ਅੰਦਰੂਨੀ ਸ਼ਕਤੀਆਂ ਦੀ ਪਹਿਚਾਣ ਕਰੀਏ

ਅੰਦਰੂਨੀ ਸ਼ਕਤੀਆਂ ਦੀ ਪਹਿਚਾਣ ਕਰੀਏ

'ਸ਼ਕਤੀ" ਲਫ਼ਜ਼ ਦਾ ਜ਼ਿਕਰ ਆਉਂਦਾ ਹੈ ਤਾਂ ਇਨਸਾਨੀ ਕਲਪਨਾ ਸ਼ਰੀਰਕ ਸਮਰੱਥਾ ਤੋਂ ਪਰੇ ਆਪਣਾ ਧਿਆਨ ਕੇਂਦਰਿਤ ਕਰਨ ਲੱਗ ਪੈਂਦੀ ਹੈ

ਕੁਦਰਤ ਤੇ ਕਾਦਰ ਚ ਕੋਈ ਫਰਕ ਨਹੀਂ ਜਾਂ ਇਹ ਕਹਿ ਲਈਏ ਕੁਦਰਤ ਕਾਦਰ ਦਾ ਹੀ ਪ੍ਰਗਟ ਰੂਪ ਹੈ ਤਾਂ ਸ਼ਾਇਦ ਕੋਈ ਦੋਰਾਏ ਨਹੀਂ ਹੋਵੇਗੀ।ਕੁਦਰਤ ਨੇ ਇਸ ਧਰਤੀ ਤੇ ਬਹੁਤ ਐਸੇ ਪ੍ਰਤੱਖ ਚਮਤਕਾਰ ਕਰਕੇ ਵਿਖਾਏ ਹਨ ਜਿਹਨਾਂ ਨੂੰ ਵੇਖ ਕੇ ਕੁਦਰਤ ਜਾਂ ਕਾਦਰ ਦੀ ਸ਼ਕਤੀ ਦਾ ਅਹਿਸਾਸ ਹੁੰਦਾ ਹੈ।ਵੱਡੇ ਵੱਡੇ ਅਣਦਿਸਦੇ ਅਣਸੁਲਝੇ ਰਹੱਸ ਇਸ ਧਰਤੀ ਦੀ ਗੋਦ ਅੰਦਰ ਸਮੋਏ ਹੋਏ ਹਨ।ਕਾਦਰ ਨੇ ਆਪਣੀਆਂ ਸ਼ਕਤੀਆਂ ਦਾ ਨਮੂਨਾ ਹਰ ਜੀਵ ਜੰਤੂ ਅੰਦਰ ਬਿਨਾ ਕਿਸੇ ਕਾਣੀ ਵੰਡ ਤੋਂ ਧਰਿਆ ਹੋਇਆ ਹੈ।ਜਦੋਂ ਵੀ 'ਸ਼ਕਤੀ" ਲਫ਼ਜ਼ ਦਾ ਜ਼ਿਕਰ ਆਉਂਦਾ ਹੈ ਤਾਂ ਇਨਸਾਨੀ ਕਲਪਨਾ ਸ਼ਰੀਰਕ ਸਮਰੱਥਾ ਤੋਂ ਪਰੇ ਆਪਣਾ ਧਿਆਨ ਕੇਂਦਰਿਤ ਕਰਨ ਲੱਗ ਪੈਂਦੀ ਹੈ।ਇਨਸਾਨ ਦੀ ਪਰਬਿਰਤੀ ਦੀ ਗੱਲ ਕਰੀਏ ਤਾਂ ਇਹ ਹਵਾ ਵਿੱਚ ਉੱਡਣਾ, ਚੀਜ਼ਾਂ ਉਡਾ ਦੇਣੀਆਂ,ਇਕ ਥਾਂ ਤੋਂ ਗਾਇਬ ਹੋ ਕੇ ਕਿਸੇ ਦੂਸਰੇ ਥਾਂ ਪ੍ਰਗਟ ਹੋ ਜਾਣਾ ਵਗੈਰਾ ਵਗੈਰਾ ਚਮਤਕਾਰਾਂ ਨੂੰ ਸ਼ਕਤੀਆਂ ਦਾ ਨਾਮ ਦਿੰਦੀ ਹੈ।ਹੋ ਸਕਦਾ ਇਹ ਸਾਰਾ ਕੁਝ ਹੁੰਦਾ ਹੋਵੇ ਪਰ ਜਿਹੜੀਆਂ ਸ਼ਕਤੀਆਂ ਕਾਦਰ ਨੇ ਜੀਵ ਦੇ ਅੰਦਰ ਧਰੀਆਂ ਹੋਈਆਂ ਨੇ ਉਹਨਾਂ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਇਨਸਾਨ ਨੇ ਕਦੇ ਕੀਤੀ ਹੀ ਨਹੀਂ।

ਮਨੁੱਖ ਜਾਤੀ ਦੀ ਹੋਂਦ ਹੀ ਸ਼ਕਤੀ ਤੇ ਖੜੀ ਹੈ।ਸ਼ਕਤੀ ਤੋਂ ਹੀਣਾ ਮਨੁੱਖ ਇਸ ਧਰਤੀ ਤੇ ਜਿਉਂਦਾ ਨਹੀਂ ਰਹਿ ਸਕਦਾ।ਮਨੁੱਖ ਦੀ ਹਰ ਹਰਕਤ ਪਿੱਛੇ ਅਣ ਦਿਸਦੀ ਅਨੋਖੀ ਸ਼ਕਤੀ ਕੰਮ ਕਰ ਰਹੀ ਹੁੰਦੀ ਹੈ।ਜੀਵਾਂ ਦਾ ਚੱਲਣਾ,ਦੇਖਣਾ,ਪਿਆਰ ਤੇ ਨਫਰਤ ਨੂੰ ਜਤਾਉਣਾ, ਡਰ ਦੇ ਭਾਵ,ਖਾਣ ਪੀਣ ਤੱਕ ਦੀ ਹਰ ਕਿਰਿਆ ਪਿੱਛੇ ਇਕ ਅਦੁੱਤੀ ਅੰਦਰੂਨੀ ਸ਼ਕਤੀ ਦਾ ਵਾਸ ਹੈ।ਹਰ ਜੀਵ ਦੇ ਅੰਦਰ ਜਜ਼ਬਾਤਾਂ ਨੂੰ ਸਮਝਣ ਦੀ ਇੱਕ ਸਭ ਤੋਂ ਵੱਡੀ ਤਾਕਤ ਕੁਦਰਤ ਨੇ ਬਖਸ਼ੀ ਹੋਈ ਹੈ।ਇਸ ਤਰਾਂ ਕਦੇ ਵੀ ਨਹੀਂ ਹੁੰਦਾ ਕਿ ਕਿਸੇ ਦੇ ਪ੍ਰਤੀ ਤੁਹਾਡੇ ਪਿਆਰ ਜਾਂ ਘ੍ਰਿਣਾ ਨੂੰ ਸਾਹਮਣੇ ਵਾਲਾ ਮਹਿਸੂਸ ਹੀ ਨਾ ਕਰ ਸਕੇ।ਤੁਹਾਡੀ ਘ੍ਰਿਣਾ ਜਾਂ ਮੁਹੱਬਤ ਕਦੀ ਵੀ ਗੁੱਝੀ ਨਹੀਂ ਰਹਿ ਸਕਦੀ।ਭਾਵਨਾਵਾਂ ਨੂੰ ਤੋਲ ਮੋਲ ਕਰਨ ਦੀ ਸ਼ਕਤੀ ਹਰ ਜੀਵ ਦੇ ਅੰਦਰ ਹੈ ਤੇ ਤੁਹਾਡੇ ਅੰਦਰੋਂ ਨਿਕਲੇ ਹਰ ਚੰਗੇ ਮਾੜੇ ਭਾਵ ਨੂੰ ਇਹ ਬਾਖੂਬੀ ਪਕੜ ਕਰ ਲੈਂਦੀ ਹੈ।ਇਸਤਰੀਆਂ ਅੰਦਰ ਵੀ ਸਿਰਜਣਹਾਰ ਨੇ ਉਹ ਸ਼ਕਤੀ ਰੱਖੀ ਹੋਈ ਹੈ।ਤੁਹਾਡੇ ਸਪਰਸ਼ ਮਾਤਰ ਤੋਂ ਹੀ ਤੁਹਾਡੇ ਭਾਵ ਤੇ ਅੰਦਰਲਾ ਸੱਚ ਇਸਤਰੀ ਦੇ ਸਾਹਮਣੇ ਆ ਜਾਂਦਾ ਹੈ।ਮਨੁੱਖ ਦੇ ਵਿਵਹਾਰ,ਖਾਣ ਪੀਣ,ਤੁਰਨ ਫਿਰਨ ਅਤੇ ਬੋਲਣ ਦੇ ਲਹਿਜ਼ੇ ਤੋਂ ਹੀ ਉਸਦੀ ਅੰਦਰਲੀ ਦਸ਼ਾ ਮਹਿਸੂਸ ਹੋ ਜਾਂਦੀ ਹੈ।ਇਨਸਾਨੀ ਸੁਭਾਅ ਹਮੇਸ਼ਾ ਆਪਣੇ ਅੰਦਰਲੇ ਭਾਵਾਂ ਤੇ ਪਰਦਾ ਪਾ ਕੇ ਰੱਖਣਾ ਚਾਹੁੰਦਾ ਹੈ।ਅੰਦਰ ਚੱਲ ਕੁਝ ਹੋਰ ਰਿਹਾ ਹੁੰਦਾ ਹੈ ਤੇ ਪੇਸ਼ ਕੁਝ ਹੋਰ ਕੀਤਾ ਜਾਂਦਾ ਹੈ।ਇਸ ਧਰਤੀ ਤੇ ਵਿਚਰਦਿਆਂ ਕੀਤਾ ਜਾਂਦਾ ਹਰ ਕਾਰਜ਼ ਸਵਾਰਥ ਤੋਂ ਹੀ ਪ੍ਰੇਰਿਤ ਹੁੰਦਾ ਹੈ।ਤੁਹਾਡਾ ਬੁਲਾਉਣਾ,ਤੁਹਾਡਾ ਪ੍ਰਸ਼ੰਸਾ ਕਰਨਾ,ਤੁਹਾਡੀ ਜੀਅ ਹਜ਼ੂਰੀ ਆਦਿ ਇਹ ਉਹ ਸਭ ਤੋਂ ਸਰਲ ਤੇ ਪਾਰਦਰਸ਼ੀ ਪਰਦੇ ਨੇ ਜੋ ਮਨੁੱਖ ਦੀ ਅਸਲੀਅਤ ਵੇਖਣ ਦੀ ਚਾਹ ਰੱਖਣ ਵਾਲੇ ਨੂੰ ਆਸਾਨੀ ਨਾਲ ਸਭ ਕੁਝ ਵਿਖਾ ਦਿੰਦੇ ਹਨ।

ਸ਼ਰੀਰਕ ਤੇ ਮਨੋਬਲ ਸ਼ਕਤੀਆਂ ਤੋਂ ਹੀਣੇ ਇਨਸਾਨ ਹੀ ਹਮੇਸ਼ਾ ਧੋਖੇ ਤੇ ਜਾਲਸਾਜ਼ੀ ਦਾ ਸ਼ਿਕਾਰ ਹੁੰਦੇ ਹਨ।ਸਭ ਤੋਂ ਵੱਡਾ ਧੋਖਾ ਧਾਰਮਿਕ ਖਿਆਲ ਅਪਨਾਉਣ ਦੀ ਚਾਹ ਰੱਖਣ ਵਾਲੇ ਇਨਸਾਨ ਖਾਂਦੇ ਹਨ।ਜਦੋਂ ਵੀ ਇਨਸਾਨ ਧਾਰਮਿਕ ਦੁਨੀਆਂ ਚ ਪ੍ਰਵੇਸ਼ ਕਰਦਾ ਹੈ ਤਾਂ ਉਸਦੇ ਅੰਦਰਲੀ ਕਾਹਲ ਛੇਤੀ ਹੀ ਉਸ ਦਾ ਮਨ ਮੋੜ ਦਿੰਦੀ ਹੈ ਜਾਂ ਇਹ ਭਰਮ ਖੜਾ ਕਰ ਦਿੰਦੀ ਹੈ ਕਿ ਬ੍ਰਹਿਮੰਡ ਦਾ ਦੂਜਾ ਸਿਰਾ ਵੀ ਮੈਂ ਦੇਖ ਲਿਆ ਹੈ।ਮੇਰਾ ਨਿੱਜੀ ਖਿਆਲ ਹੈ ਕਿ ਧਰਮ ਉਸ ਸ਼ਾਂਤ ਮਹਾਂਸਾਗਰ ਦੀ ਤਰਾਂ ਹੁੰਦੇ ਹਨ ਜੋ ਉਪਰੋਂ ਦੇਖਣ ਨੂੰ ਬਹੁਤ ਸਮਤਲ ਲਗਦੇ ਹਨ ਪਰ ਉਹ ਸਾਗਰ ਸਦੀਆਂ ਤੋਂ ਕੀ ਕੀ ਕੁਝ ਵੇਖ ਚੁੱਕੇ ਹੁੰਦੇ ਨੇ ਤੇ ਉਸਦੀ ਤਹਿ ਅੰਦਰ ਕਿੰਨੇ ਈ ਯੁਗ ਤੇ ਕਿੰਨਾ ਹੀ ਕੁਝ ਅਲੋਪ ਹੋ ਚੁੱਕਾ ਸਮੋਇਆ ਹੁੰਦਾ ਹੈ।ਜਿਸਨੂੰ ਖੋਜਣ ਲਈ ਇੱਕ ਤਾਂ ਕੀ ਸ਼ਾਇਦ ਕਈ ਜਨਮ ਵੀ ਥੁੜ ਜਾਣਗੇ।ਕਾਦਰ ਵਲੋਂ ਬਖਸ਼ੀਆਂ ਇਹ ਤਾਕਤਾਂ ਅਸਲ ਵਿੱਚ ਤੁਹਾਨੂੰ ਇਨਸਾਨ ਬਣਨ ਲਈ ਪ੍ਰੇਰਿਤ ਕਰਦੀਆਂ ਹਨ।ਬਹੁਤ ਇਨਸਾਨ ਐਸੇ ਹੁੰਦੇ ਨੇ ਜੋ ਇਹਨਾਂ ਤਾਕਤਾਂ ਨੂੰ ਵਰਤ ਕੇ ਸਮਾਜ ਨੂੰ ਗੁਮਰਾਹ ਕਰਨ ਦਾ ਕਾਰਜ ਕਰਦੇ ਹਨ ਪਰ ਇਹ ਸ਼ਕਤੀਆਂ ਪ੍ਰਵਾਨ ਵੀ ਤਦੇ ਚੜ੍ਹਦੀਆਂ ਨੇ ਜੇਕਰ ਇਹਨਾਂ ਦੀ ਵਰਤੋਂ ਕੇਵਲ ਮਨੁੱਖਤਾ ਦੀ ਭਲਾਈ ਲਈ ਕੀਤੀ ਜਾਵੇ।ਮਨੁੱਖ ਹੋਣ ਦੇ ਨਾਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕੁਦਰਤ ਵਲੋਂ ਬਖਸ਼ੀਆਂ ਇਹਨਾਂ ਸ਼ਕਤੀਆਂ ਦੀ ਪਹਿਚਾਣ ਕਰੀਏ।ਇਹਨਾਂ ਸ਼ਕਤੀਆਂ ਨੂੰ ਜਗਾਉਣ ਦੀ ਜਰੂਰਤ ਹੈ ਤੇ ਮੇਰਾ ਮੰਨਣਾ ਹੈ ਕਿ ਇਹ ਸ਼ਕਤੀਆਂ ਪ੍ਰਤੱਖ ਨੇ ਤੇ ਇਹਨਾਂ ਨੂੰ ਚੰਗੀ ਸੋਚ ਵਾਲੇ ਇਨਸਾਨਾਂ ਦਾ ਸੰਗ ਕਰਕੇ ਸਹਿਜੇ ਹੀ ਪ੍ਰਗਟ ਕੀਤਾ ਜਾ ਸਕਦਾ ਹੈ।ਜੇਕਰ ਤੁਹਾਡਾ ਵਤੀਰਾ ਮਨੁੱਖਾਂ ਵਾਲਾ ਹੈ ਫਿਰ ਕੁਝ ਵੀ ਗਲਤ ਹੋਣ ਦੀ ਸੰਭਾਵਨਾ ਨਹੀਂ ਹੁੰਦੀ।ਜਦੋ ਜਦੋ ਵੀ ਅਣਮਨੁੱਖੀ ਸੋਚ ਤੇ ਵਤੀਰਾ ਬੁੱਧੀ ਤੇ ਭਾਰੂ ਹੁੰਦਾ ਹੈ ਉਦੋਂ ਉਦੋਂ ਨੁਕਸਾਨ ਹੀ ਝੱਲਣਾ ਪੈਂਦਾ ਹੈ ਅਤੇ ਉਸ ਨੁਕਸਾਨ ਦਾ ਜਿੰਮੇਵਾਰ ਵੀ ਇਨਸਾਨ ਖੁਦ ਹੁੰਦਾ ਹੈ।

 ️    

ਸੰਜੀਵ ਸਿੰਘ ਝੱਜ
     9815150542