ਦਲ ਖਾਲਸਾ ਦੀ ਜਥੇਦਾਰ ਨੂੰ ਸਲਾਹ: ਹਿੰਦੂ-ਮੁਸਲਮਾਨ ਵਿਵਾਦ ਵਿਚਾਲੇ ਧਿਰ ਬਣਨਾ ਬੇਸਮਝੀ

ਦਲ ਖਾਲਸਾ ਦੀ ਜਥੇਦਾਰ ਨੂੰ ਸਲਾਹ: ਹਿੰਦੂ-ਮੁਸਲਮਾਨ ਵਿਵਾਦ ਵਿਚਾਲੇ ਧਿਰ ਬਣਨਾ ਬੇਸਮਝੀ

ਅੰਮ੍ਰਿਤਸਰ ਟਾਈਮਜ਼ ਬਿਊਰੋ
5 ਅਗਸਤ ਨੂੰ ਅਯੁੱਧਿਆ 'ਚ ਹੋ ਰਹੇ ਰਾਮ ਮੰਦਰ ਨਿਰਮਾਣ ਦੇ ਵੱਡੇ ਸਮਾਗਮ 'ਚ ਸ਼ਿਰਕਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਹੈ। ਇਸ ਸੱਦੇ ਦੇ ਚਲਦਿਆਂ ਦਲ ਖ਼ਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਜਥੇਬੰਦੀਆਂ ਨੇ ਜਥੇਦਾਰ ਨੂੰ ਸਲਾਹ ਦਿੰਦੀ ਇਕ ਚਿੱਠੀ ਭੇਜੀ ਹੈ।

ਦਲ ਖਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਦੇ ਨਾਂ ਹੇਠ ਲਿਖੀ ਇਸ ਚਿੱਠੀ ਵਿਚ ਕਿਹਾ ਗਿਆ ਹੈ ਕਿ ਰਾਮ ਮੰਦਿਰ ਦਾ ਮਸਲਾ ਹਿੰਦੂ ਅਤੇ ਮੁਸਲਮਾਨ ਧਰਮਾਂ ਵਿਚਾਲੇ ਵਿਵਾਦ ਦਾ ਕਾਰਨ ਹੈ ਅਤੇ ਸਿੱਖ ਲਈ ਦੋਨਾਂ ਧਰਮਾਂ ਵਿਚਾਲੇ ਵਿਵਾਦ ਵਿੱਚ ਧਿਰ ਬਣਨਾ ਬੇਸਮਝੀ ਅਤੇ ਬੇਲੋੜਾ ਹੋਵੇਗਾ।

ਚਿੱਠੀ ਵਿਚ ਲਿਖਿਆ ਗਿਆ, "ਇਹ ਖਤ ਅਸੀਂ, ਆਪਜੀ ਨੂੰ ਇਸ ਮਕਸਦ ਨਾਲ ਲਿਖ ਰਹੇ ਹਾਂ ਕਿ ਅਯੋਧਿਆ ਵਿਖੇ ਪੰਜ ਅਗਸਤ ਨੂੰ ਰਾਮ ਮੰਦਿਰ ਦੇ ਨਿਰਮਾਣ ਲਈ ਰੱਖੇ ਗਏ ਸਮਾਰੋਹ ਵਿੱਚ ਸਿੱਖਾਂ ਦੀਆਂ ਧਾਰਮਿਕ ਅਤੇ ਕੌਮੀ ਸੰਸਥਾਵਾਂ ਦੀ ਲੀਡਰਸ਼ਿਪ ਨੂੰ ਸ਼ਾਮਿਲ ਹੋਣ ਤੋਂ ਵਰਜਿਆ ਜਾਵੇ। ਸਾਡੀ ਜਾਣਕਾਰੀ ਅਨੁਸਾਰ ਸਮਾਰੋਹ ਦੇ ਪ੍ਰਬੰਧਕ ਸਿੱਖਾਂ ਦੇ ਪੰਜ ਤਖਤਾਂ ਦੇ ਜਥੇਦਾਰਾਂ ਨੂੰ 'ਮਹਿਮਾਨ' ਵਜੋ ਸੱਦਾ ਦੇਣ ਦਾ ਫੈਸਲਾ ਕਰ ਚੁੱਕੇ ਹਨ।"

"ਸਿੱਖ ਇਸ ਖ਼ਿੱਤੇ ਦਾ ਮਾਨਤਾ-ਪ੍ਰਾਪਤ ਧਰਮ ਹੈ ਅਤੇ ਸਿੱਖਾਂ ਵੱਲੋਂ ਇਕ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਲੂੰਧਰ ਕੇ ਦੂਜੇ ਧਰਮ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਣਾ ਘਾਤਕ ਹੀ ਨਹੀਂ ਗ਼ੈਰ-ਸਿਧਾਂਤਿਕ ਵੀ ਹੈ। ਸਾਡੇ ਲਈ ਦੋਨਾਂ ਧਰਮਾਂ (ਹਿੰਦੂ ਅਤੇ ਮੁਸਲਿਮ) ਨਾਲ ਰਿਸ਼ਤਾ ਬਰਾਬਰ 'ਤੇ ਰੱਖਣਾ ਅਤੇ ਨਿਭਾਉਣਾ ਹੀ ਕੌਮੀ ਹਿਤ ਵਿੱਚ ਹੈ। ਸਿੱਖ ਲਈ ਦੋਨਾਂ ਧਰਮਾਂ ਵਿਚਾਲੇ ਵਿਵਾਦ ਵਿੱਚ ਧਿਰ ਬਣਨਾ ਬੇਸਮਝੀ ਅਤੇ ਬੇਲੋੜਾ ਹੋਵੇਗਾ।"

"ਅਸੀਂ, ਸਭ ਜਾਣਦੇ ਹਾ ਕਿ ਰਾਮ ਮੰਦਿਰ ਦੇ ਹੱਕ ਵਿੱਚ ਅਦਾਲਤ ਦਾ ਇਕਪਾਸੜ ਫੈਸਲਾ ਰਾਜਨੀਤੀ ਤੋ ਪ੍ਰੇਰਿਤ ਸੀ। ਮੰਦਿਰ ਦਾ ਉਦਘਾਟਨੀ ਸਮਾਰੋਹ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਜਬਰੀ ਖੋਹਣ ਦੀ ਪਹਿਲੀ ਬਰਸੀ ਮੌਕੇ ਆਯੋਜਿਤ ਕਰਨਾ ਇਤਫ਼ਾਕਨ ਨਹੀਂ ਹੈ। ਹਿੰਦੁਤਵ ਤਾਕਤਾਂ ਅਤੇ ਦਿੱਲੀ ਦੀ ਫਾਸੀਵਾਦੀ ਸਰਕਾਰ ਵੱਲੋਂ ੫ ਤਾਰੀਕ ਸੋਚ ਸਮਝ ਕੇ ਨਿਸਚਿਤ ਕੀਤੀ ਗਈ ਹੈ ਤਾਂ ਜੋ ਮੁਸਲਮਾਨ ਭਾਈਚਾਰੇ ਦੇ ਨਾਲ-ਨਾਲ ਕਸ਼ਮੀਰੀ ਅਵਾਮ ਦੇ ਜ਼ਖ਼ਮਾਂ 'ਤੇ ਵੀ ਲੂਣ ਮਲ਼ਿਆ ਜਾ ਸਕੇ।"

"ਬਤੌਰ ਜਥੇਦਾਰ ਅਕਾਲ ਤਖਤ ਸਾਹਿਬ, ਆਪ ਜੀ ਯਕੀਨੀ ਬਣਾਉ ਕਿ ਕੋਈ ਵੀ ਸਿੱਖ, ਖ਼ਾਲਸਾ ਪੰਥ ਦੇ ਨੁਮਾਇੰਦੇ ਦੀ ਹੈਸੀਅਤ ਵਿਚ ਅਯੋਧਿਆ ਜਸ਼ਨਾਂ ਵਿਚ ਹਿੱਸਾ ਲੈਣ ਨਾ ਜਾਵੇ।"

ਅਯੁਧਿਆ ਜਾਣਗੇ ਜਥੇਦਾਰ: ਰਾਸ਼ਟਰੀ ਸਿੱਖ ਸੰਗਤ
ਇਹ ਸੱਦਾ ਪੱਤਰ ਅੱਜ ਆਰ.ਐਸ.ਐਸ ਵੱਲੋਂ ਸਿੱਖ ਚਿਹਰੇ ਅੱਗੇ ਲਾ ਕੇ ਬਣਾਈ ਗਈ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਦੇ ਮੈਂਬਰਾਂ ਵਲੋਂ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਦਿੱਤਾ ਗਿਆ। ਰਾਸ਼ਟਰੀ ਸਿੱਖ ਸੰਗਤ ਦੇ ਪੰਜਾਬ ਪ੍ਰਚਾਰਕ ਡਾ. ਸੰਦੀਪ ਸਿੰਘ ਅਤੇ ਕਈ ਹੋਰ ਆਗੂ ਅੱਜ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚੇ ਅਤੇ ਉਨ੍ਹਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗ਼ੈਰ-ਹਾਜ਼ਰੀ 'ਚ ਇਹ ਸੱਦਾ ਪੱਤਰ ਉਨ੍ਹਾਂ ਦੇ ਦਫ਼ਤਰ 'ਚ ਮੌਜੂਦ ਅਧਿਕਾਰੀ ਨੂੰ ਦਿੱਤਾ। ਇਸ ਮੌਕੇ ਸੰਦੀਪ ਸਿੰਘ ਨੇ ਕਿਹਾ ਕਿ ਰਾਮ ਮੰਦਰ ਦੇ ਨਿਰਮਾਣ ਦੀ ਸ਼ੁਰੂਆਤ ਮੌਕੇ ਹੋ ਰਹੇ ਸਮਾਗਮ 'ਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਕਤ ਕਰ ਰਹੇ ਹਨ, ਉੱਥੇ ਕਈ ਧਰਮਾਂ ਨਾਲ ਸੰਬੰਧਿਤ ਮੁੱਖ ਸ਼ਖ਼ਸੀਅਤਾਂ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 5 ਅਗਸਤ ਨੂੰ ਹੋਣ ਜਾ ਰਹੇ ਸਮਾਗਮ 'ਚ ਦੇਸ਼ ਦੇ ਗਿਣੇ-ਚੁਣੇ ਲੋਕਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ, ਜਿਨ੍ਹਾਂ 'ਚ ਸਿੱਖਾਂ ਦੀ ਅਗਵਾਈ ਕਰ ਰਹੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਥੇਦਾਰ ਸਾਹਿਬ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਉੱਥੇ ਹੋ ਰਹੇ ਸਮਾਗਮ 'ਚ ਜ਼ਰੂਰ ਜਾਣਗੇ। ਸੱਦਾ ਦੇਣ ਆਏ ਇਨ੍ਹਾਂ ਆਗੂਆਂ ਨੇ ਦੱਸਿਆ ਕਿ ਅਯੁੱਧਿਆ ਦੇ ਇੱਕ ਗੁਰਦੁਆਰੇ 'ਚ ਸ੍ਰੀ ਅਖੰਡ ਪਾਠ ਸਾਹਿਬ ਵੀ ਆਰੰਭ ਕਰਵਾਏ ਗਏ ਹਨ, ਜਿਨ੍ਹਾਂ ਦੇ ਭੋਗ 5 ਅਗਸਤ ਨੂੰ ਪੈਣਗੇ। ਅਰਦਾਸ ਉਪਰੰਤ ਹੋਣ ਵਾਲੇ ਸਮਾਗਮ 'ਚ ਜਥੇਦਾਰ ਕੌਮ ਨੂੰ ਸੰਦੇਸ਼ ਵੀ ਦੇਣਗੇ।