ਪੁਲਸ ਤਸ਼ੱਦਦ ਦਾ ਸ਼ਿਕਾਰ ਹੋਏ ਪੱਤਰਕਾਰ ਮੇਜਰ ਸਿੰਘ ਦੀ ਖਬਰ ਲੈਣ ਪਹੁੰਚੇ ਬਾਦਲ ਦਲ ਦੇ ਵਿਧਾਇਕ

ਪੁਲਸ ਤਸ਼ੱਦਦ ਦਾ ਸ਼ਿਕਾਰ ਹੋਏ ਪੱਤਰਕਾਰ ਮੇਜਰ ਸਿੰਘ ਦੀ ਖਬਰ ਲੈਣ ਪਹੁੰਚੇ ਬਾਦਲ ਦਲ ਦੇ ਵਿਧਾਇਕ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੁਲਸ ਤਸ਼ੱਦਦ ਦਾ ਸ਼ਿਕਾਰ ਹੋਏ ਪਹਿਰੇਦਾਰ ਅਖਬਾਰ ਦੇ ਪੱਤਰਕਾਰ ਮੇਜਰ ਸਿੰਘ ਦਾ ਹਾਲ ਚਾਲ ਪੁੱਛਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਐਨਕੇ ਸ਼ਰਮਾ ਮੋਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚੇ। ਉਹਨਾਂ ਪੁਲੀਸ ਦੀ ਕਾਰਵਾਈ ਨੂੰ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਦੱਸਿਆ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਐਨਕੇ ਸ਼ਰਮਾ ਨੇ ਕਾਂਗਰਸ ਨੂੰ ਸਿੱਖ ਵਿਰੋਧੀ ਦੱਸਦਿਆਂ ਕਿਹਾ ਕਿ ਪੁਲੀਸ ਦੀ ਇਸ ਕਾਰਵਾਈ ਨੇ ਜੂਨ ’84 ਵੇਲੇ ਸਿੱਖਾਂ ਦੇ ਹੋਏ ਜ਼ੁਲਮ ਦੀ ਘਟਨਾ ਨੂੰ ਤਾਜ਼ਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨਿਰਦੋਸ਼ ਲੋਕਾਂ ਉੱਤੇ ਕਥਿਤ ਤੌਰ ’ਤੇ ਤਸ਼ੱਦਦ ਢਾਹੁਣ ਅਤੇ ਗੁਰਧਾਮਾਂ ਦੀ ਬੇਅਦਬੀ ਕਰਨ ਦੇ ਰਾਹ ਪੈ ਗਈ ਹੈ। 

ਉਨ੍ਹਾਂ ਪੱਤਰਕਾਰ ਦੀ ਹਾਲਤ ਨੂੰ ਦੇਖ ਕੇ ਕਿਹਾ ਕਿ ਇੰਜ ਜਾਪਦਾ ਹੈ ਕਿ ਜਿਵੇਂ ਪੁਲੀਸ ਨੇ ਉਸ ਨੂੰ ਮਾਰਨ ਦੇ ਇਰਾਦੇ ਨਾਲ ਅਗਵਾ ਕਰਕੇ ਥਾਣੇ ਲਿਆਂਦਾ ਹੋਵੇ। ਉਨ੍ਹਾਂ ਕਿਹਾ ਕਿ ਪੁਲੀਸ ਇਸ ਪੱਤਰਕਾਰ ਨੂੰ ਡਰਾ ਧਮਕਾ ਕੇ ਮੀਡੀਆ ਦੀ ਆਵਾਜ਼ ਖਾਮੋਸ਼ ਕਰਨਾ ਚਾਹੁੰਦੀ ਸੀ। ਉਨ੍ਹਾਂ ਇਸ ਘਟਨਾ ਪਿੱਛੇ ਇਕ ਮੰਤਰੀ ਦਾ ਹੱਥ ਹੋਣਾ ਦੱਸਿਆ ਹੈ। ਅਕਾਲੀ ਵਿਧਾਇਕ ਨੇ ਮੰਗ ਕੀਤੀ ਕਿ ਪੱਤਰਕਾਰ ਦੀ ਕੁੱਟਮਾਰ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਦੇ ਖ਼ਿਲਾਫ਼ ਧਾਰਾ 307 ਅਤੇ 295ਏ ਦਾ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। 

ਸਬੰਧਿਤ ਖਬਰ: ਕਵਰੇਜ ਕਰਦੇ ਸਿੱਖ ਪੱਤਰਕਾਰ ਨੂੰ ਪੁਲਸ ਨੇ ਥਾਣੇ ਲਜਾ ਕੁੱਟਿਆ; ਕਕਾਰਾਂ ਦੀ ਬੇਅਦਬੀ ਕੀਤੀ

ਦੱਸ ਦਈਏ ਕਿ ਮੋਹਾਲੀ ਦੇ ਫੇਜ਼-4 ਵਿਚ ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿੱਚ ਦੋ ਧਿਰਾਂ ਦਰਮਿਆਨ ਹੋਏ ਆਪਸੀ ਵਿਵਾਦ ਦੌਰਾਨ ਕਵਰੇਜ ਕਰ ਰਹੇ ਪੱਤਰਕਾਰ ਮੇਜਰ ਸਿੰਘ ਦੀ ਫੇਜ਼-1 ਥਾਣੇ ਵਿੱਚ ਲਿਜਾ ਕੇ ਕੁੱਟਮਾਰ ਕੀਤੀ ਗਈ ਸੀ। 

ਸ਼ਰਮਾ ਨੇ ਚਿਤਾਵਨੀ ਦਿੱਤੀ ਕਿ ਪੱਤਰਕਾਰ ਨੂੰ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਅਕਾਲੀ ਦਲ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ ਅਤੇ ਡੀਸੀ ਅਤੇ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਇਹ ਘਟਨਾ ਮੀਡੀਆ ਵਰਗ ਵਿੱਚ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ।

ਇਸ ਮਾਮਲੇ ਵਿਚ ਕੀਤੀ ਕਾਰਵਾਈ ਬਾਰੇ ਦਸਦਿਆਂ ਐੱਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਮੁੱਚੇ ਘਟਨਾਕ੍ਰਮ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਥਾਣੇਦਾਰਾਂ ਨੂੰ ਮੁਅੱਤਲ ਕਰ ਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿਵਲ ਪ੍ਰਸ਼ਾਸਨ ਵੱਲੋਂ ਵੀ ਨਿਆਂਇਕ ਜਾਂਚ ਸ਼ੁਰੂ ਹੋ ਗਈ ਹੈ। ਉਹਨਾਂ ਕਿਹਾ ਕਿ ਦੋਵੇਂ ਪੜਤਾਲਾਂ ਦੀ ਰਿਪੋਰਟ ਦਾ ਮਿਲਾਨ ਕਰ ਕੇ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।