ਚਮਕੌਰ ਦੀ ਜੰਗ:ਤਿੰਨ ਵਡੀਆਂ ਸਚਾਈਆਂ ਦਾ ਮਹਾਂ ਸੰਗਮ

ਚਮਕੌਰ ਦੀ ਜੰਗ:ਤਿੰਨ ਵਡੀਆਂ ਸਚਾਈਆਂ ਦਾ ਮਹਾਂ ਸੰਗਮ

ਕਰਮਜੀਤ ਸਿੰਘ ਚੰਡੀਗੜ੍ਹ 
9915091063

ਦੋਸਤੋ, ਇਤਿਹਾਸ ਦੀ ਬੜੀ ਡੂੰਘੀ ਨੀਝ ਨਾਲ ਫੋਲਾ ਫਰੋਲੀ ਕੀਤੀ ਹੈ ਪਰ ਨਹੀਂ ਲੱਭਦੀ ਇਹੋ ਜਿਹੀ ਮਿਸਾਲ ਜੋ ਚਮਕੌਰ ਦੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਅਤੇ ਉਸ ਦੇ ਖਾਲਸੇ ਨੇ ਪੇਸ਼ ਕੀਤੀ।

ਫਰਾਂਸ ਦਾ ਲੇਖਕ ਚੈਤੀਓ ਬਰਾਇਡ ਕੌਮਾਂ ਦੇ ਇਤਿਹਾਸ ਬਾਰੇ ਟਿੱਪਣੀ ਕਰਦਾ ਕਹਿੰਦਾ ਹੈ ਕਿ “ਯੂਨਾਨ ਦਾ ਇਤਿਹਾਸ ਇਕ ਕਵਿਤਾ ਦੀ ਤਰ੍ਹਾਂ ਹੈ, ਲਾਤੀਨੀ ਇਤਿਹਾਸ ਤਸਵੀਰ ਵਾਂਗ ਲੱਗਦਾ ਹੈ ਜਦਕਿ ਆਧੁਨਿਕ ਇਤਿਹਾਸ ਘਟਨਾਵਾਂ ਦਾ ਹੀ ਰਿਕਾਰਡ ਹੈ। ਪਰ ਦੋਸਤੋ, ਉਪਰੋਕਤ ਤਿੰਨੇ ਹਕੀਕਤਾਂ ਦਾ ਜੇ ਮਹਾਂ ਸੰਗਮ ਹੋਇਆ ਹੈ ਤਾਂ ਉਹ ਚਮਕੌਰ ਦੀ ਗੜ੍ਹੀ ਵਿਚ। ਇਹ ਸੰਸਾਰ ਦੀ ਇਕ ਅਨੋਖੀ ਜੰਗ ਸੀ ਜਿਥੇ ਸੱਚੇ ਜਜ਼ਬਿਆਂ ਅਤੇ ਹੰਝੂਆਂ ਦਾ ਮਿਲਾਪ ਹੁੰਦਾ ਹੈ। ਜੇ ਬੰਦਾ ਰੂਹ ਨਾਲ ਕੰਨ ਲਾਏ ਤਾਂ ਹੀ ਖਾਲਸੇ ਦੇ ਉਸ ਦਰਦ ਨੂੰ ਸੁਣ ਸਕਦਾ ਹੈ ਜੋ ਉਸ ਨੇ ਉਸ ਦੌਰ ਵਿਚ ਹੰਢਾਇਆ।

ਦੋਸਤੋ, ਕੀ ਤੁਸੀਂ ਇਸ ਨੂੰ ਜੰਗ ਆਖੋਗੇ? ਨੀਲੇ ਘੋੜੇ ਦਾ ਸ਼ਾਹ ਸਵਾਰ ਖੁਦ ਗਵਾਹੀ ਦਿੰਦੈ “ਇਕ ਪਾਸੇ 40 ਭੁੱਖੇ ਭਾਣੇ ਤੇ ਦੂਜੇ ਪਾਸੇ 10 ਲੱਖ।” 10 ਲੱਖ ’ਚ ਕਿਹੜਾ ਕਿਹੜਾ ਸੀ? ਮੁਗ਼ਲ ਹਕੂਮਤ ਦੀ ਫੌਜ ਤੇ ਦੂਰ ਦੁਰਾਡੇ ਇਲਾਕਿਆਂ ਤੋਂ ਇਕੱਠਾ ਹੋਇਆ ਲਾਮ ਲਸ਼ਕਰ। ਉਹ ਸਾਰਾ ਜਿਵੇਂ ਟੁੱਟ ਹੀ ਪਿਆ ਸੀ ਖਾਲਸੇ ਉਤੇ ਪਰ ਉਨ੍ਹਾਂ ਘੁੱਪ ਹਨੇਰੇ ਰਾਹਾਂ ਵਿਚੋਂ ਚੰਨ ਵਾਂਗ ਨਿਕਲਿਆ ਸੀ ਖਾਲਸਾ। ਉਹ ਅੱਜ ਵਰਗਾ ਖਾਲਸਾ ਨਹੀਂ ਸੀ ਜੋ ਚੀਜ਼ਾਂ ਵਿਚ ਚੀਜ਼ ਬਣਕੇ ਰਹਿ ਗਿਆ ਹੈ, ਜੋ ਕੰਮਾਂ ਕਾਰਾਂ ਵਿਚ ਗਲ ਗਲ ਲਿਬੜਿਆ ਪਿਆ ਹੈ। ਪੁਰਾਤਨ ਖਾਲਸਾ ਸਾਰੇ ਦਾ ਸਾਰਾ ਜਿਉਂਦਾ ਸੀ ਤੇ ਸਾਰੇ ਦਾ ਸਾਰਾ ਜਾਗਦਾ ਵੀ ਸੀ। ਉਹ ਭੂਤ, ਭਵਿੱਖ ਤੇ ਵਰਤਮਾਨ ਤੋਂ ਅੱਗੇ ਜਾਣ ਵਾਲਾ ਕੋਈ ਅਨੋਖਾ ਰਾਹੀ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜ਼ਮੀਨ ਉਤੇ ਉਤਾਰਿਆ। ਸਿਰਫ ਉਸੇ ਨੇ ਹੀ ਇਕ ਵਿਚੋਂ ਅਨੇਕ ਤੇ ਅਨੇਕ ਵਿਚ ਇਕ ਦੇ ਫਲਸਫਾਨਾ ਸੰਕਲਪ ਨੂੰ ਅੱਖੀਂ ਡਿੱਠੀ ਹਕੀਕਤ ਵਿਚ ਪਲਟ ਦਿੱਤਾ। ਇਸੇ ਲਈ ‘ਖਾਲਸਾ’ ਸ਼ਬਦ ਇਕੋ ਸਮੇਂ ਇਕ ਵਚਨ ਵੀ ਹੈ ਤੇ ਬਹੁਬਚਨ ਵੀ।

ਇਸਲਾਮ ਦੀ ਦੁਨੀਆਂ ਵਿਚ ਕਰਬਲਾ ਦੀ ਜੰਗ ਹੰਝੂਆਂ ਦੀ ਮਹਾਨ ਦਾਸਤਾਨ ਹੈ ਜਿਥੇ ਚੌਥੇ ਖਲੀਫੇ ਹਜ਼ਰਤ ਅਲੀ ਦੇ ਪੁੱਤਰ ਹੁਸੈਨ ਨੇ ਸ਼ਹਾਦਤ ਦਾ ਜਾਮ ਪੀਤਾ। ਪਰ ਚਮਕੌਰ ਦੀ ਜੰਗ ਜੱਗੋਂ ਬਾਹਰੀ ਸੀ। ਜਿਥੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਜੰਗ ਵਿਚ ਸ਼ਹੀਦ ਹੁੰਦੇ ਹਨ। ਬਾਕੀ ਦੋ ਪਹਿਲਾਂ ਹੀ ਵਿਛੜ ਗਏ ਹਨ ਤੇ ਉਹ ਨਿੱਕੀਆਂ ਜਿੰਦਾਂ ਕੁਝ ਹੀ ਦਿਨਾਂ ਪਿਛੋਂ ਸਰਹਿੰਦ ਵਿਚ ਵੱਡਾ ਸਾਕਾ ਕਰਕੇ ਸਿੱਖ ਇਤਿਹਾਸ ਨੂੰ ਨਵਾਂ ਮੋੜ ਦੇ ਰਹੀਆਂ ਹਨ ਜਿਸ ਦੀ ਇਤਿਹਾਸ ਵਿਚ ਹੋਰ ਕਿਤੇ ਮਿਸਾਲ ਲੱਭਿਆਂ ਵੀ ਨਹੀਂ ਲੱਭਦੀ।
ਚਮਕੌਰ ਦੀ ਕੱਚੀ ਗੜ੍ਹੀ ਵਿਚ ਇਤਿਹਾਸ ਨੇ ਹੋਰ ਵੀ ਚਮਤਕਾਰ ਦੇਖੇ ਹਨ। ਇਥੇ ‘ਆਪੇ ਗੁਰ ਚੇਲਾ’ ਦਾ ਸਿਧਾਂਤ ਇਤਿਹਾਸ ਵਿਚ ਲਾਗੂ ਹੁੰਦਾ ਵੀ ਦੁਨੀਆਂ ਨੇ ਦੇਖਿਆ। ਇਥੇ ਹੀ ਖਾਲਸੇ ਨੇ ਰਣ ਤੱਤੇ ਵਿਚ ਜੂਝ ਰਹੇ ਗੁਰੂ ਨੂੰ ਯੁੱਧ ਕਰਨ ਤੋਂ ਰੋਕ ਦਿੱਤਾ ਤੇ ਫੁਰਮਾਨ ਜਾਰੀ ਕੀਤਾ ਕਿ ਉਹ ਖਾਲਸੇ ਦੇ ਰੌਸ਼ਨ ਭਵਿੱਖ ਲਈ ਗੜ੍ਹੀ ਵਿਚੋਂ ਨਿਕਲ ਜਾਏ ਤੇ ਉਹ ਸ਼ਾਇਦ ਪਹਿਲੀ ਵਾਰ ਸੀ ਜਦੋਂ ਗੁਰੂ ਨੇ ਇਸ ਫੁਰਮਾਨ ਅੱਗੇ ਸਿਰ ਝੁਕਾਇਆ ਅਤੇ ਯੁੱਧ ਦੀ ਅਗਵਾਈ ਬਾਬਾ ਸੰਗਤ ਸਿੰਘ ਦੇ ਹਵਾਲੇ ਕਰ ਦਿੱਤੀ।

ਏਸ ਨਿਰਾਲੇ ਯੁੱਧ ਦੀ ਇਕ ਹੋਰ ਗੱਲ ਵੀ ਇਤਿਹਾਸ ਨੇ ਬਹੁਤ ਘੱਟ ਵੇਖੀ ਹੈ। ਉਹ ਹੈ ਆਪਣੇ ਪੁੱਤਰਾਂ ਨੂੰ ਜੰਗ ਲਈ ਚਾਈਂ-ਚਾਈਂ ਤੋਰਨਾ ਤੇ ਉਨ੍ਹਾਂ ਦੀ ਯੁੱਧ ਕਲਾ ਨੂੰ ਨੀਝ ਲਾ ਕੇ ਰੀਝ ਨਾਲ ਵੇਖਣਾ ਤੇ ਵੇਖ ਸਕਣਾ ਅਤੇ ਫਿਰ ਉਨ੍ਹਾਂ ਦੀ ਸ਼ਹੀਦੀ ਨੂੰ ਹੋਰਨਾਂ ਸਿੰਘਾਂ ਦੀ ਸ਼ਹੀਦੀ ਵਾਂਗ ਹੀ ਮਹਿਸੂਸ ਕਰਨਾ। ਜਿਵੇਂ ਇਕ ਸ਼ਾਇਰ ਦੀਆਂ ਨਜ਼ਰਾਂ ਵਿਚ ਉਹ ਇਹ ਕਹਿ ਰਹੇ ਹੋਣ, “ਜ਼ਮਾਨਾ ਇਹ ਨਾ ਕਹੇ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ, ਪੁੱਤਰ ਹੋਰ ਸਮਝੇ।” 

ਚਮਕੌਰ ਦੇ ਯੁੱਧ ਦਾ ਨਜ਼ਾਰਾ ਵੀ ਖੁਦ ਗੁਰੂ ਗੋਬਿੰਦ ਸਿੰਘ ਨੇ ‘ਜ਼ਫਰਨਾਮਾ’ ਵਿਚ ਖਿਚਿਆ ਹੈ। ਇਥੇ ਸਾਰੀ ਧਰਤੀ ਖੂਨ ਨਾਲ ਰੰਗੀ ਗਈ। ਮੁੱਠੀ ਭਰ ਸਿੰਘਾਂ ਨੇ ਲੜਾਈ ਵਿਚ ਜੋ ਕਾਰਨਾਮੇ ਦਿਖਾਏ, ਉਹ ਵੀ ਇਤਿਹਾਸ ਦਾ ਇਕ ਸੁਨਹਿਰੀ ਕਾਂਡ ਹੈ। ਜ਼ਫਰਨਾਮਾ ਕਹਿੰਦਾ ਹੈ ਕਿ ਮੈਦਾਨੇ-ਜੰਗ ਵਿਚ ਕੱਟੇ ਹੋਏ ਸਿਰ ਤੇ ਲੱਤਾਂ ਪੈਰਾਂ ਦੇ ਢੇਰ ਇਉਂ ਲੱਗ ਪਏ, ਜਿਵੇਂ ਖੇਡ ਦਾ ਮੈਦਾਨ ਖਿੱਦੋ ਖੂੰਡੀਆਂ ਨਾਲ ਭਰ ਗਿਆ ਹੋਵੇ। ਸਾਰੀ ਧਰਤੀ ਇਕ ਵਾਰ ਪੋਸਤ ਦੇ ਫੁੱਲਾਂ ਵਾਂਗ ਲਾਲ ਹੋ ਗਈ।

ਦੋਸਤੋ ਏਸੇ ਹੀ ਜੰਗ ਵਿਚ ਗੁਰੂ ਸਾਹਿਬ ਦੇ ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰੇ ਵੀ ਸ਼ਹੀਦ ਹੋਏ। ਚਮਕੌਰ ਦੀ ਗੜ੍ਹੀ ਵਿਚੋਂ ਨਿਕਲ ਕੇ ਗੁਰੂ ਗੋਬਿੰਦ ਸਿੰਘ ਜੀ ਅੱਜ ਵਰਗੀ ਤੇ ਇਨ੍ਹਾਂ ਹੀ ਦਿਨਾਂ ਵਰਗੀ ਠੰਢੀ ਯੱਖ ਰਾਤ ਵਿਚ ਨੰਗੇ ਪੈਰੀਂ ਸਫਰ ਕਰਦੇ ਇਕੱਲ-ਮੁਕੱਲੇ ਪਰ ਖਾਲਸੇ ਦੀ ਯਾਦ ਨੂੰ ਲੈ ਕੇ ਮਾਛੀਵਾੜੇ ਦੇ ਜੰਗਲ ਵਿਚ ਪਹੁੰਚਦੇ ਹਨ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਦੀ ਇਲਾਹੀ ਸੱਦ ਦੀ ਗੂੰਜ ਵੀ ਇਸੇ ਜੰਗਲ ਵਿਚੋਂ ਪੈਦਾ ਹੁੰਦੀ ਹੈ। ਏਸ ਔਖੀ ਘੜੀ ਵਿਚ ਵੀ ਅਤੇ ਉਲਟ ਹਾਲਤਾਂ ਵਿਚ ਵੀ ਗੁਰੂ ਗੋਬਿੰਦ ਸਿੰਘ ਨੇ ਮੁਗ਼ਲ ਹਕੂਮਤ ਨੂੰ ‘ਖੇੜਿਆਂ ਦਾ ਟੋਲਾ’ ਕਹਿ ਕੇ ਰੱਦ ਕੀਤਾ, ਉਸ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਅਤੇ ਜੰਗ ਜਾਰੀ ਰੱਖਣ ਦਾ ਪ੍ਰਣ ਲਿਆ ਅਤੇ ਨਾਲ ਹੀ ਗਰੀਬ ਸਿੱਖਨ (ਖਾਲਸੇ) ਨੂੰ ਪਾਤਸ਼ਾਹੀ ਦਾ ਵਰ ਦਿੱਤਾ। ਤੇ ਉਸ ਤੋਂ ਸੌ ਸਾਲ ਪਿਛੋਂ ਹਿੰਦ ਦੇ ਵੱਡੇ ਹਿੱਸੇ ਉਤੇ ਖਾਲਸਾਈ ਨਿਸ਼ਾਨ ਝੁਲਣ ਲੱਗ ਪਏ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।