ਭਾਰਤ ਵਿੱਚ ਮਹਿੰਗਾਈ ਸਿਖਰਾਂ ਵੱਲ, ਤੋੜਿਆ ਸਾਢੇ ਪੰਜ ਸਾਲਾਂ ਦਾ ਰਿਕਾਰਡ

ਭਾਰਤ ਵਿੱਚ ਮਹਿੰਗਾਈ ਸਿਖਰਾਂ ਵੱਲ, ਤੋੜਿਆ ਸਾਢੇ ਪੰਜ ਸਾਲਾਂ ਦਾ ਰਿਕਾਰਡ

ਨਵੀਂ ਦਿੱਲੀ: ਭਾਰਤ ਵਿੱਚ ਜਿੱਥੇ ਮੋਦੀ ਸਰਕਾਰ ਦੇ ਰਾਜਨੀਤਕ ਫੈਂਸਲਿਆਂ ਨਾਲ ਘੱਟਗਿਣਤੀਆਂ ਤੜਫੀਆਂ ਹੋਈਆਂ ਹਨ ਉੱਥੇ ਹੀ ਆਰਥਿਕ ਮੁਹਾਜ਼ 'ਤੇ ਵੀ ਸਰਕਾਰ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ। ਭਾਰਤ ਵਿੱਚ ਵਧ ਰਹੀ ਮਹਿੰਗਾਈ ਸਬੰਧੀ ਇਕ ਹੋਰ ਅੰਕੜਾ ਸਾਹਮਣੇ ਆਇਆ ਹੈ। ਭਾਰਤ ਵਿਚ ਪ੍ਰਚੂਨ ਮਹਿੰਗਾਈ ਦਰ ਪਿਛਲੇ ਮਹੀਨੇ ਦਸੰਬਰ ’ਚ ਵੱਧ ਕੇ 7.35 ਫ਼ੀਸਦ ’ਤੇ ਪਹੁੰਚ ਗਈ ਹੈ ਜੋ ਪਿਛਲੇ ਸਾਢੇ ਪੰਜ ਸਾਲਾਂ ’ਚ ਸਿਖਰਲੇ ਪੱਧਰ ’ਤੇ ਹੈ। 

ਨਰਿੰਦਰ ਮੋਦੀ ਦੀ ਅਗਵਾਈ ਹੇਠ ਜਦੋਂ ਸਰਕਾਰ ਨੇ 2014 ’ਚ ਅਹੁਦੇਦਾਰੀ ਸਾਂਭੀ ਸੀ ਤਾਂ ਜੁਲਾਈ ’ਚ ਮਹਿੰਗਾਈ ਦਰ 7.39 ਫ਼ੀਸਦ ਦਰਜ ਕੀਤੀ ਗਈ ਸੀ। ਸਬਜ਼ੀਆਂ ਖਾਸ ਕਰ ਕੇ ਪਿਆਜ਼ ਮਹਿੰਗੇ ਹੋਣ ਨਾਲ ਕੀਮਤਾਂ ਚੜ੍ਹੀਆਂ ਅਤੇ ਇਹ ਭਾਰਤੀ ਰਿਜ਼ਰਵ ਬੈਂਕ ਵੱਲੋਂ ਤੈਅ ਹੱਦ ਤੋਂ ਉੱਤੇ ਚਲੀ ਗਈ ਹੈ। 

ਕੌਮੀ ਅੰਕੜਾ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਬਜ਼ੀਆਂ ਦੇ ਮਾਮਲੇ ’ਚ ਮਹਿੰਗਾਈ ਦਰ ਦਸੰਬਰ 2018 ਦੀ ਤੁਲਨਾ ’ਚ ਪਿਛਲੇ ਸਾਲ 60.5 ਫ਼ੀਸਦੀ ਦਰਜ ਕੀਤੀ ਗਈ। ਖਪਤਕਾਰ ਕੀਮਤ ਸੂਚਕ ਅੰਕ ’ਤੇ ਆਧਾਰਿਤ ਮਹਿੰਗਾਈ ਦਰ ਦਸੰਬਰ 2019 ’ਚ 5.54 ਫ਼ੀਸਦ ਰਹੀ ਜੋ 2018 ’ਚ 2.11 ਫ਼ੀਸਦ ਸੀ। ਅੰਕੜਿਆਂ ਮੁਤਾਬਕ ਖੁਰਾਕ ਮਹਿੰਗਾਈ ਦਰ ਦਸੰਬਰ ’ਚ ਵੱਧ ਕੇ 14.12 ਫ਼ੀਸਦ ’ਤੇ ਪੁੱਜ ਗਈ।

ਦਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਨੇ ਪ੍ਰਚੂਨ ਮਹਿੰਗਾਈ ਦਰ ਦਾ ਸਿਖਰਲਾ ਅੰਕੜਾ 6 ਫੀਸਦ ਮਿਥਿਆ ਹੋਇਆ ਹੈ ਪਰ ਦਸੰਬਰ ਮਹੀਨੇ 'ਚ ਇਹ ਅੰਕੜਾ ਅਸਲ ਅੰਕੜੇ ਤੋਂ ਬਹੁਤ ਪਿੱਛੇ ਰਹਿ ਗਿਆ, ਜਿਸ ਨੇ ਬੈਂਕ ਨੂੰ ਫਿਕਰਮੰਦ ਕੀਤਾ ਹੈ। ਦੂਜੇ ਪਾਸੇ ਭਾਰਤ ਦੀ ਆਰਥਿਕ ਦਰ ਪਹਿਲਾਂ ਹੀ ਮੂੰਧੇ ਮੂੰਹ ਡਿਗ ਰਹੀ ਹੈ। 

ਸਭ ਤੋਂ ਵੱਧ ਮਹਿੰਗਾਈ ਖਾਣ ਵਾਲੇ ਤੇਲ, ਮਾਸ ਅਤੇ ਦੁੱਧ ਨਾਲ ਸਬੰਧਿਤ ਪਦਾਰਥਾਂ 'ਚ ਦਰਜ ਕੀਤੀ ਗਈ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।