4 ਫਰਵਰੀ ਦਾ ਦਿਨ ਨਕੋਦਰ ਸਾਕੇ ਦੀ ਯਾਦ ਵਿੱਚ ਅਰਦਾਸ ਦਿਵਸ ਵਜੋਂ ਮਨਾਉਣ ਦੀ ਅਪੀਲ

4 ਫਰਵਰੀ ਦਾ ਦਿਨ ਨਕੋਦਰ ਸਾਕੇ ਦੀ ਯਾਦ ਵਿੱਚ ਅਰਦਾਸ ਦਿਵਸ ਵਜੋਂ ਮਨਾਉਣ ਦੀ ਅਪੀਲ

"35 ਸਾਲ ਬੀਤ ਜਾਣ ਤੇ ਵੀ ਨਹੀਂ ਮਿਲਿਆ ਕੋਈ ਇਨਸਾਫ -ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ "

ਲੰਡਨ:  ਦੁਨੀਆਂ ਭਰ ਦੇ ਗੁਰਦਵਾਰਾ ਸਹਿਬਾਨ ਦੀਆਂ  ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਨੂੰ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼  ਯੂ,ਕੇ  ਵਲੋਂ ਸਨਿਮਰ ਅਪੀਲ ਕੀਤੀ ਗਈ ਹੈ ਕਿ 4 ਫਰਬਰੀ ਵਾਲੇ ਦਿਨ ਨਕੋਦਰ ਸਾਕੇ ਦੇ ਸ਼ਹੀਦਾਂ ਨੂੰ  ਯਾਦ ਕਰਦਿਆਂ ਅਰਦਾਸ ਦਿਵਸ ਵਜੋਂ ਮਨਾਇਆ ਜਾਵੇ । ਬਰਤਾਨੀਆਂ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ  ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸਿ਼ੰਦਰ ਸਿੰਘ ਡੱਲੇਵਾਲ  ਅਤੇ ਭਾਈ ਜੋਗਾ ਸਿੰਘ ਨੇ ਨਕੋਦਰ ਸਾਕੇ ਦੇ ਸ਼ਹੀਦਾਂ ਨੂੰ ਕੇਸਰੀ ਪ੍ਰਣਾਮ ਕਰਦਿਆਂ ਆਖਿਆ ਕਿ  ਉਹਨਾਂ ਦੀ ਕੁਰਬਾਨੀ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕੇਗੀ। ਜਿਹਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਤੇ ਰੋਸ ਗ੍ਰਗਟ ਕਰਦਿਆਂ ਸ਼ਹਾਦਤਾਂ ਦਿੱਤੀਆਂ ਹਨ । ਗੌਰ ਤਲਬ ਹੈ ਕਿ 2 ਫਰਬਰੀ 1986  ਦੀ  ਰਾਤ ਨੂੰ ਗੁਰਦਵਾਰਾ ਗੁਰੂ ਅਰਜਨ ਦੇਵ ਜੀ ,ਗੁਰੂ ਨਾਨਕਪੁਰਾ ਮੁਹੱਲਾ ਨਕੋਦਰ ਵਿਖੇ ਹਿੰਦੂਤਵੀ ਸ਼ਰਾਰਤੀ ਅਨਸਰਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਂਟ ਕਰ ਦਿੱਤੇ । ਜਿਸਦੀ ਪੁਲਿਸ ਵਲੋਂ ਅਣਪਛਾਤੇ ਬੰਦਿਆਂ ਖਿਲਾਫ ਨਕੋਦਰ ਥਾਣੇ ਵਿੱਚ ਐੱਫ.ਆਈ.ਆਰ ਨੰਬਰ 50 ਦਰਜ ਕੀਤੀ ਗਈ ।  ਅਗਲੇ ਦਿਨ 3 ਫਰਬਰੀ ਨੂੰ ਸੰਯੁਕਤ ਅਕਾਲੀ ਦਲ ਦੇ ਕਨਵੀਨਰ  ਬਾਬਾ ਜੋਗਿੰਦਰ ਸਿੰਘ ਜੀ ਅਤੇ ਸਥਾਨਕ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ ਜਿਹੜਾ ਨਕੋਦਰ ਥਾਣੇ ਮੂਹਰੇ ਇੱਕ ਧਰਨੇ ਦੇ ਰੂਪ ਵਿੱਚ ਤਬਦਲ ਹੋ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸਿੱਖ ਆਗੂਆਂ ਨੇ  ਪੁਲਿਸ ਪਾਸੋਂ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ  ਕੀਤੀ  । ਅਗਲੇ ਦਿਨ 4 ਫਰਬਰੀ ਵਾਲੇ ਦਿਨ ਸ਼ੇਰਪੁਰ ਦੇ ਪੁਲ ਤੋਂ ਜਦੋਂ ਹਜਾਰਾਂ ਸਿੱਖ ਸੰਗਤਾਂ ਨਕੋਦਰ ਸ਼ਹਿਰ ਵੱਲ ਪੰਜ ਸਿੰਘਾਂ ਦੀ ਅਗਵਾਈ ਵਿੱਚ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਆ ਰਹੀਆਂ ਸਨ ਤਾਂ ਨਕੋਦਰ ਸ਼ਹਿਰ ਦੀ ਹਦੂਦ ਤੇ ਖੜੀ ਪੁਲਿਸ ਨੇ ਬਗੈਰ ਕਿਸੇ ਚਿਤਾਵਨੀ ਅਤੇ ਬਗੈਰ ਕਿਸੇ ਭੜਕਾਹਟ ਤੋਂ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ । ਜਿਸ ਕਾਰਨ ਭਾਈ ਹਰਮਿੰਦਰ ਸਿੰਘ ਕਨਵੀਨਰ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਲ੍ਹਾ ਜਲੰਧਰ,ਭਾਈ ਰਵਿੰਦਰ ਸਿੰਘ ਲਿੱਤਰਾਂ,ਭਾਈ ਝਲਮਣ ਸਿੰਘ ਗੋਰਸੀਆਂ ਅਤੇ ਭਾਈ ਬਲਧੀਰ ਸਿੰਘ ਰਾਮਗੜ ਸ਼ਹੀਦ  ਅਤੇ ਅਨੇਕਾਂ ਜਖਮੀਂ ਹੋ ਗਏ । ਪੁਲਿਸ ਵਲੋਂ ਵੱਡੀ ਪੱਧਰ ਤੇ ਲਾਠੀਚਾਰਜ ਕੀਤਾ ਗਿਆ । ਕਿਸੇ ਵੀ ਦੋਸ਼ੀ ਨੂੰ ਕੋਈ ਸਜਾ ਨਹੀਂ ਹੋਈ । ਉਸ ਵੇਲੇ ਪੰਜਾਬ ਵਿੱਚ ਸੁਰਜੀਤ ਬਰਨਾਲੇ ਦੀ ਅਗਵਾਈ ਵਿੱਚ ਸਰਕਾਰ ਸੀ । ਜਿਸ   ਨੇ ਜਸਟਿਸ ਗੁਰਨਾਮ ਸਿੰਘ  ਦੀ ਅਗਵਾਈ ਵਿੱਚ ਜਾਂਚ ਕਮੇਟੀ ਕਾਇਮ ਕੀਤੀ ਪਰ ਜਸਟਿਸ ਗੁਰਨਾਮ ਸਿੰਘ ਵਲੋਂ ਤਿਆਰ ਕੀਤੀ ਪੜਤਾਲੀਆ ਰਿਪੋਰਟ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ । ਸਰਕਾਰਾਂ ਅਤੇ ਸਰਕਾਰੀ ਏਜੰਸੀਆਂ ਨੇ ਸਦਾ ਹੀ ਦੋਸ਼ੀਆਂ ਨੂੰ ਬਚਾਉਣ ਲਈ ਜੋਰ ਲਾਇਆ । ਅੱਜ ਇਸ ਸਾਕੇ ਨੂੰ ਭਾਵੇਂ 35 ਸਾਲ ਬੀਤ ਚੁੱਕੇ ਹਨ ਪਰ ਇਸਦੇ ਜ਼ਖਮ ਅਤੇ ਦਰਦ ਬਿਲਕੁਲ ਤਾਜ਼ੇ ਹਨ । ਸੁਰਜੀਤ ਬਰਨਾਲੇ ਤੋਂ ਬਾਅਦ 15 ਸਾਲ ਬਾਦਲ ਦਲ ਨੇ ਪੰਜਾਬ ਤੇ  ਹਕੂਮਤ ਕੀਤੀ , ਪਰ ਇਜ਼ਹਾਰ ਆਲਮ ਅਤੇ ਦਰਬਾਰਾ ਗੁਰੂ  ਵਰਗੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਬਜਾਏ  ਅਹੁਦੇਦਾਰੀਆਂ ਅਤੇ ਵਜ਼ੀਰੀਆਂ ਨਾਲ ਨਿਵਾਜਿਆ ਗਿਆ ।