ਮੰਗੂ ਮੱਠ ਦੀ ਮੁੜ ਉਸਾਰੀ ਲਈ ਮੰਨੀ ਸਰਕਾਰ; ਲੋਕ ਇਨਸਾਫ ਪਾਰਟੀ ਅਤੇ ਸ਼੍ਰੋਮਣੀ ਕਮੇਟੀ ਵਿਚ ਮਾਮਲੇ 'ਤੇ ਤਕਰਾਰ

ਮੰਗੂ ਮੱਠ ਦੀ ਮੁੜ ਉਸਾਰੀ ਲਈ ਮੰਨੀ ਸਰਕਾਰ; ਲੋਕ ਇਨਸਾਫ ਪਾਰਟੀ ਅਤੇ ਸ਼੍ਰੋਮਣੀ ਕਮੇਟੀ ਵਿਚ ਮਾਮਲੇ 'ਤੇ ਤਕਰਾਰ

ਪੁਰੀ: ਉੜੀਸਾ ਵਿਚ ਗੁਰਦੁਆਰਾ ਮੰਗੂ ਮੱਠ ਢਾਹੇ ਜਾਣ ਸਬੰਧੀ ਲੋਕ ਇਨਸਾਫ਼ ਪਾਰਟੀ ਦੇ ਮੈਂਬਰਾਂ ਨੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਵਿਚ ਉੜੀਸਾ ਦੇ ਗ੍ਰਹਿ ਮੰਤਰੀ ਅਤੇ ਹਲਕੇ ਪੁਰੀ ਦੇ ਐਮ.ਐਲ.ਏ. ਨਾਲ ਮੁਲਾਕਾਤ ਕੀਤੀ। ਇਸ ਮੌਕੇ ਉੜੀਸਾ ਸਰਕਾਰ ਨੇ ਲੋਕ ਇਨਸਾਫ਼ ਪਾਰਟੀ ਦੀ ਮੰਗ ਨੂੰ ਮੰਨਦੇ ਹੋਏ ਗੁਰਦੁਆਰਾ ਮੰਗੂ ਮੱਠ ਨੂੰ ਮੁੜ ਤੋ ਉਸ ਸਥਾਨ ’ਤੇ ਬਣਾਉਣ ਦੀ ਮੰਗ ਨੂੰ ਪ੍ਰਵਾਨ ਕੀਤਾ ਹੈ। 

ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ, ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਦਾ ਵਫ਼ਦ ਉੜੀਸਾ ਵਿਚ ਭੁਵਨੇਸ਼ਵਰ ਤੋ 60 ਕਿਲੋਮੀਟਰ ਦੀ ਦੂਰੀ ’ਤੇ ਪੁਰੀ ਵਿਚ ਢਾਹੇ ਗਏ ਗੁਰਦੁਆਰਾ ਮੰਗੂ ਮੱਠ ਦਾ ਜਾਇਜ਼ਾ ਲੈਣ ਲਈ ਪੁੱਜਾ ਸੀ।

ਦੱਸ ਦੇਈਏ ਕਿ ਇਸ ਮੰਗ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਸਾਥੀਆਂ ਨਾਲ ਉੜੀਸਾ ਵਿਚ ਜਾ ਕੇ ਧਰਨਾ ਲਾਇਆ ਸੀ। ਉਨ੍ਹਾਂ ਨਾਲ ਹੋਰ ਸਿੱਖ ਜਥੇਬੰਦੀਆਂ ਵੀ ਧਰਨੇ ਵਿਚ ਸ਼ਾਮਲ ਹੋਈਆਂ ਸਨ। ਉੜੀਸਾ ਦੇ ਭੁਵਨੇਸ਼ਵਰ ਤੋ 60 ਕਿਲੋਮੀਅਰ ਦੀ ਦੂਰੀ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਗੂ ਮੱਠ ਢਾਹੇ ਜਾਣ ਵਿਰੁਧ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਪਾਰਟੀ ਦੇ ਵਫ਼ਦ ਵਲੋ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਉੜੀਸਾ ਦੇ ਰਾਜਪਾਲ ਗਣੇਸ਼ੀ ਲਾਲ ਨਾਲ ਮੁਲਾਕਾਤ ਕਰਕੇ ਭੁਵਨੇਸ਼ਵਰ (ਪੁਰੀ) ਦੇ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਸਿੱਖ ਸੰਗਤ ਨੂੰ ਦੇਣ ਦੀ ਮੰਗ ਕੀਤੀ ਸੀ ਜਿਸ ਨੂੰ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ।

ਸ਼੍ਰੋਮਣੀ ਕਮੇਟੀ ਨੇ ਬੈਂਸ ਭਰਾਵਾਂ 'ਤੇ ਗੁਮਰਾਹਕੁੰਨ ਪ੍ਰਚਾਰ ਦਾ ਦੋਸ਼ ਲਾਇਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੜੀਸਾ ਦੇ ਜਗਨਨਾਥ ਪੁਰੀ ‘ਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੰਗੂ ਮੱਠ ਬਾਰੇ ਸ. ਸਿਮਰਜੀਤ ਸਿੰਘ ਬੈਂਸ ਤੇ ਸ. ਬਲਵਿੰਦਰ ਸਿੰਘ ਬੈਂਸ ਦੇ ਬਿਆਨ ਨੂੰ ਗੁੰਮਰਾਹਕੁੰਨ ਤੇ ਸ਼ੋਸ਼ੇਬਾਜ਼ੀ ਕਰਾਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਇਸ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਜਗਨਨਾਥ ਪੁਰੀ ਸਥਿਤ ਪਹਿਲੇ ਪਾਤਸ਼ਾਹ ਨਾਲ ਸਬੰਧਤ ਅਸਥਾਨਾਂ ਸਬੰਧੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਸਥਾਨਕ ਪ੍ਰਸਾਸ਼ਨ ਨਾਲ ੧੬ ਦਸੰਬਰ ਨੂੰ ਮੀਟਿੰਗ ਕੀਤੀ ਜਾ ਚੁੱਕੀ ਹੈ, ਜਿਸ ਦੌਰਾਨ ਜਿਲ੍ਹਾ ਕੁਲੈਕਟਰ ਨੇ ਮੰਗੂ ਮੱਠ ਨੂੰ ਸੁਰੱਖਿਅਤ ਰੱਖਣ ਅਤੇ ਇਸ ਦੇ ਆਲੇ-ਦੁਆਲੇ ਲੋੜ ਅਨੁਸਾਰ ਇਮਾਰਤਾਂ ਬਣਾਉਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ੧੯ ਦਸੰਬਰ ਦੀ ਇਕੱਤਰਤਾ ਦੌਰਾਨ ਸੌਂਪ ਦਿੱਤੀ ਸੀ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਬਾਉਲੀ ਮੱਠ ਸਾਹਿਬ ਦੇ ਵਿਕਾਸ ਅਤੇ ਸੇਵਾਵਾਂ ਸਬੰਧੀ ਵੀ ਕਰੀਬ ਦੋ ਮਹੀਨੇ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਉੜੀਸਾ ਸਰਕਾਰ ਨਾਲ ਸਮਝੌਤਾ ਸਹੀਬੱਧ ਕੀਤਾ ਜਾ ਚੁੱਕਾ ਹੈ। ਇਸ ਸਮਝੌਤੇ ‘ਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਉੜੀਸਾ ਸਿੱਖ ਪ੍ਰਤੀਨਿਧ ਬੋਰਡ ਦੇ ਨੁਮਾਇੰਦਿਆਂ ਵੱਲੋਂ ਹਸਤਾਖਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤਹਿਤ ਬਾਉਲੀ ਮੱਠ ਸਾਹਿਬ ਵਿਖੇ ਸੰਗਤੀ ਸਹੂਲਤਾਂ ਤੇ ਲੋੜੀਂਦੀਆਂ ਉਸਾਰੀਆਂ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਦੀ ਰਾਏ ਅਨੁਸਾਰ ਤਿਆਰ ਕਰਵਾਉਣ ਦਾ ਫੈਸਲਾ ਹੋਇਆ ਹੈ। 

ਉਨ੍ਹਾਂ ਆਖਿਆ ਕਿ ਬੈਂਸ ਭਰਾਵਾਂ ਵੱਲੋਂ ਗੁਰਦੁਆਰਾ ਸ੍ਰੀ ਬਾਉਲੀ ਮੱਠ ਸਾਹਿਬ ਸਬੰਧੀ ਜਾਣਬੁਝ ਕੇ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਜਦਕਿ ਇਸ ਅਸਥਾਨ ਬਾਰੇ ਸਥਿਤੀ ਪਹਿਲਾਂ ਹੀ ਬਿਲਕੁਲ ਸਪੱਸ਼ਟ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬੈਂਸ ਭਰਾਵਾਂ ਨੂੰ 19 ਦਸੰਬਰ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਸਾਹਿਬ ਵੱਲੋਂ ਕੀਤੀ ਗਈ ਇਕੱਤਰਤਾ ਦੌਰਾਨ ਇਸ ਗੱਲ ਦੀ ਜਾਣਕਾਰੀ ਮਿਲ ਗਈ ਸੀ ਅਤੇ ਉਨ੍ਹਾਂ ਨੇ ਇਸ ਮਾਮਲੇ ਨੂੰ ਸਿਆਸੀ ਹਿੱਤਾਂ ਲਈ ਵਰਤਣ ਦੀ ਚਲਾਕੀ ਕੀਤੀ ਹੈ। ਉਨ੍ਹਾਂ ਬੈਂਸ ਭਰਾਵਾਂ ਦੀ ਕਾਰਵਾਈ ਨੂੰ ਕੇਵਲ ਸੁਰਖੀਆਂ ਬਟੋਰਨ ਅਤੇ ਕੌਮ ਨੂੰ ਗੁੰਮਰਾਹ ਕਰਨ ਵਾਲੀ ਕਰਾਰ ਦਿੰਦਿਆਂ ਆਖਿਆ ਕਿ ਅਜਿਹਾ ਕਰਨ ਨਾਲ ਕੌਮ ਅੰਦਰ ਦੁਬਿਧਾ ਪੈਦਾ ਹੋਈ ਹੈ।