ਰਿਹਾਨਾ ਤੋਂ ਬਾਅਦ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ, ਮੀਆ ਖਲੀਫਾ ਸਣੇ ਕਈ ਨਾਮਵਰ ਸਖਸ਼ੀਅਤਾਂ ਕਿਸਾਨਾਂ ਦੇ ਹਕ ਵਿਚ ਬੋਲੀਆਂ

ਰਿਹਾਨਾ ਤੋਂ ਬਾਅਦ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ, ਮੀਆ ਖਲੀਫਾ ਸਣੇ ਕਈ ਨਾਮਵਰ ਸਖਸ਼ੀਅਤਾਂ ਕਿਸਾਨਾਂ ਦੇ ਹਕ ਵਿਚ ਬੋਲੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਇੱਕ ਲੇਖਕ ਅਤੇ ਵਕੀਲ ਹਨ। ਉਹ ਵੀ ਭਾਰਤ ਦੀ ਰਾਜਧਾਨੀ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਪਰ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀਆਂ ਮੰਗਾਂ ਲੈ ਕੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਟਵੀਟ ਕਰਨ ਵਾਲਿਆਂ ਵਿੱਚ ਸ਼ਾਮਲ ਹੋ ਗਏ ਹਨ।ਦਿੱਲੀ ਦੇ ਬਾਰਡਰਾਂ ਉੱਪਰ ਪੁਲਿਸ ਵੱਲੋਂ ਕਿਲੇਬੰਦੀ ਵਰਗੀ ਬੈਰੀਕੇਡਿੰਗ ਕੀਤੀ ਗਈ ਹੈ ਤੇ ਕਈ ਦਿਨਾਂ ਤੋਂ ਇੰਟਰਨੈਟ ਵੀ ਬੰਦ ਕਰ ਦਿੱਤਾ ਗਿਆ ਹੈ। ਗਾਇਕ ਰਿਹਾਨਾ ਵੱਲੋਂ ਟਵੀਟ ਕੀਤੇ ਜਾਣ ਤੋਂ ਬਾਅਦ ਮਸਲੇ ਦੀ ਕੌਮਾਂਤਰੀ ਪੱਧਰ ਉੱਪਰ ਚਰਚਾ ਨੇ ਜ਼ੋਰ ਫੜਿਆ ਹੈ।

ਮੀਨਾ ਹੈਰਿਸ ਨੇ ਇਸ ਸਬੰਧ ਵਿੱਚ ਕਈ ਟਵੀਟ ਕੀਤੇ। ਉਨ੍ਹਾਂ ਨੇ ਲਿਖਿਆ, "ਇਹ ਮੌਕਾ ਮੇਲ ਨਹੀਂ ਹੈ ਕਿ ਦੁਨੀਆਂ ਦੇ ਸਭ ਤੋਂ ਪੁਰਾਣੇ ਲੋਕਤੰਤਰ ਉੱਪਰ ਹਮਲੇ ਨੂੰ ਮਹੀਨਾ ਵੀ ਨਹੀਂ ਹੋਇਆ ਕਿ ਦੁਨੀਆਂ ਦੇ ਸਭ ਤੋਂ ਵੱਧ ਵਸੋਂ ਵਾਲੇ ਲੋਕਤੰਤਰ ਉੱਪਰ ਹਮਲਾ ਹੋ ਰਿਹਾ ਹੈ। ਇਹ ਜੁੜਿਆ ਹੋਇਆ ਹੈ। ਸਾਨੂੰ ਸਾਰਿਆਂ ਨੂੰ ਭਾਰਤ ਵਿੱਚ ਇੰਟਰਨੈੱਟ ਬੰਦ ਕੀਤੇ ਜਾਣ ਤੋਂ ਅਤੇ ਅਰਧਸੈਨਿਕ ਹਿੰਸਾ ਤੋਂ ਗੁੱਸਾ ਆਉਣਾ ਚਾਹੀਦਾ ਹੈ।" "(ਇਸ ਬਾਰੇ) ਸਾਨੂੰ ਉਨਾਂ ਹੀ ਗੁੱਸਾ ਆਉਣਾ ਚਾਹੀਦਾ ਹੈ ਜਿੰਨਾ ਸਾਨੂੰ ਕੈਪਿਟਲ ਹਿੱਲ ਵਿੱਚ ਹਿੰਸਾ ਦੌਰਾਨ ਆਇਆ ਸੀ। ਫਾਸ਼ੀਵਾਦ ਕਿਤੇ ਵੀ ਹੋਵੇ ਉਹ ਲੋਕਤੰਤਰ ਨੂੰ ਧਮਕਾਉਂਦਾ ਹੈ। ਟਰੰਪ ਭਾਵੇਂ ਦਫ਼ਤਰ ਛੱਡ ਗਏ ਹੋਣ ਪਰ ਆਲੇ-ਦੁਆਲੇ ਦੇਖੋ ਲਹਿਰ ਚੜ੍ਹ ਰਹੀ ਹੈ।"

ਇਸ ਤੋਂ ਪਹਿਲਾ ਪੌਪ ਸਟਾਰ ਰਿਹਾਨਾ ਨੇ ਇਸ ਮਾਮਲੇ ਬਾਰੇ ਟਵੀਟ ਕੀਤਾ ਸੀ।

ਵਾਤਾਵਰਨ ਕਾਰਕੁਨ ਗ੍ਰੇਟਾ ਥਰਨਬਰਗ ਨੇ ਵੀ ਟਵੀਟ ਕਰਕੇ ਕਿਹਾ ਕਿ ਅਸੀਂ ਭਾਰਤ ਵਿੱਚ ਕਿਸਾਨ ਅੰਦੋਲਨ ਦੇ ਨਾਲ ਇਕਜੁਟਤਾ ਦਿਖਾਉਣ ਲਈ ਖੜ੍ਹੇ ਹਾਂ।
ਪੋਰਨ ਸਟਾਰ ਰਹਿ ਚੁੱਕੀ ਮੀਆ ਖਲੀਫਾ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਟਵੀਟ ਕੀਤਾ। ਉਨ੍ਹਾਂ ਨੇ ਕਿਹਾ, "ਮਨੁੱਖੀ ਹੱਕਾਂ ਦੀ ਕੀ ਉਲੰਘਣਾ ਹੋ ਰਹੀ ਹੈ। ਉਨ੍ਹਾਂ ਨੇ ਦਿੱਲੀ ਦੇ ਆਲੇ-ਦੁਆਲੇ ਇੰਟਰਨੈਟ ਬੰਦ ਕਰ ਦਿੱਤਾ।"

ਭਾਰਤ ਦੀ ਬਾਲ ਵਾਤਾਵਰਣ ਕਾਰਕੁਨ ਲਿਸੀਪ੍ਰਿਆ ਕਨਗਜ਼ੁਮ ਨੇ ਲਿਖਿਆ, "ਪਿਆਰੇ ਦੋਸਤੋ, ਸਾਡੇ ਲੱਖਾਂ ਗ਼ਰੀਬ ਕਿਸਾਨ ਜੋ ਇਸ ਠੰਢੇ ਮੌਸਮ ਵਿੱਚ ਸੜਕਾਂ 'ਤੇ ਸੌਂ ਰਹੇ ਹਨ ਤੁਹਾਡੇ ਤੋਂ ਕੁਝ ਨਹੀਂ ਮੰਗਦੇ। ਤੁਹਾਡਾ ਪਿਆਰ ਅਤੇ ਹਮਾਇਤ ਦਾ ਇੱਕ ਟਵੀਟ ਉਨ੍ਹਾਂ ਲਈ ਬਹੁਤ ਮਾਅਨੇ ਰਖਦਾ ਹੈ।"

ਉਨ੍ਹਾਂ ਨੇ ਇਸ ਮਸਲੇ ਉੱਪਰ ਚੁੱਪੀ ਵਰਤਣ ਲਈ ਭਾਰਤੀ ਹਸਤੀਆਂ ਦੀ ਆਲੋਚਨਾ ਵੀ ਕੀਤੀ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਗਰੇਟਾ ਥਨਬਰਗ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਅੰਦਲੋਨ ਨੂੰ ਹਮਾਇਤ ਦੇਣ। ਉਨ੍ਹਾਂ ਨੇ ਲਿਖਿਆ ਕਿ ਇਹ ਆਪਣੇ ਹੱਕਾਂ ਲਈ ਦੁਨੀਆਂ ਦਾ ਸਭ ਤੋਂ ਵੱਡਾ ਅੰਦੋਲਨ ਹੈ। ਉਹ ਪਹਿਲਾਂ ਤੋਂ ਹੀ ਵਾਤਵਰਣੀ ਸੰਕਟ ਦੇ ਸਤਾਏ ਹੋਏ ਹਨ।"

ਇਸ ਦੇ ਨਾਲ ਹੀ ਉਨ੍ਹਾਂ ਨੇ ਯੂਰਪੀਅਨ ਪਾਰਲੀਮੈਂਟ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਵੀ ਰੱਦ ਕਰਨ ਬਾਰੇ ਆਪਣੀ ਹਮਾਇਤ ਦਿੱਤੀ।

ਇੰਗਲੈਂਡ ਦੀ ਇੱਕ ਸਾਂਸਦ ਕਲਾਊਡੀਆ ਨੇ ਲਿਖਿਆ, "ਭਾਰਤੀ ਕਿਸਾਨਾਂ ਨਾਲ ਇਕਜੁਟਤਾ। ਧੰਨਵਾਦ ਰਿਹਾਨਾ। ਜਿੱਥੇ ਸਿਆਸੀ ਲੀਡਰਸ਼ਿਪ ਨਹੀਂ ਦਿਖ ਰਹੀ, ਦੂਜਿਆਂ ਦੇ ਅੱਗੇ ਆਉਣ ਲਈ ਧੰਨਵਾਦੀ ਹਾਂ। "