚੌਧਰੀ, ਦਲਜੀਤ ਸਿੰਘ ਦਿਲਬਰ, ਡਾ: ਇੰਦਰਜੀਤ ਸਿੰਘ, ਗੁਰਦਿਆਲ ਸਿੰਘ, ਪਰਮਜੀਤ ਸਿੰਘ ਬਾਸੀ, ਅਵਤਾਰ ਸਿੰਘ, ਜਸਪਾਲ ਸਿੰਘ ਖਹਿਰਾ, ਗੁਰਦਿਆਲ ਸਿੰਘ ਬਾਰੀ, ਨਿਰੰਜਣ ਸਿੰਘ ਬਿਨਿੰਗ, ਸੰਤੋਖ ਸਿੰਘ ਸੋਹਲ, ਦਿਲਬਾਗ ਸਿੰਘ ਸੰਧੂ, ਗੁਰਦੀਪ ਸਿੰਘ ਸਮਰਾ, ਤਰਲੋਚਨ ਸਿੰਘ  ਤੇ ਇੰਦਰਜੀਤ ਲੀਡਰ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਸਚਮੁੱਚ ਹੀ ਕਿਸਾਨਾਂ ਦਾ ਭਲਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਕਿਸਾਨਾਂ ਦੇ ਵਿਚਾਰ ਜਰੂਰ ਜਾਨਣੇ ਚਾਹੀਦੇ ਹਨ। ਤਾਨਾਸ਼ਾਹੀ ਰਵੱਈਏ ਨਾਲ ਜ਼ਬਰੀ ਕਾਨੂੰਨ ਥੋਪ ਕੇ ਕਿਸਾਨੀ ਦਾ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਦਾ ਭਲਾ ਕੀਤਾ ਜਾ ਰਿਹਾ ਹੈ। 

ਇਹ ਰੋਸ ਪ੍ਰਦਰਸ਼ਨ ਦੌਰਾਨ ਸੈਂਟਰਲ ਗੁਰਦੁਆਰਾ ਸਿੰਘ ਸਾਹਿਬ ਗਲਾਸਗੋ, ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਲਾਸਗੋ, ਪੰਜਾਬੀ ਸਾਹਿਤ ਸਭਾ ਗਲਾਸਗੋ, ਸਕੌਟਿਸ਼ ਇੰਡੀਅਨ ਫਾਰ ਜਸਟਿਸ, ਇੰਡੀਅਨ ਵਰਕਰਜ਼ ਐਸੋਸੀਏਸ਼ਨ ਗਲਾਸਗੋ, ਸਕਾਟਲੈਂਡ ਸਿੱਖ ਕੌਂਸਲ, ਗੁਰੂ ਰਵਿਦਾਸ ਕਮਿਊਨਿਟੀ ਸਕਾਟਲੈਂਡ, ਡਾ: ਅੰਬੇਡਕਰ ਮਿਸ਼ਨ ਸੁਸਾਇਟੀ ਗਲਾਸਗੋ ਤੇ ਇੰਡੀਅਨ ਸਟੂਡੈਂਟਸ ਐਸੋਸੀਏਸ਼ਨ ਸਕਾਟਲੈਂਡ ਆਦਿ ਸੰਸਥਾਵਾਂ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਸੀ। 

ਬੁਲਾਰਿਆਂ ਨੇ ਅੰਦੋਲਨਕਾਰੀ ਕਿਸਾਨ ਮਜ਼ਦੂਰ ਜੱਥੇਬੰਦੀਆਂ ਨੂੰ ਸੁਚੱਜੇ ਤੇ ਸੁਚੇਤ ਰੂਪ 'ਚ ਚਲਾਏ ਜਾ ਰਹੇ ਸੰਘਰਸ਼ ਨੂੰ ਨਿਰੰਤਰ ਗਰਮਜੋਸ਼ੀ ਨਾਲ ਜਾਰੀ ਰੱਖਣ ਤੇ ਸਰਕਾਰੀ ਲੂੰਬੜ ਚਾਲਾਂ ਤੋਂ ਬਚਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਬੇਸ਼ੱਕ ਉਹ ਵਿਦੇਸ਼ਾਂ ਦੀ ਧਰਤੀ 'ਤੇ ਹਨ ਪਰ ਪਲ ਪਲ ਮਾਨਸਿਕ ਤੌਰ 'ਤੇ ਇਸ ਸੰਘਰਸ਼ ਦਾ ਹਿੱਸਾ ਬਣੇ ਹੋਏ ਹਨ। 

ਇਸ ਸਮੇਂ ਗੁਰਦੇਵ ਸਿੰਘ, ਇੰਦਰਜੀਤ ਸਿੰਘ ਖਹਿਰਾ, ਮਨਜੀਤ ਸਿੰਘ ਗਿੱਲ, ਰਣਜੀਤ ਸਿੰਘ ਸੰਘਾ, ਦਰਸ਼ਨ ਸਿੰਘ, ਜਿੰਦਰ ਸਿੰਘ ਚਾਹਲ, ਹਰਪਾਲ ਸਿੰਘ ਖਾਲਸਾ, ਕਵਲਦੀਪ ਸਿੰਘ, ਗੁਰਨਾਮ ਸਿੰਘ, ਸ੍ਰੀਮਤੀ ਦਿਲਜੀਤ ਕੌਰ ਦਿਲਬਰ, ਸ੍ਰੀਮਤੀ ਅਮਰਜੀਤ ਕੌਰ, ਕਮਲਜੀਤ ਸਿੰਘ ਭੁੱਲਰ ਆਦਿ ਸਮੇਤ ਭਾਰੀ ਗਿਣਤੀ ਵਿੱਚ ਭਾਈਚਾਰੇ ਦੇ ਲੋਕ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।