ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਅਪਨਾਏ ਬਿਨਾਂ ਬਹੁਜਨ ਸੰਕਟ ਖਤਮ ਨਹੀਂ ਹੋ ਸਕਦਾ  

ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਅਪਨਾਏ ਬਿਨਾਂ ਬਹੁਜਨ ਸੰਕਟ ਖਤਮ ਨਹੀਂ ਹੋ ਸਕਦਾ  

ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਉਪਰ ਸਿਆਸਤ ਤੇ ਸਤਾ ਸਿਰਜਣ ਵਾਲਾ ਬਾਬਾ ਕਾਂਸ਼ੀ ਰਾਮ                                     
                                         
ਕਾਂਸ਼ੀ ਰਾਮ ਦਾ ਨਾਰਾ ਆਪਣਾ ਮੀਡੀਆ ਤੇ ਮਜਬੂਤ ਸੰਗਠਨ ਤਿਆਰ ਕਰੋ      
                              

ਪ੍ਰੋ਼ ਬਲਵਿੰਦਰ ਪਾਲ ਸਿੰਘ                                          

ਪਾਗਲ ਤੇ ਮਨੂਵਾਦੀ ਹਵਾਵਾਂ ਵਿਰੁਧ ਜੂਝਣ ਵਾਲੇ ਬਹੁਜਨ ਸਮਾਜ ਪਾਰਟੀ ਦੇ ਬਾਨੀ ਬਾਬਾ ਕਾਂਸ਼ੀ ਰਾਮ ਨੂੰ ਮੈਂ ਨੇੜਿਉਂ ਤੱਕਿਆ ਹੈ। ਉਹਨਾਂ ਦੇ ਹਕ ਵਿਚ ਰੋਜਾਨਾ ਅਖਬਾਰਾਂ, ਵਿਦੇਸ਼ੀ ਵੀਕਲੀ ਅਖਬਾਰਾਂ, ਆਪਣੇ ਮੈਗਜੀਨ ਵਿਚ ਲਿਖਿਆ ਹੈ। ਉਹ ਭਾਰਤੀ ਸਿਆਸਤ ਵਿਚ ਮਹਾਂ ਰੂਹ ਸੀ, ਜਿਸਨੇ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਅਪਨਾ ਕੇ ਦਬੇ ਕੁਚਲੇ ਭਾਈਚਾਰੇ ਨੂੰ ਜਗਾਇਆ, ਸੱਤਾ ਦੀ ਇਛਾ ਜਗਾਈ। ਬਾਬਾ ਕਾਂਸ਼ੀ ਰਾਮ ਭਾਰਤੀ ਸਿਆਸਤ ਦਾਨਾਂ ਵਰਗਾ ਲੀਡਰ ਨਹੀਂ ਸੀ ਜੋ ਆਪਣੇ ਲੋਕਾਂ ਨੂੰ ਟਿਚ ਜਾਣਦੇ ਤੇ ਫਿਰਕਾਪ੍ਰਸਤੀ ਦੀ ਖੇਡ ਖੇਡਦੇ ਹਨ। ਉਸ ਵਿਚ ਗਰੀਬਾਂ, ਅਣਹੋਇਆਂ ਲਈ ਦਰਦ ਸੀ। ਆਪਣੇ ਭਾਈਚਾਰੇ ਦੀ ਬੁਰੀ ਹਾਲਤ ਲਈ ਕਈ ਵਾਰ ਉਹਨਾਂ ਦੀਆਂ ਅੱਖਾਂ ਨਮ ਹੁੰਦੀਆਂ ਮੈਂ ਦੇਖੀਆਂ ਹਨ। ਇਕ ਵਾਰ ਤਾਂ ਕਹਿਣ ਲਗੇ ਕਿ ਦੁਆਬੇ ਦੇ ਦਲਿਤ ਲੀਡਰ ਤੇ ਚਮਾਰ ਸਰਮਾਏਦਾਰੀ ਧੋਖੇਬਾਜ਼ ਹੈ। ਇਹ ਮਨੂਵਾਦੀ ਸਿਆਸੀ ਪਾਰਟੀਆਂ ਦੀ ਪਿਛਲਗ ਹੈ। ਜੇ ਇਹ ਮੇਰਾ ਸਾਥ ਦਿੰਦੇ ਮੈਂ ਰਾਜਨੀਤਕ ਤਬਦੀਲੀ ਕਰਕੇ ਦਿਖਾਉਂਦਾ। ਸ਼ੂਗਰ ਦੇ ਮਰੀਜ਼ ਹੋਣ ਦੇ ਬਾਵਜੂਦ ਉਹ ਬਹੁਜਨ ਨੂੰ ਸੱਤਾ ਵਲ ਲਿਜਾਣ ਲਈ ਮਿਹਨਤ ਕਰਦੇ ਰਹੇ। ਆਪਣੀ ਸਿਹਤ ਵੀ ਆਪਣੇ ਮਿਸ਼ਨ ਲਈ ਕੁਰਬਾਨ ਕਰ ਦਿਤੀ। ਉਹਨਾਂ ਨੇ ਭਾਜਪਾ, ਕਾਂਗਰਸ ਦਾ ਬਹੁਤਾ ਉਭਾਰ ਨਹੀਂ ਹੋਣ ਦਿਤਾ। ਬਸਪਾ ਨੂੰ ਥੋੜੇ ਪਲਾਂ ਵਿਚ ਭਾਰਤ ਦੀ ਤੀਜੀ ਪਾਰਟੀ ਸਿਰਜ ਦਿਤਾ। ਇਕ ਦਿਨ ਸਰਦਾਰ ਗੁਰਬਚਨ ਸਿੰਘ ਦੇਸ ਪੰਜਾਬ ਦਾ ਫੋਨ ਆਇਆ ਕਿ ਬੀਬੀ ਮਾਇਆਵਤੀ ਪਹਿਲੀ ਵਾਰ ਯੂਪੀ ਦੀ ਮੁਖ ਮੰਤਰੀ ਬਣੀ ਹੈ। ਯੂਪੀ ਭਵਨ ਦਿਲੀ ਵਿਖੇ ਸਮਾਗਮ ਹੈ ਜਿਸ ਵਿਚ ਰਿਟਾਇਰਡ ਅਫਸਰ ਸ਼ਾਹੀ, ਲੇਖਕ, ਪਤਰਕਾਰ, ਪ੍ਰੋਫੈਸਰ ਪਹੁੰਚਣੇ ਹਨ। ਤੁਹਾਨੂੰ ਕਾਂਸ਼ੀ ਰਾਮ ਜੀ ਵਲੋਂ ਵਿਸ਼ੇਸ਼ ਸਦਾ ਦਿਤਾ ਗਿਆ ਹੈ, ਇਸ ਸਮਾਗਮ ਵਿਚ। ਅਗਲੇ ਦਿਨ ਮੈਂ ਸਰਦਾਰ ਗੁਰਬਚਨ ਸਿੰਘ ਨਾਲ ਸ਼ਤਾਬਦੀ ਟਰੇਨ ਰਾਹੀਂ ਦਿਲੀ ਚਲੇ ਗਿਆ। ਸਟੇਸ਼ਨ ਉਪਰ ਕਾਂਸ਼ੀ ਰਾਮ ਜੀ ਦਾ ਡਰਾਈਵਰ ਤੇ ਬਾਡੀਗਾਰਡ ਸਾਨੂੰ ਲੈਣ ਆਏ ਹੋਏ ਸਨ। ਬਾਡੀਗਾਰਡ ਵਾਇਰਲੈਸ ਰਾਹੀਂ ਬਾਬਾ ਕਾਂਸ਼ੀ ਰਾਮ ਨਾਲ ਜੁੜਿਆ ਹੋਇਆ ਸੀ। ਯੂਪੀ ਭਵਨ ਵਿਚ ਪਹੁੰਚੇ ਬਾਬਾ ਕਾਂਸ਼ੀ ਬਨੈਣ ਧੋਤੀ ਵਿਚ ਸਵਾਗਤ ਕਰਨ ਲਈ ਅਗੇ ਖਲੌਤੇ ਸਨ। ਮੈਂ ਗੁਰਬਚਨ ਸਿੰਘ ਹੁਣਾਂ ਨੂੰ ਕਹਿਣ ਲਗਾ ਕਿ ਕਿੰਨੀ ਸਾਧਾਰਨ ਉਚ ਸਖਸੀਅਤ ਹੈ। ਗਰੀਬਾਂ ਦੇ ਲੀਡਰ  ਸਰਮਾਏਦਾਰ ਨਹੀਂ ਅਜਿਹੇ ਮਹਾਨ ਵਿਚਾਰਾਂ ਤੇ ਸਾਦਗੀ ਭਰੀ ਜ਼ਿੰਦਗੀ ਨਾਲ ਜੁੜੇ ਹੁੰਦੇ ਹਨ। ਪੰਜਾਬ ਵਿਚੋਂ ਸਿਰਫ ਮੈਨੂੰ ਤੇ ਗੁਰਬਚਨ ਸਿੰਘ ਦੋਹਾਂ ਨੂੰ ਸੱਦਿਆ ਗਿਆ ਸੀ। ਇਹ ਮੇਰੇ ਲਈ ਮਾਣ ਵਾਲੀ ਗਲ ਸੀ। ਕਾਂਸ਼ੀ ਰਾਮ ਜੀ ਨੇ ਸਾਨੂੰ ਘੁਟ ਕੇ ਗਲਵਕੜੀ ਪਾਈ, ਫਤਹਿ ਬੁਲਾਕੇ ਸਾਨੂੰ ਅੰਦਰ ਲੈ ਗਏ। ਕਿਹਾ ਜਲ ਪਾਣੀ ਛਕੋ, ਥੋੜਾ ਅਰਾਮ ਕਰੋ। ਫਿਰ ਮਿਸ਼ਨ ਬਾਰੇ ਤੁਹਾਡੇ ਨਾਲ ਦੋ ਘੰਟੇ ਗਲਾਂ ਕਰਨੀਆਂ ਹਨ।                           

ਮੈਂ ਇਹ ਗਲ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਵਿਚ ਜੇ ਸਿਖ ਤੇ ਪੰਜਾਬ ਦੇ ਭਵਿੱਖ ਲਈ ਸਿਆਸਤ ਦੀ ਰਚਨਾ ਕਰਨੀ ਹੈ ਤੇ ਆਪਣੇ ਪੰਜਾਬ ਦੇ ਭਵਿੱਖ ਨੂੰ ਕਾਇਮ ਕਰਨਾ ਹੈ ਤਾਂ ਬਾਬਾ ਕਾਂਸ਼ੀ ਰਾਮ ਵਰਗਾ ਲੀਡਰ ਪੈਦਾ ਕਰੋ। ਜੋ ਸਿਖਾਂ ਦੀ ਸਿਆਸੀ ਲੀਡਰਸ਼ਿਪ ਹੈ, ਉਹ ਮਨੂਵਾਦੀ ਸਿਆਸਤ ਦੀ ਪਿਛਲਗੂ ਤੇ ਡਾਵਾਂਡੋਲ ਹੈ। ਸੱਤਾ ਦੀ ਭੁਖ ਉਸਨੂੰ ਕੌਮ ਵਿਰੋਧੀ ਬਣਾ ਦਿੰਦੀ ਹੈ। ਸਾਡੇ ਗੁਰੂ ਗਰੰਥ ਸਾਹਿਬ ਅਣਹੋਇਆਂ, ਦਬੇ ਕੁਚਲਿਆਂ ਕਿਰਤੀਆਂ ਲਈ ਸਮਾਜ ਤੇ ਰਾਜਨੀਤੀ ਦੀ ਰਚਨਾ ਕਰਦੇ ਹਨ ਤੇ ਜੀਵਨ ਮੁਕਤ ਦਾ ਸਿਧਾਂਤ ਪੇਸ਼ ਕਰਦੇ ਹਨ। ਇਹੀ ਗੁਰੂ ਸਾਹਿਬ ਦਾ ਮਿਸ਼ਨ ਬਾਬੇ ਕਾਂਸ਼ੀ ਰਾਮ ਨੇ ਚੁਕਿਆ ਤੇ ਭਾਰਤ ਦੀ ਸਿਆਸਤ ਉਪਰ ਲਾਗੂ ਕੀਤਾ। ਪਰ ਅਕਾਲੀ ਲੀਡਰਸ਼ਿਪ ਇਹ ਮਹਾਨ ਕਰਮ ਨਹੀਂ ਨਿਭਾ ਸਕੀ।

ਜਦ ਕਿ ਬਹੁਜਨ ਸਮਾਜ ਪਾਰਟੀ ਦੇ ਜਨਮਦਾਤਾ ਬਾਬਾ ਕਾਂਸ਼ੀ ਰਾਮ ਨੇ ਗੁਰੂ ਗਰੰਥ ਸਾਹਿਬ ਨੂੰ ਆਪਣੇ ਸਿਆਸੀ ਅੰਦੋਲਨ ਦਾ ਆਧਾਰ ਬਣਾ ਕੇ ਗਰੀਬਾਂ, ਦਬੇ ਕੁਚਲਿਆਂ ਦੀ ਅਜ਼ਾਦੀ ਤੇ ਮਨੁੱਖੀ ਹੱਕਾਂ ਤੇ ਗਰੀਬਾਂ ਵਿਚ ਸੱਤਾ ਦਾ ਸੁਪਨਾ ਜਗਾਉਣ ਲਈ ਬਸਪਾ ਨੂੰ ਭਾਰਤ ਦੀ ਤੀਜੀ ਵੱਡੀ ਸਿਆਸੀ ਪਾਰਟੀ ਬਣਾਇਆ। ਬਹੁਜਨ ਦੀ ਆਤਮਾ ਨੂੰ ਸਵੈ-ਮਾਣ, ਸਵੈ-ਆਦਰ ਅਤੇ ਮਨੁੱਖੀ ਸ਼ਾਨ ਨਾਲ ਜੋੜਿਆ ਜੋ ਕਿ ਬਹੁਤ ਅਸੰਭਵ ਕਾਰਜ ਸੀ, ਜਿਸਨੂੰ ਬਾਬਾ ਕਾਂਸ਼ੀ ਰਾਮ ਨੇ ਆਪਣੀ ਮਿਹਨਤ ਤੇ ਉਦਮ ਸਦਕਾ ਸਿਰੇ ਚੜ੍ਹਾਇਆ ਤੇ ਯੂਪੀ ਵਿਚ ਮਨੂਵਾਦੀ ਪਾਰਟੀਆਂ ਕਾਂਗਰਸ ਤੇ ਭਾਜਪਾ ਨੂੰ ਧੋਬੀ ਪਟਕੇ ਮਾਰ ਕੇ ਯੂਪੀ ਵਿਚ ਵਿਸ਼ਾਲ ਸੱਤਾ ਸਿਰਜੀ। ਅਜਿਹਾ ਉਦਾਹਰਣ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਜ਼ਾਦ ਹੋਏ ਦੇਸਾਂ ਵਿਚ ਘਟ ਹੀ ਮਿਲਦਾ ਹੈ। ਇਥੇ ਜ਼ਿਕਰਯੋਗ ਹੈ ਕਿ ਅਜ਼ਾਦ ਦੇਸ 1970 ਦੇ ਦਹਾਕੇ ਤਕ ਪਹੁੰਚਦੇ ਪਹੁੰਚਦੇ ਰਾਜਨੀਤਕ ਅਰਾਜਕਤਾ ਤੇ ਅਸਥਿਰਤਾ ਦਾ ਸ਼ਿਕਾਰ ਹੋ ਚੁਕੇ ਸਨ। 

ਐਮਰਜੈਂਸੀ ਨੂੰ ਛੱਡ ਕੇ ਭਾਰਤ ਦੇ ਲੋਕ ਇਸ ਤਰ੍ਹਾਂ ਦੇ ਰਾਜ ਪਲਟਣ ਤੋਂ ਦੂਰ ਰਹੇ ਹਨ। ਐਂਮਰਜੈਂਸੀ ਦੌਰਾਨ ਜੋ ਕਾਂਗਰਸ ਵਿਰੋਧੀ ਲੀਡਰਸ਼ਿਪ ਪੈਦਾ ਹੋਈ ਉਹ ਵੀ ਰਾਜਨੀਤਕ ਤਬਦੀਲੀ ਨਹੀਂ ਲਿਆ ਸਕੀ ਤੇ ਭਿ੍ਸ਼ਟਾਚਾਰ ਵਿਚ ਗਰਕ ਹੋ ਗਈ। ਇੱਥੋਂ ਤਕ ਕਿ ਇਥੇ ਹਥਿਆਰਬੰਦ ਨਕਸਲਵਾੜੀ ਅਤੇ ਮਾਓਵਾਦੀ ਲਹਿਰ ਸ਼ੁਰੂ ਹੋ ਗਈ ਸੀ। ਇਸ ਦੌਰਾਨ ਮਨੂਵਾਦ ਧਾਰਮਿਕ ਕੱਟੜਵਾਦ ਵੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿਚ ਸ਼ਾਮਲ ਹੋ ਕੇ ਲੋਕਾਂ ਵਿਚ ਆਪਣੀ ਪਹੁੰਚ ਵਧਾਉਣ ਲਗ ਪਿਆ ਤਾਂ ਜੋ ਭਾਜਪਾ ਨੂੰ ਕਾਂਗਰਸ ਦੀ ਥਾਂ ਸਥਾਪਤ ਕੀਤਾ ਜਾ ਸਕੇ। ਪੰਜਾਬ ਦੀ ਖੁਦਮੁਖਤਿਆਰੀ ਲਈ ਸਿਖਾਂ ਵਲੋਂ ਧਰਮ ਯੁਧ ਮੋਰਚਾ ਪਹਿਲਾਂ ਹੀ ਸ਼ੁਰੂ ਹੋ ਚੁਕਾ ਸੀ। ਪਰ ਅਕਾਲੀ ਲੀਡਰਸ਼ਿੱਪ ਦੀ ਸੱਤਾ ਭੁੱਖ ਕਾਰਣ ਸਿਖ ਇਹ ਮੋਰਚਾ ਹਾਰੇ। ਦਰਬਾਰ ਸਾਹਿਬ ਉਪਰ ਫੌਜੀ ਹਮਲਾ ਹੋਇਆ। ਝੂਠੇ ਪੁਲਿਸ ਮੁਕਾਬਲਿਆਂ ਵਿਚ ਸਿੱਖਾਂ ਦੀ ਨਸਲਕੁਸ਼ੀ ਹੋਈ। ਦਿਲੀ ਸਿੱਖ ਕਤਲੇਆਮ ਹੋਇਆ। ਪਰ ਅਕਾਲੀ ਲੀਡਰਸ਼ਿਪ ਫਲਾਪ ਸਿਧ ਹੋਈ। ਇਸ ਸਭ ਦੇ ਬਾਵਜੂਦ ਭਾਰਤ ਵਿਚ ਬਾਬਾ ਕਾਂਸ਼ੀ ਰਾਮ ਦੀ ਅਗਵਾਈ ਵਿਚ ਦਲਿਤਾਂ ਅਤੇ ਦੱਬੇ-ਕੁਚਲੇ ਲੋਕਾਂ ਨੇ ਆਪਣੀ ਸਮੱਸਿਆ ਦੇ ਹੱਲ ਲਈ ਬੁਲੇਟ ਦੀ ਬਜਾਏ ਬੈਲੇਟ ਦਾ ਰਾਹ ਚੁਣਿਆ, ਜੋ ਕਿ ਬਹੁਜਨ ਅੰਦੋਲਨ ਤੇ ਲੋਕਤੰਤਰ ਦੀ ਸਫਲਤਾ ਪਿੱਛੇ ਇਕ ਵੱਡਾ ਕਾਰਨ ਰਿਹਾ ਹੈ। ਹਾਲਾਂਕਿ ਬਾਬਾ ਕਾਂਸ਼ੀ ਰਾਮ ਕਹਿੰਦੇ ਸਨ ਕਿ ਦਲਿਤਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਵੀ ਬੇਇਨਸਾਫੀ ਨਾਲ ਨਜਿੱਠਣ ਲਈ  ਗੋਲੀ ਵੀ ਤਿਆਰ ਰੱਖਣੀ ਚਾਹੀਦੀ ਹੈ।

ਕਾਂਸ਼ੀ ਰਾਮ ਜੀ ਨੂੰ ਸਾਡੇ ਤੋਂ ਸਦੀਵੀ ਤੌਰ ਤੇ ਵਿਛੜਿਆਂ 14 ਸਾਲਾਂ ਹੋ ਚੁਕੇ  ਹਨ। ਪਰ ਭਾਰਤ ਵਿੱਚ ਦਲਿਤਾਂ, ਔਰਤਾਂ ਅਤੇ ਘੱਟ ਗਿਣਤੀਆਂ ਵਿਰੁੱਧ ਅੱਤਿਆਚਾਰ ਵਧੇ ਹਨ।  ਪਰ ਸੁਆਲ ਇਹ ਹੈ ਕਿ ਅਜੇ ਵੀ ਦਲਿਤਾਂ ਅਤੇ ਵਾਂਝੇ ਲੋਕਾਂ ਨੂੰ ਅਨਿਆਂ ਅਤੇ ਜ਼ੁਲਮ ਵਿਰੁੱਧ ਲੜਨ ਲਈ ਕਿਵੇਂ ਕਾਮਯਾਬ ਕੀਤਾ ਜਾ ਸਕਦਾ ਹੈ। ਇਹ ਸਾਰੇ ਉਪਾਅ ਅੱਜ ਦੇ ਬਹੁਜਨ ਅੰਦੋਲਨ  ਲਈ ਬਹੁਤ ਮਹੱਤਵਪੂਰਨ ਸਿੱਧ ਹੋ ਸਕਦੇ ਹਨ। 

ਕਾਂਸ਼ੀਰਾਮ ਦਾ ਸਭ ਤੋਂ  ਵਡਾ ਨੁਕਤਾ ਸੀ ਕਿ ਮਨੂਵਾਦੀ ਮੀਡੀਆ ਉਪਰ ਵਿਸ਼ਵਾਸ ਨਾ ਕਰੋ ਤੇ ਨਾ ਹੀ ਇਸ ਦੀ ਸ਼ਰਨ ਵਿਚ ਆਪਣਾ ਅੰਦੋਲਨ ਖੜਾ ਕਰੋ। ਤੁਹਾਡਾ ਮੀਡੀਆ ਵੰਚਿਤ ਤੇ ਦਬੇ ਕੁਚਲੇ ਲੋਕ ਹਨ। ਆਪਣੀ ਅਖਬਾਰ ਤੇ ਮੀਡੀਆ ਨੂੰ ਉਸਾਰੋ।  ਦੱਬੇ-ਕੁਚਲੇ ਵਰਗਾਂ ਨੂੰ ਆਪਣੀ ਸਮੱਸਿਆ ਦੇ ਹੱਲ ਲਈ ਆਪਣੀਆਂ ਮੀਡੀਆ ਸੇਵਾਵਾਂ ਦੀ ਜ਼ਰੂਰਤ ਹੈ। ਉਨ੍ਹਾਂ ਦੇ ਅਨੁਸਾਰ  ਮੁੱਖ ਧਾਰਾ ਦਾ ਮਨੂਵਾਦੀ ਮੀਡੀਆ ਦਲਿਤਾਂ, ਔਰਤਾਂ ਅਤੇ ਦੱਬੇ-ਕੁਚਲੇ ਲੋਕਾਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਥੋੜ੍ਹੀ ਜਿਹੀ ਜਗ੍ਹਾ ਦਿੰਦਾ ਹੈ। ਦਲਿਤਾਂ ਨਾਲ ਹੋ ਰਹੀ ਬੇਇਨਸਾਫੀ ਦੇ ਜਵਾਬ ਵਿੱਚ ਬਹੁਜਨ ਵਰਗ ਦੇ ਬੋਧਿਕ ਲੋਕਾਂ ਨੂੰ ਆਪਣਾ ਪੱਖ ਰੱਖਣ ਲਈ ਲੋੜੀਂਦੀ ਜਗ੍ਹਾ ਨਹੀਂ ਦਿੰਦਾ । ਬਹੁਜਨ ਲੋਕਾਂ ਦੁਆਰਾ ਚੁੱਕੇ ਗਏ ਉਸਾਰੂ ਕਦਮਾਂ ਦੀ ਸ਼ਲਾਘਾ ਨਹੀਂ ਕਰਦਾ। ਅਰਥਾਤ ਸਰਕਾਰ ਦੁਆਰਾ ਕੀਤੇ ਝੂਠੇ ਵਾਅਦੇ / ਖੋਖਲੇ ਨਾਅਰਿਆਂ ਦਾ ਪਰਦਾਫਾਸ਼ ਨਹੀਂ ਕਰਦਾ ਅਤੇ ਬਹੁਜਨ ਦੇ ਵਿਰੋਧ ਵਿਚ ਭੁਗਤਦਾ ਹੈ।

ਅੱਜ ਦੇ ਮਾਹੌਲ ਵਿਚ ਮੁੱਖ ਧਾਰਾ ਮੀਡੀਆ, ਖ਼ਾਸਕਰ ਇਲੈਕਟ੍ਰਾਨਿਕ ਮੀਡੀਆ ਨੈਤਿਕਤਾ ਨੂੰ ਤਿਆਗ ਕੇ ਗੋਦੀ ਮੀਡੀਆ ਬਣ ਚੁਕਾ ਹੈ। ਉਹ ਸਰਕਾਰੀ ਦਬਾਅ, ਇਸ਼ਤਿਹਾਰਬਾਜ਼ੀ ਦੀ ਲਾਲਸਾ ਕਾਰਣ, ਆਪਣੇ ਸਮਾਜਿਕ ਢਾਂਚੇ ਕਾਰਣ ਕਰ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਜੇ ਪਛੜੇ ਵਰਗਾਂ ਅਤੇ ਵਿਰੋਧੀ ਧਿਰਾਂ ਨੂੰ ਲੋਕਾਂ ਵਿੱਚ ਆਪਣੀ ਗੱਲ ਕਹਿਣੀ ਪਵੇ ਤਾਂ ਉਸਨੂੰ ਆਪਣੀ ਨਿਊਜ਼ ਸਰਵਿਸ ਸਥਾਪਤ ਕਰਨੀ ਪਵੇਗੀ। ਕਾਂਸ਼ੀ ਰਾਮ ਦੇ ਅਨੁਸਾਰ, ਲੋਕਾਂ ਦਾ ਮੀਡੀਆ ਸਰਕਾਰੀ ਕੁਰਪਟ ਨੀਤੀਆਂ ਅਤੇ ਯੋਜਨਾਵਾਂ 'ਤੇ ਬੋਲਣ ਦਾ ਮੌਕਾ ਪ੍ਰਦਾਨ ਕਰਦਾ ਹੈ ਤੇ ਬਾਹਰੀ ਦੇਸ਼ਾਂ ਨੂੰ ਆਪਣੀ ਸਥਿਤੀ ਤੋਂ ਜਾਣੂ ਕਰਾਉਂਦਾ ਹੈ।

ਕਾਂਸ਼ੀ ਰਾਮ ਦੱਬੇ-ਕੁਚਲੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੀ ਸੰਸਥਾ ਸਥਾਪਤ ਕਰਨ ਦਾ ਜ਼ੋਰ ਦਿੰਦੇ ਹਨ,  ਕਿਉਂਕਿ ਸੰਗਠਨ ਆਤਮ-ਵਿਸ਼ਵਾਸ ਪੈਦਾ ਕਰਦਾ ਹੈ ਅਤੇ ਮੁੱਦਿਆਂ ਨੂੰ ਮੁੱਖ ਧਾਰਾ ਵਿੱਚ ਲਿਆਉਂਦਾ ਹੈ। ਇਸ ਵਿਚਾਰਧਾਰਾ ਦੇ ਕਾਰਨ, ਕਾਂਸ਼ੀ ਰਾਮ ਨੇ ਆਪਣੇ ਜੀਵਨ ਵਿੱਚ ਖੁਦ ਬਾਮਸੇਫ, ਡੀਐਸ 4 ਅਤੇ ਬਸਪਾ ਦਾ ਗਠਨ ਕੀਤਾ। ਕਾਂਸ਼ੀ ਰਾਮ ਦੇ ਅਨੁਸਾਰ, ਸੰਗਠਨ ਵਿੱਚ ਗਤੀਸ਼ੀਲਤਾ ਹੋਣੀ ਚਾਹੀਦੀ ਹੈ, ਅਜਿਹਾ ਕਰਨ ਲਈ, ਸਮੇਂ ਸਮੇਂ ਤੇ, ਨਵੇਂ ਨੇਤਾਵਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਲੋੜੀਂਦੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਕਾਂਸ਼ੀ ਰਾਮ ਜੀ ਨੇ ਲੋਕਾਂ ਦੀਆਂ ਭਖਦੀਆਂ ਮੁਸ਼ਕਲਾਂ ਨੂੰ ਉਜਾਗਰ ਕਰਨ ਲਈ ਜਨ ਸੰਸਦ ਦੇ ਸੰਕਲਪ 'ਤੇ ਜ਼ੋਰ ਦਿੱਤਾ ਸੀ ਅਤੇ ਸਾਰੀ ਜਨ ਸੰਸਦ ਦਾ ਆਯੋਜਨ ਵੀ ਕੀਤਾ ਸੀ। ਹਾਲਾਂਕਿ ਜਨ ਸੰਸਦ ਬਿਨਾਂ ਕਿਸੇ ਸਤਾ ਸ਼ਕਤੀ ਦੇ ਹੈ, ਪਰ ਇਹ ਸ਼ਾਸਕਾਂ  ਨੂੰ ਮੁੱਖ ਧਾਰਾ ਵਿੱਚ ਲਿਆਉਂਦਾ ਹੈ ਤਾਂ ਜੋ ਉਹ ਆਪਣੇ ਚੋਣ ਮੈਨੀਫੈਸਟੋ ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ। ਜਨ ਸੰਸਦ ਉਨ੍ਹਾਂ ਦਬੇ ਕੁਚਲੇ ਤੇ ਬੇਇਨਸਾਫ਼ੀ ਦੇ ਸ਼ਿਕਾਰ ਭਾਈਚਾਰਿਆਂ ਦੀ ਆਵਾਜ਼ ਨੂੰ ਬਣਾਉਣ ਵਿਚ ਵੀ ਸਹਾਇਤਾ ਕਰਦਾ ਹੈ ਜਿਨ੍ਹਾਂ ਦੀ ਸੰਸਦ ਪ੍ਰਤੀਨਿਧਤਾ ਕਰਦੀ ਹੈ। ਉਦਾਹਰਣ ਵਜੋਂ, ਅੱਜ ਵੀ, ਭਾਰਤ ਦੀ ਸੰਸਦ ਵਿਚ ਔਰਤਾਂ, ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਦੀ ਪ੍ਰਤੀਨਿਧਤਾ ਘੱਟ ਹੈ। ਪਾਰਟੀ ਦੇ ਵ੍ਹਿਪ ਕਾਰਨ, ਕੁਝ ਸੰਸਦ ਮੈਂਬਰ ਵੀ ਚਾਹੁੰਦੇ ਹੋਏ ਵੀ ਸਾਰੇ ਮੁੱਦੇ ਚੁੱਕਣ ਵਿੱਚ ਅਸਮਰੱਥ ਹਨ। ਇਨ੍ਹਾਂ ਸਾਰੇ ਕਾਰਨਾਂ ਕਰਕੇ, ਜਨ ਸੰਸਦ ਦੀ ਧਾਰਨਾ ਅੱਜ ਵੀ ਬਹੁਤ ਪ੍ਰਸੰਗਿਕ ਹੈ। ਕਾਂਸ਼ੀ ਰਾਮ ਜੀ ਦੀ ਰਣਨੀਤੀ ਦਾ ਅਹਿਮ ਹਿਸਾ ਸੀ, ਅਨਿਆਂ ਮੁਕਤ ਖੇਤਰ ਦੀ ਸਥਾਪਨਾ ਕਰਨਾ। ਇਸ ਤਹਿਤ ਕਾਂਸ਼ੀ ਰਾਮ ਬਹੁਜਨ ਸਮਾਜ ਨੂੰ ਆਪਣੀ ਵਲੰਟੀਅਰ ਸੈਨਾ ਤਹਿਤ ਹਰੇਕ ਤਰ੍ਹਾਂ ਦੀ ਸਹਾਇਤਾ, ਕਨੂੰਨੀ ਸਹਾਇਤਾ ਉਪਲਬਧ ਕਰਾਉਂਦੇ ਸਨ। ਇਸ ਤਹਿਤ ਅੱਜ ਵੀ ਕਾਂਸ਼ੀ ਰਾਮ ਦੀ ਰਣਨੀਤੀ ਬਹੁਤ ਕਾਰਗਰ ਹੈ ਜਦੋ ਕਿ ਦਲਿਤਾਂ ਉਪਰ ਜ਼ੁਲਮ ਹੋ ਰਹੇ ਹਨ। 

ਕਾਂਸ਼ੀ ਰਾਮ ਦਾ ਮੰਨਣਾ ਹੈ ਕਿ ਭਾਰਤ ਵਿਚ ਬੇਇਨਸਾਫੀ ਤੇ ਜ਼ੁਲਮ ਦੀ ਜੜ੍ਹ  ਨੂੰ ਪਛਾਣਨਾ ਬਹੁਤ ਜਰੂਰੀ ਹੈ। ਇਸ ਨੂੰ ਉਖਾੜਨ ਦੀ ਕੋਸ਼ਿਸ਼ ਕੀਤੀ  ਜਾਣੀ ਚਾਹੀਦੀ ਹੈ। ਉਹਨਾਂ ਦਾ ਮੰਨਣਾ ਸੀ ਬਾਹਮਣਵਾਦ ਹੀ ਅਸਮਾਨਤਾ, ਬਹੁਜਨ ਦੀ ਤਬਾਹੀ ਤੇ ਬੇਇਨਸਾਫ਼ੀ ਦੀ ਜੜ੍ਹ ਹੈ। ਕਾਂਸ਼ੀ ਰਾਮ ਅਨੁਸਾਰ  ਬ੍ਰਾਹਮਣਵਾਦ ਸਿਰਫ  ਮਨੁੱਖਤਾ ਵਿਚ ਭੇਦ ਤੇ ਵੰਡੀਆਂ ਨਹੀਂ ਪਾਉਂਦਾ, ਸਗੋਂ ਕੁਦਰਤ ਤੇ ਪਸ਼ੂਆਂ ਨੂੰ ਵੀ ਮਨੁਵਾਦੀ ਵਰਤਾਰੇ ਅਨੁਸਾਰ ਦੇਖਦਾ ਹੈ। ਕਾਂਸ਼ੀ ਰਾਮ ਅਨੁਸਾਰ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਅਪਨਾਏ ਬਿਨਾਂ ਬਹੁਜਨ ਦਾ ਸੰਕਟ ਖਤਮ ਨਹੀਂ ਹੋ ਸਕਦਾ।