ਪਹਿਲੀ ਜੂਨ ਤੋਂ ਨਹੀਂ ਸ਼ੁਰੂ ਹੋਵੇਗੀ ਹੇਮਕੁੰਟ ਸਾਹਿਬ ਦੀ ਯਾਤਰਾ

ਪਹਿਲੀ ਜੂਨ ਤੋਂ ਨਹੀਂ ਸ਼ੁਰੂ ਹੋਵੇਗੀ ਹੇਮਕੁੰਟ ਸਾਹਿਬ ਦੀ ਯਾਤਰਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕਰੋਨਾ ਮਹਾਮਾਰੀ ਦੇ ਪ੍ਰਭਾਵ ਕਾਰਨ ਇਸ ਵਾਰ ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਪਹਿਲੀ ਜੂਨ ਤੋਂ ਸ਼ੁਰੂ ਨਹੀਂ ਹੋਵੇਗੀ। ਇਹ ਯਾਤਰਾ ਹਰ ਵਰ੍ਹੇ ਮਈ ਦੇ ਆਖਰੀ ਜਾਂ ਜੂਨ ਦੇ ਪਹਿਲੇ ਹਫ਼ਤੇ ਸ਼ੁਰੂ ਹੁੰਦੀ ਹੈ ਅਤੇ 30 ਸਤੰਬਰ ਤੱਕ ਚੱਲਦੀ ਹੈ ਪਰ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਚੱਲ ਰਹੀ ਤਾਲਾਬੰਦੀ ਕਾਰਨ ਯਾਤਰਾ ਦੀ ਸ਼ੁਰੂਆਤ ਟਾਲ ਦਿੱਤੀ ਗਈ ਹੈ। 

ਸ੍ਰੀ ਹੇਮਕੁੰਟ ਸਾਹਿਬ ਟਰਸੱਟ ਦੇ ਮੀਤ ਚੇਅਰਮੈਨ ਨਰਿੰਦਰਪਾਲ ਸਿੰਘ ਬਿੰਦਰਾ ਨੇ ਦੱਸਿਆ ਕਿ ਤਾਲਾਬੰਦੀ ਕਾਰਨ ਯਾਤਰਾ ਪਹਿਲੀ 1 ਜੂਨ ਤੋਂ ਸ਼ੁਰੂ ਨਹੀਂ ਹੋਵੇਗੀ। ਤਾਲਾਬੰਦੀ ਖੁੱਲ੍ਹਣ ਮਗਰੋਂ ਹੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਕੋਈ ਅਗਲਾ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਅਨੁਸਾਰ ਜੇਕਰ ਸਰਕਾਰ ਵੱਲੋਂ ਯਾਤਰਾ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਤਾਂ ਸਮੁੱਚੇ ਪ੍ਰਬੰਧ ਕਰਨ ਲਈ ਘੱਟੋ-ਘੱਟ ਇੱਕ ਮਹੀਨੇ ਦਾ ਸਮਾਂ ਲੱਗੇਗਾ, ਉਸ ਮਗਰੋਂ ਹੀ ਯਾਤਰਾ ਸ਼ੁਰੂ ਹੋ ਸਕੇਗੀ। 

ਇਸ ਵੇਲੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਲਗਪਗ 15 ਤੋਂ 20 ਫੁੱਟ ਉੱਚੀ ਬਰਫ਼ ਜੰਮੀ ਹੋਈ ਹੈ, ਜਿਸ ਨੂੰ ਹਟਾਉਣ ਅਤੇ ਰਾਹ ਪੱਧਰਾ ਕਰਨ ਦੀ ਲੋੜ ਪਵੇਗੀ। ਮੌਜੂਦਾ ਪ੍ਰਸਿਥਤੀਆਂ ’ਚ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਵੀ ਇਹ ਯਾਤਰਾ ਬਰਸਾਤਾਂ ਦੇ ਮੌਸਮ ਮਗਰੋਂ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। 

ਬੀਤੇ ਦਿਨ ਟਰੱਸਟ ਦੇ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਦੇ ਅਮਲੇ ਵੱਲੋਂ ਗੁਰਦੁਆਰਾ ਹੇਮਕੁੰਟ ਸਾਹਿਬ ਦਾ ਦੌਰਾ ਕੀਤਾ ਗਿਆ, ਜਿੱਥੇ ਗੁਰਦੁਆਰਾ ਬਰਫ਼ ਨਾਲ ਢੱਕਿਆ ਅਤੇ ਸਰੋਵਰ ਜੰਮਿਆ ਹੋਇਆ ਹੈ। ਸਾਰੇ ਰਸਤੇ ਵੀ ਬਰਫ਼ ਨਾਲ ਢਕੇ ਹੋਏ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।