ਹਿਮਾਚਲ ਦੀਆਂ ਫੈਕਟਰੀਆਂ ਚੋਂ ਨਿੱਕਲੇ ਕੈਮੀਕਲ ਨਾਲ ਸਰਸਾ ਨਦੀ ਵਿਚ ਮਰੀਆਂ ਮੱਛੀਆਂ ਦੇ ਢੇਰ ਲੱਗੇ

ਹਿਮਾਚਲ ਦੀਆਂ ਫੈਕਟਰੀਆਂ ਚੋਂ ਨਿੱਕਲੇ ਕੈਮੀਕਲ ਨਾਲ ਸਰਸਾ ਨਦੀ ਵਿਚ ਮਰੀਆਂ ਮੱਛੀਆਂ ਦੇ ਢੇਰ ਲੱਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬੀਤੇ ਦਿਨ ਅੰਮ੍ਰਿਤਸਰ ਟਾਈਮਜ਼ ਵੱਲੋਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਸੀ ਕਿ ਪੰਜਾਬ ਦੇ ਰੋਪੜ ਜ਼ਿਲ੍ਹੇ ਦੀ ਹੱਦ ਨਾਲ ਲਗਦੇ ਹਿਮਾਚਲ ਦੇ ਪੰਜਾਬੀ ਇਲਾਕੇ ਨਾਲਗਾੜ੍ਹ-ਬੱਦੀ ਵਿਚ ਲਾਈਆਂ ਗਈਆਂ ਫੈਕਟਰੀਆਂ ਦੀ ਕੈਮੀਕਲ ਰਹਿੰਦ-ਖੂੰਹਦ ਸਰਸਾ ਨਦੀ ਰਾਹੀਂ ਸਤਲੁੱਜ ਦਰਿਆ ਵਿਚ ਸੁੱਟੀ ਜਾ ਰਹੀ ਹੈ। ਇਸ ਕੈਮੀਕਲ ਪ੍ਰਦੂਸ਼ਣ ਦੇ ਅਸਰ ਨਾਲ ਪੰਜਾਬ ਦੇ ਘਨੌਲੀ ਪਿੰਡ ਨੇੜੇ ਸਰਸਾ ਨਦੀ ਵਿਚ ਹਜ਼ਾਰਾਂ ਦੀ ਗਿਣਤੀ 'ਚ ਮੱਛੀਆਂ ਮਰ ਗਈਆਂ ਹਨ। ਇਹ ਸਰਸਾ ਨਦੀ ਇੱਥੋਂ ਨਾਲ ਹੀ ਸਤਲੁੱਜ ਦਰਿਆ ਵਿਚ ਮਿਲਦੀ ਹੈ। ਸਤਲੁੱਜ ਦਰਿਆ ਰਾਹੀਂ ਇਹ ਕੈਮੀਕਲ ਵਾਲਾ ਪਾਣੀ ਸਾਰੇ ਪੰਜਾਬ ਨੂੰ ਅਸਰ ਪਾਉਂਦਾ ਹੈ। 

ਪੰਜਾਬ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਮੱਛੀ ਪਾਲਣ ਵਿਭਾਗ ਨੇ ਸਿਰਸਾ ਨਦੀ ਦੇ ਪਾਣੀ ਅਤੇ ਮਰੀਆਂ ਮੱਛੀਆਂ ਦੇ ਸੈਂਪਲ ਜਾਂਚ ਲਈ ਲੁਧਿਆਣਾ ਸਥਿਤ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਅਤੇ ਪਟਿਆਲਾ ਸਥਿਤ ਪਾਣੀ ਜਾਂਚ ਕੇਂਦਰ ਵਿਚ ਭੇਜੇ ਹਨ। 

ਸਬੰਧਿਤ ਖ਼ਬਰ: ਹਿਮਾਚਲ ਦੀਆਂ ਫੈਟਕਰੀਆਂ ਤੋਂ ਨਿੱਕਲ ਰਿਹਾ ਪੰਜਾਬ ਲਈ ਮੌਤ ਦਾ ਸਮਾਨ

ਇਸ ਤੋਂ ਇਲਾਵਾ ਹਿਮਾਚਲ ਵਿਚਲੀ ਸਰਸਾ ਨਦੀ ਵਿਚ ਵੀ ਹਜ਼ਾਰਾਂ ਮੱਛੀਆਂ ਦੇ ਮਰਨ ਦੀ ਖਬਰ ਹੈ। ਜ਼ਿਕਰਯੋਗ ਹੈ ਕਿ ਇਹ ਫੈਕਟਰੀਆਂ ਲਾਕਡਾਊਨ ਦੌਰਾਨ ਬੰਦ ਪਈਆਂ ਸੀ ਤੇ ਹੁਣ ਸਰਕਾਰਾਂ ਵੱਲੋਂ ਮਿਲੇ ਹੁਕਮਾਂ ਬਾਅਦ ਦੁਬਾਰਾਂ ਸ਼ੁਰੂ ਹੋਈਆਂ ਹਨ। ਫੈਕਟਰੀਆਂ ਦੇ ਚਲਦਿਆਂ ਹੀ ਸਰਸਾ ਨਦੀ ਵਿਚ ਇਹ ਕਾਰਾ ਵਾਪਰ ਗਿਆ ਹੈ। 

ਪਹਿਲਾਂ ਵੀ ਇਹਨਾਂ ਫੈਕਟਰੀਆਂ ਦੇ ਪ੍ਰਦੂਸ਼ਣ ਨਾਲ ਹਿਮਾਚਲ ਦੇ ਪੰਜਾਬੀ ਇਲਾਕੇ ਅਤੇ ਪੰਜਾਬ ਵਿਚ ਕੈਂਸਰ ਫੈਲਣ ਦੀਆਂ ਰਿਪੋਰਟਾਂ ਨਸ਼ਰ ਹੋ ਚੁੱਕੀਆਂ ਹਨ।