ਸ਼ਹੀਦ ਭਾਈ ਮਨੀ ਸਿੰਘ

ਸ਼ਹੀਦ ਭਾਈ ਮਨੀ ਸਿੰਘ

9 ਜੁਲਾਈ ਸ਼ਹੀਦੀ ਦਿਵਸ

ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1644 ਈਃ ਨੂੰ ਅਲੀਪੁਰ ਜ਼ਿਲ੍ਹੇ ਦੇ ਮੁਜ਼ੱਫਰਗੜ੍ਹ (ਪਾਕਿਸਤਾਨ) ਵਿੱਚ ਭਾਈ ਮਾਈ ਦਾਸ ਅਤੇ ਬੀਬੀ ਮਧਰੀ ਬਾਈ ਦੇ ਘਰ ਹੋਇਆ। ਉਨ੍ਹਾਂ ਦਾ ਵਿਆਹ 1659 ਈ. ਨੂੰ ਭਾਈ ਲੱਖੀ ਸ਼ਾਹ ਵਣਜਾਰਾ ਦੀ ਪੁੱਤਰੀ ਨਾਲ ਹੋਇਆ।1657 ਈ. ਨੂੰ ਭਾਈ ਮਨੀ ਸਿੰਘ ਆਪਣੇ ਪਿਤਾ ਨਾਲ ਗੁਰੂ ਹਰਿ ਰਾਏ ਸਾਹਿਬ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਆਏ। ਗੁਰੂ ਹਰਿ ਰਾਇ ਸਾਹਿਬ ਦੇ ਜੋਤੀ ਜੋਤ ਸਮਾਉਣ ਮਗਰੋਂ ਉਹ ਉੱਥੇ ਹੀ ਗੁਰੂ ਹਰਕ੍ਰਿਸ਼ਨ ਦੀ ਸੇਵਾ ’ਚ ਜੁੱਟ ਗਏ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਿੱਲੀ ’ਚ ਜੋਤੀ ਜੋਤ ਸਮਾਉਣ ਤੋਂ ਬਾਅਦ ਉਹ ਗੁਰੂ ਤੇਗ ਬਹਾਦਰ ਦੀ ਸੇਵਾ ਲਈ ਬਾਬੇ ਬਕਾਲੇ ਆ ਗਏ।ਭਾਈ ਮਨੀ ਸਿੰਘ ਦੇ ਦਾਦਾ ਜੀ ਭਾਈ ਬਲੂ ਰਾਏ, ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਫ਼ੌਜ ਦੇ ਜਰਨੈਲ ਰਹੇ ਅਤੇ ਮੁਗਲਾਂ ਨਾਲ ਜੰਗ ਲੜਦੇ ਹੋਏ 1628 ਈਃ ਨੂੰ ਅਮ੍ਰਿਤਸਰ ਵਿੱਚ ਸ਼ਹੀਦੀ ਪਾ ਗਏ। ਭਾਈ ਮਨੀ ਸਿੰਘ ਹੁਣੀਂ 12 ਭਰਾ ਸਨ। ਇਨ੍ਹਾਂ ’ਚੋਂ 11 ਸ਼ਹੀਦ ਹੋਏ। ਭਾਈ ਮਨੀ ਸਿੰਘ ਦੇ ਦੱਸ ਪੁੱਤਰਾਂ ’ਚੋਂ ਸੱਤ ਪੁੱਤਰਾਂ ਅਤੇ ਦੱਸ ਪੋਤਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਮਸਤ ਹਾਥੀ ਨਾਲ ਮੁਕਾਬਲਾ ਕਰਨ ਵਾਲੇ ਭਾਈ ਬਚਿੱਤਰ ਸਿੰਘ ਗੁਰੂ ਸਾਹਿਬ ਦੇ ਪੁੱਤਰ ਸਨ। ਇਸ ਤੋਂ ਇਲਾਵਾ ਸਰਸਾ ਨਦੀ ਦੇ ਕੰਢੇ ’ਤੇ ਭਾਈ ਸਾਹਿਬ ਦੇ ਪੁੱਤਰ ਉਦੈ ਸਿੰਘ ਨੇ ਭਾਈ ਅਜੀਤ ਸਿੰਘ ਦਾ ਬਚਾ ਕੀਤਾ। ਭਾਈ ਅਨਕ ਸਿੰਘ, ਭਾਈ ਅਜਬ ਸਿੰਘ, ਭਾਈ ਅਜਾਇਬ ਸਿੰਘ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਏ।

1705 ਤੋਂ 1706 ਈਃ ਵਿੱਚ ਗੁਰੂ ਗੋਬਿੰਦ ਸਿੰਘ ਨੇ ਤਲਵੰਡੀ ਸਾਬੋ (ਦਮਦਮਾ ਸਾਹਿਬ) ਵਿੱਚ ਭਾਈ ਮਨੀ ਸਿੰਘ ਪਾਸੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ। ਜਦੋਂ ਗੁਰੂ ਤੇਗ ਬਹਾਦਰ ਦਿੱਲੀ ਸ਼ਹੀਦੀ ਪ੍ਰਾਪਤ ਕਰਨ ਗਏ ਤਾਂ ਉਹ ਭਾਈ ਮਨੀ ਸਿੰਘ ਨੂੰ ਗੁਰੂ ਗੋਬਿੰਦ ਜੀ ਕੋਲ ਆਨੰਦਪੁਰ ਹੀ ਛੱਡ ਗਏ ਸਨ। ਮਾਤਾ ਸੁੰਦਰੀ ਦੇ ਕਹਿਣ ’ਤੇ ਉਹ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਭਾਈ ਗੁਰਦਾਸ ਜੀ ਤੋਂ ਬਾਅਦ ਤੀਸਰੇ ਹੈਡ ਗ੍ਰੰਥੀ ਥਾਪੇ ਗਏ।ਸਰਕਾਰ ਦੇ ਕਹਿਣ ’ਤੇ ਸੂਬਾ ਜ਼ਕਰੀਆ ਖਾਂ ਨੇ ਹਰੇਕ ਧਰਮ ਉੱਤੇ ਇੰਨੀਆਂ ਪਾਬੰਦੀਆਂ ਲਗਾ ਦਿੱਤੀਆਂ ਸਨ ਕਿ ਕੋਈ ਵੀ ਧਰਮ ਆਪਣੀ ਮਰਜ਼ੀ ਨਾਲ ਕੋਈ ਰੀਤੀ ਰਿਵਾਜ਼ ਨਹੀਂ ਕਰ ਸਕਦਾ ਸੀ। ਭਾਈ ਮਨੀ ਸਿੰਘ ਨੇ ਸਿੱਖ ਸੰਗਤ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿੱਚ ਦੀਵਾਲੀ ਮਨਾਊਣ ਦਾ ਫ਼ੈਸਲਾ ਕੀਤਾ। ਜਦ ਪ੍ਰਵਾਨਗੀ ਲਈ ਜ਼ਕਰੀਆ ਖਾਂ ਨੂੰ ਲਿਖ ਭੇਜਿਆ ਗਿਆ ਤਾਂ ਉਸ ਨੇ ਕਿਹਾ ਜੇ ਉਹ ਅੰਮ੍ਰਿਤਸਰ ਵਿੱਚ ਦੀਵਾਲੀ ਮਨਾਉਣਾ ਚਾਹੁੰਦੇ ਹਨ ਤਾਂ ਸਰਕਾਰ ਨੂੰ ਪੰਜ ਹਜ਼ਾਰ ਰੁਪਏ ਟੈਕਸ ਵਜੋਂ ਦੇਣੇ ਪੈਣਗੇ। ਭਾਈ ਮਨੀ ਸਿੰਘ ਨੇ ਟੈਕਸ ਦੇਣ ਵਾਲੀ ਗੱਲ ਮੰਨ ਲਈ। ਪਰ ਜ਼ਕਰੀਆ ਖ਼ਾਨ ਨੇ ਫ਼ੌਜ ਨੂੰ ਹੁਕਮ ਦੇ ਦਿੱਤਾ ਕਿ ਦੀਵਾਲੀ ’ਤੇ ਇਕੱਠੀ ਹੋਈ ਸੰਗਤ ਨੂੰ ਮਾਰ ਦਿੱਤਾ ਜਾਵੇ। ਜਦ ਇਹ ਖ਼ਬਰ ਭਾਈ ਮਨੀ ਸਿੰਘ ਕੋਲ ਪਹੁੰਚੀ ਤਾਂ ਤਾਂ ਉਨ੍ਹਾਂ ਅੰਮ੍ਰਿਤਸਰ ਵਿੱਚ ਦੀਵਾਲੀ ਮਨਾਉਣ ਦਾ ਫੈਸਲਾ ਰੱਦ ਕਰ ਦਿੱਤਾ। ਦੂਰ-ਦਰੇਡੇ ਤੋਂ ਤੁਰੀ ਸੰਗਤ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਗਿਆ। ਜੋ ਸੰਗਤ ਪਹੁੰਚ ਚੁੱਕੀ ਸੀ, ਊਨ੍ਹਾਂ ’ਚੋਂ ਕੁਝ ਵਾਪਸ ਚਲੇ ਗਏ ਤੇ ਕੁੱਝ ਫ਼ੌਜੀਆਂ ਨਾਲ ਟੱਕਰ ਲੈਂਦੇ ਸ਼ਹੀਦ ਹੋ ਗਏ।

ਜਦ ਸਰਕਾਰ ਨੇ ਭਾਈ ਮਨੀ ਸਿੰਘ ਕੋਲੋਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ ਤਾਂ ਭਾਈ ਮਨੀ ਸਿੰਘ ਨੇ ਕਿਹਾ, ‘‘ਜੇ ਦੀਵਾਲੀ ਮਨਾਈ ਹੀ ਨਹੀਂ ਤਾਂ ਟੈਕਸ ਕਿਉਂ ਦੇਈਏ।’’ ਇਸ ਮਗਰੋਂ ਸੂਬਾ ਜ਼ਕਰੀਆ ਖਾਂ ਦੇ ਹੁਕਮ ਨਾਲ ਭਾਈ ਮਨੀ ਸਿੰਘ ਅਤੇ ਊਨ੍ਹਾਂ ਦੇ ਸਾਥੀਆਂ ਨੂੰ ਲਾਹੌਰ ਲਿਆਂਦਾ ਗਿਆ। ਇੱਥੇ ਭਾਈ ਮਨੀ ਸਿੰਘ ਨੂੰ ਧਰਮ ਬਦਲ ਕੇ ਮੁਸਲਮਾਨ ਬਣਨ ਲਈ ਕਿਹਾ ਗਿਆ। ਪਰ ਸਿੱਖੀ ਮਰਿਆਦਾ ਵਿੱਚ ਪੂਰਨ ਗੁਰਸਿੱਖ ਨੇ ਜਬਰ ਸਹਿਣਾ ਹੀ ਕਬੂਲ ਕੀਤਾ। ਮੁਗਲ ਸਰਕਾਰ ਨੇ ਹੁਕਮ ਦਿੱਤਾ ਕਿ ਭਾਈ ਮਨੀ ਸਿੰਘ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇ।24 ਜੂਨ 1734 ਨੂੰ 90 ਸਾਲ ਦੀ ਊਮਰ ਵਿੱਚ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਦੇ ਸਾਹਮਣੇ ਰੇਲਵੇ ਸਟੇਸ਼ਨ, ਲਾਹੌਰ ਕੋਲ ਹੈ। ਇਸ ਮਹਾਨ ਸ਼ਹੀਦ ਦੀ ਜਗ੍ਹਾ ਵੰਡ ਵੇਲੇ ਪਕਿਸਤਾਨ ਵਿੱਚ ਰਹਿ ਗਈ ਕਰਕੇ ਅਸੀਂ ਸੇਵਾ ਸੰਭਾਲ ਅਤੇ ਨਤਮਸਤਕ ਹੋਣ ਤੋਂ ਵਾਂਝੇ ਹੋ ਗਏ ਹਾਂ।

ਸੁਖਵਿੰਦਰ ਸਿੰਘ ਮੁੱਲਾਂਪੁਰ