ਸਿੱਖ ਮੀਡੀਆ 'ਤੇ ਭਾਰਤੀ ਪਾਬੰਦੀਆਂ: ਹੁਣ ਸਿੱਖ ਸਿਆਸਤ ਦੀ ਅੰਗਰੇਜ਼ੀ ਵੈਬਸਾਈਟ ਬੰਦ ਕੀਤੀ

ਸਿੱਖ ਮੀਡੀਆ 'ਤੇ ਭਾਰਤੀ ਪਾਬੰਦੀਆਂ: ਹੁਣ ਸਿੱਖ ਸਿਆਸਤ ਦੀ ਅੰਗਰੇਜ਼ੀ ਵੈਬਸਾਈਟ ਬੰਦ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਿਛਲੇ ਦਿਨਾਂ ਦੌਰਾਨ ਭਾਰਤ ਵਿਚ ਸਿੱਖ ਮਸਲਿਆਂ ਨਾਲ ਜੁੜੇ ਕਈ ਖਬਰੀ ਅਦਾਰਿਆਂ 'ਤੇ ਪਾਬੰਦੀਆਂ ਲਾਈਆਂ ਗਈਆਂ ਹਨ। ਸਿੱਖ ਸਿਆਸਤ ਦੀ ਅੰਗਰੇਜ਼ੀ ਵਿੱਚ ਖਬਰਾਂ ਦੀ ਵੈਬਸਾਈਟ ‘ਸਿੱਖ ਸਿਆਸਤ ਡਾਟ ਨੈਟ’ ਪੰਜਾਬ ਅਤੇ ਭਾਰਤ ਵਿਚ ਰੋਕੀ ਜਾ ਰਹੀ ਹੈ ਜਦਕਿ ਬਾਕੀ ਸਾਰੀ ਦੁਨੀਆਂ ਵਿਚ ਇਹ ਵੈਬਸਾਈਟ ਨਿਰੰਤਰ ਚੱਲ ਰਹੀ ਹੈ। 

ਸਿੱਖ ਸਿਆਸਤ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਪਾਠਕਾਂ ਵੱਲੋ ਇਹ ਵੈਬਸਾਈਟ ਖੋਲ੍ਹਣ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਦੀ ਨਿੱਠ ਕੇ ਘੋਖ ਕੀਤਿਆਂ ਪਤਾ ਲੱਗਿਆ ਹੈ ਕਿ ਭਾਰਤ ਵਿੱਚ ਇੰਟਰਨੈਟ ਕੰਪਨੀਆਂ ਵੈਬਸਾਈਟ ਤੱਕ ਪਹੁੰਚ ਨੂੰ ਰੋਕ ਰਹੀਆਂ ਹਨ। 

ਅਦਾਰੇ ਦੇ ਸੰਪਾਦਕ ਪਰਮਜੀਤ ਸਿੰਘ ਨੇ ਕਿਹਾ, "ਪਰ ਸਾਨੂੰ ਕਿਸੇ ਵੀ ਇੰਟਰਨੈਟ ਕੰਪਨੀ ਜਾਂ ਕਿਸੇ ਵੀ ਸਰਕਾਰ ਜਾਂ ਸਰਕਾਰੀ ਅਦਾਰੇ ਜਾਂ ਅਥਰਟੀ ਵੱਲੋਂ ਹਾਲੀ ਤੱਕ ਕੋਈ ਵੀ ਜਾਣਕਾਰੀ ਜਾਂ ਨੋਟਿਸ ਨਹੀਂ ਮਿਲਿਆ।"

ਸਬੰਧਿਤ ਖ਼ਬਰ: ਭਾਰਤ ਵਿਚ ਮੀਡੀਆ 'ਤੇ ਵੱਡਾ ਹਮਲਾ; ਸਿੱਖ ਮਸਲਿਆਂ ਬਾਰੇ ਕਵਰੇਜ ਕਰਨ ਵਾਲੇ ਚੈਨਲਾਂ 'ਤੇ ਲਾਈ ਪਾਬੰਦੀ

ਦੱਸ ਦੇਈਏ ਕਿ ਸਾਲ ੨੦੧੫ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਬਰਗਾੜੀ ਬੇਅਦਬੀ ਮਾਮਲੇ ਅਤੇ ਸਾਕਾ ਬਹਿਬਲ ਕਲਾਂ ਤੋਂ ਬਾਅਦ ਕੇਂਦਰ ਦੀ ਸੂਚਨਾ ਤੇ ਪ੍ਰਸਾਰਣ ਵਜ਼ਾਰਤ ਤਹਿਤ ਬਣੀ ਇਕ ਉੱਚ ਪੱਧਰੀ ਕਮੇਟੀ ਕੋਲ ਸ਼ਿਕਾਇਤ ਕਰਕੇ ਸਿੱਖ ਸਿਆਸਤ ਡਾਟ ਨੈਟ ਉੱਤੇ ਰੋਕ ਲਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਕਮੇਟੀ ਨੇ ਸਿੱਖ ਸਿਆਸਤ ਨੂੰ ਆਪਣਾ ਪੱਖ ਪੇਸ਼ ਕਰਨ ਦਾ ਸੱਦਾ ਦਿੱਤਾ ਸੀ। 

ਪਰਮਜੀਤ ਸਿੰਘ ਨੇ ਕਿਹਾ, "27 ਅਕਤੂਬਰ 2015 ਨੂੰ ਦਿਲੀ ਦੇ ਇਲੈਕਟਰਾਨਿਕ ਨਿਕੇਤਨ ਵਿਖੇ ਹੋਈ ਇਕੱਤਰਤਾ ਵਿੱਚ ਸਾਡਾ ਪੱਖ ਸੁਣਨ ਤੋਂ ਬਾਅਦ ਕਮੇਟੀ ਨੇ ਸਿੱਖ ਸਿਆਸਤ ਦੇ ਪੱਖ ਨਾਲ ਸਹਿਮਤੀ ਪ੍ਰਗਟਾਈ ਸੀ ਅਤੇ ਪੰਜਾਬ ਸਰਕਾਰ ਤੇ ਪੁਲਿਸ ਦੀ ਸ਼ਿਕਾਇਤ ਉੱਤੇ ਅਮਲ ਨਹੀਂ ਸੀ ਕੀਤਾ। ਪਰ ਇਸ ਵਾਰ ਸਿੱਖ ਸਿਆਸਤ ਨੂੰ ਕੋਈ ਨੋਟਿਸ ਜਾਂ ਪੱਖ ਪੇਸ਼ ਕਰਨ ਲਈ ਸੱਦਾ ਨਹੀਂ ਦਿੱਤਾ ਗਿਆ ਜਿਸ ਦੇ ਮੱਦੇਨਜ਼ਰ ਅਸੀਂ ਇਹ ਸੰਭਾਵਨਾ ਤੋਂ ਇਨਕਾਰ ਨਹੀਂ ਕਰਦੇ ਕਿ ਇਹ ਰੋਕ ਅਣਅਧਿਕਾਰਿਤ ਤਰੀਕੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"

ਇਸ ਤੋਂ ਪਹਿਲਾਂ ਇਸੇ ਤਰ੍ਹਾਂ ਭਾਰਤ ਵਿਚ ਅਕਾਲ ਚੈਨਲ ਅਤੇ ਕੇਟੀਵੀ ਗਲੋਬਲ 'ਤੇ ਵੀ ਪਾਬੰਦੀ ਲਾ ਦਿੱਤੀ ਗਈ ਸੀ।