ਪਾਕਿ ਵਿਚ ਹਿੰਦੂ ਬੀਬੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ

 ਪਾਕਿ ਵਿਚ ਹਿੰਦੂ ਬੀਬੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ

     *ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਬਦਮਾਸ਼

ਅੰਮ੍ਰਿਤਸਰ ਟਾਈਮਜ਼

ਇਸਲਾਮਾਬਾਦ :ਸਿੰਧ ਸੂਬੇ ਵਿਖੇ ਸੁੱਕਰ ਦੇ ਰੋਹੀ ਇਲਾਕੇ ਵਿਚ ਇੱਕ ਹਿੰਦੂ ਲੜਕੀ 18 ਸਾਲਾ ਪੂਜਾ ਓਡ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇੱਕ ਬਦਮਾਸ਼ ਲੜਕੀ ਨੂੰ ਚੌਰਾਹੇ ਦੇ ਵਿਚਕਾਰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਜਿਹਾ ਨਾ ਹੋਣ 'ਤੇ ਬਦਮਾਸ਼ ਉਸਨੂੰ ਗੋਲੀ ਮਾਰ ਕੇ ਫਰਾਰ ਹੋ ਗਿਆ। ਪਾਕਿਸਤਾਨ ਵਿਚ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਨਹੀਂ ਹੈ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਦੱਸਿਆ ਕਿ ਹਰ ਸਾਲ ਸੈਂਕੜੇ ਇਸਾਈ ਅਤੇ ਹਿੰਦੂ ਕੁੜੀਆਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਘੱਟ ਗਿਣਤੀ ਭਾਈਚਾਰਿਆਂ ਨੂੰ ਲੰਬੇ ਸਮੇਂ ਤੋਂ ਜ਼ਬਰਦਸਤੀ ਵਿਆਹ ਤੇ ਧਰਮ ਪਰਿਵਰਤਨ ਦੇ ਮੁੱਦੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਈ ਅਧਿਕਾਰ ਸੰਗਠਨਾਂ ਨੇ ਇਸ ਲਈ ਪਾਕਿਸਤਾਨ ਸਰਕਾਰ ਦੀ ਆਲੋਚਨਾ ਕੀਤੀ ਹੈ। ਜਥੇਬੰਦੀਆਂ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਹਿੰਦੂਆਂ ਤੇ ਹੋਰ ਘੱਟ ਗਿਣਤੀਆਂ ਵਿਰੁੱਧ ਹੋ ਰਹੇ ਅਪਰਾਧਾਂ ਬਾਰੇ ਕੋਈ ਠੋਸ ਕਦਮ ਨਹੀਂ ਚੁੱਕ ਰਹੀ। ਇਸ ਤੋਂ ਪਹਿਲਾਂ ਸਿੰਧ ਦੀ ਸੂਬਾਈ ਸਰਕਾਰ ਨੇ ਜ਼ਬਰਦਸਤੀ ਧਰਮ ਪਰਿਵਰਤਨ ਤੇ ਵਿਆਹਾਂ 'ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਧਾਰਮਿਕ ਪ੍ਰਦਰਸ਼ਨਕਾਰੀਆਂ ਨੇ ਬਿੱਲ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਕੁੜੀਆਂ ਮੁਸਲਿਮ ਮਰਦਾਂ ਨਾਲ ਪਿਆਰ ਕਰਨ ਤੋਂ ਬਾਅਦ ਹੀ ਧਰਮ ਬਦਲਦੀਆਂ ਹਨ।

ਪੱਤਰਕਾਰ ਨੇ ਇਸ ਘਟਨਾ ਦੀ ਕੀਤੀ ਸਖ਼ਤ ਆਲੋਚਨਾ 

ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਇਤ ਨੇ ਟਵੀਟ ਕਰਕੇ ਲਿਖਿਆ, 'ਪਾਕਿਸਤਾਨ 'ਚ ਹਰ ਰੋਜ਼ ਹਿੰਦੂ ਅਤੇ ਇਸਾਈ ਧੀਆਂ ਨੂੰ ਜ਼ਬਰਦਸਤੀ ਅਗਵਾ ਕੀਤਾ ਜਾਂਦਾ ਹੈ, ਧਰਮ ਪਰਿਵਰਤਨ ਕੀਤਾ ਜਾਂਦਾ ਹੈ ਤੇ ਵਿਆਹ ਕੀਤਾ ਜਾਂਦਾ ਹੈ। ਪਾਕਿਸਤਾਨ ਇਹ ਸਭ ਕੁਝ ਤਮਾਸ਼ਾ ਬਣ ਕੇ ਦੇਖਦਾ ਰਹਿੰਦਾ ਹੈ। ਵਾਹਿਦ ਲਾਸ਼ਾਰੀ ਨੇ ਅਗਵਾ ਦਾ ਵਿਰੋਧ ਕਰਨ 'ਤੇ 18 ਸਾਲਾ ਪੂਜਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ।