ਨਗਰ ਕੀਰਤਨ ਕੱਢਦੇ ਸਿੱਖਾਂ ਖਿਲਾਫ ਦਰਜ ਕੀਤੇ ਕੇਸਾਂ 'ਤੇ ਮੁੜ ਵਿਚਾਰ ਕਰਨ ਯੋਗੀ: ਕੈਪਟਨ

ਨਗਰ ਕੀਰਤਨ ਕੱਢਦੇ ਸਿੱਖਾਂ ਖਿਲਾਫ ਦਰਜ ਕੀਤੇ ਕੇਸਾਂ 'ਤੇ ਮੁੜ ਵਿਚਾਰ ਕਰਨ ਯੋਗੀ: ਕੈਪਟਨ

ਚੰਡੀਗੜ੍ਹ: ਉੱਤਰ ਪ੍ਰਦੇਸ਼ ਅੰਦਰ ਪੀਲੀਭੀਤ ਦੇ ਪਿੰਡ ਖੇੜੀ ਨੌਬਰਾਮਾਦ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਨਗਰ ਕੀਰਤਨ ਸਜਾ ਰਹੀਆਂ ਸਿੱਖ ਸੰਗਤਾਂ ਖਿਲਾਫ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਕੇਸ ਦਰਜ ਕਰਨ ਦੇ ਮਾਮਲੇ 'ਚ ਦਖਲ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਕਿਹਾ ਹੈ ਕਿ ਉਹ ਇਹਨਾਂ ਕੇਸਾਂ 'ਤੇ ਮੁੜ ਵਿਚਾਰ ਕਰਨ। 

ਦੱਸ ਦਈਏ ਕਿ ਐਤਵਾਰ ਵਾਲੇ ਦਿਨ ਸਿੱਖਾਂ ਨੂੰ ਨਗਰ ਕੀਰਤਨ ਕੱਢਣ ਤੋਂ ਰੋਕਦਿਆਂ ਪੁਲਿਸ ਨੇ 55 ਸਿੱਖਾਂ ਖਿਲਾਫ ਕੇਸ ਦਰਜ ਕਰ ਦਿੱਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਜਿਹਨਾਂ ਪਿੰਡਾਂ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ ਉੱਥੇ ਧਾਰਾ 144 ਲੱਗੀ ਹੋਈ ਸੀ ਜਿਸ ਮੁਤਾਬਿਕ ਚਾਰ ਜਾਂ ਚਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਹੁੰਦੀ ਹੈ। ਪਰ ਇਸ ਧਾਰਾ ਦੇ ਬਹਾਨੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਸਿੱਖਾਂ ਦੇ ਧਾਰਮਿਕ ਹੱਕਾਂ ਦਾ ਘਾਣ ਕੀਤਾ ਗਿਆ ਅਤੇ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਸਜਾਏ ਜਾ ਰਹੇ ਨਗਰ ਕੀਰਤਨ ਨੂੰ ਰੋਕ ਕੇ ਸਿੱਖਾਂ ਨੂੰ ਜ਼ਲੀਲ ਕੀਤਾ ਗਿਆ। 

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਯੋਗੀ ਅਦਿਆਨਾਥ ਦੇ ਖਾਤੇ ਨੂੰ ਨਾਲ ਨੱਥੀ ਕਰਦਿਆਂ ਲਿਖਿਆ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 'ਚ ਸ਼ਾਮਿਲ ਸਿੱਖਾਂ 'ਤੇ ਦਰਜ ਕੀਤੇ ਮਾਮਲੇ 'ਤੇ ਮੁੜ ਵਿਚਾਰ ਕੀਤੀ ਜਾਵੇ। 

ਮਾਮਲੇ ਸਬੰਧੀ ਹੋਰ ਜਾਣਕਾਰੀ ਲਈ ਇਹ ਖ਼ਬਰ ਪੜ੍ਹੋ: 
ਭਾਰਤ ਵਿੱਚ ਸਿੱਖਾਂ ਦੇ ਨਗਰ ਕੀਰਤਨ ਸਜਾਉਣ 'ਤੇ ਲੱਗੀਆਂ ਰੋਕਾਂ; 55 ਸਿੱਖਾਂ ਖਿਲਾਫ ਕੇਸ ਦਰਜ ਕੀਤਾ