ਉਜਾੜੇ ਦਾ ਸੰਤਾਪ ਝੱਲਣ ਵਾਲੇ ਪੰਜਾਬ ਦੇ ਜੰਮਪਲ ਡਾ. ਰਤਨ ਲਾਲ ਨੂੰ ਵਿਸ਼ਵ ਭੋਜਨ ਇਨਾਮ ਨਾਲ ਸਨਮਾਨਿਤ ਕੀਤਾ ਗਿਆ

ਉਜਾੜੇ ਦਾ ਸੰਤਾਪ ਝੱਲਣ ਵਾਲੇ ਪੰਜਾਬ ਦੇ ਜੰਮਪਲ ਡਾ. ਰਤਨ ਲਾਲ ਨੂੰ ਵਿਸ਼ਵ ਭੋਜਨ ਇਨਾਮ ਨਾਲ ਸਨਮਾਨਿਤ ਕੀਤਾ ਗਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਦੇ ਜੰਮਪਲ ਡਾ. ਰਤਨ ਲਾਲ ਨੂੰ ਵਿਸ਼ਵ ਭੋਜਨ ਇਨਾਮ (ਵਰਲਡ ਫੂਡ ਪਰਾਈਜ਼) ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ. ਰਤਨ ਲਾਲ ਨੂੰ ਇਹ ਸਨਮਾਨ ਮਿੱਟੀ ਸਬੰਧੀ ਉਹਨਾਂ ਦੇ ਖੋਜ ਕਾਰਜਾਂ ਲਈ ਦਿੱਤਾ ਗਿਆ ਹੈ ਜਿਸ ਨਾਲ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਵਾਤਾਵਰਨ ਸੰਭਾਲ ਕਰਦਿਆਂ ਉਪਜ ਵਧਾਉਣ ਵਿਚ ਮਦਦ ਮਿਲੇਗੀ।

ਪੰਜਾਬ ਦੀ ਮਿੱਟੀ ਵਿਚੋਂ ਉੱਠੇ ਡਾ. ਰਤਨ ਲਾਲ ਨੇ ਆਪਣੀ ਮੁਢਲੀ ਪੜ੍ਹਾਈ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਹਾਸਲ ਕੀਤੀ। ਇੱਥੋਂ ਸਰਕਾਰ ਦੀ ਸਕਾਲਰਸ਼ਿਪ 'ਤੇ ਉਹ ਅਮਰੀਕਾ ਵਿਚ ਉੱਚ ਪੜ੍ਹਾਈ ਕਰਨ ਲਈ ਗਏ ਅਤੇ ਉਹਨਾਂ ਆਪਣੀ ਸਾਰੀ ਉਮਰ ਮਿੱਟੀ ਦੀ ਖੋਜ ਵਿਚ ਲਾ ਦਿੱਤੀ। 

ਡਾ. ਰਤਨ ਲਾਲ ਦਾ ਜਨਮ 5 ਸੰਤਬਰ 1944 ਨੂੰ ਲਹਿੰਦੇ ਪੰਜਾਬ (ਅੱਜ ਪਾਕਿਸਤਾਨ ਵਿਚ) ਦੇ ਪਿੰਡ ਕਰਿਆਲ 'ਚ ਹਿੰਦੂ ਪਰਿਵਾਰ ਵਿਚ ਹੋਇਆ। 1947 ਵਿਚ ਪੰਜਾਬ ਦੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਈ ਵੰਡ ਮੌਕੇ ਉਜਾੜੇ ਦਾ ਸੰਤਾਪ ਝਲਦਿਆਂ ਇਹਨਾਂ ਦਾ ਪਰਿਵਾਰ ਚੜ੍ਹਦੇ ਪੰਜਾਬ ਆ ਗਿਆ। 5 ਸਾਲਾਂ ਦੀ ਉਮਰ ਵਿਚ ਬੇਘਰ ਹੋਏ ਡਾ. ਰਤਨ ਲਾਲ ਨੇ ਅਤਿ ਦੇ ਔਖੇ ਸਮਿਆਂ 'ਚ ਪਿੰਡ ਦੇ ਸਕੂਲ ਵਿਚ ਆਪਣੀ ਪੜ੍ਹਾਈ ਸ਼ੁਰੂ ਕੀਤੀ। ਡਾ. ਰਤਨ ਲਾਲ ਆਪਣੇ ਭੈਣ ਭਰਾ ਤੋਂ ਛੋਟੇ ਸਨ। ਵੱਡਿਆਂ ਨੂੰ ਸਕੂਲ ਜਾਣ ਦਾ ਮੌਕਾ ਨਹੀਂ ਮਿਲਿਆ, ਪਰ ਡਾ. ਰਤਨ ਲਾਲ ਦੀ ਪੜ੍ਹਾਈ ਚਲਦੀ ਰਹੀ ਤੇ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਹੁੰਚ ਗਏ।

ਡਾ. ਰਤਨ ਲਾਲ ਨੇ ਇਹ ਸਨਮਾਨ ਮਿਲਣ 'ਤੇ ਕਿਹਾ ਕਿ ਉਹਨਾਂ ਨੂੰ ਅੱਜ ਬਹੁਤ ਖੁਸ਼ੀ ਹੈ ਕਿ ਉਹਨਾਂ ਆਪਣੀ ਜ਼ਿੰਦਗੀ ਵਿਚ ਦੁਨੀਆ ਭਰ ਦੇ ਮਿਹਨਤੀ ਕਿਸਾਨਾਂ ਲਈ ਕੰਮ ਕੀਤਾ ਹੈ। 

ਉਹਨਾਂ ਕਿਹਾ ਕਿ ਜਦੋਂ ਤਕ ਹਰ ਮਨੁੱਖ ਨੂੰ ਖਾਣ ਲਈ ਸਹੀ ਭੋਜਨ ਨਹੀਂ ਮਿਲਦਾ ਜੋ ਸਹੀ ਵਾਤਾਵਰਨ ਅਤੇ ਚੰਗੀ ਮਿੱਟੀ ਵਿਚ ਉਪਜਿਆ ਹੋਵੇ, ਇਹ ਕਾਰਜ ਅਧੂਰਾ ਹੈ। 

ਡਾ. ਰਤਨ ਲਾਲ ਇਸ ਸਮੇਂ ਅਮਰੀਕਾ ਦੀ ਓਹੀਓ ਸਟੇਟ ਯੂਨੀਵਰਸਿਟੀ ਵਿਚ ਸੋਇਲ ਸਾਇੰਸਿਸ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਡਾ. ਰਤਨ ਲਾਲ ਨੂੰ ਇਹ ਸਨਮਾਨ ਮਿਲਣ 'ਤੇ ਅਮਰੀਕਾ ਦੇ ਸਟੇਟ ਸਕੱਤਰ ਮਾਈਕ ਪੋਂਪੀਓ ਨੇ ਖਾਸ ਵੀਡੀਓ ਸੁਨੇਹੇ ਰਾਹੀਂ ਵਧਾਈਆਂ ਦਿੱਤੀਆਂ ਅਤੇ ਭੋਜਨ ਸੁਰੱਖਿਆ ਤੇ ਵਾਤਾਵਰਨ ਲਈ ਉਹਨਾਂ ਦੇ ਕੰਮ ਦੀ ਸਿਫਤ ਕੀਤੀ। 

ਇਸ ਤੋਂ ਪਹਿਲਾਂ ਡਾ. ਰਤਨ ਲਾਲ ਨੂੰ 2016 ਵਿਚ ਸਭ ਤੋਂ ਉੱਤਰ ਖੋਜ ਪੱਤਰ ਲਈ ਐਟਲਸ ਸਨਮਾਨ ਮਿਲ ਚੁੱਕਿਆ ਹੈ। ਸਾਲ 2014 ਵਿਚ ਡਾ. ਲਾਲ ਨੂੰ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਗਿਆਨੀ ਦਾ ਖਿਤਾਬ ਦਿੱਤਾ ਗਿਆ ਸੀ।