ਹਿਮਾਚਲ ਦੀਆਂ ਫੈਟਕਰੀਆਂ ਤੋਂ ਨਿੱਕਲ ਰਿਹਾ ਪੰਜਾਬ ਲਈ ਮੌਤ ਦਾ ਸਮਾਨ

ਹਿਮਾਚਲ ਦੀਆਂ ਫੈਟਕਰੀਆਂ ਤੋਂ ਨਿੱਕਲ ਰਿਹਾ ਪੰਜਾਬ ਲਈ ਮੌਤ ਦਾ ਸਮਾਨ
ਸਰਸਾ ਨਦੀ ਵਿਚ ਕੈਮੀਕਲ ਰਹਿੰਦ-ਖੂੰਹਦ ਮਿਲਣ ਨਾਲ ਬਣੀ ਝੱਗ

ਅੰਮ੍ਰਿਤਸਰ ਟਾਈਮਜ਼ ਬਿਊਰੋ
1966 ਵਿਚ ਲੰਬੇ ਸੰਘਰਸ਼ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਬੋਲੀ ਦੇ ਅਧਾਰ 'ਤੇ ਸੂਬਾ ਮਿਲਿਆ ਜਿਸ ਵਿਚੋਂ ਬੜੀ ਰਾਜਨੀਤਕ ਚਲਾਕੀ ਨਾਲ ਦਿੱਲੀ ਹਕੂਮਤ ਨੇ ਕਈ ਪੰਜਾਬੀ ਬੋਲੀ ਬੋਲਦੇ ਇਲਾਕੇ ਬਾਹਰ ਰੱਖਦਿਆਂ ਹਿਮਾਚਲ ਅਤੇ ਹਰਿਆਣੇ ਨੂੰ ਦੇ ਦਿੱਤੇ। ਇਹਨਾਂ ਖਿੱਤਿਆਂ ਵਿਚੋਂ ਇਕ ਖਿੱਤਾ ਪੰਜਾਬ ਦੇ ਰੋਪੜ ਜ਼ਿਲ੍ਹੇ ਨਾਲ ਲਗਦਾ ਨਾਲਾਗੜ੍ਹ, ਬੱਦੀ ਦਾ ਇਲਾਕਾ ਹੈ ਜੋ ਅੱਜ ਵੀ ਹਿਮਾਚਲ ਦਾ ਪੰਜਾਬੀ ਬੋਲਦਾ ਇਲਾਕਾ ਮੰਨਿਆ ਜਾਂਦਾ ਹੈ। ਇੱਥੋਂ ਦੀ ਲਗਭਗ ਮੁਕੰਮਲ ਵਸੋਂ ਹੀ ਪੰਜਾਬੀ ਲੋਕਾਂ ਦੀ ਹੈ।

ਇਸ ਖਿੱਤੇ ਵਿਚ ਹਿਮਾਚਲ ਸਰਕਾਰ ਵੱਲੋਂ ਵੱਡੇ ਉਦਯੋਗ ਸਥਾਪਤ ਕੀਤੇ ਗਏ ਹਨ। ਲਗਭਗ 380 ਵਰਗ ਕਿਲੋਮੀਟਰ ਇਲਾਕੇ ਵਿਚ ਫੈਲੇ ਬੱਦੀ-ਬਰੋਟੀਵਾਲਾ-ਨਾਲਾਗੜ੍ਹ ਇਲਾਕੇ ਅੰਦਰ ਛੋਟੇ ਤੋਂ ਲੈ ਕੇ ਵੱਡੀਆਂ ਫੈਕਟਰੀਆਂ ਦੀ ਭਰਮਾਰ ਹੈ। ਇਸ ਉਦਯੋਗੀਕਰਨ ਨੇ ਇਸ ਇਲਾਕੇ ਅੰਦਰ ਆਰਥਕ ਤਰੱਕੀ ਲਿਆਂਦੀ ਪਰ ਨਾਲ ਹੀ ਅਜਿਹੀਆਂ ਸਮੱਸਿਆਵਾਂ ਵੀ ਖੜ੍ਹੀਆਂ ਕਰ ਦਿੱਤੀਆਂ ਜੋ ਆਉਂਦੀਆਂ ਪੀੜ੍ਹੀਆਂ ਦੇ ਜੀਵਨ 'ਤੇ ਸਵਾਲੀਆ ਚਿੰਨ੍ਹ ਬਣ ਰਹੀਆਂ ਹਨ। ਇਹ ਖਤਰਾ ਸਿਰਫ ਹਿਮਾਚਲ ਵਿਚਲੇ ਇਸ ਪੰਜਾਬੀ ਇਲਾਕੇ 'ਤੇ ਹੀ ਨਹੀਂ ਮੰਡਰਾ ਰਿਹਾ, ਬਲਕਿ ਪੰਜਾਬ ਵਿਚਲੇ ਰੋਪੜ ਜ਼ਿਲ੍ਹੇ ਤੋਂ ਹੁੰਦਾ ਹੋਇਆ ਸਾਰੇ ਪੰਜਾਬ ਨੂੰ ਆਪਣੇ ਸੰਤਾਪ ਹੇਠ ਲੈਣ ਦਾ ਦਮ ਰੱਖਦਾ ਹੈ।

ਦਵਾ ਬਣ ਰਹੀ ਹੈ ਮੌਤ
ਇਸ ਬੱਦੀ-ਬਰੋਟੀਵਾਲ-ਨਾਲਾਗੜ੍ਹ ਇਲਾਕੇ ਵਿਚ ਭਾਰਤ ਦੀਆਂ ਸਭ ਤੋਂ ਵੱਧ ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਹਨ। ਇਹਨਾਂ ਦੀ ਗਿਣਤੀ ਰਿਪੋਰਟ ਮੁਤਾਬਕ ਛੋਟੀਆਂ ਅਤੇ ਵੱਡੀਆਂ ਨੂੰ ਗਿਣਦਿਆਂ 500 ਦੇ ਕਰੀਬ ਸਮਝੀ ਜਾਂਦੀ ਹੈ। ਇਹਨਾਂ ਫੈਕਟਰੀਆਂ ਵਿਚ ਏਸ਼ੀਆਂ ਦੀਆਂ ਕੁੱਲ ਦਵਾਈਆਂ ਦਾ 35 ਫੀਸਦੀ ਹਿੱਸਾ ਬਣ ਕੇ ਤਿਆਰ ਹੁੰਦਾ ਹੈ। ਪਰ ਭਾਰਤ ਦੇ ਬੇਈਮਾਨੀ 'ਤੇ ਟਿਕੇ ਪ੍ਰਸ਼ਾਸਨਕ ਢਾਂਚੇ ਅਤੇ ਰਾਜ ਪ੍ਰਬੰਧ ਵਿਚ ਅਜਿਹੀਆਂ ਫੈਕਟਰੀਆਂ ਲਈ ਜ਼ਰੂਰੀ ਨਿਯਮਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਜੋ ਕਿ ਫੈਕਟਰੀ ਦੀ ਰਹਿੰਦ-ਖੂੰਹਦ ਅਤੇ ਫੈਕਟਰੀ ਵਿਚੋਂ ਨਿਕਲਣ ਵਾਲੇ ਘਾਤਕ ਕੈਮੀਕਲ ਪਦਾਰਥਾਂ ਦੀ ਸੰਭਾਲ ਅਤੇ ਇਹਨਾਂ ਨੂੰ ਖਤਮ ਕਰਨ ਲਈ ਬਣਾਏ ਹੁੰਦੇ ਹਨ। ਇਸ ਕਰਕੇ ਦਵਾਈਆਂ ਦੀਆਂ ਇਹ ਫੈਕਟਰੀਆਂ ਦਵਾ ਦੀ ਥਾਂ ਮੌਤ ਵੰਡਣ ਦਾ ਕਾਰਨ ਬਣ ਰਹੀਆਂ ਹਨ। 

ਸਿੱਖ ਇਤਿਹਾਸ ਨਾਲ ਜੁੜੀ ਸਰਸਾ ਨਦੀ ਹੋ ਰਹੀ ਹੈ ਪਲੀਤ
ਜਿਸ ਇਲਾਕੇ ਵਿਚ ਇਹ ਫੈਕਟਰੀਆਂ ਲੱਗੀਆਂ ਹਨ, ਇਸ ਸਾਰੇ ਇਲਾਕੇ ਦੇ ਨਾਲੇ ਅਤੇ ਪਾਣੀ ਦਾ ਵਹਿਣ ਸਰਸਾ ਨਦੀ ਨਾਲ ਜੁੜਦਾ ਹੈ। ਸਰਸਾ ਨਦੀ ਸਿੱਖ ਇਤਿਹਾਸ ਵਿਚ ਬਹੁਤ ਅਹਿਮ ਸਥਾਨ ਰੱਖਦੀ ਹੈ ਜਿੱਥੇ ਮੁਗਲਾਂ ਅਤੇ ਪਹਾੜੀ ਰਾਜਿਆਂ ਨਾਲ ਅਨੰਦਪੁਰ ਸਾਹਿਬ ਦੀ ਜੰਗ ਮਗਰੋਂ ਕਿਲ੍ਹਾ ਖਾਲੀ ਕਰਕੇ ਆਉਂਦਿਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨਾਲ ਵਿਛੋੜਾ ਪਿਆ ਸੀ। ਇਸ ਇਲਾਕੇ ਵਿਚੋਂ ਤੁਰੀ ਆਉਂਦੀ ਸਰਸਾ ਅੱਜ ਦੀ ਹਿਮਾਚਲ-ਪੰਜਾਬ ਹੱਦ ਨੂੰ ਲੰਘਦਿਆਂ ਸਤਲੁੱਜ ਦਰਿਆ ਵਿਚ ਆ ਮਿਲਦੀ ਹੈ। ਇਹਨਾਂ ਫੈਕਟਰੀਆਂ ਵੱਲੋਂ ਆਪਣੀ ਖਤਰਨਾਕ ਕੈਮੀਕਲ ਰਹਿੰਦ-ਖੂੰਹਦ ਇਸ ਸਰਸਾ ਨਦੀ ਵਿਚ ਸੁੱਟੀ ਜਾ ਰਹੀ ਹੈ। ਇਸ ਦਾ ਪਤਾ ਨਦੀ ਕੋਲੋਂ ਲੰਘਦਿਆਂ ਪਾਣੀ ਦੇ ਮੁਸ਼ਕ ਤੋਂ ਹੀ ਲੱਗ ਜਾਂਦਾ ਹੈ। 


ਰੋਪੜ ਜ਼ਿਲ੍ਹੇ ਵਿਚ ਸਤਲੁੱਜ ਦਰਿਆਂ ਅੰਦਰ ਮਿਲਦੀ ਹੋਈ ਪਲੀਤ ਹੋਈ ਸਰਸਾ ਨਦੀ (ਗੂਗਲ ਮੈਪ)

ਕੈਂਸਰ ਵੰਡ ਰਹੀਆਂ ਹਨ ਇਹ ਫੈਕਟਰੀਆਂ
ਇਕ ਰਿਪੋਰਟ ਮੁਤਾਬਕ ਪੰਜ ਸਾਲਾਂ ਵਿਚ (2013-2018) ਇਸ ਇਲਾਕੇ ਅੰਦਰ 1983 ਕੈਂਸਰ ਦੇ ਮਾਮਲੇ ਦਰਜ ਕੀਤੇ ਗਏ ਸਨ। ਇਹਨਾਂ ਦਵਾਈਆਂ ਦੀਆਂ ਫੈਕਟਰੀਆਂ ਤੋਂ ਇਲਾਵਾ ਇਸ ਇਲਾਕੇ ਵਿਚ ਕੱਪੜੇ, ਕਾਗਜ਼, ਕੈਮੀਕਲ, ਸਮਿੰਟ, ਕੀੜੇਮਾਰ ਦਵਾਈਆਂ ਬਣਾਉਣ ਦੀਆਂ ਫੈਕਟਰੀਆਂ ਦੀ ਭਰਮਾਰ ਹੈ। ਇਹਨਾਂ ਫੈਕਟਰੀਆਂ ਵੱਲੋਂ ਲਿਖਤੀ ਨਿਯਮਾਂ ਨੂੰ ਛਿੱਕੇ ਟੰਗ ਕੇ ਪ੍ਰਸ਼ਾਸਨਕ ਅਫਸਰਾਂ ਦੀ ਮਿਲੀਭੁਗਤ ਨਾਲ ਸਾਰੀ ਖਤਰਨਕਾਰ ਰਹਿੰਦ-ਖੂੰਹਦ ਸਰਸਾ ਨਦੀ ਦੇ ਪੱਤਣ ਵਿਚ ਸੁੱਟੀ ਜਾ ਰਹੀ ਹੈ। ਇਸ ਤੋਂ ਇਲਾਵਾ ਹਵਾ ਪ੍ਰਦੂਸ਼ਣ ਵੀ ਲੋਕਾਂ ਵਿਚ ਬਿਮਾਰੀਆਂ ਦਾ ਵੱਡਾ ਕਾਰਨ ਬਣ ਰਿਹਾ ਹੈ। ਕੈਂਸਰ ਤੋਂ ਇਲਾਵਾ ਅਸਥਮਾ, ਸਾਹ ਲੈਣ ਦੀਆਂ ਹੋਰ ਬਿਮਾਰੀਆਂ ਅਤੇ ਪਾਣੀ ਨਾਲ ਸਬੰਧਿਤ ਬਿਮਾਰੀਆਂ ਦੀ ਭਰਮਾਰ ਹੈ। 

ਸਰਸਾ ਨਦੀ ਦੀ ਹਾਲਤ
ਸਰਸਾ ਨਦੀ ਨੂੰ ਭਾਰਤ ਦੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 'ਪਰਿਓਰਟੀ 3' ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਪਾਣੀ ਦੀ ਹਾਲਤ ਮਾਪਣ ਲਈ ਤੈਅ ਬਾਇਲੋਜੀਕਲ ਆਕਸੀਜਨ ਡਿਮਾਂਡ ਦਰ ਜਿੱਥੇ 3 ਐਮਜੀ ਪ੍ਰਤੀ ਲੀਟਰ ਚਾਹੀਦੀ ਹੈ ਉੱਥੇ 2018 ਵਿਚ ਇਸ ਨਦੀ ਦੀ ਇਹ ਦਰ 8 ਐਮਜੀ ਤੋਂ 16 ਐਮਜੀ ਪ੍ਰਤੀ ਲੀਟਰ ਦਰਮਿਆਨ ਦਰਜ ਕੀਤੀ ਗਈ।  

ਪੰਜਾਬ ਲਈ ਖਤਰਾ
ਇਹ ਸਰਸਾ ਨਦੀ ਹਿਮਾਚਲ ਦੇ ਇਸ ਫੈਕਟਰੀ ਹੱਬ ਤੋਂ ਵਹਿੰਦੀ ਹੋਈ ਪੰਜਾਬ ਦੇ ਰੋਪੜ ਜ਼ਿਲ੍ਹੇ ਅੰਦਰ ਸਰਸਾ ਨਦੀ ਵਿਚ ਪੈਂਦੀ ਹੈ। ਇਸ ਤਰ੍ਹਾਂ ਇਹਨਾਂ ਫੈਕਟਰੀਆਂ ਦੀ ਇਹ ਖਤਰਨਾਕ ਕੈਮੀਕਲ ਰਹਿੰਦ ਖੂੰਹਦ ਸਰਸਾ ਨਦੀ ਰਾਹੀਂ ਆ ਕੇ ਸਤਲੁੱਜ ਦੇ ਪਾਣੀ ਨੂੰ ਵੀ ਪਲੀਤ ਕਰਦੀ ਹੈ। 

ਪੰਜਾਬ ਵਿਚ ਕੈਂਸਰ ਬੈਲਟ ਵਜੋਂ ਜਾਣੇ ਜਾਂਦੇ ਮਾਲਵਾ ਖਿੱਤੇ ਦੇ ਜ਼ਿਲ੍ਹਿਆਂ ਤੋਂ ਬਾਅਦ ਕੈਂਸਰ ਨਾਲ ਸਭ ਤੋਂ ਪ੍ਰਭਾਵਤ ਜ਼ਿਲ੍ਹਾ ਰੋਪੜ ਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਰੋਪੜ ਜ਼ਿਲ੍ਹੇ ਵਿਚ ਕੈਂਸਰ ਦਾ ਮੁੱਖ ਕਾਰਨ ਇਹਨਾਂ ਫੈਕਟਰੀਆਂ ਰਾਹੀਂ ਪਾਣੀ ਵਿਚ ਮਿਲੀ ਹੋਈ ਇਹ ਖਤਰਨਾਕ ਰਹਿੰਦ-ਖੂੰਹਦ ਹੋ ਸਕਦੀ ਹੈ ਜਿਸ 'ਤੇ ਪੰਜਾਬ ਸਰਕਾਰ ਨੂੰ ਤਰਜੀਹੀ ਧਿਆਨ ਦੇਣਾ ਚਾਹੀਦਾ ਹੈ।