ਗੁਰੂ ਨਾਨਕ ਬਾਣੀ 'ਚ ਵਹਿਮਾਂ-ਭਰਮਾਂ ਦਾ ਖੰਡਨ

ਗੁਰੂ ਨਾਨਕ ਬਾਣੀ 'ਚ ਵਹਿਮਾਂ-ਭਰਮਾਂ ਦਾ ਖੰਡਨ

ਇੰਦਰਜੀਤ ਸਿੰਘ ਗੋਗੋਆਣੀ

ਗੁਰੂ ਨਾਨਕ ਬਾਣੀ ਰੂਪੀ ਅਮੁੱਲ ਖ਼ਜ਼ਾਨਾ ਸਮੁੱਚੇ ਸਮਾਜ ਨੂੰ ਭਰਮ ਮੁਕਤ ਕਰਦਾ ਹੈ।  ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿਚ ਇਸ ਭਰਮ ਭਰਪੂਰ ਲੋਕ ਮਨਾਉਤ ਨੂੰ ਇਸ ਤਰ੍ਹਾਂ ਵਰਣਨ ਕੀਤਾ ਹੈ ਕਿ ਮੈਂ ਤੰਤਰ-ਮੰਤਰ ਆਦਿ ਪਾਖੰਡ ਨੂੰ ਕੁਝ ਨਹੀਂ ਜਾਣਦਾ, ਕਿਉਂਕਿ ਪ੍ਰਭੂ ਦਾ ਨਾਮ ਮੇਰੇ ਹਿਰਦੇ ਵਿਚ ਹੈ। ਫੁਰਮਾਣ ਹੈ:
ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ॥
ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ॥
(ਸੂਹੀ ਮਹਲਾ 1, ਅੰਗ : 766)

ਇਸ ਭਰਮ ਦੇ ਨਾਲ ਇਕ ਹੋਰ ਵੱਡਾ ਭਰਮ ਲੋਕ ਮਾਨਸਿਕਤਾ ਵਿਚ ਹੈ ਕਿ ਕਬਰਾਂ-ਮੜ੍ਹੀਆਂ ਦੇ ਨਾਉਂ ਉਤੇ ਮੁਰਦਿਆਂ ਦੀ ਪੂਜਾ ਹੁੰਦੀ ਹੈ। ਮੁਰਦੇ ਖ਼ਿਆਲਾਂ ਵਿਚ ਮੁਰਦੇ ਪੂਜਣ ਦੀ ਭਾਵਨਾ ਕਿਸੇ ਸਮਾਜ ਦੇ ਵਿਕਾਸ ਵਿਚ ਵੱਡੀ ਰੁਕਾਵਟ ਹੁੰਦੀ ਹੈ। ਇਸ ਤਰ੍ਹਾਂ ਮਨੁੱਖ ਅਨੇਕ ਪ੍ਰਕਾਰ ਦੇ ਕਈ ਭਰਮ ਸਿਰਜ ਕੇ ਡਰੂ ਬਿਰਤੀ ਵਾਲਾ ਹੋ ਕੇ ਰਹਿ ਜਾਂਦਾ ਹੈ। ਗੁਰੂ ਜੀ ਨੇ ਇਸ ਤਰ੍ਹਾਂ ਦੀ ਮੰਨਤਾ ਵਾਲੇ ਭਰਮੀਆਂ ਪ੍ਰਤੀ ਉਪਦੇਸ਼ ਦਿੱਤਾ ਹੈ:
ਦੁਬਿਧਾ ਨ ਪੜਉ ਹਰਿ ਬਿਨੁ ਹੋਰੁ
ਨ ਪੂਜਉ ਮੜੈ ਮਸਾਣਿ ਨ ਜਾਈ॥
ਤ੍ਰਿਸਨਾ ਰਾਚਿ ਨ ਪਰ ਘਰਿ
ਜਾਵਾ ਤ੍ਰਿਸਨਾ ਨਾਮਿ ਬੁਝਾਈ॥
(ਸੋਰਠਿ ਮਹਲਾ 1, ਅੰਗ : 634)
 
ਜੀਵ-ਜੰਤੂਆਂ ਦੀ ਬਲੀ ਤੋਂ ਲੈ ਕੇ ਮਨੁੱਖੀ ਬੱਚਿਆਂ ਦੀ ਬਲੀ ਦੇਣ ਤੱਕ ਦੀਆਂ ਖ਼ਬਰਾਂ ਵੀ ਭਰਮੀ ਸਮਾਜ ਵਿਚੋਂ ਮਿਲ ਜਾਂਦੀਆਂ ਹਨ। ਐਸੇ ਸਮਾਜ ਦੀ ਤਸਵੀਰ ਪੇਸ਼ ਕਰਦਿਆਂ  ਗੁਰੂ ਨਾਨਕ ਦੇਵ ਫੁਰਮਾਉਂਦੇ ਹਨ:
ਗਿਆਨ ਹੀਣੰ ਅਗਿਆਨ ਪੂਜਾ॥
ਅੰਧ ਵਰਤਾਵਾ ਭਾਉ ਦੂਜਾ॥
(ਸਲੋਕ ਵਾਰਾਂ ਤੇ ਵਧੀਕ, ਮ: 1, ਅੰਗ : 1412)

ਭਰਮੀ ਸਮਾਜ ਨੂੰ ਸ਼ੈਤਾਨ ਲੋਕ ਹਮੇਸ਼ਾ ਲੁੱਟਦੇ ਹਨ, ਕਿਉਂਕਿ ਭਰਮੀ ਮਨੁੱਖ ਨੂੰ ਹੋਰ ਭਰਮਾਂ ਵਿਚ ਪਾਉਣਾ ਬਹੁਤ ਸੌਖਾ ਹੁੰਦਾ ਹੈ, ਜਿਵੇਂ ਡਰੇ ਹੋਏ ਨੂੰ ਡਰਾਉਣਾ ਸੁਖਾਲਾ ਹੁੰਦਾ ਹੈ। ਦਿਨਾਂ-ਦਿਹਾਰਾਂ ਦੇ ਭਰਮ, ਥਿਤਾਂ-ਵਾਰਾਂ ਦੀਆਂ ਵੀਚਾਰਾਂ, ਸੂਰਜ-ਚੰਦ ਗ੍ਰਹਿਣ ਦਾ ਡਰ, ਧਾਗੇ-ਤਵੀਤਾਂ ਦਾ ਹਊਆ ਵਹਿਮੀ ਸਮਾਜ ਦੇ ਮਨਾਂ ਉੱਪਰ ਬੇਲੋੜਾ ਬੋਝ ਹੈ। ਗੁਰੂ ਜੀ ਜਗਤ ਗੁਰੂ ਬਾਬਾ ਸਨ ਤੇ ਉਹਨਾਂ ਨੇ 'ਨਿਰਭਉ ਤੇ ਨਿਰਵੈਰੁ' ਪ੍ਰਭੂ ਦਾ ਸਿਮਰਨ ਕਰਨ ਦਾ ਉਪਦੇਸ਼ ਦੇ ਕੇ ਸੰਸਾਰ ਨੂੰ ਵੀ ਨਿਰਭਉ ਤੇ ਨਿਰਵੈਰ ਹੋਣ ਦੀ ਪ੍ਰੇਰਨਾ ਦਿੱਤੀ। ਪੱਤਰੀਆਂ ਵਾਚ ਕੇ ਸਮਾਜ ਨੂੰ ਗੁੰਮਰਾਹ ਕਰਨ ਵਾਲਿਆਂ ਪ੍ਰਤੀ ਗੁਰੂ ਜੀ ਨੇ ਫੁਰਮਾਇਆ ਹੈ:
ਗਣਿ ਗਣਿ ਜੋਤਕੁ ਕਾਂਡੀ ਕੀਨੀ॥
ਪੜੈ ਸੁਣਾਵੈ ਤਤੁ ਨ ਚੀਨੀ॥
ਸਭਸੈ ਊਪਰਿ ਗੁਰ ਸਬਦੁ ਬੀਚਾਰੁ॥
ਹੋਰ ਕਥਨੀ ਬਦਉ ਨ ਸਗਲੀ ਛਾਰੁ॥
(ਰਾਮਕਲੀ ਮਹਲਾ 1, ਅੰਗ : 904)

ਭਾਵ ਗੁਰੂ ਦੇ ਸ਼ਬਦ ਦੀ ਵੀਚਾਰ ਸਭ ਤੋਂ ਉਪਰ ਹੈ, ਬਾਕੀ ਗੱਲਾਂ ਵਿਅਰਥ ਹਨ ਅਤੇ ਜੋ ਗਿਣਤੀਆਂ ਗਿਣ-ਗਿਣ ਕੇ ਜਨਮ-ਪੱਤਰੀ ਬਣਾਉਂਦਾ ਹੈ, ਉਹ ਸੱਚ ਨੂੰ ਨਹੀਂ ਸਮਝਦਾ। ਭਰਮੀ ਤੇ ਅੰਧ-ਵਿਸ਼ਵਾਸੀ ਸਮਾਜ ਵਿਚ ਮੱਕਰ ਫ਼ਰੇਬ ਨਾਲ ਲੋਕਾਈ ਦਾ ਸ਼ੋਸ਼ਣ ਕਰਨ ਵਾਲਿਆਂ ਦੇ ਗਰੋਹ ਬਣਦੇ ਹਨ।  ਜੋ ਮਿਹਨਤ ਨਾਲ ਕਮਾ ਕੇ ਖਾਂਦੇ ਹਨ, ਐਸੇ ਮਨੁੱਖ ਜੀਵਨ ਦੀ ਜੁਗਤ ਨੂੰ ਪਹਿਚਾਣਦੇ ਹਨ:
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਅੰਗ : 1245)

ਦਰਅਸਲ ਕਿਰਤ ਵਿਹੂਣਾ ਨਿਖੱਟੂ ਵਰਗ ਕਈ ਵਾਰੀ ਅੰਧ-ਵਿਸ਼ਵਾਸ ਤੇ ਝੂਠੀਆਂ ਅਫ਼ਵਾਹਾਂ ਫੈਲਾ ਕੇ ਭੋਲੇ ਭਾਲੇ ਸਮਾਜ ਨੂੰ ਆਪਣੇ ਵੱਲ ਆਕਰਸ਼ਤ ਕਰ ਲੈਂਦਾ ਹੈ। ਫਿਰ ਇਨ੍ਹਾਂ ਦੇ ਚੁੰਗਲ ਵਿਚ ਫਸਿਆ ਹੋਇਆ ਸਮਾਜ ਗਿਆਨ ਪ੍ਰਾਪਤੀ ਤੋਂ ਬਿਨਾਂ ਛੁਟਕਾਰਾ ਨਹੀਂ ਪਾ ਸਕਦਾ। ਇਸ ਤਰ੍ਹਾਂ ਦੇ ਲੋਕਾਂ ਦੀ ਦਸ਼ਾ ਦਾ ਵਰਣਨ ਹੈ:
ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ॥
(ਵਾਰ ਮਲਾਰ ਕੀ, ਮਹਲਾ 1, ਅੰਗ : 1287)
 
ਸਾਡੇ ਸਮਾਜ ਦਾ ਇਹ ਵੀ ਇਕ ਭਰਮ ਹੈ ਕਿ ਕੱਪੜਿਆਂ ਨੂੰ ਰੱਤ ਲੱਗ ਜਾਵੇ ਤਾਂ ਅਸੀਂ ਜਾਮਾ ਪਲੀਤ ਹੋਇਆ ਸਮਝਦੇ ਹਾਂ, ਪਰ ਜਿਹੜੇ ਲੋਕ ਮਾਨਵਤਾ ਦੀ ਰੱਤ ਪੀਂਦੇ ਜਾਂ ਸ਼ੋਸ਼ਣ ਕਰਦੇ ਹਨ ਤਾਂ ਫਿਰ ਉਹ ਨਿਰਮਲ ਜਾਂ ਪਵਿੱਤਰ ਕਿਵੇਂ ਹੋ ਸਕਦੇ ਹਨ? ਗੁਰੂ ਜੀ ਦਾ ਸੰਦੇਸ਼ ਐਸੀ ਵਹਿਮੀ ਮਾਨਸਿਕਤਾ ਵਾਲੇ ਸਮਾਜ ਨੂੰ ਪ੍ਰੇਰਦਾ ਹੈ:
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ
ਤਿਨ ਕਿਉ ਨਿਰਮਲੁ ਚੀਤੁ॥
(ਮਾਝ ਮਹਲਾ 1, ਅੰਗ : 140)

ਭਾਵੇਂ ਇਸ ਧਰਤੀ 'ਤੇ ਕਿਰਤ ਕਰਨ ਵਾਲੇ, ਨਾਮ ਜਪਣ ਵਾਲੇ ਤੇ ਵੰਡ ਛਕਣ ਵਾਲੇ ਭਲੇ ਪੁਰਖਾਂ ਦੀ ਵੀ ਬਹੁਤਾਤ ਹੈ, ਜਿਹਨਾਂ ਦੇ ਜੀਵਨ ਵਿਚੋਂ ਗੁਰੂ ਨਾਨਕ ਸਿੱਖਿਆ ਪ੍ਰਤੱਖ ਝਲਕਦੀ ਹੈ, ਪਰ ਸਿੱਕੇ ਦੇ ਦੂਜੇ ਪਾਸੇ ਵਾਂਗ ਧਾਗੇ ਤਵੀਤ ਕਰਨ ਤੋਂ ਲੈ ਕੇ ਲਿਖ-ਲਿਖ ਕੇ ਮੰਤਰ ਤੇ ਨਾਮ ਵੇਚਣ ਵਾਲੇ ਵੀ ਸਾਧਾਰਨ ਮਾਨਵਤਾ ਨੂੰ ਭਰਮ ਪਾ ਕੇ ਲੁੱਟਣ ਲਈ ਵੱਡੀ ਗਿਣਤੀ 'ਚ ਕਾਰਜਸ਼ੀਲ ਹਨ। ਗੁਰੂ ਜੀ ਦੇ ਇਹ ਬਚਨ ਜਾਗ੍ਰਤ ਕਰਦੇ ਹਨ:
ਧ੍ਰਿਗ ਤਿਨਾ ਕਾ ਜੀਵਿਆ
ਜਿ ਲਿਖ ਲਿਖ ਵੇਚਹਿ ਨਾਉ॥
(ਸਾਰੰਗ ਕੀ ਵਾਰ, ਮਹਲਾ 1, ਅੰਗ : 1245)
 
ਸੋ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸਮਾਜ ਨੂੰ ਭਰਮ ਮੁਕਤ ਕਰਦੀ ਹੈ ਅਤੇ ਹਰ ਯੁੱਗ ਵਿਚ ਵਿਸ਼ਵ ਨੂੰ ਮਹਾਨ ਸੰਦੇਸ਼ ਹੈ।