ਚੰਬਲ ਤੋਂ ਸੰਸਦ ਜਾਣ ਵਾਲੀ ਫ਼ੂਲਨ ਦੇਵੀ ਦੇ ਪਿੰਡ ’ਚ ਅੱਜ ਵੀ ਜਾਤੀ ਵਿਤਕਰੇ ਜਾਰੀ ਨੇ

ਚੰਬਲ ਤੋਂ ਸੰਸਦ ਜਾਣ ਵਾਲੀ ਫ਼ੂਲਨ ਦੇਵੀ ਦੇ ਪਿੰਡ ’ਚ ਅੱਜ ਵੀ ਜਾਤੀ ਵਿਤਕਰੇ ਜਾਰੀ ਨੇ

ਠਾਕੁਰਾਂ ਨੂੰ ਪਸੰਦ ਨਹੀਂ ਕਰਦੇ ਫੂਲਨ ਦੇ ਪਿੰਡ ਵਾਲੇ ਤੇ ਫੂਲਨ ਨੂੰ ਦੇਵੀ ਮੰਨਕੇ ਪੂਜਦੇ ਨੇ                

ਗੀਤਾਂ ਵਿੱਚ ਫ਼ੂਲਨ ਦੇਵੀ ਦਾ ਹੁੰਦਾ ਏ ਜ਼ਿਕਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਇੱਕ ਔਰਤ ਫੂਲਨ ਦੇਵੀ , ਜਿਸਨੂੰ ਗੁਜ਼ਰੇ ਹੋਏ ਜ਼ਮਾਨਾ ਹੋ ਗਿਆ, ਉਹ ਚੰਬਲ ਦੇ ਕਿੱਸੇ ਕਹਾਣੀਆਂ ਵਿੱਚ, ਇਥੋਂ ਦੇ ਲੋਕ ਗੀਤਾਂ ਵਿੱਚ ਅੱਜ ਵੀ ਜਿਉਂਦੀ ਹੈ। ਉਹ ਇੱਕ ਡਾਕੂ ਸੀ। ਪਰ ਇਲਾਕੇ ਦੇ ਲੋਕਾਂ ਦੀ ਨਿਗ੍ਹਾ ਵਿੱਚ ਇੱਕ ਰੌਬਿਨਹੁੱਡ ਵਰਗਾ ਕਿਰਦਾਰ ਸੀ। ਇਸ ਸ਼ੂਦਰ ਕਹੀ ਜਾਂਦੀ ਔਰਤ ਨੇ ਇਥੋਂ ਦੇ ਬਾਦਸ਼ਾਹ ਕਹੇ ਜਾਣ ਵਾਲੇ ਠਾਕਰਾਂ ਦੀ ਹਸਤੀ ਨੂੰ ਲਲਕਾਰਿਆ ਸੀ। ਜਦੋਂ ਉਹ ਡਾਕੂ ਬਣੀ ਅਤੇ ਠਾਕੁਰਾਂ ਤੋਂ ਬਦਲਾ ਲਿਆ, ਉਸਦੀ ਵਿਆਖਿਆ ਗੀਤਾਂ ਦੇ ਰੂਪ ਵਿੱਚ ਕਰਦੇ ਹਨ। ਚੰਬਲ ਦਾ ਇਹ ਵਿਸ਼ਾਲ ਬੰਜਰ ਇਲਾਕਾ ਹਿੰਦੂਸਤਾਨ ਦੇ ਤਿੰਨ ਸੂਬਿਆਂ ਵਿੱਚ ਫ਼ੈਲਿਆ ਹੋਇਆ ਹੈ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ।ਹੁਣ ਇੱਥੇ ਡਾਕੂਆਂ ਦਾ ਰਾਜ ਤਾਂ ਭਾਵੇਂ ਨਹੀਂ ਹੈ ਪਰ ਬੀਹੜ ਹਾਲੇ ਵੀ ਕਾਇਮ ਹੈ।

ਇੱਕੀਵੀਂ ਸਦੀ ਦੀ ਸ਼ੁਰੂਆਤ ਦੇ ਨਾਲ, ਇਥੇ ਵਿਕਾਸ ਦੇ ਕੁਝ ਕੰਮ ਹੋਏ ਹਨ। ਜਿਵੇਂ ਨਵੀਂਆਂ ਸੜਕਾਂ ਬਣੀਆਂ ਹਨ। ਪਰ, ਵਿਕਾਸ ਦੀਆਂ ਇਹ ਸਮਤਲ ਸੜਕਾਂ ਵੀ ਇਸ ਉਬੜ ਖਾਬੜ ਬੀਹੜ ਦੇ ਕਦੀ ਨਾ ਖ਼ਤਮ ਹੋਣ ਵਾਲੇ ਬੇਦਰਦ ਇਲਾਕੇ ਨੂੰ ਕਾਬੂ ਨਹੀਂ ਕਰ ਸਕੀਆਂ। ਹਰ ਵਾਰ, ਜਦੋਂ ਵੀ ਕਿਸੇ ਨੀਵੀਂ ਜਾਤ ਦੀ ਔਰਤ ਦੇ ਉੱਚੀ ਜਾਤ ਦੇ ਮਰਦ ਵਲੋਂ ਕੀਤੇ ਬਲਾਤਕਾਰ ਦੀ ਖ਼ਬਰ ਸੁਰਖ਼ੀਆਂ ਬਣਦੀ ਹੈ, ਤਾਂ ਫ਼ੂਲਨ  ਦਾ ਕਿੱਸਾ ਜਿਉਂਦਾ ਹੋ ਜਾਂਦਾ ਹੈ। 

ਹਾਥਰਸ ਕਾਂਡ ਦੇ ਬਾਅਦ, ਪ੍ਰਦਰਸ਼ਨਕਾਰੀਆਂ ਨੇ ਦਲਿਤ ਔਰਤਾਂ 'ਤੇ ਹੋ ਰਹੇ ਜ਼ੁਲਮਾਂ ਨੂੰ ਲੈ ਕੇ ਚੇਤਾਵਨੀ ਦਿੱਤੀ ਸੀ। ਕਿਤੇ ਅਜਿਹਾ ਨਾ ਹੋਵੇ ਜ਼ੁਲਮ ਦੀ ਸ਼ਿਕਾਰ ਕੋਈ ਦਲਿਤ ਕੁੜੀ, ਫ਼ੂਲਨ ਦੇਵੀ ਵਾਂਗ ਬੰਦੂਕ ਚੁੱਕ ਲਵੇ।

ਬੇਹਮਈ ਤੋਂ ਹਾਥਰਸ ਦਾ ਬੱਸ ਰਾਹੀਂ ਤਕਰੀਬਨ ਪੰਜ ਘੰਟਿਆਂ ਦਾ ਸਫ਼ਰ ਹੈ। ਬੇਹਮਈ ਉਹ ਪਿੰਡ ਹੈ, ਜਿਥੇ ਕਿਹਾ ਜਾਂਦਾ ਹੈ ਕਿ ਫ਼ੂਲਨ ਦੇਵੀ ਨੇ 22 ਠਾਕੁਰਾਂ ਨੂੰ ਮਾਰ ਮੁਕਾਇਆ ਸੀ। ਇਸ ਕਤਲੇਆਮ ਵਿੱਚ ਮਾਰੇ ਗਏ ਠਾਕੁਰਾਂ ਦੀ ਯਾਦ ਵਿੱਚ ਪਿੰਡ ਵਿੱਚ ਇੱਕ ਸਮਾਰਕ ਵੀ ਬਣਾਇਆ ਗਿਆ ਹੈ, ਜਿਸਦੀ ਕੰਧ 'ਤੇ ਵੀਹ ਲੋਕਾਂ ਦੇ ਨਾਮ ਦਰਜ ਹਨ।

ਇਹ 14 ਫ਼ਰਵਰੀ, 1981 ਦੀ ਘਟਨਾ ਹੈ। ਉਸ ਸਮੇਂ ਫ਼ੂਲਨ ਦੇਵੀ ਦੀ ਉਮਰ 18 ਸਾਲ ਸੀ। ਜਦੋਂ ਉਹ ਸਤਾਰਾਂ ਸਾਲਾਂ ਦੀ ਸੀ ਉਸ ਸਮੇਂ ਬੇਹਮਈ ਦੇ ਠਾਕੁਰਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ। ਉਹ ਕਿਸੇ ਤਰੀਕੇ ਨਾਲ ਠਾਕੁਰਾਂ ਦੇ ਚੁੰਗਲ ਵਿੱਚੋਂ ਜਾਨ ਬਚਾਕੇ ਭੱਜ ਗਈ ਸੀ। ਅਤੇ ਬਾਅਦ ਵਿੱਚ ਉਸਨੇ ਡਾਕੂਆਂ ਦਾ ਆਪਣਾ ਗ੍ਰੋਹ ਬਣਾ ਲਿਆ ਸੀ।

ਚਾਲੀ ਸਾਲਾਂ ਦਾ ਸਮਾਂ ਬਹੁਤ ਲੰਬਾ ਹੁੰਦਾ ਹੈ, ਪਰ ਲੋਕਾਂ ਨੂੰ ਮੌਤ ਦੀ ਉਹ ਖ਼ੂਨੀ ਖੇਡ ਅੱਜ ਵੀ ਯਾਦ ਹੈ। ਹੋਰ ਥਾਵਾਂ ਦੇ ਲੋਕ  ਫ਼ੂਲਨ ਦੇਵੀ ਨੂੰ ਇੱਕ  ਜੁਝਾਰੂ ਔਰਤ ਵਜੋਂ ਦੇਖਦੇ ਹਨ। ਇਸ ਇਲਾਕੇ ਵਿੱਚ ਅੱਜ ਵੀ ਠਾਕੁਰਾਂ ਨੂੰ ਅੱਜ ਵੀ ਇਸ ਮਾਮਲੇ ਵਿੱਚ ਅਦਾਲਤ ਦੇ ਫ਼ੈਸਲੇ ਦੀ ਉਡੀਕ ਹੈ। ਇਸ ਗੱਲ ਨੂੰ ਵੀ ਇੱਕ ਦਹਾਕਾ ਹੋ ਚੁੱਕਿਆ ਹੈ। ਅਦਾਲਤ ਦਾ ਫ਼ੈਸਲਾ ਇਸ ਸਾਲ ਜਨਵਰੀ ਵਿੱਚ ਆਉਣਾ ਸੀ। ਪਰ ਇੱਕ ਪੁਲਿਸ ਡਾਇਰੀ ਗੁਆਚਣ ਕਰਕੇ ਮਾਮਲਾ ਫ਼ਿਰ ਲਟਕ ਗਿਆ।

ਪਿੰਡ ਦੇ ਠਾਕੁਰ ਫ਼ੂਲਨ ਦੇਵੀ ਨੂੰ ਬੇਰਹਿਮ ਕਾਤਲ ਮੰਨਦੇ ਹਨ। ਬੇਹਮਈ ਦੇ ਪ੍ਰਧਾਨ, ਜੈ ਵੀਰ ਸਿੰਘ ਉਸ ਦਿਨ ਘਰ ਨਹੀਂ ਸਨ, ਜਦੋਂ ਫ਼ਰਵਰੀ ਦੀ ਉਸ ਸ਼ਾਮ ਨੂੰ ਠਾਕਰਾਂ ਨੂੰ ਲਾਈਨ ਵਿੱਚ ਖੜ੍ਹਾਕੇ ਗੋਲੀ ਮਾਰ ਦਿੱਤੀ ਗਈ ਸੀ। ਜੈ ਵੀਰ ਸਿੰਘ ਕਹਿੰਦੇ ਹਨ ਕਿ, "ਫ਼ੂਲਣ ਤਾਂ ਆਪਣੇ ਗੈਂਗ ਨਾਲ ਬੀਹੜਾਂ ਵਿੱਚ ਘੁੰਮਦੀ ਰਹਿੰਦੀ ਸੀ। ਸ਼੍ਰੀ ਰਾਮ ਅਤੇ ਲਾਲਾ ਰਾਮ ( ਉਹ ਡਾਕੂ ਜਿਨ੍ਹਾਂ ਨੇ ਫ਼ੂਲਣ ਦੇ ਪ੍ਰੇਮੀ ਵਿਕਰਮ ਮਲਾਹ ਨੂੰ ਮਾਰ ਦਿੱਤਾ ਸੀ) ਵੀ ਸਾਡੇ ਪਿੰਡ ਦੇ ਨਹੀਂ ਸਨ। ਉਨ੍ਹਾਂ ਦਾ ਪਿੰਡ ਦਮਨਪੁਰ ਤਾਂ ਸਾਡੇ ਪਿੰਡ ਤੋਂ ਦਸ ਕਿਲੋਮੀਟਰ ਦੂਰ ਹੈ। ਸਾਨੂੰ ਉਮੀਦ ਸੀ ਕਿ ਬੀਜੇਪੀ ਦੀ ਸਰਕਾਰ ਸਾਨੂੰ ਇਨਸਾਫ਼ ਮਿਲੇਗਾ। "

ਇਸ ਪਿੰਡ ਵਿੱਚ ਪੁਰਾਣੇ  ਠਾਕੁਰ ਕਹਿੰਦੇ ਹਨ ਕਿ ਫ਼ੂਲਨ ਦੇਵੀ ਨਾਲ ਕੋਈ ਨਾਇਨਸਾਫ਼ੀ ਨਹੀਂ ਹੋਈ। ਇਹ ਤਾਂ ਪੁਲਿਸ ਅਤੇ ਮੀਡੀਆ ਦਾ ਘੜ੍ਹਿਆ ਹੋਇਆ ਕਿੱਸਾ ਹੈ।

ਠਾਕੁਰ ਜੈ ਵੀਰ ਸਿੰਘ ਕਹਿੰਦੇ ਹਨ ਕਿ, " ਹਰ ਸਾਲ 14 ਫ਼ਰਵਰੀ ਨੂੰ ਅਸੀਂ ਉਸ ਕਤਲੇਆਮ ਦੀ ਬਰਸੀ ਮਨਾਉਂਦੇ ਹਾਂ।"

ਇੱਕ ਜ਼ਮਾਨੇ ਵਿੱਚ ਫ਼ੂਲਨ ਦੇਵੀ, ਹਿੰਦੋਸਤਾਨ ਦੀ ਮੋਸਟ ਵਾਂਟਿਡ ਔਰਤ ਬਣ ਗਈ ਸੀ। ਉਨ੍ਹਾਂ ਉੱਤੇ ਸਰਕਾਰ ਨੇ 10 ਹਜ਼ਾਰ ਡਾਲਰ ਦਾ ਇਨਾਮ ਰੱਖਿਆ ਸੀ।

ਫ਼ੂਲਨ ਦੇਵੀ ਦਾ ਪਿੰਡ
ਲੋਹੇ ਦੇ ਗੇਟ 'ਤੇ ਲਿਖਿਆ ਹੈ ਇਹ ਬਹਾਦਰ ਔਰਤ ਫ਼ੂਲਨ ਦੇਵੀ ਦਾ ਘਰ ਹੈ, ਜੋ ਵੀਰਗਤੀ ਨੂੰ ਪ੍ਰਾਪਤ ਹੋਈ। ਐਕਲਵਿਆ ਸੈਨਾ ਨੇ ਇਥੇ ਫ਼ੂਲਨ ਦੇਵੀ ਦੀ ਮੂਰਤੀ ਵੀ ਲਾਈ ਹੋਈ ਹੈ। ਹੁਣ ਇਥੇ ਫ਼ੂਲਨ ਦੀ ਮਾਂ ਮੂਲਾ ਦੇਵੀ ਰਹਿੰਦੀ ਹੈ। ਐਕਲਵਿਆ ਸੈਨਾ ਹੁਣ ਫ਼ੂਲਣ ਦੇਵੀ ਨੂੰ ਇੱਕ ਸੰਤ, ਇੱਕ ਮਸੀਹਾ ਅਤੇ ਸਾੜੀ ਪਾ ਕੇ ਹੱਥ ਜੋੜਕੇ ਖੜ੍ਹੀ ਔਰਤ ਦੇ ਰੂਪ ਵਿੱਚ ਪੇਸ਼ ਕਰਦੀ ਹੈ। ਫ਼ੂਲਨ ਦੇਵੀ ਦਾ ਪਿੰਡ, ਮੇਨ ਰੋਡ ਤੋਂ ਕੁਝ ਦੂਰੀ 'ਤੇ ਹੈ ਅਤੇ ਬਿਲਕੁਲ ਨਦੀ ਨਾਲ ਲੱਗਿਆ ਹੋਇਆ ਹੈ। ਇਥੇ ਬਹੁਤੀ ਆਬਾਦੀ ਮਲਾਹਾਂ ਦੀ ਹੈ। ਮਲਾਹ ਭਾਈਚਾਰਾ ਹੋਰ ਪਿਛੜੇ ਵਰਗ ਵਿੱਚ ਆਉਂਦਾ ਹੈ। ਨਦੀ ਕਿਨਾਰੇ ਵਸੇ ਇਸ ਪਿੰਡ ਵਿੱਚ ਫ਼ੂਲਨ ਸੱਚੀਂ ਦੇਵੀ ਦੀ ਤਰ੍ਹਾਂ ਪੂਜੀ ਜਾਂਦੀ ਹੈ। ਉਥੇ ਹੀ ਨਦੀ ਦੇ ਦੂਸਰੇ ਪਾਸੇ ਦੇ ਪਿੰਡ ਵਿੱਚ ਫ਼ੂਲਨ ਦੇਵੀ ਇੱਕ ਹੱਤਿਆਰਨਣ ਹੈ। 
 ਦੋਵਾਂ ਪਿੰਡਾਂ ਦੇ ਲੋਕ, ਇੱਕ ਦੂਸਰੇ ਨੂੰ ਕਦੀ ਮਿਲੇ ਨਹੀਂ। ਅਨਿਲ ਕੁਮਾਰ, ਫ਼ੂਲਨ ਦੇਵੀ ਦੀ ਉਸ ਟੀਮ ਦਾ ਹਿੱਸਾ ਰਹੇ ਹਨ, ਜੋ ਮਿਰਜ਼ਾਪੁਰ ਚੋਣਾਂ ਸਮੇਂ ਉਨ੍ਹਾਂ ਦੇ ਹੱਕ ਵਿੱਚ ਪ੍ਰਚਾਰ ਕਰਦੀ ਹੁੰਦੀ ਸੀ।ਅਨਿਲ  ਕਹਿੰਦੇ ਹਨ ਕਿ, "ਠਾਕੁਰ ਸਾਡੇ ਤੋਂ ਸੜਦੇ ਹਨ।"

ਅਨਿਲ ਕੁਮਾਰ ਜਿਹੜਾ ਗੀਤ ਗਾਉਂਦੇ ਹਨ ਉਹ  ਗੀਤ, ਫ਼ੂਲਨ ਦੀ ਗ੍ਰਿਫ਼ਤਾਰੀ ਦੀ ਘਟਨਾ ਨੂੰ ਬਿਆਨ ਕਰਦਾ ਹੈ। ਫ਼ੂਲਨ ਦੇਵੀ ਮਲਾਹ ਜਾਤ ਵਿੱਚ ਪੈਦਾ ਹੋਈ ਸੀ। ਮਲਾਹ ਅੱਜ ਵੀ ਸ਼ਾਦੀਆਂ ਦੌਰਾਨ ਆਪਣੇ ਲੋਕ ਗੀਤਾਂ ਵਿੱਚ ਫ਼ੂਲਣ ਦਾ ਜ਼ਿਕਰ ਕਰਦੇ ਹਨ।

ਉਹ ਫ਼ੂਲਨ ਦੇਵੀ ਨੂੰ ਤਿਉਹਾਰਾਂ 'ਤੇ ਯਾਦ ਕਰਦੇ ਹਨ। ਕਿਹਾ ਜਾਂਦਾ ਹੈ ਕਿ ਫ਼ੂਲਨ  ਹਮੇਸ਼ਾ ਆਪਣੀ ਜੇਬ ਵਿੱਚ ਮਾਂ ਦੁਰਗਾ ਦੀ ਇੱਕ ਛੋਟੀ ਜਿਹੀ ਮੂਰਤ ਰੱਖਿਆ ਕਰਦੀ ਸੀ। ਉਸ ਦੇ ਆਤਮ ਸਮਰਪਣ ਸਮੇਂ ਜਿੰਨੀਆਂ ਵੀ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਸਨ, ਉਨ੍ਹਾਂ ਵਿੱਚ ਲਿਖਿਆ ਗਿਆ ਸੀ ਕਿ ਸਰੰਡਰ ਕਰਦੇ ਸਮੇਂ ਵੀ ਦੁਰਗਾ ਦੀ ਇੱਕ ਮੂਰਤੀ ਫ਼ੂਲਨ  ਦੇ ਕੋਲ ਸੀ।

ਅਮਰੀਕੀ ਅਖ਼ਬਾਰ ਦਾ ਐਟਲਾਂਟਿਕ ਵਿੱਚ ਮੈਰੀ ਐਨ ਵੀਵਰ ਨੇ 1996 ਵਿੱਚ ਇੱਕ ਲੇਖ ਲਿਖਿਆ ਸੀ। ਇਸ ਵਿੱਚ ਲਿਖਿਆ ਸੀ ਕਿ ਕਿਸ ਤਰ੍ਹਾਂ, "ਫ਼ਰਵਰੀ 1983 ਦੀ ਬਹੁਤ ਜ਼ਿਆਦਾ ਠੰਡ ਵਾਲੀ ਸ਼ਾਮ ਫ਼ੂਲਨ ਦੇਵੀ ਭੂਰੇ ਰੰਗ ਦਾ ਗਰਮ ਕੰਬਲ ਲਪੇਟੀ ਅਤੇ ਲਾਲ ਰੰਗ ਦੀ ਸ਼ਾਲ ਸਿਰ 'ਤੇ ਲਈ, ਮੱਧ ਪ੍ਰਦੇਸ਼ ਦੇ ਚੰਬਲ ਬੀਹੜ ਤੋਂ ਆਪਣੇ ਗਰੋਹ ਦੇ ਬਾਰਾਂ ਮੈਂਬਰਾਂ ਨਾਲ ਬਾਹਰ ਨਿਕਲੀ। ਉਸ ਦੇ ਮੋਢੇ 'ਤੇ .315 ਬੋਰ ਦਾ ਮਾਊਜ਼ਰ ਲਟਕ ਰਿਹਾ ਸੀ। ਫ਼ੂਲਨ ਦੀ ਬੈਲਟ ਨਾਲ ਇੱਕ ਹੰਸੀਆ ਵੀ ਲਟਕਿਆ ਹੋਇਆ ਸੀ ਅਤੇ ਸੀਨੇ ਨੂੰ ਕਾਰਤੂਸਾਂ ਦੀ ਬੈਲਟ ਨਾਲ ਢੱਕਿਆ ਹੋਇਆ ਸੀ। ਅਨਿਲ ਕਹਿੰਦੇ ਹਨ, "ਉਹ ਜਦੋਂ ਪਿੰਡ ਆਉਂਦੀ ਸੀ ਤਾਂ ਲੜਕੀਆਂ ਦੇ ਵਿਆਹ ਲਈ ਗਹਿਣੇ ਲਿਆਉਂਦੀ ਸੀ। ਉਹ ਗ਼ਰੀਬਾਂ ਦੇ ਪਰਿਵਾਰਾਂ ਨੂੰ ਪੈਸੇ ਦਿੰਦੀ ਹੁੰਦੀ ਸੀ।"
ਫ਼ੂਲਨ ਦੇਵੀ ਨੇ ਆਪਣੀਆਂ ਸ਼ਰਤਾਂ 'ਤੇ ਪੁਲਿਸ ਦੇ ਸਾਹਮਣੇ ਹਥਿਆਰ ਰੱਖੇ ਸਨ।ਜਦੋਂ ਫ਼ੂਲਨ ਦੇਵੀ ਨੇ ਭਿੰਡ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਆਤਮ ਸਮਰਪਣ ਕੀਤਾ ਸੀ, ਤਾਂ ਕਿਸੇ ਨੂੰ ਪਤਾ ਨਹੀਂ ਸੀ ਕਿ ਫ਼ੂਲਨ ਦੇਵੀ ਕਿਸ ਤਰ੍ਹਾਂ ਦੀ ਵਿੱਖਦੀ ਹੈ।

ਪੁਲਿਸ ਕੋਲ ਫ਼ੂਲਨ  ਦੀ ਕੋਈ ਤਸਵੀਰ ਨਹੀਂ ਸੀ।  ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਰਜੁਨ ਸਿੰਘ ਦੇ ਇਸ ਸਿਆਸੀ ਦਾਅ ਨੂੰ  ਮੀਡੀਆ ਵਿੱਚ ਚੰਗੀ ਜਗ੍ਹਾ ਮਿਲੀ ਸੀ। ਫ਼ੂਲਨ ਦੇਵੀ ਨੂੰ ਬਿਨ੍ਹਾਂ ਮੁਕੱਦਮੇ ਦੇ ਤਕਰੀਬਨ 11ਸਾਲ ਤੱਕ ਜੇਲ ਵਿੱਚ ਕੈਦ ਰਹਿਕੇ ਬਿਤਾਉਣੇ ਪਏ ਸਨ।
                                                   
ਖ਼ਤਰਨਾਕ ਸੁੰਦਰੀ ਤੋਂ ਜੇਲ੍ਹ ਅਤੇ ਫ਼ਿਰ ਸੰਸਦ ਦਾ ਸਫ਼ਰ
ਇੰਡੀਆ ਟੂਡੇ ਦੇ ਇੱਕ ਪੱਤਰਕਾਰ ਨੇ ਫ਼ੂਲਨ ਦੇਵੀ ਦੇ ਸਰੰਡਰ ਤੋਂ ਪਹਿਲਾਂ ਉਸ ਨੂੰ ਖ਼ਤਰਨਾਕ ਸੁੰਦਰੀ ਤੇ ਬੀਹੜਾਂ ਦੀ ਰਾਣੀ ਵਰਗੇ ਖ਼ਿਤਾਬਾਂ ਨਾਲ ਨਵਾਜ਼ਿਆ ਸੀ।ਪਰ ਜਦੋਂ ਫ਼ੂਲਨ ਦੇਵੀ ਨੇ ਸਰੰਡਰ ਕੀਤਾ ਤਾਂ ਉਸੇ ਪੱਤਰਕਾਰ ਨੇ ਫ਼ੂਲਨ ਨੂੰ ਇੰਨਾਂ ਸ਼ਬਦਾਂ ਵਿੱਚ ਬਿਆਨ ਕੀਤਾ ਸੀ, "ਉਹ ਬਹੁਤ ਨੀਰਸ ਜਿਹੀ, ਫ਼ਿੱਕੀ ਰੰਗਤ ਵਾਲੀ, ਬੇਹੱਦ ਚੰਚਲ ਚਿੱਤ ਵਾਲੀ ਬਚਕਾਨੀ  ਕੁੜੀ ਸੀ।"

ਜਦੋਂ ਮੁਲਾਇਮ ਸਿੰਘ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ, ਤਾਂ ਉਨ੍ਹਾਂ ਨੇ ਸਰਕਾਰੀ ਵਕੀਲਾਂ ਨੂੰ ਫ਼ੂਲਨ  ਉੱਪਰ ਲੱਗੇ ਇਲਜ਼ਾਮਾਂ ਨੂੰ ਵਾਪਸ ਲੈਣ ਦੇ ਹੁਕਮ ਦਿੱਤੇ ਜਿਸ ਤੋਂ ਬਾਅਦ ਫ਼ਰਵਰੀ 1994 ਵਿੱਚ ਫ਼ੂਲਨ  ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਫ਼ੂਲਨ ਦੇਵੀ ਦੀ ਰਿਹਾਈ ਨੂੰ ਪੱਛੜੀ ਜਾਤ ਵਾਲਿਆਂ ਨੇ ਸਵਰਣ ਪ੍ਰਧਾਨ ਢਾਂਚੇ ਵਿਰੁੱਧ ਇੱਕ ਬਗ਼ਾਵਤ ਦੇ ਰੂਪ ਵਿੱਚ ਦੇਖਿਆ, ਕਿਉਂਕਿ ਉਸ ਜਾਤੀ ਵਿਵਸਥਾ ਨੇ ਉਨ੍ਹਾਂ ਉੱਪਰ ਜ਼ੁਲਮਾਂ ਦਾ ਬੋਝ ਲੱਦਿਆ ਹੋਇਆ ਸੀ। ਆਪਣੀ ਰਿਹਾਈ ਤੋਂ ਦੋ ਸਾਲ ਬਾਅਦ ਫ਼ੂਲਨ  ਨੇ ਮਿਰਜ਼ਾਪੁਰ ਤੋਂ ਸਮਾਜਵਾਦੀ ਪਾਰਟੀ ਦੀ ਟਿਕਟ ਤੋਂ ਲੋਕ ਸਭਾ ਚੋਣ ਲੜੀ ਤੇ ਜਿੱਤ ਗਈ।1999 ਵਿੱਚ ਉਨ੍ਹਾਂ ਨੇ ਫ਼ਿਰ ਤੋਂ ਲੋਕਸਭਾ ਚੋਣ ਜਿੱਤੀ। ਪਰ 38 ਸਾਲ ਦੀ ਉਮਰ ਵਿੱਚ ਫ਼ੂਲਣ ਦੇਵੀ ਨੂੰ ਦਿੱਲੀ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ।

ਇੱਕ ਬਜ਼ੁਰਗ ਔਰਤ ਜੋ ਅੱਜ ਵੀ ਇਸ ਗੱਲ ਦੀ ਉਡੀਕ ਕਰਦੀ ਹੈ ਕਿ ਮਰਨ ਤੋਂ ਪਹਿਲਾਂ ਉਸਨੂੰ ਇਨਸਾਫ਼ ਮਿਲੇਗਾ। ਸ਼੍ਰੀ ਦੇਵੀ ਕਹਿੰਦੀ ਹੈ ਕਿ ਉਹ ਬਸ ਉਡੀਕ ਕਰ ਰਹੀ ਹੈ। ਉਨ੍ਹਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਬੇਹਮਈ ਦੇ ਕਤਲੇਆਮ ਵਿੱਚ ਸ਼੍ਰੀ ਦੇਵੀ ਦੇ ਸਹੁਰੇ ਤੇ ਦਿਉਰ ਨੂੰ ਮਾਰ ਦਿੱਤਾ ਗਿਆ ਸੀ। ਉਸ ਵੇਲੇ ਸ਼੍ਰੀ ਦੇਵੀ ਦੀ ਉਮਰ 24 ਸਾਲ ਸੀ ਅਤੇ ਉਸ ਦੀਆਂ ਚਾਰ ਛੋਟੀਆਂ ਧੀਆਂ ਸਨ।

ਉਸ ਦਿਨ ਨੂੰ ਯਾਦ ਕਰਦਿਆਂ ਸ਼੍ਰੀ ਦੇਵੀ ਦੱਸਦੀ ਹੈ ਕਿ, "ਸਾਨੂੰ ਕੁਝ ਨਹੀਂ ਪਤਾ ਸੀ ਕਿ ਉਹ ਸਾਡੇ ਆਦਮੀਆਂ ਨੂੰ ਕਿੱਥੇ ਲੈ ਕੇ ਗਏ ਹਨ। ਅਸੀਂ ਤਾਂ ਸ਼ਾਮ ਨੂੰ ਲਾਸ਼ਾਂ ਦੇਖਣ ਗਏ ਸੀ।"

ਦਲਿਤਾਂ ਨਾਲ ਵੱਧਦਾ ਵਿਤਕਰਾ
ਇਹ ਸੰਘਰਸ਼ ਤਾਂ ਸਦੀਆਂ ਤੋਂ ਚਲਿਆ ਆ ਰਿਹਾ ਹੈ। ਉਸ ਦੀ ਇੱਕ ਹੋਰ ਮਿਸਾਲ ਹਾਥਰਸ ਵਿੱਚ ਇੱਕ ਮਹੀਨਾ ਪਹਿਲਾਂ ਦੇਖਣ ਨੂੰ ਮਿਲੀ ਸੀ। ਜਦੋਂ 19 ਸਾਲਾਂ ਦੀ ਇੱਕ ਦਲਿਤ ਲੜਕੀ ਨੂੰ ਠਾਕੁਰਾਂ ਨੇ ਬਲਾਤਕਾਰ ਤੋਂ ਬਾਅਦ ਮਾਰ ਦਿੱਤਾ ਸੀ। ਉਸ ਲੜਕੀ ਦੇ ਕਿਰਦਾਰ 'ਤੇ ਸਵਾਲ ਚੁੱਕੇ ਗਏ। ਮਾਮਲੇ ਵਿੱਚ ਇੱਕ ਦਾਅਵਾ ਇਹ ਵੀ ਕੀਤਾ ਗਿਆ ਕਿ ਖ਼ੁਦ ਲੜਕੀ ਦੇ ਪਰਿਵਾਰ ਨੇ ਖ਼ਾਨਦਾਨ ਦੀ ਇੱਜ਼ਤ ਬਚਾਉਣ ਦੇ ਨਾਮ 'ਤੇ ਆਪਣੀ ਕੁੜੀ ਨੂੰ ਮਾਰਿਆ ਹੈ।
ਪਿਛਲੇ ਕੁਝ ਸਾਲਾਂ ਵਿੱਚ ਦਲਿਤ ਲੜਕੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਬਹੁਤ ਵਾਧਾ ਹੋਇਆ ਹੈ। ਇਸ ਗੱਲ ਦੀ ਪੁਸ਼ਟੀ ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ ਦੇ ਅੰਕੜੇ ਵੀ ਕਰਦੇ ਹਨ। ਪਿਛਲੇ ਸਾਲ, ਸਰਕਾਰੀ ਅੰਕੜਿਆਂ ਮੁਤਾਬਿਕ ਭਾਰਤ ਵਿੱਚ ਹਰ ਰੋਜ਼ 10 ਦਲਿਤ ਕੁੜੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ।

 

ਔਰਤਾਂ ਨਾਲ ਹਿੰਸਾ ਅਤੇ ਲੜਕੀਆਂ ਦੇ ਖ਼ਿਲਾਫ਼ ਜਿਣਸੀ ਅਪਰਾਧਾਂ ਦੇ ਮਾਮਲੇ ਉੱਤਰ ਪ੍ਰਦੇਸ਼ ਵਿੱਚ ਦੇਸ ਭਰ ਵਿੱਚੋਂ ਪਹਿਲੇ ਨੰਬਰ 'ਤੇ ਹਨ। ਫ਼ੂਲਨ ਦੇਵੀ ਨਿਸ਼ਾਦ ਜਾਤੀ ਨਾਲ ਸੰਬੰਧਿਤ ਸੀ, ਜੋ ਹੋਰ ਪਿਛੜੇ ਵਰਗਾਂ ਵਿੱਚ ਸ਼ਾਮਿਲ ਜਾਤ ਹੈ। ਫ਼ਿਰ ਵੀ ਉਹ ਠਾਕਰਾਂ ਦੀ ਤਾਕਤ ਦੇ ਵਿਰੁੱਧ ਬਗ਼ਾਵਤ ਕਰਨ ਵਾਲੀ, ਨੀਵੀਆਂ ਜਾਤਾਂ ਦੀ ਪ੍ਰਤੀਕ ਬਣ ਗਈ।

ਫ਼ੂਲਨ ਦੇਵੀ ਦਾ ਪਿੰਡ ਅੱਜ ਵੀ ਅਲੱਗ਼-ਥਲੱਗ਼ ਹੈ। ਨਦੀ ਉੱਤੇ ਇੱਕ ਪੁਲ ਬਣਨਾ ਸੀ, ਪਰ ਉਹ ਅੱਜ ਤੱਕ ਨਹੀਂ ਬਣਿਆ। ਪਿੰਡ ਦੇ ਲੋਕ ਲੰਬੇ ਸਮੇਂ ਤੋਂ ਡਿਗਰੀ ਕਾਲਜ ਦੀ ਮੰਗ ਕਰ ਰਹੇ ਹਨ।ਇਹ ਫ਼ੂਲਣ ਦੇਵੀ ਦਾ ਸੰਸਦੀ ਖੇਤਰ ਤਾਂ ਨਹੀਂ ਹੈ, ਪਰ ਜੇ ਅੱਜ ਉਹ ਜ਼ਿਉਂਦੀ ਹੁੰਦੀ ਤਾਂ ਯਕੀਨਨ ਇਥੋਂ ਦੇ ਲੋਕਾਂ ਦੀ ਮਦਦ ਕਰਦੀ। ਪਿੰਡ ਦੇ ਲੋਕ ਫ਼ੂਲਣ ਦੇਵੀ ਦੀ ਯਾਦ ਵਿੱਚ ਇੱਕ ਮਿਊਜ਼ੀਅਮ ਬਣਾਉਣ ਦਾ ਸੋਚ ਰਹੇ ਹਨ। ਉਹ ਇਸ ਮਿਊਜ਼ੀਅਮ ਵਿੱਚ ਫ਼ੂਲਣ ਦੇਵੀ ਦੀਆਂ ਸਾਰੀਆਂ ਚੀਜ਼ਾਂ ਰੱਖਣਗੇ। ਉਸਦੀ ਵਰਦੀ, ਲਾਲ ਸਾਫ਼ਾ, ਲਾਲ ਸ਼ਾਲ, ਜੁੱਤੀ ਵਗੈਰ੍ਹਾ...।

ਪਿੰਡ ਦੀਆਂ ਕੁੜੀਆਂ ਨੂੰ ਫ਼ੂਲਨ ਦੇਵੀ ਦਾ ਕਿੱਸਾ ਪਤਾ ਹੈ। ਉਨ੍ਹਾਂ ਨੂੰ ਇਸ ਗੱਲ 'ਤੇ ਮਾਣ ਹੈ ਕਿ ਉਹ ਫ਼ੂਲਣ ਦੇਵੀ ਦੇ ਪਿੰਡ ਦੀਆਂ ਰਹਿਣ ਵਾਲੀਆਂ ਹਨ। 

ਫ਼ੂਲਨ ਦੀ ਛੋਟੀ ਭੈਣ ਜੋ ਮਾਂ ਦੀ ਦੇਖਭਾਲ ਕਰਦੀ ਸੀ, ਉਹ ਹੁਣ ਨਹੀਂ ਰਹੀ। ਅਤੇ ਫ਼ੂਲਨ ਦੀ ਵੱਡੀ ਭੈਣ ਰੁਕਮਣੀ ਨੇਤਾ ਬਣ ਗਈ ਹੈ। ਫ਼ੂਲਨ ਦੇਵੀ ਸਮੇਤ ਉਹ ਚਾਰ ਭੈਣਾਂ ਸਨ। ਫ਼ੂਲਨ  ਦੀ ਮਾਂ ਜ਼ਿਆਦਾ ਨਹੀਂ ਬੋਲਦੀ। ਰਾਮਕਲੀ ਜਿਹੜੀ ਫ਼ੂਲਨ  ਦੀ ਮਾਂ ਦਾ ਧਿਆਨ ਰੱਖਦੀ ਸੀ, ਉਹ ਵੀ ਗ਼ੁਜ਼ਰ ਚੁੱਕੀ ਹੈ। ਹੁਣ ਪਿੰਡ ਵਿੱਚ ਰਾਮਕਲੀ ਦਾ ਬੇਟਾ ਤੇ ਉਨ੍ਹਾਂ ਦੀ ਪਤਨੀ ਰਹਿੰਦੇ ਹਨ। ਰੁਕਮਣੀ ਗਵਾਲੀਅਰ ਰਹਿੰਦੀ ਹੈ।