ਨੌਕਰੀਆਂ ਮੰਗਦੇ ਨੌਜਵਾਨ ਕੈਪਟਨ ਨੇ ਪੁਲਸੀਆਂ ਤੋਂ ਕੁਟਵਾਏ; ਦੋ ਨੌਜਵਾਨਾਂ ਨੇ ਨਹਿਰ 'ਚ ਛਾਲ ਮਾਰੀ

ਨੌਕਰੀਆਂ ਮੰਗਦੇ ਨੌਜਵਾਨ ਕੈਪਟਨ ਨੇ ਪੁਲਸੀਆਂ ਤੋਂ ਕੁਟਵਾਏ; ਦੋ ਨੌਜਵਾਨਾਂ ਨੇ ਨਹਿਰ 'ਚ ਛਾਲ ਮਾਰੀ

ਪਟਿਆਲਾ: ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਆਪਣੇ ਪੁਲਸੀਆਂ ਤੋਂ ਕੁਟਵਾਇਆ ਜਾ ਰਿਹਾ ਹੈ। ਬੀਤੇ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਥਾਨਕ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਦੇ ਘਿਰਾਓ ਲਈ ਆਏ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਯੂਨੀਅਨ ਦੇ ਕਾਰਕੁਨਾਂ ’ਤੇ ਪੁਲਸ ਨੇ ਲਾਠੀਚਾਰਜ ਕਰ ਦਿੱਤਾ। ਇਸ ਕਾਰਨ ਅੱਧੀ ਦਰਜਨ ਤੋਂ ਵੱਧ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ, ਜਦੋਂ ਕਿ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀਆਂ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ। ਉਧਰ ਪੁਲਸ ਦੇ ਅਜਿਹੇ ਕਥਿਤ ਅਣਮਨੁੱਖੀ ਰਵੱਈਏ ਦੇ ਵਿਰੋਧ ’ਚ ਅਤੇ ਆਪਣੀਆਂ ਮੰਗਾਂ ਦੇ ਹੱਕ ’ਚ ਪ੍ਰਦਰਸ਼ਕਾਰੀਆਂ ਵਿੱਚੋਂ ਦੋ ਨੌਜਵਾਨਾਂ ਨੇ ਦੇਰ ਸ਼ਾਮੀਂ ਭਾਖੜਾ ਨਹਿਰ ’ਚ ਛਾਲ ਮਾਰ ਕੇ ਖ਼ੁਦਕਸ਼ੀ ਕਰਨ ਦੀ ਵੀ ਕੋਸ਼ਿਸ ਕੀਤੀ, ਪਰ ਗੋਤਾਖੋਰਾਂ ਨੇ ਦੋਵਾਂ ਨੂੰ ਬਚਾਅ ਲਿਆ। ਪੁਲਸ ਦੀ ਕੁੱਟ ਮਗਰੋਂ ਵੀ ਧਰਨਾਕਾਰੀ ਧਰਨੇ 'ਤੇ ਡਟੇ ਰਹੇ ਅਤੇ ਰਾਤ ਇੱਕ ਵਜੇ ਦੇ ਕਰੀਬ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਉਂਕਿ ਪ੍ਰਸ਼ਾਸਨ ਵੱਲੋਂ ਭਰੋਸਾ ਦੁਆਇਆ ਗਿਆ ਕਿ ਅਗਲੇ 48 ਘੰਟਿਆਂ ਤੱਕ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਬੈਠਕ ਕਰਾਉਣ ਦਾ ਭਰੋਸਾ ਦਿੱਤਾ ਗਿਆ। ਇਸ ਦੇ ਚੱਲਦਿਆਂ ਯੂਨੀਅਨ ਵੱਲੋਂ ਰਾਤ ਨੂੰ ਧਰਨਾ ਦੁਬਾਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਕੋਲ ਸ਼ਿਫ਼ਟ ਕਰ ਲਿਆ ਗਿਆ।  ਇਹ ਵੀ ਦੱਸ ਦਈਏ ਕਿ ਯੂਨੀਅਨ ਦੇ ਕੁੱਝ ਨੌਜਵਾਨ ਅਜੇ ਵੀ ਭਾਖੜਾ ਨਹਿਰ 'ਤੇ ਧਰਨਾ ਲਾਈ ਬੈਠੇ ਹਨ। 


ਪ੍ਰਦਰਸ਼ਨਕਾਰੀਆਂ ਦੀ ਹਮਾਇਤ ਵਜੋਂ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਤੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਧਰਨੇ ’ਚ ਸ਼ਾਮਲ ਹੋਏ। ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਯੂਨੀਅਨ ਪੰਜਾਬ ਨੂੰ ਇਸ ਗੱਲ ਦਾ ਗਿਲਾ ਸੀ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ 1664 ਆਸਾਮੀਆਂ ਦੀ ਕੀਤੀ ਜਾਣ ਵਾਲੀ ਭਰਤੀ ਟੈੱਟ ਪਾਸ ਬੇਰੁਜ਼ਗਾਰਾਂ ਦੀ ਸੰਖਿਆ ਦੇ ਮੁਕਾਬਲੇ ਬੜੀ ਘੱਟ ਹੈ। ਭਰਤੀ ਨੂੰ ਮੋਕਲਾ ਕਰਕੇ 12 ਹਜ਼ਾਰ ਤੱਕ ਕਰਨ ਸਮੇਤ ਹੋਰ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਮੁੱਖ ਮੰਤਰੀ ਦੇ ਜ਼ਿਲ੍ਹੇ ਵੱਲ ਅੱਜ ਸਵੇਰ ਤੋਂ ਵਹੀਰਾਂ ਘੱਤੀਆਂ ਗਈਆਂ ਸਨ। ਯੂਨੀਅਨ ਨੇ ਮੰਗਾਂ ਦੇ ਨਿਬੇੜੇ ਤੱਕ ਅਮਰਿੰਦਰ ਸਿੰਘ ਦੇ ਮਹਿਲ ਦੇ ਘਿਰਾਓ ਦੇ ਸੱਦੇ ’ਤੇ ਪੰਜਾਬ ਭਰ ਵਿੱਚੋਂ ਕਾਰਕੁਨ ਪਹਿਲਾਂ ਨਹਿਰੂ ਪਾਰਕ ’ਚ ਇਕੱਤਰ ਹੋਏ, ਪਰ ਜਦੋਂ ਤਾਇਨਾਤ ਪੁਲਸ ਵੱਲੋਂ ਉਨ੍ਹਾਂ ਦੀ ਘੇਰਾਬੰਦੀ ਕੀਤੀ ਜਾਣ ਲੱਗੀ ਤਾਂ ਉਨ੍ਹਾਂ ਤੁਰੰਤ ਪਾਰਕ ’ਚੋਂ ਪੈਲੇਸ ਵੱਲ ਚਾਲੇ ਪਾ ਲਏ। 


ਪ੍ਰਦਰਸ਼ਕਾਰੀਆਂ ਨੇ ਜਦੋਂ ਵਾਈਪੀਐੱਸ ਚੌਕ ’ਚ ਦਸਤਕ ਦਿੱਤੀ ਤਾਂ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲਸ ਨੇ ਕਾਰਕੁਨਾਂ ਨੂੰ ਖਦੇੜਣ ਲਈ ਲਾਠੀਚਾਰਜ ਆਰੰਭ ਦਿੱਤਾ। ਇਸ ਦੌਰਾਨ ਔਰਤਾਂ ਸਮੇਤ ਕਈ ਕਾਰਕੁਨਾਂ ਦੀ ਕਾਫ਼ੀ ਖਿੱਚ-ਧੂਹ ਵੀ ਕੀਤੀ ਗਈ ਅਤੇ ਕਈ ਕਾਰਕੁਨ ਜ਼ਖ਼ਮੀ ਹੋ ਗਏ। ਪੁਲਸ ਨੇ ਯੂਨੀਅਨ ਪ੍ਰਧਾਨ ਦੀਪਕ ਕੰਬੋਜ, ਮਨੀ ਸੰਗਰੂਰ, ਸੁਖਚੈਨ ਪਟਿਆਲਾ ਸਮੇਤ ਅੱਧੀ ਦਰਜਨ ਤੋਂ ਵੱਧ ਕਾਰਕੁਨਾਂ ਨੂੰ ਹਿਰਾਸਤ ’ਚ ਲੈ ਲਿਆ।

ਜ਼ਖ਼ਮੀ ਕਾਰਕੁਨਾਂ ਨੂੰ ਸਥਾਨਕ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਯੂਨੀਅਨ ਆਗੂ ਸੰਦੀਪ ਸਾਮਾ ਨੇ ਦੋਸ਼ ਲਾਇਆ ਕਿ ਪੁਲਸ ਨੇ ਔਰਤਾਂ ਨੂੰ ਵੀ ਲਾਠੀਚਾਰਜ ਦੀ ਲਪੇਟ ’ਚ ਲੈਣ ਤੋਂ ਗੁਰੇਜ਼ ਨਹੀਂ ਕੀਤਾ। ਇਸੇ ਦੌਰਾਨ ਦੋ ਕਾਰਕੁਨਾਂ ਫੁੱਲਬਾਗ ਸਿੰਘ ਮਾਨਸਾ ਤੇ ਰਣਜੀਤ ਸਿੰਘ ਨੇ ਸੰਗਰੂਰ ਰੋਡ ’ਤੇ ਸੰਕੇਤਰ ਪੱਧਰ ਦੇ ਰੋਸ ਪ੍ਰਦਰਸ਼ਨ ਮਗਰੋਂ ਨਹਿਰ ’ਚ ਛਾਲ ਮਾਰ ਦਿੱਤੀ ਗਈ, ਪਰ ਪ੍ਰਸ਼ਾਸਨ ਵੱਲੋਂ ਮੁਸਤੈਦ ਕੀਤੇ ਗੋਤਾਖੋਰਾਂ ਦੀ ਮਦਦ ਜ਼ਰੀਏ ਦੋਵੇਂ ਨੌਜਵਾਨਾਂ ਨੂੰ ਨਹਿਰ ਵਿੱਚੋਂ ਕੱਢ ਲਿਆ ਗਿਆ ਹੈ। ਉਧਰ ਬਾਈਪਾਸ ਓਵਰਬ੍ਰਿੱਜ ਦੇ ਲੋਹੇ ਦੇ ਉੱਚੇ ਐਂਗਲਾਂ ‘ਤੇ ਚੜ੍ਹ ਦੋ ਕਾਰਕੁਨਾਂ ਨੇ ਦੇਰ ਸ਼ਾਮ ਤੋਂ ਰੋਸ ਆਰੰਭ ਦਿੱਤਾ ਸੀ।