ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ...

ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ...

ਪਰਵਾਸੀ ਮੁੰਡਿਆਂ ਨਾਲ ਵਿਆਹ ਕਰ ਕੇ ਵਿਦੇਸ਼ ਗਈਆਂ ਕੁੜੀਆਂ ਦਾ ਦਰਦ

ਰਮਨਪ੍ਰੀਤ ਕੌਰ

ਪੰਜਾਬੀਆਂ ਨੇ ਵੀ ਪਰਵਾਸ ਨੂੰ ਆਪਣੇ ਪਿੰਡੇ 'ਤੇ ਦਹਾਕਿਆਂ ਤੋਂ ਹੰਢਾਇਆ ਹੈ। ਪਰਵਾਸ ਦੌਰਾਨ ਉਹ ਪਰਿਵਾਰਿਕ ਸੁੱਖ-ਸਹੂਲਤਾਂ ਤੋਂ ਵਾਂਝੇ, ਸਖ਼ਤ ਮਿਹਨਤਾਂ ਅਤੇ ਮੌਸਮ ਤੇ ਸੱਭਿਆਚਾਰ ਪ੍ਰਤੀਕੂਲਤਾ ਦੀਆਂ ਔਕੜਾਂ ਝੱਲਦੇ ਰਹੇ ਹਨ। ਜਦੋਂ ਅਸੀਂ ਪਰਵਾਸ ਦੀ ਜਾਂ ਪਰਵਾਸੀਆਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਜ਼ਿਹਨ ਵਿੱਚ ਇੱਕ ਆਦਮੀ ਦੀ ਤਸਵੀਰ ਉੱਭਰਦੀ ਹੈ ਜੋ ਘਰ ਬਾਰ ਦਾ ਮੂੰਹ-ਮੱਥਾ ਸਵਾਰਨ, ਕਰਜ਼ੇ ਉਤਾਰਨ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਵਿਦੇਸ਼ ਜਾਂਦਾ ਹੈ ਤੇ ਸਾਰੀਆਂ ਮੁਸੀਬਤਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਦਾ ਹੈ। ਪਰ ਪਰਵਾਸ ਦਾ ਅਸਰ ਜਿੰਨਾ ਕੁ ਆਦਮੀਆਂ 'ਤੇ ਪਿਆ, ਸ਼ਾਇਦ ਉਸ ਤੋਂ ਕਿਤੇ ਵੱਧ ਔਰਤਾਂ ਨੂੰ ਹੰਢਾਉਣਾ ਪਿਆ ਹੈ। ਭਾਵੇਂ ਪਤੀਆਂ ਦੇ ਪਰਵਾਸ ਨੇ ਉਨ੍ਹਾਂ ਨੂੰ ਜੀਵਨ ਦੀਆਂ ਸੁੱਖ ਸਹੂਲਤਾਂ ਦਿੱਤੀਆਂ ਹੋਣ, ਪਰ ਉਨ੍ਹਾਂ ਵੱਲੋਂ ਨਿੱਜੀ ਅਤੇ ਭਾਵਨਾਤਮਕ ਤੌਰ 'ਤੇ ਹੰਢਾਇਆ ਇਕਲਾਪਾ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਜਿਸ ਦਾ ਦਰਦ ਉਨ੍ਹਾਂ ਨੇ ਸਾਊਪੁਣੇ ਦੀ ਬੁੱਕਲ ਵਿੱਚ ਖ਼ੁਦ ਹੀ ਹੰਢਾਇਆ ਤੇ ਕਿਸੇ ਨੂੰ ਇਸ ਦਾ ਅਹਿਸਾਸ ਤੱਕ ਨਾ ਹੋਣ ਦਿੱਤਾ।
ਪਰਵਾਸੀ ਪੰਜਾਬੀਆਂ ਵੱਲੋਂ ਘਰਾਂ ਪਰਿਵਾਰਾਂ ਤੋਂ ਦੂਰ ਪਰਦੇਸਾਂ ਵਿੱਚ ਰਹਿੰਦੇ ਹੋਏ ਪੱਕਿਆਂ ਹੋਣ ਲਈ ਸਹਿਮਤੀ ਨਾਲ ਲਓ ਤਲਾਕਾਂ 'ਤੇ ਕਰਾਏ ਗਏ ਦੂਜੇ ਵਿਆਹ ਜਾਂ ਆਪਣੇ ਜ਼ਰੂਰਤ ਲਈ ਬਣਾਏ ਗਏ ਨਵੇਂ ਰਿਸ਼ਤੇ ਉਨ੍ਹਾਂ ਦੀਆਂ ਵਿਆਹ ਕੇ ਲਿਆਂਦੀਆਂ ਔਰਤਾਂ ਦੇ ਦਿਲਾਂ 'ਤੇ ਕੀ ਅਸਰ ਕਰਦੇ ਹਨ, ਇਸ ਨੂੰ ਸਿਰਫ਼ ਇੱਕ ਵਿਆਹੁਤਾ ਔਰਤ ਹੀ ਜਾਣ ਸਕਦੀ ਹੈ। ਇਹ ਉਨ੍ਹਾਂ ਦੇ ਸਬਰ ਦਾ ਇਮਤਿਹਾਨ ਸੀ, ਪਰ ਤਰਾਸਦੀ ਇਹ ਹੈ ਕਿ ਉਨ੍ਹਾਂ ਦੇ ਆਪਣੇ ਹੀ ਜੀਵਨ ਸਾਥੀਆਂ ਨੇ ਵਿਸ਼ਵਾਸਘਾਤ ਕੀਤਾ ਤੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਉਣ ਦੀ ਬਜਾਏ ਉਨ੍ਹਾਂ ਤੋਂ ਸਦਾ ਲਈ ਹੀ ਕਿਨਾਰਾ ਕਰ ਲਿਆ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਨੂੰ ਪੈਸਾ ਕਮਾਉਣ ਤੇ ਸੁੱਖ ਸਹੂਲਤਾਂ ਜੁਟਾਉਣ ਲਈ ਪਰਵਾਸ ਨੂੰ ਇੱਕ ਹਥਿਆਰ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ। ਪਰਿਵਾਰਕ ਰਿਸ਼ਤਿਆਂ ਨੂੰ ਆਧਾਰ ਬਣਾ ਕੇ ਬਾਹਰ ਜਾਣ ਦਾ ਰਿਵਾਜ ਵੀ ਕਾਫੀ ਪ੍ਰਚੱਲਿਤ ਰਿਹਾ ਹੈ। ਪੰਜਾਬੀਆਂ ਵਿੱਚ ਵਿਦੇਸ਼ ਜਾਣ ਦੀ ਇੱਛਾ ਹੌਲੀ-ਹੌਲੀ ਲਾਲਚ ਬਣੀ ਅਤੇ ਇਸ ਨੂੰ ਲਾਲਸਾ ਬਣਦੇ ਦੇਰ ਨਾ ਲੱਗੀ। ਸੌਦੇ ਦੇ ਵਿਆਹ ਅਤੇ ਝੂਠੇ ਵਿਆਹ ਤੋਂ ਬਾਅਦ ਬੇਸ਼ਰਮੀ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਚਾਚੇ, ਤਾਏ ਹੀ ਨਹੀਂ, ਸਗੋਂ ਸਕੇ ਭੈਣ ਭਾਈਆਂ ਵੱਲੋਂ ਵਿਆਹ ਨੂੰ ਆਧਾਰ ਬਣਾ ਕੇ ਵਿਦੇਸ਼ ਭੇਜਣ ਦੇ ਮਾਮਲੇ ਸਾਹਮਣੇ ਆਏ। ਇਸ ਰੁਝਾਨ ਅਧੀਨ ਬੇਮੇਚ ਵਿਆਹ ਵੀ ਹੋਣ ਲੱਗੇ। ਆਪਣੀਆਂ ਕੁੜੀਆਂ ਨੂੰ ਵਧੀਆ ਜੀਵਨ ਦੇਣ ਦੀ ਚਾਹਤ ਵਿੱਚ ਉਨ੍ਹਾਂ ਦਾ ਪਰਵਾਸੀ ਬੰਦਿਆਂ ਨਾਲ ਵਿਆਹ ਕੀਤੇ ਗਏ। ਜਿਸ ਦੇ ਨਾਲ ਰਿਸ਼ਤਿਆਂ ਵਿੱਚ ਅਸੰਤੁਲਨ ਪੈਦਾ ਹੋਣਾ ਆਰੰਭ ਹੋਇਆ।
ਵਿਦੇਸ਼ ਜਾਣ ਦੀ ਇਸੇ ਚਾਹ ਦਾ ਅਗਲਾ ਪੜਾਅ ਸਿਰਫ਼ ਕੁੜੀਆਂ ਦੀ ਆਪਣੀ ਜ਼ਿੰਦਗੀ ਸੰਵਾਰਨਾ ਨਹੀਂ ਰਿਹਾ, ਬਲਕਿ ਪੂਰੇ ਪਰਿਵਾਰ ਦਾ ਮੂੰਹ ਮੁਹਾਂਦਰਾ ਸੰਵਾਰਨਾ ਅਤੇ ਪਰਿਵਾਰ ਦੇ ਬਾਕੀ ਜੀਆਂ ਦੇ ਵਿਦੇਸ਼ ਜਾਣ ਲਈ ਰਾਹ ਪੱਧਰਾ ਕਰਨ ਦਾ ਜ਼ਰੀਆ ਕੁੜੀਆਂ ਨੂੰ ਬਣਾਇਆ ਗਿਆ। ਇਸ ਇੱਛਾ ਦੀ ਪੂਰਤੀ ਲਈ ਪੰਜਾਬੀਆਂ ਨੇ ਪਰਵਾਸੀ ਮੁੰਡਿਆਂ ਦੀ ਉਮਰ ਨੂੰ ਹੀ ਨਜ਼ਰਅੰਦਾਜ਼ ਨਹੀਂ ਕੀਤਾ, ਸਗੋਂ ਉਨ੍ਹਾਂ ਦਾ ਪਿਛੋਕੜ ਉਨ੍ਹਾਂ ਦੀ ਕਾਰੋਬਾਰੀ ਆਰਥਿਕ ਸਥਿਤੀ ਨੂੰ ਵੀ ਜਾਣਨ ਦੀ ਖੇਚਲ ਨਾ ਕੀਤੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅਨੇਕ ਬੇਕਿਰਦਾਰ ਪਰਵਾਸੀਆਂ ਨੇ ਆਪਣੀਆਂ ਛੁੱਟੀਆਂ ਵਿੱਚ ਪੰਜਾਬ ਆਉਣ ਅਤੇ ਇੱਥੋਂ ਦੀਆਂ ਕੁੜੀਆਂ ਨਾਲ ਵਿਆਹ ਰਚਾਉਣ ਦਾ ਗੋਰਖਧੰਦਾ ਆਰੰਭ ਕਰ ਲਿਆ। ਵਿਆਹ ਪਿੱਛੋਂ ਉਹ ਕੁੜੀਆਂ ਸਦਾ ਲਈ ਆਪਣੇ ਘਰਦਿਆਂ ਦੇ ਦਰ 'ਤੇ ਬੈਠੀਆਂ ਰਹਿ ਗਈਆਂ, ਨਾ ਵਿਆਹੀਆਂ ਤੇ ਨਾ ਵਿਧਵਾ ਦੀ ਸਥਿਤੀ ਵਿੱਚ। ਅਨੇਕ ਕੁੜੀਆਂ ਅਜਿਹਾ ਵਿਆਹਾਂ ਦੇ ਨਤੀਜੇ ਵਜੋਂ ਮਾਂਵਾਂ ਬਣੀਆਂ, ਜਿਨ੍ਹਾਂ ਦੇ ਬੱਚੇ 20-30 ਸਾਲ ਦੇ ਹੋ ਗਏ ਹਨ, ਪਰ ਉਨ੍ਹਾਂ ਨੇ ਆਪਣੇ ਪਿਓ ਦੀ ਸ਼ਕਲ ਤੱਕ ਨਹੀਂ ਦੇਖੀ।ਪਰਵਾਸੀ ਆਦਮੀਆਂ ਨਾਲ ਵਿਆਹੀਆਂ ਪੰਜਾਬੀ ਕੁੜੀਆਂ ਜੋ ਕਦੇ ਵੀ ਵਿਦੇਸ਼ ਆਪਣੇ ਪਤੀਆਂ ਕੋਲ ਜਾ ਨਾ ਸਕੀਆਂ, ਉਨ੍ਹਾਂ ਦਾ ਦਰਦ ਤਾਂ ਵੱਡਾ ਹੈ ਹੀ, ਪਰ ਪਰਵਾਸੀ ਮੁੰਡਿਆਂ ਨਾਲ ਵਿਆਹ ਕੇ ਵਿਦੇਸ਼ ਗਈਆਂ ਹੋਈਆਂ ਕੁੜੀਆਂ ਦਾ ਦਰਦ ਸ਼ਾਇਦ ਇਸ ਤੋਂ ਵੀ ਜ਼ਿਆਦਾ ਹੈ। ਬਹੁਤ ਸਾਰੇ ਮੁੰਡਿਆਂ ਨੇ ਘਰਦਿਆਂ ਦੇ ਕਹਿਣ 'ਤੇ ਵਿਆਹ ਤਾਂ ਕਰਵਾ ਲਏ, ਪਰ ਵਿਦੇਸ਼ ਜਾ ਕੇ ਉਨ੍ਹਾਂ ਨੇ ਵਿਆਹ ਕੇ ਲਿਆਂਦੀਆਂ ਗਈਆਂ ਨੂੰ ਪਤਨੀ ਵਾਲਾ ਰੁਤਬਾ ਜਾਂ ਭਾਵਨਾਤਮਕ ਸਾਂਝ ਨਾ ਦਿੱਤੀ। ਅਜਿਹੀਆਂ ਕੁੜੀਆਂ ਜਿਨ੍ਹਾਂ ਦੇ ਬੱਚੇ  ਵੀ ਹੋਏ, ਪਰ ਤਲਾਕ ਨਹੀਂ ਹੋਏ। ਉਨ੍ਹਾਂ ਲਈ ਵਿਆਹ ਹੱਥ ਵਿੱਚ ਪਾਈ  ਇੱਕ ਅੰਗੂਠੀ ਬਣ ਕੇ ਹੀ ਰਹਿ ਗਿਆ। ਅਜਿਹੇ ਹਾਲਾਤ ਵਜੋਂ ਜਦੋਂ ਔਰਤਾਂ ਦੇ ਵਿਆਹ ਤੋਂ ਬਾਹਰ ਰਿਸ਼ਤੇ ਕਾਇਮ ਹੋਣ ਲੱਗੇ ਜਾਂ ਅਜਿਹੇ ਨੀਰਸ ਰਿਸ਼ਤਿਆਂ ਤੋਂ ਬਾਗੀ ਹੋ ਕੇ ਆਪਣੇ ਬੇਕਦਰੇ ਪਤੀਆਂ ਨੂੰ ਛੱਡਣਾ ਚਾਹਿਆ, ਤਾਂ ਫਿਰ ਉਂਗਲ ਔਰਤਾਂ ਦੇ ਕਿਰਦਾਰ 'ਤੇ ਉੱਠੀ।
ਵਿਦੇਸ਼ ਜਾਣ ਦੀ ਲਾਲਸਾ ਪੰਜਾਬੀਆਂ ਦੀ ਏਨੀ ਵੱਧ ਗਈ ਹੈ ਕਿ ਮਾਪੇ ਆਪਣੀਆਂ ਕੁੜੀਆਂ ਨੂੰ ਵਿਆਹ ਦੇ ਆਧਾਰ 'ਤੇ ਹੀ ਨਹੀਂ, ਸਗੋਂ ਪੜ੍ਹਾਈ ਦੇ ਆਧਾਰ 'ਤੇ ਵੀ ਵਿਦੇਸ਼ ਭੇਜਣ ਤੋਂ ਗੁਰੇਜ਼ ਨਹੀਂ ਕਰਦੇ।
ਪੜ੍ਹਾਈ ਦੇ ਆਧਾਰ 'ਤੇ ਵਿਦੇਸ਼ ਗਈਆਂ ਕੁੜੀਆਂ  ਜਿੱਥੇ ਉਨ੍ਹਾਂ ਨੂੰ ਜਾਣਨ ਵਾਲਾ ਵੀ ਕੋਈ ਨਹੀਂ ਹੁੰਦਾ, ਅਨੇਕ ਮੁਸ਼ਕਲਾਂ ਵਿੱਚੋਂ ਗੁਜ਼ਰਦੀਆਂ ਹਨ। ਖ਼ਰਚੇ ਪੂਰੇ ਕਰਨ ਲਈ ਨਿਰਧਾਰਿਤ ਕੰਮ ਦੇ ਸਮੇਂ ਤੋਂ ਵੱਧ ਕੰਮ ਗ਼ੈਰ-ਕਾਨੂੰਨੀ ਢੰਗ ਨਾਲ ਕਰਦੀਆਂ ਹਨ।
ਅਨੇਕ ਥਾਵਾਂ 'ਤੇ ਕੰਮ ਦੀ ਘਾਟ ਕਾਰਨ ਜਾਂ ਵਿਦਿਆਰਥੀਆਂ ਦੀ ਬਹੁਤਾਤ ਕਾਰਨ ਬਹੁਤਿਆਂ ਨੂੰ ਕੰਮ ਮਿਲ ਵੀ ਨਹੀਂ ਪਾਉਂਦਾ। ਅਜਿਹੀ ਸਥਿਤੀ ਵਿੱਚ ਕੁੜੀਆਂ ਗ਼ਲਤ ਆਦਮੀਆਂ ਦੇ ਸੰਪਰਕ ਵਿੱਚ ਆ ਕੇ ਗ਼ੈਰ-ਕਾਨੂੰਨੀ ਕੰਮ ਕਰਨੇ ਵੀ ਆਰੰਭ ਕਰ ਦਿੰਦੀਆਂ ਹਨ। ਪਰਵਾਸ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਪਰ ਔਰਤ ਨੂੰ ਵਿਦੇਸ਼ ਜਾਣ ਲਈ ਇੱਕ ਜ਼ਰੀਏ ਵਾਂਗ ਨਾ ਵਰਤਿਆ ਜਾਵੇ, ਇਹੋ ਸਮੇਂ ਦੀ ਮੰਗ ਹੈ।