ਕਿਸਾਨਾਂ ਦੇ ਸੰਘਰਸ਼ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਨੇ ਲਾਇਆ ਰਾਤ ਦਾ ਕਰਫਿਊ

ਕਿਸਾਨਾਂ ਦੇ ਸੰਘਰਸ਼ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਨੇ ਲਾਇਆ ਰਾਤ ਦਾ ਕਰਫਿਊ

ਅੰਮ੍ਰਿਤਸਰ ਟਾਈਮਜ਼ ਬਿਊਰੋ
ਜਿੱਥੇ ਇਕ ਪਾਸੇ ਪੰਜਾਬ ਵਿਚ ਭਾਰਤ ਦੇ ਕਿਸਾਨੀ ਵਿਰੋਧੀ ਬਿੱਲਾਂ ਖਿਲਾਫ ਕਿਸਾਨ ਭਾਰਤ ਸਰਕਾਰ ਖਿਲਾਫ ਆਪਣੇ ਹੱਕਾਂ ਲਈ ਫੈਂਸਲਾਕੁੰਨ ਸੰਘਰਸ਼ ਦੇ ਰਾਹ ਤੁਰ ਪਏ ਹਨ, ਐਨ ਇਸ ਸਮੇਂ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਕੋਰੋਨਾਵਾਇਰਸ ਦਾ ਹਵਾਲਾ ਦਿੰਦਿਆਂ ਪੰਜਾਬ ਵਿਚ ਰਾਤ ਦੇ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ 1 ਦਸੰਬਰ ਤੋਂ ਇਹ ਰਾਤ ਦਾ ਕਰਫਿਊ ਸ਼ੁਰੂ ਹੋਵੇਗਾ।

ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਰਾਜ ਵਿੱਚ ਸਾਰੇ ਹੋਟਲ, ਰੈਸਟੋਰੈਂਟਾਂ ਅਤੇ ਮੈਰਿਜ ਪੈਲੇਸਾਂ ਦੇ ਖੁੱਲਣ ਦੇ ਸਮੇਂ ਨੂੰ ਰਾਤ 9.30 ਵਜੇ ਤੱਕ ਸੀਮਤ ਕਰ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਿੱਚ ਕਈ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿੱਚ ਮਾਸਕ ਨਾ ਪਹਿਨਣ ਜਾਂ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਜੁਰਮਾਨਾ ਦੁਗਣਾ ਕਰ ਦਿੱਤਾ ਗਿਆ ਹੈ। ਸਰਕਾਰੀ ਬੁਲਾਰੇ ਨੇ ਕਿਹਾ ਕਿ ਕੋਵਿਡ ਨਿਯਮਾਂ ਦੀ ਪਾਲਣ ਨਾ ਕਰਨ 'ਤੇ ਜ਼ੁਰਮਾਨਾ ਮੌਜੂਦਾ 500 ਰੁਪਏ ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ।