ਗੱਲਾਂ ਜੰਗ ਦੀਆਂ: ਲੀਬੀਆ ਦੀ ਜੰਗ ਦੇ ਜਾਨੀ ਦੁਸ਼ਮਣਾਂ ਦੀ ਰੂਸ 'ਚ ਹੋਵੇਗੀ ਬੈਠਕ

ਗੱਲਾਂ ਜੰਗ ਦੀਆਂ: ਲੀਬੀਆ ਦੀ ਜੰਗ ਦੇ ਜਾਨੀ ਦੁਸ਼ਮਣਾਂ ਦੀ ਰੂਸ 'ਚ ਹੋਵੇਗੀ ਬੈਠਕ
ਜੀਐਨਏ ਮੁਖੀ ਫਾਏਜ਼ ਅਲ-ਸਰਾਜ ਅਤੇ ਬਾਗੀ ਜਰਨੈਲ ਖਲੀਫਾ ਹਫਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ:
2014 ਤੋਂ ਲੀਬੀਆ ਵਿੱਚ ਚੱਲ ਰਹੇ ਗ੍ਰਹਿ ਯੁੱਧ (ਸਿਵਲ ਵਾਰ) ਦੀਆਂ ਧਿਰਾਂ ਦਰਮਿਆਨ ਇੱਕ ਦਿਨ ਪਹਿਲਾਂ ਹੋਈ ਗੋਲੀਬੰਦੀ ਮਗਰੋਂ ਦੋਵੇਂ ਧਿਰਾਂ ਦੇ ਮੁੱਖ ਆਗੂ (ਜੀਐਨਏ ਮੁਖੀ ਫਾਏਜ਼ ਅਲ-ਸਰਾਜ ਅਤੇ ਬਾਗੀ ਜਰਨੈਲ ਖਲੀਫਾ ਹਫਤਾਰ) ਰੂਸ ਦੀ ਰਾਜਧਾਨੀ ਮੋਸਕੋ ਵਿੱਚ ਪਹੁੰਚੇ ਹਨ ਜਿੱਥੇ ਰੂਸ ਅਤੇ ਤੁਰਕੀ ਦੀ ਵਿਚੋਲਗੀ ਨਾਲ ਇਹਨਾਂ ਦੋਵਾਂ ਆਗੂਆਂ ਦਰਮਿਆਨ ਕਿਸੇ ਸਮਝੌਤੇ ਲਈ ਗੱਲਬਾਤ ਹੋਵੇਗੀ। ਜ਼ਿਕਰਯੋਗ ਹੈ ਕਿ ਰੂਸ ਅਤੇ ਤੁਰਕੀ ਲੀਬੀਆ ਵਿੱਚ ਵੱਖ-ਵੱਖ ਧਿਰਾਂ ਦਾ ਸਹਿਯੋਗ ਕਰ ਰਹੇ ਹਨ। ਪਰ ਬੀਤੇ ਹਫਤੇ ਰੂਸ ਦੇ ਰਾਸ਼ਟਰਤੀ ਵਾਲਦੀਮੀਰ ਪੂਤਿਨ ਨੇ ਤੁਰਕੀ ਪਹੁੰਚ ਕੇ ਤੁਰਕੀ ਦੇ ਰਾਸ਼ਟਰਪਤੀ ਏਰਡੋਗਨ ਨਾਲ ਮੁਲਾਕਾਤ ਕੀਤੀ ਸੀ ਜਿਸ ਮਗਰੋਂ ਇਹ ਗੋਲੀਬੰਦੀ ਦਾ ਐਲਾਨ ਹੋਇਆ ਹੈ ਅਤੇ ਇਹ ਬੈਠਕ ਹੋ ਰਹੀ ਹੈ। 

ਸੀਰੀਆ ਦੀ ਇਸ ਜੰਗ ਦਾ ਪਿਛੋਕੜ
ਗੱਦਾਫੀ ਦਾ ਰਾਜ 
ਅਫਰੀਕਾ ਮਹਾਦੀਪ ਦੇ ਉੱਤਰੀ ਹਿੱਸੇ ਵਿੱਚ ਤੇਲ ਦੇ ਭੰਡਾਰਾਂ ਨਾਲ ਭਰਪੂਰ ਦੇਸ਼ ਲੀਬੀਆ ਵਿੱਚ 1969 ਤੋਂ 2011 ਤੱਕ ਮੁਅੱਮਰ ਮੋਹੱਮਦ ਗੱਦਾਫੀ ਨੇ ਰਾਜ ਕੀਤਾ। 2011 'ਚ ਲੀਬੀਆ ਦੇ ਪੂਰਬੀ ਖੇਤਰ ਵਿੱਚੋਂ ਗੱਦਾਫੀ ਦੇ ਰਾਜ ਖਿਲਾਫ ਬਗਾਵਤ ਉੱਠੀ ਤੇ ਪੱਛਮੀ ਦੇਸ਼ਾਂ ਦੀ ਮਦਦ ਨਾਲ ਇਸ ਬਗਾਵਤ ਨੇ ਲੀਬੀਆ 'ਚ ਗੱਦਾਫੀ ਦੇ ਰਾਜ ਦਾ ਤਖਤਾ ਪਲਟ ਦਿੱਤਾ। 


ਗੱਦਾਫੀ

ਤਖਤਾ ਪਲਟ ਮਗਰੋਂ ਰਾਜਨੀਤਕ ਸਥਿਤੀ
ਇਸ ਤਖਤਾ ਪਲਟ ਮਗਰੋਂ 23 ਅਕਤੂਬਰ, 2011 ਨੂੰ ਨੈਸ਼ਨਲ ਟ੍ਰਾਂਸੀਸ਼ਨਲ ਕਾਉਂਸਲ (ਐਨਟੀਸੀ) ਨੇ ਲੀਬੀਆ ਦੀ ਅਜ਼ਾਦੀ ਦਾ ਐਲਾਨ ਕੀਤਾ। ਐਨਟੀਸੀ ਵੱਲੋਂ ਅੰਤਰਿਮ ਸਰਕਾਰ ਦਾ ਐਲਾਨ ਕੀਤਾ ਗਿਆ। 14 ਅਕਤੂਬਰ 2012 ਨੂੰ ਚੋਣਾਂ ਮਗਰੋਂ ਅਲੀ ਜ਼ੇਦਾਨ ਨੂੰ ਲੀਬੀਆ ਦਾ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਐਨਟੀਸੀ ਨੇ ਆਪਣੀ ਰਾਜਨੀਤਕ ਤਾਕਤ ਦਾ ਤਬਾਦਲਾ ਜਨਰਲ ਨੈਸ਼ਨਲ ਕਾਂਗਰਸ (ਜੀਐਨਸੀ) ਨੂੰ ਕਰ ਦਿੱਤਾ।

ਇੱਕ ਹੋਰ ਬਗਾਵਤ 
14 ਫਰਵਰੀ 2014 ਨੂੰ ਲੀਬੀਆ ਫੌਜ ਦੇ ਜਰਨੈਲ ਖਲੀਫਾ ਹਫਤਾਰ ਨੇ ਸਰਕਾਰ ਖਿਲਾਫ ਬਗਾਵਤ ਦਾ ਐਲਾਨ ਕਰਦਿਆਂ ਜੀਐਨਸੀ ਨੂੰ ਭੰਗ ਕਰਕੇ ਕੇਅਰਟੇਕਰ ਸਰਕਾਰ ਦਾ ਐਲਾਨ ਕਰ ਦਿੱਤਾ। 16 ਮਈ, 2014 ਨੂੰ ਹਫਤਾਰ ਦੀ ਸਮਰਥਕ ਫੌਜ ਨੇ ਤਖਤਾ ਪਲਟ ਕਰਨ ਲਈ ਹਥਿਆਰਬੰਦ ਮੁਹਿੰਮ ਸ਼ੁਰੂ ਕਰ ਦਿੱਤੀ। 

ਟਕਰਾਅ ਦੀਆਂ ਮੁੱਖ ਧਿਰਾਂ
2014 ਤੋਂ ਸ਼ੁਰੂ ਹੋਇਆ ਲੀਬੀਆ ਦਾ ਇਹ ਰਾਜਨੀਤਕ ਟਕਰਾਅ ਮੁੱਖ ਤੌਰ 'ਤੇ ਅੱਜ ਦੇ ਸਮੇਂ ਸੰਯੁਕਤ ਰਾਸ਼ਟਰ ਦੀ ਤਰਫਦਾਰੀ ਪ੍ਰਾਪਤ ਰਾਜਧਾਨੀ ਤ੍ਰਿਪੋਲੀ ਸਥਿਤ ਗਵਰਨਮੈਂਟ ਆਫ ਨੈਸ਼ਨਲ ਅਕਾਰਡ (ਜੀਐਨਏ) ਅਤੇ ਪੂਰਵੀ ਲੀਬੀਆ 'ਚ ਸਥਾਪਤ ਜਰਨੈਲ ਹਫਤਾਰ ਦੀ ਅਗਵਾਈ ਵਾਲੀ ਲੀਬੀਅਨ ਨੈਸ਼ਨਲ ਆਰਮੀ ਦਰਮਿਆਨ ਹੈ। 

ਬੀਤੇ ਵਰ੍ਹੇ ਅਪ੍ਰੈਲ ਵਿੱਚ ਜਰਨੈਲ ਹਫਤਾਰ ਦੀ ਅਗਵਾਈ ਵਾਲੀ ਫੌਜ ਨੇ ਤ੍ਰਿਪੋਲੀ 'ਤੇ ਚੜ੍ਹਾਈ ਦਾ ਐਲਾਨ ਕੀਤਾ ਸੀ। ਪਰ ਜੀਐਨਏ ਦੀਆਂ ਫੌਜਾਂ ਨੇ ਹਫਤਾਰ ਦੀਆਂ ਫੌਜਾਂ ਦੀ ਇਸ ਮੁਹਿੰਮ ਨੂੰ ਹੁਣ ਤੱਕ ਡੱਕਿਆ ਹੋਇਆ ਹੈ। 

ਕੌਣ ਕਿਸ ਨਾਲ?
ਪਰ ਸਾਹਮਣੇ ਦਿਸਦੀਆਂ ਇਹਨਾਂ ਦੋ ਧਿਰਾਂ ਦੇ ਪਿੱਛੇ ਹੋਰ ਬਹੁਤ ਧਿਰਾਂ ਹਨ ਜਿਹੜੀਆਂ ਇਸ ਜੰਗ ਦਾ ਹਿੱਸਾ ਬਣੀਆਂ ਹੋਈਆਂ ਹਨ। ਵੱਖ-ਵੱਖ ਤੱਥਾਂ ਦੀ ਜਾਣਕਾਰੀ ਰਾਹੀਂ ਸਾਹਮਣੇ ਆਇਆ ਹੈ ਕਿ ਇਸ ਜੰਗ ਵਿੱਚ ਯੂਏਈ, ਮਿਸਰ (), ਫਰਾਂਸ, ਰੂਸ, ਅਮਰੀਕਾ, ਸਾਊਦੀ ਅਰਬ, ਸੂਡਾਨ ਜਰਨੈਲ ਹਫਤਾਰ ਦਾ ਸਮਰਥਨ ਕਰ ਰਹੇ ਹਨ। ਜਦਕਿ ਤੁਰਕੀ, ਕਤਰ ਜੀਐਨਏ ਦੇ ਸਮਰਥਨ ਵਿੱਚ ਹਨ। ਇਹ ਸਾਰੇ ਦੇਸ਼ਾਂ ਲੀਬੀਆ ਵਿੱਚ ਲੜ ਰਹੀਆਂ ਇਹਨਾਂ ਧਿਰਾਂ ਨੂੰ ਫੌਜੀ, ਆਰਥਿਕ ਤੋਂ ਲੈ ਕੇ ਕੂਟਨੀਤਕ ਖੇਤਰ ਤਕ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾ ਰਹੇ ਹਨ। ਤੁਰਕੀ ਨੇ ਜੀਐਨਏ ਸਰਕਾਰ ਦੇ ਸਮਰਥਨ ਵਿੱਚ ਆਪਣੇ ਫੌਜੀ ਜਵਾਨਾਂ ਨੂੰ ਵੀ ਲੀਬੀਆ ਭੇਜਿਆ ਹੈ। 


ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਤੁਰਕੀ ਦੇ ਰਾਸ਼ਟਰਪਤੀ ਏਰਡੋਗਨ

ਤੇਲ ਦਾ ਭੰਡਾਰ
ਲੀਬੀਆ ਅਫਰੀਕਾ ਮਹਾਂਦੀਪ ਵਿੱਚ ਸਭ ਤੋਂ ਵੱਧ ਤੇਲ ਭੰਡਾਰ ਵਾਲਾ ਦੇਸ਼ ਹੈ ਤੇ ਦੁਨੀਆ ਦੇ ਸਭ ਤੋਂ ਵੱਧ ਤੇਲ ਵਾਲੇ ਦਸ ਦੇਸ਼ਾਂ ਵਿਚੋਂ ਇੱਕ ਹੈ। ਲੀਬੀਆ ਦੇ ਤੇਲ ਦੀ ਇਹ ਖਾਸੀਅਤ ਹੈ ਕਿ ਇਸਨੂੰ ਵਰਤਣਯੋਗ ਬਣਾਉਣ ਲਈ ਹੋਰ ਥਾਵਾਂ ਦੇ ਤੇਲ ਮੁਕਾਬਲੇ ਘਟ ਖਰਚ ਆਉਂਦਾ ਹੈ। ਲੀਬੀਆ ਦੇ ਤੇਲ ਦਾ ਜ਼ਿਆਦਾ ਹਿੱਸਾ ਯੂਰਪੀਨ ਮੁਲਕਾਂ 'ਚ ਜਾਂਦਾ ਹੈ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।