ਸ਼ਰਾਬ ਫੈਕਟਰੀ ਚਲਾਉਣ ਵਾਲਾ ਮੁੱਖ ਦੋਸ਼ੀ ਕਾਂਗਰਸੀ ਨਿੱਕਲਿਆ

ਸ਼ਰਾਬ ਫੈਕਟਰੀ ਚਲਾਉਣ ਵਾਲਾ ਮੁੱਖ ਦੋਸ਼ੀ ਕਾਂਗਰਸੀ ਨਿੱਕਲਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਵਿਚ ਮਾਲੀਏ ਦੇ ਸਭ ਤੋਂ ਵੱਡੇ ਸਰੋਤ ਸ਼ਰਾਬ ਵਿਕਰੀ 'ਚ ਵੱਡੇ ਘਪਲੇ ਸਬੰਧੀ ਪੰਜਾਬ ਦੇ ਮੰਤਰੀਆਂ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਮੰਗ ਦਰਮਿਆਨ ਪਟਿਆਲਾ ਜ਼ਿਲ੍ਹੇ ਦੇ ਥਾਣਾ ਸ਼ੰਭੂ ਦੇ ਖੇਤਰ ਵਿੱਚੋਂ ਨਾਜਾਇਜ਼ ਸ਼ਰਾਬ ਫੈਕਟਰੀ ਫੜੇ ਜਾਣ ਨੇ ਇਸ ਘਪਲੇ ਨੂੰ ਸਿਆਸੀ ਸਰਪ੍ਰਸਤੀ ਦੀਆਂ ਗੱਲਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ।

ਇਸ ਸ਼ਰਾਬ ਫੈਕਟਰੀ ਦੇ ਮਾਮਲੇ ਸਬੰਧੀ ਪਟਿਆਲਾ ਦੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਅੱਜ ਤਿੰਨ ਮੈਂਬਰੀ ਪੜਤਾਲ ਕਮੇਟੀ ਕਾਇਮ ਕੀਤੀ ਹੈ। ਇਸ ਕਮੇਟੀ ਵਿਚ ਪਟਿਆਲਾ ਦੇ ਐੱਸ.ਪੀ. (ਸਿਟੀ) ਵਰੁਣ ਸ਼ਰਮਾ, ਐੱਸਪੀ (ਡੀ) ਹਰਮੀਤ ਸਿੰਘ ਹੁੰਦਲ ਅਤੇ ਘਨੌਰ ਦੇ ਡੀਐੱਸਪੀ ਮਨਪ੍ਰੀਤ ਸਿੰਘ ਸ਼ਾਮਲ ਹਨ। ਐਸਐਸਪੀ ਸਿੱਧੂ ਨੇ ਦੱਸਿਆ ਕਿ ਥਾਣਾ ਸ਼ੰਭੂ ਵਿਚ ਦਰਜ ਕੀਤੇ ਗਏ ਕੇਸ ਦੀ ਜਾਂਚ ਇਸ ਕਮੇਟੀ ਦੀ ਨਿਗਰਾਨੀ ਹੇਠ ਹੋਵੇਗੀ।

ਸਬੰਧਿਤ ਖਬਰ: ਸ਼ਰਾਬ ਵਿਚ ਉਲਝੀ ਪੰਜਾਬ ਸਰਕਾਰ; ਮੰਤਰੀ ਨੇ 600 ਕਰੋੜ ਰੁਪਏ ਦੇ ਘਾਟੇ ਦੀ ਜਾਂਚ ਮੰਗੀ

ਦੱਸਣਯੋਗ ਹੈ ਕਿ ਇਸ ਨਾਜਾਇਜ਼ ਸ਼ਰਾਬ ਫੈਕਟਰੀ ਸਬੰਧੀ ਥਾਣਾ ਸ਼ੰਭੂ ਵਿਚ ਅਮਰੀਕ ਸਿੰਘ ਪੁੱਤਰ ਮੇਵਾ ਸਿੰਘ ਤੇ ਬਚੀ ਵਾਸੀਆਨ ਖਾਨਪੁਰ ਖੁਰਦ, ਕੁਮਾਰ ਵਾਸੀ ਰਾਜਪੁਰਾ, ਹਰਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਥੂਹਾ, ਅਮਿਤ ਕੁਮਾਰ ਪੁੱਤਰ ਧਰਮਪਾਲ ਸਿੰਘ ਵਾਸੀ ਯੂ.ਪੀ. ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸ਼ੰਭੂ ਦੇ ਐੱਸਐੱਚਓ ਪ੍ਰੇਮ ਸਿੰਘ ਨੂੰ ਲਾਈਨਹਾਜ਼ਰ ਵੀ ਕੀਤਾ ਜਾ ਚੁੱਕਿਆ ਹੈ।

ਕਾਂਗਰਸੀ ਸਾਂਝ
ਪਹਿਲਾਂ ਅੱਜ ਦੁਪਹਿਰ ਵੇਲੇ ਸ਼ਰਾਬ ਦੀ ਨਾਜਾਇਜ਼ ਫੈਕਟਰੀ ਸਬੰਧੀ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਉਪਰੰਤ ਮੁਲਜ਼ਮ ਫੈਕਟਰੀ ਮਾਲਕ ਅਮਰੀਕ ਸਿੰਘ ਦੀਆਂ ਕਾਂਗਰਸੀ ਆਗੂਆਂ ਨਾਲ ਤਸਵੀਰਾਂ ਜਾਰੀ ਕੀਤੀਆਂ। 

ਹਰਪਾਲ ਚੀਮਾ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਪੜਤਾਲ ਕਰਵਾ ਕੇ ਕਾਂਗਰਸੀ ਆਗੂਆਂ ਨੂੰ ਕੇਸ ਵਿੱਚ ਸ਼ਾਮਲ ਕੀਤਾ ਜਾਵੇ। ਚੀਮਾ ਨੇ ਕਿਹਾ ਕਿ ਸ਼ਰਾਬ ਫੈਕਟਰੀ ਦਾ ਮਾਲਕ ਅਮਰੀਕ ਸਿੰਘ ਪਿੰਡ ਖਾਨਪੁਰ ਦਾ ਸਰਪੰਚ ਹੈ, ਜਿਸ ਦੀਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸੰਸਦ ਮੈਂਬਰ ਪ੍ਰਨੀਤ ਕੌਰ ਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨਾਲ ਤਸਵੀਰਾਂ ਹਨ। ਚੀਮਾ ਨੇ ਦੋਸ਼ ਲਾਇਆ ਕਿ ਨਕਲੀ ਸ਼ਰਾਬ ਦੀ ਫੈਕਟਰੀ ਚਲਾ ਰਹੇ ਇਸ ਗਰੋਹ ਨੂੰ ਕਾਂਗਰਸ ਸਰਕਾਰ ਦੇ ਵੱਡੇ ਆਗੂਆਂ ਦੀ ਕਥਿਤ ਸ਼ਹਿ ਪ੍ਰਾਪਤ ਹੈ। ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਉਹ ਪਟਿਆਲਾ ਪੁਲੀਸ ਨੂੰ ਸ਼ਰਾਬ ਮਾਫ਼ੀਏ ਦਾ ਪਰਦਾਫਾਸ਼ ਕਰਨ ਦਾ ਹੁਕਮ ਦੇਣ ਅਤੇ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਸੇਵਾਮੁਕਤ ਜੱਜ ਵੱਲੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਵੀ ਮਿਲਣਗੇ ਅਤੇ ਜੇਕਰ ਸੁਣਵਾਈ ਨਾ ਹੋਈ ਤਾਂ ਹਾਈ ਕੋਰਟ ਜਾਣਗੇ।

ਭਾਜਪਾਈ ਸਾਂਝ
ਇਸ ਸਬੰਧੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਜਿਸ ਕੋਲਡ ਸਟੋਰ ਵਿਚ ਸ਼ਰਾਬ ਦੀ ਫੈਕਟਰੀ ਲੱਗੀ ਹੈ, ਉਹ ਭਾਜਪਾ ਦਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਵਿਚ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਪਾਰਟੀ ਦਾ ਪੁਰਾਣਾ ਵਰਕਰ ਹੈ ਅਤੇ ਉਸ ਨੂੰ ਐਕਸਾਈਜ਼ ਵਿਭਾਗ ਵੱਲੋਂ ਫਸਾਇਆ ਜਾ ਰਿਹਾ ਹੈ।

ਸੁਨੀਲ ਜਾਖੜ ਦੀ ਸਫਾਈ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਅਮਰੀਕ ਸਿੰਘ ਦੀ ਉਨ੍ਹਾਂ ਨਾਲ ਤਸਵੀਰ ਕਾਂਗਰਸ ਭਵਨ ਚੰਡੀਗੜ੍ਹ ਦੀ ਹੈ। ਉੱਥੇ ਬਹੁਤ ਸਾਰੇ ਵਰਕਰ ਫ਼ੋਟੋਆਂ ਖਿਚਵਾਉਂਦੇ ਹਨ। ਜੇਕਰ ਇਹ ਕਾਂਗਰਸ ਦਾ ਵਰਕਰ ਹੈ ਅਤੇ ਇਸ ਨੇ ਕੋਈ ਗ਼ਲਤੀ ਕੀਤੀ ਹੈ ਤਾਂ ਵੀ ਇਸ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲਣੀ ਚਾਹੀਦੀ ਹੈ।

ਬਾਦਲ ਦਲ ਵੀ ਸਰਗਰਮ ਹੋਇਆ
ਨਾਜਾਇਜ਼ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਹੋਣ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸਾਬਕਾ ਕੈਬਿਨਟ ਮੰਤਰੀ ਤੇ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਐੱਸਐੱਸਪੀ ਨੂੰ ਮੈਮੋਰੰਡਮ ਦੇ ਕੇ ਗੈਰਕਾਨੂੰਨੀ ਸ਼ਰਾਬ ਫੈਕਟਰੀ ਦੀ ਸੁਤੰਤਰ ਜਾਂਚ ਲਈ ਸੀਨੀਅਰ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾਉਣ ਦੀ ਮੰਗ ਕੀਤੀ ਸੀ ਤਾਂ ਜੋ ਸਾਰੀ ਸੱਚਾਈ ਸਾਹਮਣੇ ਆ ਸਕੇ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।