ਮਲੇਰਕੋਟਲਾ ਵਿਚ ਹਾਅ ਦਾ ਨਾਅਰਾ ਗੁਰਦੁਆਰਾ ਸਾਹਿਬ ਵਿਖੇ ਈਦ ਮਨਾਈ ਗਈ

ਮਲੇਰਕੋਟਲਾ ਵਿਚ ਹਾਅ ਦਾ ਨਾਅਰਾ ਗੁਰਦੁਆਰਾ ਸਾਹਿਬ ਵਿਖੇ ਈਦ ਮਨਾਈ ਗਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਵਿਚ ਸਭ ਤੋਂ ਵੱਧ ਸੰਘਣੀ ਮੁਸਲਿਮ ਅਬਾਦੀ ਵਾਲੇ ਸ਼ਹਿਰ ਮਲੇਰਕੋਟਲਾ ਵਿਚ ਈਦ ਦੇ ਇਸਲਾਮਿਕ ਤਿਉਹਾਰ ਮੌਕੇ ਧਾਰਮਿਕ ਸਾਂਝ ਦੀ ਮਿਸਾਲ ਵੇਖਣ ਨੂੰ ਮਿਲੀ। ਸ਼ਹਿਰ ਵਿਚ ਸਥਿਤ ਹਾਅ ਦਾ ਨਾਅਰਾ ਗੁਰਦੁਆਰਾ ਸਾਹਿਬ ਵਿਚ ਈਦ ਮੌਕੇ ਜਿੱਥੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਆਪਣੇ ਅਕੀਦੇ ਮੁਤਾਬਕ ਨਮਾਜ਼ ਅਦਾ ਕੀਤੀ ਉੱਥੇ ਹੀ ਸਿੱਖ ਮਰਿਆਦਾ ਮੁਤਾਬਕ ਗੁਰਬਾਣੀ ਕੀਰਤਨ ਕੀਤਾ ਗਿਆ। 

ਗੁਰਦੁਆਰਾ ਸਾਹਿਬ ਵਿਚ ਈਦ ਮੌਕੇ ਇਫਤਾਰ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿਚ ਕੀਰਤਨ ਹੋ ਰਿਹਾ ਸੀ ਤੇ ਨਾਲ ਦੇ ਅਲੱਗ ਹਾਲ ਵਿਚ ਮੁਸਲਿਮ ਭਾਈਚਾਰਾ ਨਮਾਜ਼ ਅਦਾ ਕਰ ਰਿਹਾ ਸੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਨਰਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਸਮਾਗਮ ਰਾਹੀਂ ਉਹਨਾਂ ਧਰਮਾਂ ਦਰਮਿਆਨ ਆਪਸੀ ਏਕੇ ਦਾ ਸੁਨੇਹਾ ਦਿੱਤਾ ਹੈ।

ਮਲੇਰਕੋਟਲਾ ਵਿਚ ਉਂਝ ਵੀ ਇਹ ਗੁਰਦੁਆਰਾ ਸਾਹਿਬ ਉਸ ਇਤਿਹਾਸਕ ਘਟਨਾ ਦੀ ਯਾਦ 'ਚ ਬਣਾਇਆ ਗਿਆ ਹੈ ਜਦੋਂ ਮਲੇਰਕੋਟਲਾ ਦੇ ਨਵਾਬ ਨੇ ਸਰਹਿੰਦ ਦੇ ਨਵਾਬ ਵੱਲੋਂ ਜਾਰੀ ਕੀਤੇ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਨਿੱਕੇ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਦੇ ਹੁਕਮ ਦਾ ਵਿਰੋਧ ਕੀਤਾ ਸੀ। ਮੁਸਲਿਮ ਭਾਈਚਾਰਾ ਆਮ ਕਰਕੇ ਵੀ ਇਸ ਗੁਰਦੁਆਰਾ ਸਾਹਿਬ ਨਾਲ ਜੁੜਿਆ ਹੋਇਆ ਹੈ।

ਲਾਕਡਾਊਨ ਦੌਰਾਨ ਵੀ ਗੁਰਦੁਆਰਾ ਸਾਹਿਬ ਵੱਲੋਂ ਸਥਾਨਕ ਮਦਰੱਸਿਆਂ ਵਿਚ ਪੜ੍ਹਦੇ ਮੁਸਲਿਮ ਵਿਦਿਆਰਥੀਆਂ ਲਈ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। 

ਸਿੱਖਾਂ ਨੇ ਜਾਮਾ ਮਸਜਿਦ ਸੈਨੇਟਾਈਜ਼ ਕੀਤੀ
ਈਦ-ਉਲ-ਫਿਤਰ ਦੀ ਨਮਾਜ਼ ਤੋਂ ਪਹਿਲਾਂ ਸਿੱਖ ਜਥੇਬੰਦੀ ‘ਯੂਨਾਈਟਿਡ ਸਿੱਖਸ’ ਨੇ ਅੱਜ ਇਥੋਂ ਦੀ ਜਾਮਾ ਮਸਜਿਦ ਨੂੰ ਸੈਨੇਟਾਈਜ਼ ਕੀਤਾ। ਉਂਜ ਕਸ਼ਮੀਰ ਤੋਂ ਲੈ ਕੇ ਦੁਨੀਆ ਭਰ ’ਚ ਈਦ ਦੇ ਪਵਿੱਤਰ ਤਿਉਹਾਰ ’ਤੇ ਕਰੋਨਾਵਾਇਰਸ ਦਾ ਅਸਰ ਨਜ਼ਰ ਆ ਰਿਹਾ ਹੈ। ਪਵਿੱਤਰ ਸ਼ਹਿਰਾਂ ਮੱਕਾ ਅਤੇ ਮਦੀਨਾ ਵਾਲੇ ਮੁਲਕ ਸਾਊਦੀ ਅਰਬ ’ਚ ਲੋਕਾਂ ਨੂੰ ਸਿਰਫ਼ ਸਾਮਾਨ ਖ਼ਰੀਦਣ ਦੀ ਖੁੱਲ੍ਹ ਦਿੱਤੀ ਗਈ ਹੈ।

ਯੂਨਾਈਟਿਡ ਸਿੱਖਸ ਦੇ ਮੈਂਬਰ ਪਰਮਿੰਦਰ ਸਿੰਘ ਨੇ ਕਿਹਾ ਕਿ ਉਹ ਸਿਰਫ਼ ਮਸਜਿਦ ਹੀ ਨਹੀਂ ਸਗੋਂ ਗਿਰਜਾਘਰਾਂ ਅਤੇ ਮੰਦਰਾਂ ਦੀ ਸਫ਼ਾਈ ਵੀ ਕਰ ਰਹੇ ਹਨ। ‘ਅਸੀਂ ਧਰਮ ਦੇ ਆਧਾਰ ’ਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ। ਅਸੀਂ ਸਾਰੇ ਮੰਦਰਾਂ ਅਤੇ ਗਿਰਜਿਆਂ ’ਚ ਪਿਛਲੇ 50 ਤੋਂ 60 ਦਿਨਾਂ ਦੌਰਾਨ ਕੰਮ ਕਰ ਰਹੇ ਹਾਂ।’

ਜਾਮਾ ਮਸਜਿਦ ਦੇ ਸ਼ਾਹੀ ਇਮਾਮ ਅਹਿਮਦ ਸ਼ਾਹ ਬੁਖਾਰੀ ਨੇ ਸਿੱਖਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਲੋਕ ਇਕ-ਦੂਜੇ ਦਾ ਖਿਆਲ ਰੱਖਣ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।