ਭਾਰਤ ਵਿੱਚ ਸਿੱਖਾਂ ਦੇ ਨਗਰ ਕੀਰਤਨ ਸਜਾਉਣ 'ਤੇ ਲੱਗੀਆਂ ਰੋਕਾਂ; 55 ਸਿੱਖਾਂ ਖਿਲਾਫ ਕੇਸ ਦਰਜ ਕੀਤਾ

ਭਾਰਤ ਵਿੱਚ ਸਿੱਖਾਂ ਦੇ ਨਗਰ ਕੀਰਤਨ ਸਜਾਉਣ 'ਤੇ ਲੱਗੀਆਂ ਰੋਕਾਂ; 55 ਸਿੱਖਾਂ ਖਿਲਾਫ ਕੇਸ ਦਰਜ ਕੀਤਾ

ਪੀਲੀਭੀਤ: ਉੱਤਰ ਪ੍ਰਦੇਸ਼ ਅੰਦਰ ਪੀਲੀਭੀਤ ਦੇ ਪਿੰਡ ਖੇੜੀ ਨੌਬਰਾਮਾਦ ਵਿਚ ਸਿੱਖ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕੱਢਣ ਤੋਂ ਰੋਕਦਿਆਂ ਪੁਲਿਸ ਨੇ 55 ਸਿੱਖਾਂ ਖਿਲਾਫ ਕੇਸ ਦਰਜ ਕਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਹਨਾਂ ਪਿੰਡਾਂ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ ਉੱਥੇ ਧਾਰਾ 144 ਲੱਗੀ ਹੋਈ ਸੀ ਜਿਸ ਮੁਤਾਬਿਕ ਚਾਰ ਜਾਂ ਚਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਹੁੰਦੀ ਹੈ। ਪਰ ਇਸ ਧਾਰਾ ਦੇ ਬਹਾਨੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਸਿੱਖਾਂ ਦੇ ਧਾਰਮਿਕ ਹੱਕਾਂ ਦਾ ਘਾਣ ਕੀਤਾ ਗਿਆ ਅਤੇ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਸਜਾਏ ਜਾ ਰਹੇ ਨਗਰ ਕੀਰਤਨ ਨੂੰ ਰੋਕ ਕੇ ਸਿੱਖਾਂ ਨੂੰ ਜ਼ਲੀਲ ਕੀਤਾ ਗਿਆ। 

ਮੀਡੀਆ ਨਾਲ ਗੱਲ ਕਰਦਿਆਂ ਖੇੜੀ ਨੌਬਰਾਮਾਦ ਦੇ ਸਿੱਖ ਆਗੂ ਰਣਜੀਤ ਸਿੰਘ ਨੇ ਦੱਸਿਆ ਕਿ ਸੰਗਤਾਂ ਵੱਲੋਂ ਕਾਲੀਨਗਰ ਖੇਤਰ ਦੇ ਸਬ-ਡਵੀਜ਼ਨਲ ਮੈਜਿਸਟ੍ਰੇਟ ਨੂੰ ਨਗਰ ਕੀਰਤਨ ਬਾਰੇ ਅਗਾਊਂ ਜਾਣਕਾਰੀ ਦਿੱਤੀ ਗਈ ਸੀ ਪਰ ਉਹਨਾਂ ਪ੍ਰਵਾਨਗੀ ਦੇਣ ਤੋਂ ਨਾਹ ਕਰ ਦਿੱਤੀ ਸੀ। ਪਰ ਸੰਗਤਾਂ ਨੇ ਫੈਂਸਲਾ ਕੀਤਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਨਗਰ ਕੀਰਤਨ ਸਜਾਇਆ ਜਾਵੇਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੁਲਿਸ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਿੱਖਾਂ ਦੀ ਧਾਰਮਿਕ ਅਜ਼ਾਦੀ ’ਤੇ ਸਿੱਧਾ ਹਮਲਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਇਸ ਘਟਨਾ ਨੂੰ ਸ਼੍ਰੋਮਣੀ ਕਮੇਟੀ ਨੇ ਨਾਦਰਸ਼ਾਹੀ ਫੈਸਲਾ ਕਰਾਰ ਦਿੱਤਾ ਹੈ ਅਤੇ ਇਸ ਦੀ ਘੋਰ ਨਿਖੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਆਖਿਆ ਹੈ ਕਿ ਸਿੱਖ ਸੰਗਤਾਂ ਦੇਸ਼ ਦੁਨੀਆ ਅੰਦਰ ਗੁਰਪੁਰਬਾਂ ਅਤੇ ਹੋਰ ਇਤਿਹਾਸਕ ਦਿਹਾੜਿਆਂ ਮੌਕੇ ਨਗਰ ਕੀਰਤਨ ਸਜਾ ਕੇ ਸ਼ਰਧਾ ਪ੍ਰਗਟਾਉਂਦੀਆਂ ਹਨ ਪਰੰਤੂ ਦੁੱਖ ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ਅੰਦਰ ਪੀਲੀਭੀਤ ਦੇ ਇੱਕ ਪਿੰਡ ਵਿਚ ਪੁਲਿਸ ਵੱਲੋਂ ਨਗਰ ਕੀਰਤਨ ਸਜਾ ਰਹੇ ਸਿੱਖਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ। 

ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖਾਂ ਦੀ ਧਾਰਮਿਕ ਆਜ਼ਾਦੀ ਵਿਰੁੱਧ ਉੱਤਰ ਪ੍ਰਦੇਸ਼ ਪੁਲਿਸ ਦੇ ਸਿੱਖ ਵਿਰੋਧੀ ਫੈਸਲੇ ਨਾਲ ਸਿੱਖਾਂ ਅੰਦਰ ਭਾਰੀ ਰੋਸ ਹੈ। ਪੁਲਿਸ ਦੀ ਕਾਰਵਾਈ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਕੱਢਣ ’ਤੇ ਰੋਕ ਲਗਾਉਣ ਦੀ ਕੋਈ ਤੁਕ ਨਹੀਂ ਸੀ ਬਣਦੀ, ਕਿਉਂਕਿ ਸਿੱਖ ਕੌਮ ਵੱਲੋਂ ਸਜਾਏ ਜਾਂਦੇ ਨਗਰ ਕੀਰਤਨ ਆਪਣੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਉਣ ਦੇ ਨਾਲ ਨਾਲ ਮਨੁੱਖੀ ਭਾਚੇਚਾਰੇ ਨੂੰ ਜੋੜਦੇ ਹਨ। ਇਸ ਸਮੇਂ ਹਰ ਧਰਮ ਦੇ ਲੋਕ ਰਲ ਮਿਲ ਕੇ ਗੁਰੂ ਘਰਾਂ ਅੰਦਰ ਸ਼ਮੂਲੀਅਤ ਕਰਦੇ ਹਨ, ਪਰ ਹੈਰਾਨੀਜਨਕ ਗੱਲ ਹੈ ਕਿ ਉਤਰ ਪ੍ਰਦੇਸ਼ ਪੁਲਿਸ ਵੱਲੋਂ ਨਗਰ ਕੀਰਤਨ ਸਜਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। 

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਸਬੰਧੀ ਯੂਪੀ ਸਰਕਾਰ ਨੂੰ ਦੋਸ਼ੀ ਪੁਲਿਸ ਕਰਮੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਸਿੱਖ ਕੌਮ ਅਜਿਹਾ ਧੱਕਾ ਹਰਗਿਜ ਬਰਦਾਸ਼ਤ ਨਹੀਂ ਕਰੇਗੀ ਕਿ ਉਸ ਨੂੰ ਆਪਣੇ ਧਾਰਮਿਕ ਦਿਹਾੜੇ ਮਨਾਉਣ ਤੋਂ ਰੋਕਿਆ ਜਾਵੇ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।