ਭਾਰਤੀ ਫੌਜ ਨੂੰ ਆਪਣੀ ਜਵਾਨੀ ਦੇਣ ਵਾਲੇ 80 ਸਾਲਾ ਕਿਸਾਨ ਨੂੰ ਦਿੱਲੀ ਪੁਲਸ ਨੇ ਜੇਲ੍ਹ ਵਿਚ ਬੰਦ ਕੀਤਾ

ਭਾਰਤੀ ਫੌਜ ਨੂੰ ਆਪਣੀ ਜਵਾਨੀ ਦੇਣ ਵਾਲੇ 80 ਸਾਲਾ ਕਿਸਾਨ ਨੂੰ ਦਿੱਲੀ ਪੁਲਸ ਨੇ ਜੇਲ੍ਹ ਵਿਚ ਬੰਦ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਦਿੱਲੀ ਪੁਲਸ ਨੇ ਬੀਤੇ ਕੱਲ੍ਹ ਗ੍ਰਿਫਤਾਰ ਕੀਤੇ ਗਏ 122 ਕਿਸਾਨਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਦਰਜ ਨਾਵਾਂ ਚੋਂ ਸਭ ਤੋਂ ਵਡੇਰੀ ੳੇੁਮਰ ਦੇ ਬਜ਼ੁਰਗ ਕਿਸਾਨ ਗੁਰਮੁਖ ਸਿੰਘ ਹਨ। ਗੁਰਮੁਖ ਸਿੰਘ ਦੀ ਉਮਰ 80 ਵਰ੍ਹਿਆਂ ਦੀ ਹੈ। 

ਗੁਰਮੁਖ ਸਿੰਘ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਸ਼ਮਸਪੁਰ ਨਾਲ ਸਬੰਧਤ ਹਨ। ਗੁਰਮੁਖ ਸਿੰਘ ਕਿਸਾਨ ਹੋਣ ਦੇ ਨਾਲ-ਨਾਲ ਜਵਾਨ ਵੀ ਹੈ। ਗੁਰਮੁਖ ਸਿੰਘ ਨੇ ਆਪਣੀ ਜਵਾਨੀ ਦਾ ਲੰਬਾ ਸਮਾਂ ਭਾਰਤੀ ਫੌਜ ਵਿਚ ਡਿਊਟੀ ਕਰਦਿਆਂ ਭਾਰਤ ਦੀਆਂ ਹੱਦਾਂ ਦੀ ਰਾਖੀ ਕਰਨ ਵਿਚ ਲਾਇਆ। ਤਿੰਨ ਦਹਾਕੇ ਪਹਿਲਾਂ ਗੁਰਮੁਖ ਸਿੰਘ ਭਾਰਤੀ ਫੌਜ ਵਿਚੋਂ ਸੂਬੇਦਾਰ ਸੇਵਾਮੁਕਤ ਹੋਏ ਸਨ। ਉਹਨਾਂ ਕੋਲ ਪਿੰਡ ਡੇਢ ਏਕੜ ਜ਼ਮੀਨ ਹੈ ਜਿਸ 'ਤੇ ਉਹਨਾਂ ਦਾ ਪਰਿਵਾਰ ਖੇਤੀ ਕਰਦਾ ਹੈ। 

ਪੁਲਸੀਆ ਕਾਗਜ਼ਾਂ ਮੁਤਾਬਕ ਗੁਰਮੁਖ ਸਿੰਘ ਨੂੰ 29 ਜਨਵਰੀ ਵਾਲੇ ਦਿਨ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੀ ਗ੍ਰਿਫਤਾਰੀ ਮੁਖਰਜੀ ਨਗਰ ਪੁਲਸ ਥਾਣੇ ਵੱਲੋਂ ਪਾਈ ਗਈ ਹੈ। 

ਗੁਰਮੁਖ ਸਿੰਘ ਦੇ ਪਿੰਡ ਵਾਲਿਆਂ ਵੱਲੋਂ ਦੱਸਣ ਮੁਤਾਬਕ ਗੁਰਮੁਖ ਸਿੰਘ ਜਜ਼ਬੇ ਵਾਲਾ ਬੰਦਾ ਹੈ ਅਤੇ ਹਮੇਸ਼ਾ ਹੱਕੀ ਸੰਘਰਸ਼ਾਂ ਵਿਚ ਖੜ੍ਹਦਾ ਰਿਹਾ ਹੈ। ਗੁਰਮੁਖ ਸਿੰਘ ਦੇ ਪਿੰਡ ਨੇ ਮਤਾ ਪਾਇਆ ਹੈ ਕਿ ਘਰ ਵਿਚੋਂ ਇਕ ਬੰਦਾ ਦਿੱਲੀ ਦੀਆਂ ਹੱਦਾਂ 'ਤੇ ਕਿਸਾਨੀ ਸੰਘਰਸ਼ ਵਿਚ ਜ਼ਰੂਰ ਜਾਵੇ। ਪਿੰਡ ਦੇ ਲੋਕ ਆਪਣੇ ਬਜ਼ੁਰਗ ਗੁਰਮੁਖ ਸਿੰਘ ਨਾਲ ਪੂਰੀ ਤਰ੍ਹਾਂ ਖੜ੍ਹੇ ਨਜ਼ਰ ਆ ਰਹੇ ਹਨ। ਉਹਨਾਂ ਕਿਹਾ ਕਿ ਉਹ ਗੁਰਮੁਖ ਸਿੰਘ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ ਅਤੇ ਉਹ ਚਾਹੁੰਦੇ ਹਨ ਕਿ ਬਜ਼ੁਰਗ ਛੇਤੀ ਆਪਣੇ ਘਰ ਵਾਪਸ ਆਉਣ।

ਸ਼੍ਰੋਮਣੀ ਅਕਾਲੀ ਦਲ (ਮਾਨ) ਵੱਲੋਂ ਪਿੰਡ ਵਾਲਿਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹ ਗੁਰਮੁਖ ਸਿੰਘ ਦੀ ਸਾਰੀ ਕਾਨੂੰਨੀ ਪੈਰਵਾਈ ਕਰਨਗੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਕਾਨੂੰਨੀ ਤੋਂ ਲੈ ਕੇ ਹਰ ਹੀਲੇ ਮਦਦ ਕੀਤੀ ਜਾ ਰਹੀ ਹੈ।