ਪੰਜਾਬ ਵਿੱਚ ਸਿਆਸੀ ਪਰਿਵਰਤਨ ਕਿਉਂ ਹੋਇਆ?

ਪੰਜਾਬ ਵਿੱਚ ਸਿਆਸੀ ਪਰਿਵਰਤਨ ਕਿਉਂ ਹੋਇਆ?

“ਉੱਤਰ ਕਾਟੋ ਹੁਣ ਮੇਰੀ ਵਾਰੀ ਵਾਲੀ ਲੁੱਟ ਖਸੁੱਟ ਵਾਲੀ ਗੰਦੀ ਖੇਡ”

ਪੰਜਾਬ ਦੀ 16ਵੀਂ ਵਿਧਾਨ ਸਭਾ ਦੀਆਂ ਚੋਣਾਂ, ਆਮ ਆਦਮੀ ਪਾਰਟੀ ਦੀ ਹੂੰਝਾ ਫੇਰੂ ਇਤਿਹਾਸਕ ਜਿੱਤ, ਭਗਵੰਤ ਮਾਨ ਦਾ ਮੁੱਖ ਮੰਤਰੀ ਬਣਨਾ, ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਵਿਧਾਨਕ ਅਹੁਦੇ ਦੀ ਸਹੁੰ ਚੁੱਕਣਾ, ਸੌਂਪੀ ਗਈ ਜ਼ਿੰਮੇਵਾਰੀ ਵਾਸਤੇ ਪੰਜਾਬ ਦੇ ਲੋਕਾਂ ਦਾ ਹਿਰਦੇ ਤੋਂ ਧੰਨਵਾਦ ਕਰਨਾ ਤੇ ਇਸ ਦੇ ਨਾਲ ਹੀ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰੇ ਕਰਨ ਦਾ ਭਰੋਸਾ ਦੁਹਰਾਉਣਾ ਤੇ ਹੁਣ ਦਸ ਕੈਬਨਿਟ ਮੰਤਰੀਆਂ ਨੂੰ ਸਹੁੰ ਚੁੱਕਾ ਕੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਪਹਿਲਾ ਮਤਾ ਪਾਸ ਕਰਕੇ 25 ਹਜ਼ਾਰ ਨੌਕਰੀਆਂ ਦੀ ਪੁਲਿਸ ਤੇ ਹੋਰ ਸਰਕਾਰੀ ਵਿਭਾਗਾਂ ਵਿੱਚ ਭਰਤੀ ਨੂੰ ਮਨਜ਼ੂਰੀ ਦੇਣਾ ਆਦਿ ਹੁਣ ਤੱਕ ਦਾ ਸਾਰਾ ਘਟਨਾਕ੍ਰਮ ਆਪਣੇ ਆਪ ਵਿੱਚ ਜਿੱਥੇ ਨਵਾਂ ਇਤਿਹਾਸ ਸਿਰਜਣ ਵੱਲ ਭਗਵੰਤ ਮਾਨ ਦੀ ਪ੍ਰਤੀਬੱਧਤਾ ਪੇਸ਼ ਕਰਦਾ ਹੈ ਉੱਥੇ ਇਸ ਸ਼ੁਰੂਆਤ ਤੋਂ ਇਹ ਗੱਲ ਵੀ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਨਵਾਂ ਮੁੱਖ ਮੰਤਰੀ ਤੇ ਉਸ ਦੀ ਟੀਮ ਪੰਜਾਬ ਦੀ ਵਿਗੜੀ ਸੰਵਾਰਨ ਤੇ ਪੰਜਾਬ ਨੂੰ ਮੰਦਹਾਲੀ, ਬਦਹਾਲੀ ਤੇ ਗ਼ੁਰਬਤ ਤੋਂ ਬਾਹਰ ਕੱਢਕੇ ਮੁੜ ਖ਼ੁਸ਼ਹਾਲੀ ਅਤੇ ਵਿਕਾਸ ਦੀ ਪਟੜੀ ’ਤੇ ਚਾੜ੍ਹਨ ਵਾਸਤੇ ਲੋੜੀਂਦੀ ਇਮਾਨਦਾਰੀ, ਨੇਕ ਨੀਅਤ ਤੇ ਇੱਛਾਸ਼ਕਤੀ ਦੇ ਜੋਸ਼ ਨਾਲ ਪੂਰੀ ਤਰ੍ਹਾਂ ਲਬਾਲਬ ਹੈ। ਇਸ ਤਰ੍ਹਾਂ ਲਗਦਾ ਹੈ ਕਿ ਪੰਜਾਬੀ ਬਹੁਤ ਦੇਰ ਬਾਅਦ ਜਾਗੇ ਹਨ ਤੇ ਪੰਜਾਬ ਵਿੱਚ ਜੁੱਗ ਪਲਟਾ ਹੋਇਆ ਹੈ, ਨੀਲੇ ਚਿੱਟਿਆਂ ਦੀ “ਉੱਤਰ ਕਾਟੋ ਹੁਣ ਮੇਰੀ ਵਾਰੀ ਵਾਲੀ ਲੁੱਟ ਖਸੁੱਟ ਵਾਲੀ ਗੰਦੀ ਖੇਡ” ਖਤਮ ਹੋਈ ਹੈ। 

ਕਿਸਾਨ ਸੰਘਰਸ਼ ਨੇ ਇਸ ਬਦਲਾਵ ਵਾਸਤੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਕਿਸਾਨ ਜਥੇਬੰਦੀਆਂ ਦੇ ਏਕੇ ਕਾਰਨ ਜਿੱਥੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਕਿਸਾਨ ਸੰਘਰਸ਼ ਬਹੁਤ ਪਰਚੰਡ ਹੋਇਆ, ਉੱਥੇ ਰਿਵਾਇਤੀ ਪਾਰਟੀਆਂ ਦੀ ਇਸ ਸੰਘਰਸ਼ ਪ੍ਰਤੀ ਦੋਗਲੀ ਨੀਤੀ ਵੀ ਖੁੱਲ੍ਹਕੇ ਸਾਹਮਣੇ ਆਈ। ਇੱਕ ਪਾਸੇ ਸ਼ੁਰੂ ਵਿੱਚ ਤਿੰਨ ਕਾਲੇ ਕਾਨੂੰਨਾਂ ਦੀ ਤਾਰੀਫ਼ ਕਰਦੇ ਰਹੇ ਤੇ ਜਦ ਸੰਘਰਸ਼ ਬਹੁਤ ਤਿੱਖਾ ਹੋ ਗਿਆ ਤੇ ਦਿੱਲੀ ਦੀਆਂ ਬਰੂਹਾਂ ਤਕ ਜਾ ਪਹੁੰਚਿਆ ਤਾਂ ਹਾਲਾਤ ਦਾ ਬਦਲਿਆ ਰੁਖ ਦੇਖ ਕੇ ਯੂ ਟਰਨ ਲੈ ਕੇ ਓਪਰੇ ਮਨੋਂ ਕਿਸਾਨਾਂ ਦੇ ਨਾਲ ਹੋਣ ਦੀ ਗੱਲ ਕਰਨ ਲੱਗ ਪਏ, ਜਿਸ ਕਾਰਨ ਆਮ ਜਨਤਾ ਦਾ ਇਹਨਾਂ ਲੋਕਾਂ ਤੋਂ ਪੂਰੀ ਤਰ੍ਹਾਂ ਵਿਸ਼ਵਾਸ ਉੱਠ ਗਿਆ। ਦੂਸਰੇ ਪਾਸੇ ਕੇਜਰੀਵਾਲ ਨੇ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਦੀ ਹਰ ਪੱਖੋਂ ਖਾਤਰਦਾਰੀ ਕੀਤੀ। ਉਹ ਉਹਨਾਂ ਨੂੰ ਜਾ ਕੇ ਨਿੱਜੀ ਤੌਰ ’ਤੇ ਮਿਲਦੇ ਰਹੇ, ਲੁੜੀਂਦੇ ਰੋਟੀ ਪਾਣੀ, ਸਾਫ ਸਫਾਈ ਤੇ ਪਖਾਨਿਆਂ ਦਾ ਇੰਤਜ਼ਾਮ ਕਰਦੇ ਰਹੇ, ਜਿਸਦਾ ਕਿਸਾਨਾਂ ਉੱਤੇ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਲੋਕਾਂ ਦੇ ਮਨਾਂ ’ਤੇ ਬੜਾ ਸਕਾਰਾਤਮਕ ਅਸਰ ਪਿਆ। ਕੇਜਰੀਵਾਲ ਦੁਆਰਾ ਦਿੱਲੀ ਵਿੱਚ ਲੋਕਾਂ ਦੇ ਭਲੇ ਵਾਸਤੇ ਕੀਤੇ ਕਾਰਜਾਂ ਨੇ ਵੀ ਪੰਜਾਬੀ ਮਨਾਂ ਵਿੱਚ ਆਮ ਆਦਮੀ ਪਾਰਟੀ ਵਾਸਤੇ ਜਗ੍ਹਾ ਬਣਾਈ।

ਨਵਜੋਤ ਸਿੰਘ ਸਿੱਧੂ ਨੂੰ ਸਾਰੇ ਕਾਂਗਰਸੀ ਇਸ ਵੇਲੇ ਇਹ ਕਹਿ ਕੇ ਨਿੰਦ ਰਹੇ ਹਨ ਕਿ ਉਸ ਨੇ ਕਾਂਗਰਸ ਦੀ ਬੇੜੀ ਡੁੱਬੋ ਕੇ ਰੱਖ ਦਿੱਤੀ। ਚਲੋ ਮੰਨ ਲੈਂਦੇ ਹਾਂ ਕਿ ਉਸ ਦੀ ਬਦਜ਼ੁਬਾਨੀ ਕਾਰਨ ਅਜਿਹਾ ਹੋਇਆ ਵੀ ਹੋਵੇਗਾ, ਪਰ ਜੇਕਰ ਜ਼ਰਾ ਗਹੁ ਨਾਲ ਦੇਖੀਏ ਤਾਂ ਇਹ ਗੱਲ ਵੀ ਬਹੁਤ ਹੀ ਉੱਭਰਵੇਂ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਪੰਜਾਬ ਵਿੱਚ ਰਵਾਇਤੀ ਪਾਰਟੀਆਂ ਦਾ ਸਫਾਇਆ ਕਰਨ ਵਿੱਚ ਅਸਲ ਵਿੱਚ ਉਸ ਨੇ ਬਹੁਤ ਅਹਿਮ ਤੇ ਮੋਹਰੀ ਦੀ ਭੂਮਿਕਾ ਨਿਭਾਈ ਹੈ। ਭਾਜਪਾ ਦਾ ਜੋ ਮਾੜਾ ਮੋਟਾ ਜਨ-ਅਧਾਰ ਉਸ ਦੇ ਭਾਜਪਾ ਦਾ ਜੋ ਮਾੜਾ ਮੋਟਾ ਜਨ-ਅਧਾਰ ਉਸ ਦੇ ਭਾਜਪਾ ਦਾ ਹਿੱਸਾ ਹੋਣ ਕਾਰਨ ਸੀ, ਉਹ ਉਸ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਨਾਲ ਖਤਮ ਹੋ ਗਿਆ। ਕਾਂਗਰਸ ਵਿੱਚ ਸਿੱਧੂ ਉਪ ਮੁੱਖ ਮੰਤਰੀ ਦੀ ਪੇਸ਼ਕਸ਼ ’ਤੇ ਸ਼ਾਮਿਲ ਹੋਇਆ, ਪਰ ਕੈਪਟਨ ਅਮਰਿੰਦਰ ਸਿੰਘ ਨੇ ਕਾਫ਼ੀ ਸਮਾਂ ਉਸ ਦੇ ਪੈਰ ਨਾ ਲੱਗਣ ਦਿੱਤੇ ਤੇ ਆਖਿਰ ਡੇਢ ਕੁ ਸਾਲ ਚੁੱਪ ਰਹਿਣ ਤੋਂ ਬਾਅਦ ਉਹ ਕੈਪਟਨ ਨੂੰ ਮੂਧੇ ਮੂੰਹ ਸੁੱਟਣ ਵਿੱਚ ਕਾਮਯਾਬ ਹੋ ਗਿਆ। ਪਰ ਅੱਗੇ ਮੁੱਖ ਮੰਤਰੀ ਦੀ ਕੁਰਸੀ ਫਿਰ ਉਸ ਦੀ ਬਜਾਏ ਚਰਨਜੀਤ ਚੰਨੀ ਲੈ ਗਿਆ ਜਿਸ ਕਰਕੇ ਹਾਈ ਕਮਾਂਡ ਨਾਲ ਉਸ ਦੀ ਨਰਾਜ਼ਗੀ ਚਲਦੀ ਰਹੀ ਤੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀ ਚਰਚਾ ਵੀ ਕਾਫ਼ੀ ਦੇਰ ਚਲਦੀ ਰਹੀ। ਕਾਂਗਰਸ, ਸਿੱਧੂ ਤੇ ਅਮਰਿੰਦਰ ਦੋ ਖੇਮਿਆਂ ਵਿੱਚ ਵੰਡੀ ਗਈ। ਲੋਕਾਂ ਦੇ ਕੰਮਾਂ ਦੀ ਬਜਾਏ ਨਿੱਤ ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ਹੁੰਦੀ ਰਹੀ, ਜਿਸ ਕਾਰਨ ਲੋਕਾਂ ਦਾ ਇਸ ਪਾਰਟੀ ਤੋਂ ਮੋਹ ਭੰਗ ਹੋਣਾ ਲਾਜ਼ਮੀ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਵਾਅਦਿਆਂ ਦੀ ਅਪੂਰਤੀ, ਚੰਨੀ ਦੀ ਗਲਤ ਸਮੇਂ ’ਤੇ ਮੁੱਖ ਮੰਤਰੀ ਵਜੋਂ ਕੀਤੀ ਗਈ ਨਿਯੁਕਤੀ ਤੇ ਮੁੱਖ ਮੰਤਰੀ ਬਣਕੇ ਉਸ ਵੱਲੋਂ ਨਿੱਤ ਦਿਨ ਮਾਰੀਆਂ ਗਈਆਂ ਅੱਲ ਬਲੱਲੀਆਂ ਅਤੇ ਪਾਰਟੀ ਵਿੱਚ ਆਪਸੀ ਫੁੱਟ ਜਿੱਥੇ ਕਾਂਗਰਸ ਦੇ ਜੜ੍ਹੀਂ ਤੇਲ ਦੇ ਗਈ, ਉੱਥੇ ਤੀਜੇ ਬਦਲ ਵਜੋਂ ਆਮ ਆਦਮੀ ਪਾਰਟੀ ਦਾ ਅਧਾਰ ਬਹੁਤ ਮਜ਼ਬੂਤ ਕਰ ਗਈ। ਇਸਦਾ ਮੁੱਖ ਸੂਤਰਧਾਰ ਬਿਨਾ ਸ਼ੱਕ ਨਵਜੋਤ ਸਿੰਘ ਸਿੱਧੂ ਰਿਹਾ।

ਅਕਾਲੀਆਂ ਨੇ 2015 ਵਿੱਚ ਹੀ ਬਰਗਾੜੀ ਅਤੇ ਬਿਹਬਲ ਕਲਾਂ ਬੇਅਦਬੀ ਕਾਂਡਾਂ ਦਾ ਅਜਿਹਾ ਕਾਰਾ ਕਰ ਲਿਆ ਸੀ ਜੋ ਉਹਨਾਂ ਦੀ ਪਾਰਟੀ ਦੇ ਜੜ੍ਹੀਂ ਬੈਠ ਗਿਆ, ਜਿਸਦੇ ਫਲਸਰੂਪ ਢੀਂਡਸਾ, ਬ੍ਰਹਮਪੁਰਾ ਤੇ ਸੇਖਵਾਂ ਵਰਗੇ ਟਕਸਾਲੀ ਆਗੂ ਪਹਿਲਾਂ ਹੀ ਇਸ ਪਾਰਟੀ ਤੋਂ ਕਿਨਾਰਾ ਕਰ ਗਏ। ਇਹ ਵੱਖਰੀ ਗੱਲ ਹੈ ਹੁਣਵੀਆਂ ਚੋਣਾਂ ਵਿੱਚ ਉਹਨਾਂ ਨੇ ਭਾਜਪਾ ਨਾਲ ਸਾਂਝ ਭਿਆਲੀ ਪਾ ਕੇ ਆਪਣਾ ਰਹਿੰਦਾ ਖੂੰਹਦਾ ਵਜੂਦ ਵੀ ਖਤਮ ਕਰ ਲਿਆ। ਬਸਪਾ ਦਾ ਪੰਜਾਬ ਵਿੱਚ ਵੈਸੇ ਹੀ ਕੋਈ ਜਨ-ਅਧਾਰ ਨਹੀਂ, ਸੋ ਲਾ ਪਾ ਕੇ ਅਕਾਲੀਆਂ ਦੀਆਂ ਤਿੰਨ ਸੀਟਾਂ, ਨਤੀਜਾ ਆਪਣੇ ਸਭ ਦੇ ਸਾਹਮਣੇ ਹੈ।ਪੰਜਾਬ ਵਿਚਲੇ ਸੱਤਾ ਪਰਿਵਰਤਨ ਵਿੱਚ ਜੇਕਰ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਯੋਗਦਾਨ ਸੋਸ਼ਲ ਮੀਡੀਏ ਦਾ ਵੀ ਰਿਹਾ ਹੈ। ਜਿੱਥੇ ਪਹਿਲਾਂ ਵੱਖ ਵੱਖ ਪਾਰਟੀਆਂ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਤੇ ਐਲਾਨ ਕਰਕੇ ਲੋਕਾਂ ਨੂੰ ਭਰਮਾ ਲੈਂਦੀਆਂ ਸਨ ਤੇ ਜਿੱਤਣ ਤੋਂ ਬਾਅਦ ਵਿੱਚ ਆਪਣੀ ਮਨ ਮਰਜ਼ੀ ਕਰਦੀਆਂ ਸਨ ਤੇ ਸਮਾਂ ਪਾ ਕੇ ਲੋਕ ਵੀ ਸਭ ਕੁਝ ਭੁੱਲ ਜਾਂਦੇ ਸਨ, ਪਰ ਹੁਣ ਸੋਸ਼ਲ ਮੀਡੀਆ ਇੱਕ ਅਜਿਹਾ ਹਥਿਆਰ ਹੈ ਜੋ ਲੋਕਾਂ ਨੂੰ ਵਾਰ ਵਾਰ ਯਾਦ ਕਰਾਉਂਦਾ ਰਹਿੰਦਾ ਹੈ ਕਿ ਕਿਹੜੀ ਪਾਰਟੀ ਤੇ ਕਿਹੜੇ ਲੀਡਰ ਨੇ ਕਿਹੜੇ ਸਮੇਂ ਕੀ ਵਾਅਦਾ ਤੇ ਐਲਾਨ ਕੀਤਾ ਸੀ। ਮਿਸਾਲ ਵਜੋਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਾਂਡ, ਸੌਦਾ ਸਾਧ ਨੂੰ ਮੁਆਫੀ ਤੇ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਕਸਮ ਚੁੱਕ ਕੇ ਕੀਤੇ ਗਏ ਵਾਅਦੇ ਆਦਿ। ਇਸਦੇ ਨਾਲ ਹੀ ਸੋਸ਼ਲ ਮੀਡੀਏ ’ਤੇ ਬਣੇ ਗਰੁੱਪ ਲੋਕਾਂ ਵਿੱਚ ਆਪਸੀ ਤਾਲਮੇਲ ਤੇ ਰਾਇ ਸ਼ੁਮਾਰੀ ਦਾ ਵੱਡਾ ਸਾਧਨ ਹਨ। ਮਿੰਟਾਂ ਸਕਿੰਟਾਂ ਵਿੱਚ ਹੀ ਗਰੁੱਪ ਤੈਅ ਕਰ ਲੈਂਦੇ ਹਨ ਕਿ ਕਿਸੇ ਮਸਲੇ ’ਤੇ ਸੰਬੰਧਿਤ ਗਰੁੱਪ ਨੇ ਕੀ ਫੈਸਲਾ ਲੈਣਾ ਹੈ। ਹੁਣਵੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਲੋਕਾਂ ਨੇ ਪਹਿਲਾਂ ਹੀ ਤੈਅ ਕੀਤਾ ਹੋਇਆ ਸੀ ਕਿ ਇਸ ਵਾਰ ਉਹਨਾਂ ਨੇ ਕੀ ਫ਼ਤਵਾ ਦੇਣਾ ਹੈ। ਇਹ ਵੱਖਰੀ ਗੱਲ ਹੈ ਕਿ ਲੋਕ ਜਾਗਰੂਕ ਹੋ ਕੇ ਮੁੰਡੇ ਸਭਨਾਂ ਪਾਰਟੀਆਂ ਨੂੰ ਹੀ ਵੰਡਦੇ ਰਹੇ, ਪਰ ਅਸਲੀਅਤ ਇਹ ਹੈ ਕਿ ਸ਼ਰਾਬ ਤੇ ਦਾਰੂ ਸਿੱਕਾ ਕਿਸੇ ਹੋਰ ਪਾਰਟੀ ਦਾ ਖਾ ਪੀ ਕੇ ਵੋਟਾਂ ਆਮ ਆਦਮੀ ਦੇ ਉਮੀਦਵਾਰਾਂ ਨੂੰ ਪਾਉਂਦੇ ਰਹੇ।

ਮੁੱਕਦੀ ਗੱਲ ਕਿ ਇਸ ਵਾਰ ਪੰਜਾਬ ਵਿੱਚ ਸਹੀ ਸਿਆਸੀ ਪਰਿਵਰਤਨ ਆ ਚੁੱਕਾ ਹੈ। ਰਿਵਾਇਤੀ ਪਾਰਟੀਆਂ ਨੂੰ ਪੂਰੀ ਤਰ੍ਹਾਂ ਤੇ ਬੁਰੀ ਤਰ੍ਹਾਂ ਨਕਾਰਕੇ ਰਾਜ ਦੇ ਲੋਕਾਂ ਨੇ ਰਾਜ ਦੀ ਸਿਆਸੀ ਵਾਗਡੋਰ ਤੀਜੀ ਧਿਰ ਦੇ ਹੱਥ ਫੜਾ ਦਿੱਤੀ ਹੈ। ਆਮ ਆਦਮੀ ਦੀ ਸਰਕਾਰ ਬਣ ਚੁੱਕੀ ਹੈ, ਲੋਕਾਂ ਨੂੰ ਇਸ ਸਰਕਾਰ ਤੋਂ ਵੱਡੀਆਂ ਆਸਾਂ ਹਨ। ਸਰਕਾਰ ਸਿਰ ਲੋਕਾਂ ਦੀਆਂ ਆਸਾਂ ’ਤੇ ਖਰੇ ਉੱਤਰਨ ਦੀ ਚੁਨੌਤੀ ਭਰੀ ਵੱਡੀ ਜ਼ਿੰਮੇਵਾਰੀ ਹੈ। ਭਗਵੰਤ ਮਾਨ ਦੀ ਸਰਕਾਰ ਵਾਸਤੇ ਬੇਸ਼ਕ ਪੈਂਡਾ ਬੜਾ ਹੀ ਬਿੱਖੜਾ ਹੈ, ਪਰ ਜੋ ਉਤਸ਼ਾਹ ਇਸ ਸਮੇਂ ਪਾਰਟੀ ਕਾਡਰ ਵਿੱਚ ਹੈ, ਜਿਸ ਜੋਸ਼ ਨਾਲ ਭਗਵੰਤ ਮਾਨ ਨੇ ਸ਼ੁਰੂਆਤ ਕੀਤੀ ਹੈ, ਉਸ ਨੂੰ ਦੇਖ ਕੇ ਲਗਦਾ ਹੈ ਕਿ ਮੌਜੂਦਾ ਪੰਜਾਬ ਸਰਕਾਰ ਰਿਵਾਇਤੀ ਸਿਆਸੀ ਪਾਰਟੀਆਂ ਦੀਆਂ ਲੀਹਾਂ ਤੋਂ ਹਟਕੇ ਨਵੀਂਆਂ ਲੀਹਾਂ ਸਿਰਜੇਗੀ। ਬਹੁਤ ਸਾਰੇ ਨਵੇਂ ਕੀਰਤੀਮਾਨ ਅਤੇ ਦਿਸਹੱਦੇ ਸਥਾਪਤ ਕਰੇਗੀ। ਦਿਲੀ ਦੁਆ ਹੈ ਕਿ ਪੰਜਾਬ ਮੁੜ ਖੁਸ਼ਹਾਲ ਹੋਵੇ, ਵਿਕਾਸ ਦਾ ਪਹੀਆ ਖੁਸ਼ਹਾਲੀ ਦੀ ਲੀਹੇ ਪੈ ਕੇ ਪੰਜਾਬ ਦੀ ਨੁਹਾਰ ਬਦਲੇ ਤੇ ਲੋਕ ਸੁਖੀ ਵਸਣ।

 

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ