ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ 2 ਮੁੱਖ ਦੋਸ਼ੀਆਂ ਨੂੰ ਰਿਹਾਅ ਕੀਤਾ; 5 ਦਾ 2 ਦਿਨਾਂ ਰਿਮਾਂਡ

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ 2 ਮੁੱਖ ਦੋਸ਼ੀਆਂ ਨੂੰ ਰਿਹਾਅ ਕੀਤਾ; 5 ਦਾ 2 ਦਿਨਾਂ ਰਿਮਾਂਡ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚੋਂ 1 ਜੂਨ 2014 ਨੂੰ ਚੋਰੀ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਾਮਲੇ ਦੀ ਪੜਤਾਲ ਕਰ ਰਹੀ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ 'ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਅੱਜ ਜ਼ਿਲ੍ਹਾ ਫ਼ਰੀਦਕੋਟ ਤੋਂ ਅੱਜ ਤੜਕੇ ਗ੍ਰਿਫ਼ਤਾਰ ਕੀਤੇ ਗਏ 7 ਡੇਰਾ ਪ੍ਰੇਮੀਆਂ ਨੂੰ ਸਥਾਨਕ ਡਿਊਟੀ ਮੈਜਿਸਟਰੇਟ ਚੇਤਨ ਸ਼ਰਮਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਵੱਲੋਂ ਸੁਖਜਿੰਦਰ ਸਿੰਘ ਉਰਫ਼ ਸੰਨੀ ਵਾਸੀ ਫ਼ਰੀਦਕੋਟ ਅਤੇ ਸ਼ਕਤੀ ਵਾਸੀ ਪਿੰਡ ਡਗੋ ਰੋਮਾਣਾ ਨੂੰ ਪੁਲਿਸ ਹਿਰਾਸਤ ਚੋਂ ਰਿਹਾਅ ਕਰਨ ਦੇ ਆਦੇਸ਼ ਦਿੱਤੇ ਗਏ ਅਤੇ ਬਾਕੀ ਦੇ ਡੇਰਾ ਪ੍ਰੇਮੀ ਰਣਜੀਤ ਭੋਲਾ ਵਾਸੀ ਕੋਟਕਪੂਰਾ, ਨਿਸ਼ਾਨ ਵਾਸੀ ਕੋਟਕਪੂਰਾ, ਰਣਦੀਪ ਨੀਲਾ ਵਾਸੀ ਫ਼ਰੀਦਕੋਟ, ਨਰਿੰਦਰ ਵਾਸੀ ਫ਼ਰੀਦਕੋਟ ਅਤੇ ਬਲਜੀਤ ਵਾਸੀ ਪਿੰਡ ਸਿੱਖਾਂਵਾਲਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। 

ਜਾਣਕਾਰੀ ਅਨੁਸਾਰ ਸੀ.ਬੀ.ਆਈ ਮੁਹਾਲੀ ਦੀ ਅਦਾਲਤ ਤੋਂ ਸੁਖਜਿੰਦਰ ਉਰਫ਼ ਸੰਨੀ ਅਤੇ ਸ਼ਕਤੀ ਨੂੰ 7 ਸਤੰਬਰ 2018 ਨੂੰ ਸੀ.ਬੀ.ਆਈ. ਮੋਹਾਲੀ ਦੀ ਅਦਾਲਤ ਵੱਲੋਂ ਇਸ ਮਾਮਲੇ 'ਚ ਜ਼ਮਾਨਤ ਮਿਲੀ ਹੋਈ ਹੈ। ਜਿਸ ਕਰ ਕੇ ਅੱਜ ਡਿਊਟੀ ਮੈਜਿਸਟਰੇਟ ਵੱਲੋਂ ਇਨ੍ਹਾਂ ਦੋਹਾਂ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਦੇ ਹੋਏ ਪੁਲਿਸ ਹਿਰਾਸਤ 'ਚੋਂ ਰਿਹਾਅ ਕਰਨ ਦੇ ਹੁਕਮ ਦਿੱਤੇ ਗਏ। 

ਦੱਸ ਦਈਏ ਕਿ ਸਿੱਟ ਦੀ ਕਾਂਚ ਰਿਪੋਰਟ ਮਤਾਬਕ ਸ਼ਕਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੁੱਖ ਦੋਸ਼ੀਆਂ ਵਿਚੋਂ ਇਕ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਕਤੀ ਨੇ ਬਰਗਾੜੀ ਪਿੰਡ ਦੇ ਗੋਪਾਲ ਕੁਮਾਰ ਤੋਂ 10 ਖਾਲੀ ਕਾਗਜ਼ ਲਿਆਂਦੇ ਸੀ ਜੋ ਉਸਨੇ ਆਪਣੇ ਸਾਥੀ ਸੁਖਜਿੰਦਰ ਉਰਫ ਸੰਨੀ ਨੂੰ ਦਿੱਤੇ ਜਿਸਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਸਬੰਧੀ ਇਹਨਾਂ ਕਾਗਜ਼ਾਂ 'ਤੇ ਛਪਾਈ ਕੀਤੀ ਸੀ ਜੋ ਬਾਅਦ ਵਿਚ ਕੰਧਾਂ 'ਤੇ ਚਿਪਕਾਏ ਗਏ ਸੀ। 

ਜ਼ਿਕਰਯੋਗ ਹੈ ਕਿ ਸੀਬੀਆਈ 'ਤੇ ਇਹਨਾਂ ਬੇਅਦਬੀ ਮਾਮਲਿਆਂ ਦੇ ਦੋਸ਼ੀ ਡੇਰਾ ਸਿਰਸਾ ਪ੍ਰੇਮੀਆਂ ਨੂੰ ਬਚਾਉਣ ਦੇ ਇਲਜ਼ਾਮ ਪੰਜਾਬ ਸਰਕਾਰ ਵੀ ਲਾ ਚੁੱਕੀ ਹੈ ਅਤੇ ਪੰਜਾਬ ਸਰਕਾਰ ਨੇ ਸੀਬੀਆਈ ਤੋਂ ਇਹਨਾਂ ਮਾਮਲਿਆਂ ਦੀ ਜਾਂਚ ਵਾਪਸ ਲੈਣ ਲਈ ਅਦਾਲਤੀ ਚਾਰਾਜ਼ੋਈ ਵੀ ਕੀਤੀ ਹੈ।  

ਸਬੰਧਿਤ ਖ਼ਬਰ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ 7 ਡੇਰਾ ਸਿਰਸਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ