ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਬਾਦਲਾਂ ਦੇ ਨਜ਼ਦੀਕੀ ਮਨਤਾਰ ਬਰਾੜ ਤੋਂ ਅੱਠ ਘੰਟੇ ਲੰਬੀ ਪੁੱਛਗਿੱਛ

ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਬਾਦਲਾਂ ਦੇ ਨਜ਼ਦੀਕੀ ਮਨਤਾਰ ਬਰਾੜ ਤੋਂ ਅੱਠ ਘੰਟੇ ਲੰਬੀ ਪੁੱਛਗਿੱਛ
ਮਨਤਾਰ ਬਰਾੜ

ਚੰਡੀਗੜ੍ਹ: 2015 ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਰੋਸ ਵਜੋਂ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ 'ਤੇ ਕੋਟਕਪੂਰਾ ਵਿਖੇ ਪੰਜਾਬ ਪੁਲਿਸ ਵਲੋਂ ਚਲਾਈ ਗੋਲੀ ਦੇ ਮਾਮਲੇ ਵਿਚ ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੂੰ ਬੀਤੇ ਕਲ੍ਹ ਵਿਸ਼ੇਸ਼ ਜਾਂਚ ਟੀਮ ਨੇ ਆਪਣੇ ਫ਼ਰੀਦਕੋਟ ਕੈਂਪ ਦਫਤਰ ਵਿੱਚ ਪੁੱਛ ਪੜਤਾਲ ਲਈ ਦੁਬਾਰਾ ਬੁਲਾਇਆ ਅਤੇ ਉਸ ਤੋਂ ਅੱਠ ਘੰਟੇ ਲੰਮੀ ਪੁੱਛ ਪੜਤਾਲ ਕੀਤੀ।

ਜਾਂਚ ਟੀਮ ਨੇ ਸੰਸਦੀ ਸਕੱਤਰ ਨਾਲ-ਨਾਲ ਉਸ ਵੇਲੇ ਦੇ ਕੋਟਕਪੂਰਾ ਦੇ ਐੱਸਡੀਐੱਮ ਹਰਜੀਤ ਸਿੰਘ ਸੰਧੂ ਨੂੰ ਵੀ ਪੁੱਛ ਪੜਤਾਲ ਲਈ ਬੁਲਾਇਆ ਸੀ। ਇਸ ਤੋਂ ਪਹਿਲਾਂ ਮਨਤਾਰ ਸਿੰਘ ਬਰਾੜ 9 ਨਵੰਬਰ ਨੂੰ ਜਾਂਚ ਟੀਮ ਸਾਹਮਣੇ ਪੇਸ਼ ਹੋ ਚੁੱਕੇ ਹਨ। 

ਦੱਸਣਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਕੋਟਕਪੂਰਾ ਗੋਲੀ ਕਾਂਡ ਤੋਂ ਪਹਿਲਾਂ ਮਨਤਾਰ ਸਿੰਘ ਬਰਾੜ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਫੋਨ 'ਤੇ ਕਈ ਵਾਰ ਗੱਲਬਾਤ ਕੀਤੀ ਅਤੇ ਇਸ ਗੱਲਬਾਤ ਤੋਂ ਕੁਝ ਸਮਾਂ ਬਾਅਦ ਹੀ ਪੁਲੀਸ ਨੇ ਸ਼ਾਂਤਮਈ ਬੈਠੀ ਸੰਗਤ ਉੱਪਰ ਗੋਲੀ ਚਲਾ ਦਿੱਤੀ। ਗੋਲੀ ਚੱਲਣ ਵੇਲੇ ਪੰਜਾਬ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਉਸ ਦੀ ਸਮੁੱਚੀ ਟੀਮ ਵੀ ਮੌਕੇ ’ਤੇ ਹਾਜ਼ਰ ਸੀ। 

ਕੋਟਕਪੂਰਾ ਗੋਲੀ ਕਾਂਡ ਵਿੱਚ ਤਿੰਨ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਸਨ ਅਤੇ ਇਸ ਗੋਲੀ ਕਾਂਡ ਤੋਂ ਕੁਝ ਸਮੇਂ ਬਾਅਦ ਹੀ ਬਹਿਬਲ ਕਲਾਂ ਗੋਲੀ ਕਾਂਡ ਵਾਪਰ ਗਿਆ, ਜਿੱਥੇ ਦੋ ਸਿੱਖ ਨੌਜਵਾਨ ਕ੍ਰਿਸ਼ਨਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋ ਗਏ ਸਨ। 

ਮਾਮਲੇ ਦੀ ਜਾਂਚ ਕਰ ਰਹੀ ਟੀਮ ਦਾ ਮੰਨਣਾ ਹੈ ਕਿ ਜੇਕਰ ਕੋਟਕਪੂਰਾ ਗੋਲੀ ਕਾਂਡ ਨਾ ਵਾਪਰਦਾ ਤਾਂ ਬਹਿਬਲ ਕਲਾਂ ਵਾਲੀ ਘਟਨਾ ਕਦੇ ਨਾ ਵਾਪਰਦੀ। ਇਸ ਮਾਮਲੇ ਵਿਚ ਬਰਾੜ ਵਲੋਂ ਕਮਿਸ਼ਨ ਅਤੇ ਜਾਂਚ ਟੀਮ ਨੂੰ ਦਿੱਤੇ ਗਏ ਬਿਆਨ ਵਿੱਚ ਵੱਡਾ ਅੰਤਰ ਹੈ।

ਸੰਸਦੀ ਸਕੱਤਰ ਦੀ ਪੁੱਛਗਿੱਛ ਕਾਰਨ ਜ਼ਿਲ੍ਹਾ ਪੁਲੀਸ ਵੀ ਕਾਫੀ ਚੌਕਸ ਰਹੀ। ਜ਼ਿਲ੍ਹਾ ਪੁਲੀਸ ਕੈਂਪ ਆਫਿਸ ਵਿਚ ਨਹੀਂ ਗਈ ਪਰ ਉਹ ਦਫਤਰ ਦੇ ਬਾਹਰ ਤਾਇਨਾਤ ਰਹੀ।