ਸੀਏਏ ਖਿਲਾਫ ਅਕਾਲ ਤਖ਼ਤ ਸਾਹਿਬ 'ਤੇ ਅਪੀਲ ਲੈ ਕੇ ਪਹੁੰਚਿਆ ਮੁਸਲਿਮ ਭਾਈਚਾਰਾ

ਸੀਏਏ ਖਿਲਾਫ ਅਕਾਲ ਤਖ਼ਤ ਸਾਹਿਬ 'ਤੇ ਅਪੀਲ ਲੈ ਕੇ ਪਹੁੰਚਿਆ ਮੁਸਲਿਮ ਭਾਈਚਾਰਾ

ਅੰਮ੍ਰਿਤਸਰ, (ਏ.ਟੀ ਬਿਊਰੋ): ਭਾਰਤ ਸਰਕਾਰ ਵੱਲੋਂ ਬਣਾਏ ਗਏ ਪੱਖਪਾਤੀ ਕਾਨੂੰਨ ਸੀਏਏ (ਨਾਗਰਿਕਤਾ ਸੋਧ ਕਾਨੂੰਨ) ਦਾ ਵਿਰੋਧ ਕਰ ਰਹੇ ਮੁਸਲਿਮ ਭਾਈਚਾਰੇ ਨੇ ਅਕਾਲ ਤਖ਼ਤ ਸਾਹਿਬ ਦਾ ਓਟ ਆਸਰਾ ਤੱਕਿਆ ਹੈ। ਇਸ ਲਈ ਅੱਜ ਮੁਸਲਿਮ ਭਾਈਚਾਰੇ ਦੀ ਜੁਆਇੰਟ ਐਕਸ਼ਨ ਕਮੇਟੀ ਅਹਿਮਦਗੜ੍ਹ ਦੇ ਮੁਸਲਿਮ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਮੰਗ ਪੱਤਰ ਦੇ ਕੇ ਇਸ ਕਾਨੂੰਨ ਦੇ ਵਿਰੁੱਧ ਅਗਵਾਈ ਕਰਨ ਦੀ ਮੰਗ ਕੀਤੀ ਹੈ।

ਇਸ ਦੌਰਾਨ ਗੱਲਬਾਤ ਕਰਦਿਆਂ ਮੁਸਲਿਮ ਆਗੂਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਜੋ ਕਿ ਸਿਆਸੀ ਅਤੇ ਧਾਰਮਿਕ ਸੇਧ ਦਿੰਦਾ ਹੈ, ਤੋਂ ਹੀ ਵੱਖ-ਵੱਖ ਫ਼ਿਰਕਿਆਂ 'ਚ ਵੰਡੀ ਪਾਉਣ ਵਾਲੇ ਇਸ ਕਾਨੂੰਨ ਦੇ ਵਿਰੁੱਧ ਕੋਈ ਫ਼ੈਸਲਾ ਲਿਆ ਜਾਵੇ।

ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ ਕਾਨੂੰਨ ਵਿਚ ਮੁਸਲਮਾਨਾਂ ਨੂੰ ਸ਼ਾਮਲ ਕਰਨ ਦਾ ਬਿਆਨ ਦੇ ਚੁੱਕੇ ਹਨ ਪਰ ਹੁਣ ਇਹ ਅਪੀਲ ਅਕਾਲ ਤਖ਼ਤ ਸਾਹਿਬ 'ਤੇ ਪਹੁੰਚਣ ਮਗਰੋਂ ਅਕਾਲ ਤਖ਼ਤ ਸਾਹਿਬ ਤੋਂ ਕੀ ਕਾਰਵਾਈ ਕੀਤੀ ਜਾਂਦੀ ਹੈ, ਇਹ ਬੜਾ ਅਹਿਮ ਹੋਵੇਗਾ। 

ਭਾਰਤ ਦੇ ਇਸ ਕਾਨੂੰਨ ਖਿਲਾਫ ਸਿੱਖ ਭਾਈਚਾਰਾ ਵੀ ਮੁਸਲਮਾਨਾਂ ਦੇ ਨਾਲ ਖੜ੍ਹਾ ਹੈ ਤੇ ਦਿੱਲੀ ਦੇ ਸ਼ਾਹੀਨ ਬਾਗ ਵਿਚ ਚਲ ਰਹੇ ਮੋਰਚੇ 'ਚ ਪੰਜਾਬ ਤੋਂ ਲਗਾਤਾਰ ਜਥੇ ਜਾ ਰਹੇ ਹਨ ਤੇ ਲੰਗਰ ਲਗਾਏ ਜਾ ਰਹੇ ਹਨ। 

ਮੁਸਲਿਮ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਮੰਗ ਪੱਤਰ ਦੇਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਇਸ ਵਫ਼ਦ ਨੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਲੰਗਰ ਛਕਿਆ। ਇਸ ਉਪਰੰਤ ਮੁਸਲਮਾਨ ਭਾਈਚਾਰੇ ਨੇ ਜੁਮੇ ਦੀ ਨਮਾਜ਼ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਵਿਖੇ ਅਦਾ ਕੀਤੀ।