ਰਾਜਪਾਲ ਨੇ ਮੁੱਖ ਮੰਤਰੀ ਦੇ ਸਲਾਹਕਾਰਾਂ ਦੀਆਂ ਨਿਯੁਕਤੀਆਂ ਸਬੰਧੀ ਬਿੱਲ ਰੋਕਦਿਆਂ ਸਵਾਲ ਖੜ੍ਹੇ ਕੀਤੇ

ਰਾਜਪਾਲ ਨੇ ਮੁੱਖ ਮੰਤਰੀ ਦੇ ਸਲਾਹਕਾਰਾਂ ਦੀਆਂ ਨਿਯੁਕਤੀਆਂ ਸਬੰਧੀ ਬਿੱਲ ਰੋਕਦਿਆਂ ਸਵਾਲ ਖੜ੍ਹੇ ਕੀਤੇ
ਵੀਪੀ ਸਿੰਘ ਬਦਨੌਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਹੁੰ ਚੁੱਕ ਸਮਾਗਮ ਮੌਕੇ ਦੀ ਤਸਵੀਰ

ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵੱਲੋਂ ਪੰਜਾਬ ਦੇ ਕੁੱਝ ਵਿਧਾਇਕਾਂ ਦੀਆਂ ਬਤੌਰ ਮੁੱਖ ਮੰਤਰੀ ਦੇ ਸਲਾਹਕਾਰ ਵਜੋਂ ਨਿਯੁਕਤੀਆਂ ਵਾਲੇ ਬਿੱਲ ਨੂੰ ਪਾਸ ਕਰਨ ਤੋਂ ਇਨਕਾਰ ਕਰਨ ਦੀਆਂ ਖਬਰਾਂ ਆਉਣ ਤੋਂ ਬਾਅਦ ਸਪਸ਼ਟੀਕਰਨ ਦਿੰਦਿਆਂ ਪੰਜਾਬ ਸਰਕਾਰ ਨੇ ਕਿਹਾ, "ਰਾਜਪਾਲ ਨੇ ਬਿੱਲ ਵਿੱਚ ਪੰਜਾਬ ਸਰਕਾਰ ਤੋਂ ਕੁਝ ਸਪੱਸ਼ਟੀਕਰਨ ਮੰਗੇ ਸਨ, ਜਿਨ੍ਹਾਂ ਵਿੱਚ ਛੇ ਵਿਧਾਇਕਾਂ ਦੀ ਮੁੱਖ ਮੰਤਰੀ ਦੇ ਸਲਾਹਕਾਰ ਨਿਯੁਕਤ ਕਰਨ ਸਬੰਧੀ ਸਵਾਲ ਹਨ। ਰਾਜਪਾਲ ਦਾ ਪੱਤਰ ਮੁੱਖ ਮੰਤਰੀ ਦੇ ਦਫ਼ਤਰ ਨੂੰ ਭੇਜਿਆ ਗਿਆ ਹੈ ਅਤੇ ਜਲਦੀ ਹੀ ਇਸ ਬਾਰੇ ਲੋੜੀਂਦਾ ਜਵਾਬ ਭੇਜ ਦਿੱਤਾ ਜਾਵੇਗਾ।" ਭਾਵ ਕਿ ਸਰਕਾਰ ਨੇ ਇਹ ਮੰਨਿਆ ਕਿ ਬਿੱਲ ਰੋਕੇ ਗਏ ਹਨ ਤੇ ਸਪਸ਼ਟੀਕਰਨ ਮੰਗਿਆ ਗਿਆ ਹੈ ਜੋ ਕਿ ਜਲਦੀ ਹੀ ਦੇ ਦਿੱਤਾ ਜਾਏਗਾ।

ਜ਼ਿਕਰਯੋਗ ਹੈ ਕਿ ਪੰਜਾਬ ਰਾਜ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ (ਅਯੋਗਤਾ ਰੋਕਥਾਮ) ਸੋਧ ਬਿੱਲ, 2019 ਰਾਜਪਾਲ ਦੇ ਦਸਤਖਤਾਂ ਲਈ ਭੇਜਿਆ ਗਿਆ ਸੀ ਤੇ ਬੀਤੇ ਕੱਲ੍ਹ ਮੀਡੀਆ ਵਿੱਚ ਇਹ ਖਬਰਾਂ ਆਈਆਂ ਸਨ ਕਿ ਰਾਜਪਾਲ ਨੇ ਇਸ ਬਿੱਲ 'ਤੇ ਦਸਤਖਤ ਕਰਨ ਤੋਂ ਇਨਕਾਰ ਕਰਦਿਆਂ ਇਹ ਬਿੱਲ ਵਾਪਿਸ ਭੇਜ ਦਿੱਤਾ ਹੈ ਤੇ ਇਸ ਸਬੰਧੀ ਸਰਕਾਰ ਦੀਆਂ ਜ਼ਿੰਮੇਵਾਰੀਆਂ, ਵਿੱਤੀ ਪ੍ਰਭਾਵ, ਕਾਨੂੰਨੀ ਅਤੇ ਰਾਜਨੀਤਿਕ ਨਿਯੁਕਤੀਆਂ ਦੀ ਜਵਾਬਦੇਹੀ ਸੰਬੰਧੀ 13 ਸਵਾਲ ਖੜ੍ਹੇ ਕੀਤੇ ਗਏ ਹਨ।

9 ਸਤੰਬਰ ਨੂੰ, ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ (ਫਰੀਦਕੋਟ), ਅਮਰਿੰਦਰ ਸਿੰਘ ਰਾਜਾ ਵੜਿੰਗ (ਗਿੱਦੜਬਾਹਾ), ਸੰਗਤ ਸਿੰਘ ਗਿਲਜੀਆਂ (ਉਰਮੁਰ) ਅਤੇ ਇੰਦਰਬੀਰ ਸਿੰਘ ਬੁਲਾਰੀਆ (ਅੰਮ੍ਰਿਤਸਰ-ਦੱਖਣੀ) ਨੂੰ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ, ਜਦਕਿ ਵਿਧਾਇਕ ਕੁਲਜੀਤ ਸਿੰਘ ਨਾਗਰਾ (ਫਤਹਿਗੜ੍ਹ ਸਾਹਿਬ) ਨੂੰ ਸਲਾਹਕਾਰ (ਯੋਜਨਾਬੰਦੀ) ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਸੀ। ਛੇਵੇਂ ਵਿਧਾਇਕ ਤਰਸੇਮ ਸਿੰਘ (ਅਟਾਰੀ) ਨੂੰ ਸਲਾਹਕਾਰ (ਯੋਜਨਾਬੰਦੀ) ਵੀ ਨਿਯੁਕਤ ਕੀਤਾ ਗਿਆ ਸੀ ਪਰ ਰਾਜ ਮੰਤਰੀ ਦੇ ਅਹੁਦੇ 'ਤੇ।

ਸਰਕਾਰ ਨੇ ਪਿਛਲੇ ਸਾਲ ਸਤੰਬਰ ਵਿੱਚ ਨਿਯੁਕਤੀਆਂ ਨੂੰ ਕਾਨੂੰਨੀ ਬਣਾਉਣ ਲਈ ਆਰਡੀਨੈਂਸ ਦੇ ਰਸਤੇ ਅਜ਼ਮਾਏ ਸਨ, ਪਰ ਪੰਜਾਬ ਰਾਜਪਾਲ ਦੀ ਮਨਜੂਰੀ ਪ੍ਰਾਪਤ ਕਰਨ ਵਿਚ ਅਸਫਲ ਰਹੀ ਸਰਕਾਰ ਨੇ ਇਹ ਪਿਛਲੇ ਮਹੀਨੇ ਪੰਜਾਬ ਰਾਜ ਵਿਧਾਨ ਸਭਾ (ਅਯੋਗਤਾ ਰੋਕਥਾਮ) ਸੋਧ ਬਿੱਲ ਲਿਆਂਦਾ ਸੀ।

ਫਾਈਲ ਸਰਕਾਰ ਨੂੰ ਵਾਪਸ ਕਰਦਿਆਂ ਰਾਜਪਾਲ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਸਲਾਹਕਾਰਾਂ ਦੀਆਂ ਅਸਾਮੀਆਂ ਕਿਸੇ ਨਿਯਮ ਅਧੀਨ ਬਣੀਆਂ ਹਨ ਅਤੇ ਕੀ ਸਲਾਹਕਾਰਾਂ ਦੀ ਨਿਯੁਕਤੀ ਕਰਨ ਦੀ ਕੋਈ ਸੀਮਾ ਸੀ ? ਇੰਨ੍ਹਾਂ ਤੋਂ ਇਲਾਵਾ ਕੁੱਲ 13 ਜਵਾਬ ਪੰਜਾਬ ਰਾਜਪਾਲ ਵੱਲੋਂ ਮੰਗੇ ਗਏ ਨੇ। ਰਾਜਪਾਲ ਨੇ ਰੋਜ਼ਾਨਾ ਕੰਮਾਂ ਵਿੱਚ ਪੰਜਾਬ ਵਿਧਾਨ ਸਭਾ ਨੂੰ ਉਨ੍ਹਾਂ ਦੀ ਜਵਾਬਦੇਹੀ ਬਾਰੇ ਵੀ ਜਾਣਕਾਰੀ ਮੰਗੀ ਹੈ, ਮੁੱਖ ਮੰਤਰੀ ਉਨ੍ਹਾਂ ਤੋਂ ਕਿਸ ਤਰ੍ਹਾਂ ਦੀ ਸਲਾਹ ਲੈਣ ਦੇ ਯੋਗ ਹੋਣਗੇ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।