ਨੇਪਾਲ ਦੀ ਪਾਰਲੀਮੈਂਟ ਨੇ ਭਾਰਤੀ ਕਬਜ਼ੇ ਵਾਲੇ ਖਿੱਤਿਆਂ ਨੂੰ ਆਪਣੇ ਇਲਾਕੇ ਦਰਸਾਉਂਦਿਆਂ ਨਵਾਂ ਨਕਸ਼ਾ ਜਾਰੀ ਕੀਤਾ

ਨੇਪਾਲ ਦੀ ਪਾਰਲੀਮੈਂਟ ਨੇ ਭਾਰਤੀ ਕਬਜ਼ੇ ਵਾਲੇ ਖਿੱਤਿਆਂ ਨੂੰ ਆਪਣੇ ਇਲਾਕੇ ਦਰਸਾਉਂਦਿਆਂ ਨਵਾਂ ਨਕਸ਼ਾ ਜਾਰੀ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨੇਪਾਲ ਦੀ ਪਾਰਲੀਮੈਂਟ ਨੇ ਅੱਜ ਸਰਬਸੰਮਤੀ ਨਾਲ ਅੱਜ ਦੇਸ਼ ਦਾ ਨਵਾਂ ਰਾਜਨੀਤਕ ਨਕਸ਼ਾ ਜਾਰੀ ਕਰਦਿਆਂ ਭਾਰਤ ਵੱਲੋਂ ਆਪਣੇ ਖਿੱਤੇ ਵਜੋਂ ਦਰਸਾਏ ਜਾਂਦੇ ਇਲਾਕਿਆਂ ਨੂੰ ਨੇਪਾਲ ਦੀ ਹੱਦ ਵਿਚ ਸ਼ਾਮਲ ਕੀਤਾ ਹੈ। ਇਸ ਨਵੇਂ ਨਕਸ਼ੇ ਨੂੰ ਨੇਪਾਲ ਦੀ ਪਾਰਲੀਮੈਂਟ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। 

ਇਸ ਨਵੇਂ ਨਕਸ਼ੇ ਵਿਚ ਨੇਪਾਲ ਨੇ ਭਾਰਤ ਨਾਲ ਵਿਵਾਦਤ ਕਾਲਾਪਾਣੀ, ਲਿਪੂ ਲੇਖ, ਅਤੇ ਲਿੰਪੀਆਧੁਰਾ ਇਲਾਕਿਆਂ ਨੂੰ ਆਪਣੇ ਦੇਸ਼ ਦੇ ਖਿੱਤਿਆਂ ਵਜੋਂ ਦਰਸਾਇਆ ਹੈ। ਜਦਕਿ ਕੁੱਝ ਸਮਾਂ ਪਹਿਲਾਂ ਹੀ ਭਾਰਤ ਦੇ ਵਿਦੇਸ਼ ਮਹਿਕਮੇ ਵੱਲੋਂ ਜਾਰੀ ਭਾਰਤ ਦੇ ਨਕਸ਼ੇ ਵਿਚ ਇਹਨਾਂ ਇਲਾਕਿਆਂ ਨੂੰ ਭਾਰਤ ਦੇ ਇਲਾਕੇ ਦੱਸਿਆ ਗਿਆ ਸੀ। 

ਸਬੰਧਿਤ ਖ਼ਬਰ: ਹਿੰਦੂ ਤੀਰਥ ਯਾਤਰਾ ਨੂੰ ਸੌਖਾ ਕਰਨ ਲਈ ਭਾਰਤ ਨੇ ਨੇਪਾਲ ਨਾਲ ਰਿਸ਼ਤੇ ਦਾਅ 'ਤੇ ਲਾਏ

ਦੋਵਾਂ ਦੇਸ਼ਾਂ ਦਰਮਿਆਨ ਪਿਛਲੇ ਕੁੱਝ ਮਹੀਨਿਆਂ ਤੋਂ ਇਹਨਾਂ ਇਲਾਕਿਆਂ ਨੂੰ ਲੈ ਕੇ ਵਿਵਾਦ ਮਘਿਆ ਹੋਇਆ ਹੈ ਅਤੇ ਨੇਪਾਲ ਇਹਨਾਂ ਇਲਾਕਿਆਂ 'ਤੇ ਭਾਰਤ ਦੇ ਕਬਜ਼ੇ ਨੂੰ ਗੈਰਕਾਨੂੰਨੀ ਦਸਦਾ ਹੈ। ਭਾਰਤ ਦੇ ਫੌਜ ਮੁਖੀ ਨੇ ਬਿਆਨ ਦਿੱਤਾ ਸੀ ਕਿ ਨੇਪਾਲ ਚੀਨ ਦੇ ਕਹਿਣ 'ਤੇ ਭਾਰਤ ਅੱਗੇ ਅੜ ਰਿਹਾ ਹੈ।

ਨੇਪਾਲ ਨੇ ਇਹ ਨਕਸ਼ਾ ਪਾਸ ਕਰਦਿਆਂ ਕਿਹਾ ਹੈ ਕਿ ਉਹ ਸਰਹੱਦੀ ਵਿਵਾਦ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦਾ ਹੈ। ਨੇਪਾਲ ਦੇ ਵਿਦੇਸ਼ ਮੰਤਰੀ ਪਰਦੀਪ ਗਿਆਵਲੀ ਨੇ ਕਿਹਾ ਕਿ ਭਾਰਤ ਅਤੇ ਨੇਪਾਲ ਵਿਚਾਲੇ ਤੈਅ ਕੁਦਰਤੀ ਹੱਦ ਕਾਲੀ ਨਦੀ ਹੈ। ਉਹਨਾਂ ਕਿਹਾ ਕਿ ਇਸ ਇਤਿਹਾਸਕ ਤੈਅ ਹੱਦ ਦੇ ਮੁਤਾਬਕ ਹੀ ਉਹ ਭਾਰਤ ਨਾਲ ਗੱਲ ਕਰਨਗੇ। ਉਹਨਾਂ ਕਿਹਾ ਕਿ ਨੇਪਾਲ ਦਾ ਆਪਣੀ ਜ਼ਮੀਨ 'ਤੇ ਪੂਰਾ ਹੱਕ ਬਣਦਾ ਹੈ।