ਸ਼ਹਿਰ ਟਰੇਸੀ ਵਿਚ ਪੁਲਿਸ ਨੇ ਸਿੱਖ ਪਰਮਜੀਤ ਸਿੰਘ ਹੱਤਿਆ ਮਾਮਲੇ ਦੀ ਮੁੜ ਖੋਲੀ ਜਾਂਚ

ਸ਼ਹਿਰ ਟਰੇਸੀ ਵਿਚ ਪੁਲਿਸ ਨੇ ਸਿੱਖ ਪਰਮਜੀਤ ਸਿੰਘ ਹੱਤਿਆ ਮਾਮਲੇ ਦੀ ਮੁੜ ਖੋਲੀ ਜਾਂਚ

ਸੈਕਰਾਮੈਂਟੋ, ਕੈਲੀਫਰੋਨੀਆ (ਹੁਸਨ ਲੋੜਆ ਬੰਗਾ): ਸੈਂਟਰਲ ਵੈਲੀ ਦੇ ਸ਼ਹਿਰ ਟਰੇਸੀ ਵਿਚ 25 ਅਗਸਤ 2019 ਨੂੰ ਇਕ ਅਣਪਛਾਤੇ ਹਮਲਾਵਰ ਵੱਲੋਂ ਚਾਕੂ ਨਾਲ ਹਮਲਾ ਕਰਕੇ ਮਾਰ ਦਿੱਤੇ ਗਏ ਭਾਰਤੀ ਮੂਲ ਦੇ ਅਮਰੀਕੀ ਸਿੱਖ ਪਰਮਜੀਤ ਸਿੰਘ ਦੇ ਕੇਸ ਦੀ ਪੁਲਿਸ ਨੇ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਅਦਾਲਤ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਵਿਅਕਤੀ ਐਨਥਨੀ ਕਰੀਟਰ ਰੋਡਜ (22) ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ ਤੇ ਉਸ ਵਿਰੁੱਧ ਲਾਏ ਦੋਸ਼ ਰੱਦ ਕਰ ਦਿੱਤੇ ਸਨ। 

ਟਰੇਸੀ ਪੁਲਿਸ ਦੇ ਬੁਲਾਰੇ ਲੈਫਟੀਨੈਂਟ ਮੀਗੂਲ ਕੋਨਟਰੇਰਸ ਨੇ ਦੱਸਿਆ ਕਿ ਸਾਡੀ ਟੀਮ ਨੇ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਹੋਰ ਸਬੂਤ ਜੁਟਾਉਣ ਵਿਚ ਲੱਗੇ ਹੋਏ ਹਨ। ਸਿੱਖ ਭਾਈਚਾਰੇ ਤੇ ਪਰਿਵਾਰ ਵੱਲੋਂ ਬੇਨਤੀ ਕਰਨ 'ਤੇ ਪੁਲਿਸ ਵਿਭਾਗ ਮਾਮਲੇ ਦੀ ਦੁਬਾਰਾ ਜਾਂਚ ਲਈ ਸਹਿਮਤ ਹੋਇਆ ਹੈ। 

64 ਸਾਲਾ ਪਰਮਜੀਤ ਸਿੰਘ 2016 ਵਿਚ ਭਾਰਤ ਤੋਂ ਅਮਰੀਕਾ ਆਇਆ ਸੀ ਤੇ ਉਹ ਟਰੇਸੀ ਵਿਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਉਸ ਉਪਰ ਹਮਲਾ ਘਰ ਦੇ ਨੇੜੇ ਉਸ ਵੇਲੇ ਕੀਤਾ ਗਿਆ ਸੀ ਜਦੋਂ ਉਹ ਸ਼ਾਮ ਵੇਲੇ ਸੈਰ ਕਰ ਰਿਹਾ ਸੀ।