ਲੋਕ ਸੜਕਾਂ 'ਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਤੇ ਆਗੂ ਕਰ ਰਹੇ ਨੇ ਡਰਾਮਾ

ਲੋਕ ਸੜਕਾਂ 'ਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਤੇ ਆਗੂ ਕਰ ਰਹੇ ਨੇ ਡਰਾਮਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਪੰਜਾਬ ਵਿਧਾਨ ਸਭਾ ਦੇ ਬੁਲਾਏ ਗਏ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਸਿਰਫ ਡਰਾਮਾ ਹੀ ਹੋਇਆ। ਜਿੱਥੇ ਇਕ ਪਾਸੇ ਪੰਜਾਬ ਦੀ ਕਿਸਾਨੀ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਸੜਕਾਂ 'ਤੇ ਬੈਠੀ ਸੰਘਰਸ਼ ਕਰ ਰਹੀ ਹੈ ਉੱਥੇ ਇਸ ਮਸਲੇ 'ਤੇ ਵਿਧਾਨ ਸਭਾ ਵਿਚ ਕੋਈ ਗੰਭੀਰ ਸੰਵਾਦ ਰਚਾਉਣ ਦੀ ਥਾਂ ਪੰਜਾਬ ਦੇ ਚੁਣੇ ਹੋਏ ਆਗੂ ਇਕ ਦੂਜੇ ਤੋਂ ਮੂਹਰੇ ਹੋ ਡਰਾਮਾ ਕਰਦੇ ਨਜ਼ਰ ਆਏ। 

ਜੇ ਗੱਲ ਕਰੀਏ ਪੰਜਾਬ ਸਰਕਾਰ ਦੀ ਤਾਂ ਸਰਕਾਰ ਨੇ ਗੰਭੀਰ ਸੰਵਾਦ ਰਚਾਉਣ ਲਈ ਕੋਈ ਪ੍ਰਬੰਧ ਹੀ ਨਹੀਂ ਕੀਤਾ। ਸਰਕਾਰ ਨੇ ਆਪਣੀ ਤੈਅ ਜਿੰਮੇਵਾਰੀ ਮੁਤਾਬਕ ਇਜਲਾਸ ਦੇ ਏਜੰਡੇ ਬਾਰੇ ਕੁੱਝ ਵੀ ਸਪਸ਼ਟ ਨਹੀਂ ਕੀਤਾ। ਨਤੀਜਾ ਇਹ ਹੋਇਆ ਕਿ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਮਸਾਂ 35 ਕੁ ਮਿੰਟ ਹੀ ਚੱਲਣ ਮਗਰੋਂ ਇਸ ਨੂੰ ਮੰਗਲਵਾਰ 10 ਵਜੇ ਤਕ ਮੁਲਤਵੀ ਕਰ ਦਿੱਤਾ ਗਿਆ। 

ਵਿਧਾਨ ਸਭਾ ਵਿਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਤੋਂ ਵਾਰ-ਵਾਰ ਪ੍ਰਸਤਾਵਿਤ ਬਿੱਲ ਦਾ ਖਰੜਾ ਮੰਗਿਆ ਗਿਆ ਪਰ ਇਸ ਮੰਗ ਨੂੰ ਸਰਕਾਰ ਨੇ ਨਜ਼ਰਅੰਦਾਜ਼ ਕਰ ਦਿੱਤਾ। ‘ਆਪ’ ਵਿਧਾਇਕਾਂ ਨੇ ਸਦਨ ਦੇ ਅੰਦਰ ਹੀ ਖਰੜੇ ਦੀ ਕਾਪੀ ਮਿਲਣ ਤੱਕ ਧਰਨਾ ਲਾ ਦਿੱਤਾ। ਅਕਾਲੀ ਵਿਧਾਇਕਾਂ ਨੇ ਸਪੀਕਰ ਦੇ ਆਸਣ ਅੱਗੇ ਜਾ ਕੇ ਨਾਅਰੇਬਾਜ਼ੀ ਕੀਤੀ।

ਇਸ ਸੈਸ਼ਨ ਵਿਚ ਸਿਰਫ ਉਹਨਾਂ ਕਿਸਾਨਾਂ ਨੂੰ ਸ਼ਰਧਾਂਜਲੀ ਦੇ ਕੇ ਸਾਰ ਦਿੱਤਾ ਗਿਆ ਜੋ ਆਪਣੇ ਹੱਕਾਂ ਲਈ ਸੜਕਾਂ 'ਤੇ ਬੈਠੇ ਪਿਛਲੇ ਦਿਨੀਂ ਦੁਨੀਆਂ ਤੋਂ ਰੁਖਸਤ ਹੋ ਗਏ। ਹਲਾਂਕਿ ਪਹਿਲਾਂ ਸਰਕਾਰ ਨੇ ਇਹਨਾਂ ਕਿਸਾਨਾਂ ਦੇ ਨਾਂ ਵੀ ਸੂਚੀ 'ਚ ਸ਼ਾਮਲ ਨਹੀਂ ਕੀਤੇ ਸਨ ਪਰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਸਾਨੀ ਸੰਘਰਸ਼ ਦੌਰਾਨ ਮਰਨ ਵਾਲੇ ਕਿਸਾਨਾਂ ਮੁਖ਼ਤਿਆਰ ਸਿੰਘ ਕਿਸ਼ਨਗੜ੍ਹ, ਵਜ਼ੀਰ ਸਿੰਘ ਕਿਸ਼ਨਗੜ੍ਹ, ਪ੍ਰੀਤਮ ਸਿੰਘ ਅੱਕਾਂਵਾਲੀ, ਬੇਬੇ ਤੇਜ ਕੌਰ, ਜਗਰਾਜ ਸਿੰਘ ਗੜੱਦੀ, ਜਸਪਾਲ ਸਿੰਘ ਸਰੀ ਮਹਿਲਕਲਾਂ ਅਤੇ ਲਾਭ ਸਿੰਘ ਭੁੱਲਰ ਹੇੜੀ ਦੇ ਨਾਵਾਂ ਦੀ ਸੂਚੀ ਦਿੱਤੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਬਾਕੀ ਪਾਰਟੀਆਂ ਨੇ ਵੀ ਇਸ ਦੀ ਵਕਾਲਤ ਕੀਤੀ ਜਿਸ ਉਪਰੰਤ ਇਹ ਨਾਮ ਵੀ ਸ਼ਰਧਾਂਜਲੀ ਸੂਚੀ ’ਚ ਦਰਜ ਕੀਤੇ ਗਏ। ਸਪੀਕਰ ਨੇ ਵਿਛੜੀਆਂ ਰੂਹਾਂ ਦੇ ਪਰਿਵਾਰਾਂ ਨੂੰ ਸਦਨ ਵੱਲੋਂ ਸ਼ੋਕ ਸੰਦੇਸ਼ ਭੇਜਣ ਸਬੰਧੀ ਇੱਕ ਮਤਾ ਪੇਸ਼ ਕੀਤਾ ਜਿਸ ਨੂੰ ਜ਼ੁਬਾਨੀ ਵੋਟ ਰਾਹੀਂ ਪਾਸ ਕੀਤਾ ਗਿਆ।

ਸਰਕਾਰ ਦਾ ਰਵੱਈਆ ਤਾਂ ਜਿਹੋ ਜਿਹਾ ਸੀ, ਉਹ ਬੇਹੱਦ ਨਿੰਦਣਯੋਗ ਸੀ ਹੀ ਪਰ ਵਿਰੋਧੀ ਧਿਰਾਂ ਨੇ ਵੀ ਬੀਤੇ ਕੱਲ੍ਹ ਰੱਜ ਕੇ ਡਰਾਮਾ ਕੀਤਾ। ਵਿਧਾਨ ਸਭਾ ਦਾ ਸੈਸ਼ਨ ਘੱਟ ਅਤੇ ਰਾਜਨੀਤਕ ਰੈਲੀਆਂ ਦਾ ਮਾਹੌਲ ਵੱਧ ਨਜ਼ਰ ਆਇਆ। ਆਪ ਦੇ ਆਗੂ ਕਾਲੇ ਕੱਪੜੇ ਪਾ ਕੇ ਪਹੁੰਚੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਟ੍ਰੈਕਟਰਾਂ 'ਤੇ ਚੜ੍ਹ ਕੇ ਆਏ। 

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਜਲਾਸ ਮੁਲਤਵੀ ਹੋਣ ਮਗਰੋਂ ਪੰਜਾਬ ਭਵਨ ਦੇ ਬਾਹਰ ਉਸ ਸਮੇਂ ਹੰਗਾਮਾ ਕਰ ਦਿੱਤਾ ਜਦੋਂ ਅਕਾਲੀ ਵਿਧਾਇਕਾਂ ਨੂੰ ਪੁਲੀਸ ਨੇ ਪੰਜਾਬ ਭਵਨ ’ਚ ਦਾਖਲ ਹੋਣ ਤੋਂ ਰੋਕ ਦਿੱਤਾ। ਭਵਨ ਦੇ ਗੇਟ ’ਤੇ ਪੁਲੀਸ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਰਮਿਆਨ ਗਰਮਾ ਗਰਮੀ ਵੀ ਹੋਈ ਅਤੇ ਕਾਫ਼ੀ ਸਮਾਂ ਮਾਹੌਲ ਤਲਖ਼ੀ ਵਾਲਾ ਬਣਿਆ ਰਿਹਾ। ਕੁਝ ਅਕਾਲੀ ਵਿਧਾਇਕ ਕੰਧਾਂ ਟੱਪ ਕੇ ਪੰਜਾਬ ਭਵਨ ਵਿੱਚ ਦਾਖਲ ਹੋਏ। ਇਸ ਮੌਕੇ ਅਕਾਲੀ ਵਿਧਾਇਕ ਧਰਨੇ ’ਤੇ ਬੈਠ ਗਏ। ਕਰੀਬ ਤਿੰਨ ਘੰਟੇ ਮਗਰੋਂ ਪੰਜਾਬ ਭਵਨ ਵਿਚ ਦਾਖ਼ਲੇ ਦੀ ਇਜਾਜ਼ਤ ਮਿਲਣ ਮਗਰੋਂ ਅਕਾਲੀ ਦਲ ਨੇ ਧਰਨਾ ਖਤਮ ਕਰ ਦਿੱਤਾ।

ਅਕਾਲੀ ਵਿਧਾਇਕਾਂ ਨੇ ਜਦੋਂ ਪੰਜਾਬ ਭਵਨ ਦੇ ਬਾਹਰ ਧਰਨਾ ਮਾਰਿਆ ਹੋਇਆ ਸੀ ਤਾਂ ਠੀਕ ਉਦੋਂ ਪੰਜਾਬ ਭਵਨ ਅੰਦਰ ਤਿੰਨ ਕੈਬਨਿਟ ਵਜ਼ੀਰਾਂ ਦੀ ਭਾਰਤੀ ਕਿਸਾਨ ਯੂਨੀਅਨ ਦੇ 11 ਮੈਂਬਰੀ ਵਫ਼ਦ ਨਾਲ ਮੀਟਿੰਗ ਚੱਲ ਰਹੀ ਸੀ। ਪੁਲੀਸ ਇਸ ਗੱਲੋਂ ਵੀ ਡਰ ਰਹੀ ਸੀ ਕਿ ਕਿਤੇ ਅਕਾਲੀ ਵਿਧਾਇਕਾਂ ਅਤੇ ਕਾਂਗਰਸੀ ਵਜ਼ੀਰਾਂ ਦਰਮਿਆਨ ਕੋਈ ਤਣਾਅ ਵਾਲਾ ਮਾਹੌਲ ਨਾ ਬਣ ਜਾਵੇ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ਵਿਧਾਇਕਾਂ ਨੇ ਵਿਧਾਨ ਸਭਾ ਦੇ ਅੰਦਰ ਧਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਊਨ੍ਹਾਂ ਬਾਹਰ ਕੇਂਦਰ ਦੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ। ਟਰੈਕਟਰ ਰੋਕਣ ਲਈ ਲਾਏ ਬੈਰੀਕੇਡਾਂ ’ਤੇ ‘ਆਪ’ ਵਿਧਾਇਕਾਂ ਨੂੰ ਵੀ ਪੁਲੀਸ ਨੇ ਕੁਝ ਸਮਾਂ ਰੋਕੀ ਰੱਖਿਆ। ਇਸ ਮੌਕੇ ਪੁਲੀਸ ਅਤੇ ‘ਆਪ’ ਵਿਧਾਇਕਾਂ ਦੀ ਬਹਿਸਬਾਜ਼ੀ ਵੀ ਹੋਈ।

ਊਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦੇ ਭਵਿੱਖ ਨਾਲ ਜੁੜੇ ਬਿੱਲ ਨੂੰ ਸਦਨ ’ਚ ਪੇਸ਼ ਕਰਨ ਤੱਕ ਗੁਪਤ ਰੱਖਣ ਪਿੱਛੇ ਵੱਡੀ ਸਾਜ਼ਿਸ਼ ਦੇ ਦੋਸ਼ ਲਗਾਏ। ਚੀਮਾ ਨੇ ਕਿਹਾ,‘‘ਮੁੱਖ ਮੰਤਰੀ ਇਕ ਵਾਰ ਫੇਰ ਪਾਣੀਆਂ ਬਾਰੇ ਸਮਝੌਤੇ ਦੀ ਤਰਜ਼ ’ਤੇ ਪੰਜਾਬ ਦੀ ਕਿਸਾਨੀ ਨਾਲ ਫਰੇਬ ਕਰਨ ਦੀਆਂ ਤਿਆਰੀ ’ਚ ਹਨ। ਜਿਵੇਂ ਤਤਕਾਲੀ ਮਨਮੋਹਨ ਸਿੰਘ ਸਰਕਾਰ ਨਾਲ ਮਿਲ ਕੇ ਅਮਰਿੰਦਰ ਸਿੰਘ ਨੇ ਪਾਣੀ ਰੱਦ ਕਰਨ ਵਾਲੇ ਫ਼ਰਜ਼ੀ ਐਕਟ ਨਾਲ ਫੋਕੀ ਵਾਹ-ਵਾਹੀ ਖੱਟ ਲਈ ਸੀ ਪਰੰਤੂ ਉਸ ਐਕਟ ਦਾ ਸੂਬੇ ਨੂੰ ਕੋਈ ਲਾਭ ਨਹੀਂ ਹੋਇਆ ਅਤੇ ਨਾ ਹੀ ਉਹ ਐਕਟ ਸੁਪਰੀਮ ਕੋਰਟ ’ਚ ਟਿਕ ਸਕਿਆ ਹੈ।’’ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਅਮਰਿੰਦਰ ਸਿੰਘ ਉਸੇ ਤਰ੍ਹਾਂ ਮੋਦੀ ਸਰਕਾਰ ਨਾਲ ਮਿਲ ਕੇ ਇਹ ਪ੍ਰਸਤਾਵਿਤ ਖੇਤੀ ਬਿੱਲ ਵਿਧਾਨ ਸਭਾ ਵਿੱਚ ਪੇਸ਼ ਕਰਨ ਜਾ ਰਹੇ ਹਨ ਤਾਂ ਜੋ ਅਖੀਰ ’ਚ ਇਹ ਬਿੱਲ ਮੋਦੀ ਸਰਕਾਰ ਦੇ ਹੱਕ ’ਚ ਭੁਗਤੇ।

ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ 10 ਵਜੇ ਖੇਤੀ ਕਾਨੂੰਨਾਂ ਖ਼ਿਲਾਫ਼ ਨਵਾਂ ਬਿੱਲ ਪੇਸ਼ ਕਰਨਗੇ।