ਪੰਜਾਬ ਵਧ ਰਿਹਾ ਹੈ 'ਜ਼ਹਿਰੀਲੇ ਮਾਰੂਥਲ' ਬਣਨ ਵੱਲ 

ਪੰਜਾਬ ਵਧ ਰਿਹਾ ਹੈ 'ਜ਼ਹਿਰੀਲੇ ਮਾਰੂਥਲ' ਬਣਨ ਵੱਲ 

ਭੱਖਦਾ ਮਸਲਾ

ਮਨਜਿੰਦਰ ਸਿੰਘ

ਭਾਰਤ ਦੇ ਜਿਸ ਖਿੱਤੇ ਅੰਦਰ ਇਕ ਹਰੇ-ਭਰੇ ਦਰੱਖਤ, ਜਿਸ ਨੇ ਅਨੇਕਾਂ ਮਨੁੱਖੀ ਜ਼ਿੰਦਗੀਆਂ ਨੂੰ 'ਮੌਤ ਦੀ ਆਗੋਸ਼' ਵਿਚ ਜਾਣ ਤੋਂ ਰੋਕਿਆ ਹੋਵੇ ਤੇ ਇਨਸਾਨਾਂ ਨੂੰ ਆਕਸੀਜਨ ਰੂਪੀ ਜ਼ਿੰਦਗੀ ਬਖ਼ਸ਼ੀ ਹੋਵੇ। ਉੱਥੇ ਹੀ ਉੱਥੋਂ ਦੇ ਬਸ਼ਿੰਦਿਆਂ ਵਲੋਂ ਉਸ ਦੀ ਕੀਮਤ ਮਹਿਜ਼ ਸਾਢੇ 16 ਰੁਪਏ ਪਾਈ ਹੋਵੇ ਤੇ ਫਿਰ ਲੱਖਾਂ ਹੀ ਪੁੱਤਾਂ ਵਾਂਗੂ ਪਾਲੇ ਹੋਏ ਉਨ੍ਹਾਂ ਹੀ ਦਰੱਖਤਾਂ ਦਾ ਕਤਲੇਆਮ ਕਰਨ ਦੀ ਖੁੱਲ੍ਹ 'ਪੈਸੇ ਦੇ ਸੌਦਾਗਰਾਂ' ਨੂੰ ਦਿੱਤੀ ਹੋਵੇ, ਉਸ ਧਰਤੀ ਦੇ ਵਾਰਸਾਂ ਨੂੰ ਅਸੀਂ ਕਿਸ ਨਾਂਅ ਨਾਲ ਪੁਕਾਰੀਏ, ਕੁਝ ਵੀ ਸਮਝ ਨਹੀਂ ਪੈਂਦਾ। ਜਿੱਥੇ ਅਸੀਂ ਕਚਨਾਰ ਬਨਸਪਤੀ ਨੂੰ ਉਜਾੜਨ ਦੇ ਦੋਸ਼ੀ ਹਾਂ ਉੱਥੇ ਹੀ ਅੰਮ੍ਰਿਤ ਵਰਗੇ 'ਪਾਣੀ ਦੇ ਕਾਤਲ' ਵੀ ਅਖਵਾਵਾਂਗੇ। ਸੋਚਦਿਆਂ ਹੀ ਰੂਹ ਕੰਬ ਜਾਂਦੀ ਹੈ ਕਿ ਜੇਕਰ ਅਸੀਂ ਲਗਭਗ 40 ਸਾਲਾਂ ਦੇ ਵਕਫ਼ੇ ਦੌਰਾਨ ਧਰਤੀ ਹੇਠਲੇ ਘਟ ਰਹੇ ਪਾਣੀ ਦੀ ਰਫ਼ਤਾਰ ਨੂੰ ਪ੍ਰਤੀ ਸਾਲ 2 ਫੁੱਟ ਤਕ ਜਾਰੀ ਰੱਖਣ ਤੋਂ ਇਲਾਵਾ ਹਰ ਪਿੰਡ ਤੇ ਸ਼ਹਿਰ ਅੰਦਰੋਂ ਤਕਰੀਬਨ 60 ਹਜ਼ਾਰ ਲੀਟਰ ਪਾਣੀ ਰੋਜ਼ਾਨਾ ਛੱਪੜਾਂ ਵਿਚ ਸੁੱਟਣ ਦਾ ਅਮਲ ਜਾਰੀ ਰੱਖਿਆ ਤਾਂ ਸਾਡੀ ਆਉਣ ਵਾਲੀ ਨਸਲ ਦਾ ਭਵਿੱਖ ਕੀ ਹੋਵੇਗਾ? ਕਹਿਣ ਦੀ ਲੋੜ ਨਹੀਂ। ਅਸੀਂ ਆਪ ਖ਼ੁਦ ਆਪਣੀ ਜ਼ਰਖੇਜ਼ ਜ਼ਮੀਨ ਅੰਦਰ ਖ਼ਤਰਨਾਕ ਰਸਾਇਣਾਂ ਨੂੰ ਮਿਲਾ ਕੇ ਪੰਜਾਬ ਨੂੰ ਇਕ ਜ਼ਹਿਰੀਲੇ ਮਾਰੂਥਲ ਬਣਨ ਵੱਲ ਤੋਰ ਰਹੇ ਹਾਂ।

ਕਾਫੀ ਸਮਾਂ ਪਹਿਲਾਂ ਹੋਰਨਾਂ ਭਾਰਤੀ ਸੂਬਿਆਂ ਦੇ ਰੇਲਵੇ ਸਟੇਸ਼ਨਾਂ 'ਤੇ ਪਾਣੀ ਵੇਚਣ ਵਾਲਿਆਂ ਦੇ ਹੋਕੇ ਉੱਥੋਂ ਦੇ ਧਰਤੀ ਹੇਠਲੇ ਪਾਣੀ ਦੀ ਅਸਲ ਸਥਿਤੀ ਨੂੰ ਬਿਆਨ ਕਰਦੇ ਸਨ ਕਿ ਦੂਰ-ਦੁਰਾਡੇ ਰੋਹੀ ਬੀਆਬਾਨ, ਨੁਕੀਲੇ ਤਪਦੇ ਪਹਾੜਾਂ ਤੇ ਰੇਤ ਦੇ ਡਰਾਵਣੇ ਟਿੱਬਿਆਂ ਅੰਦਰ ਜੇਕਰ ਇਨਸਾਨ ਨੂੰ ਪਾਣੀ ਦੀ ਪਿਆਸ ਲੱਗੇ ਤਾਂ ਇਕ ਬੂੰਦ ਵੀ ਮਿਲਣੀ ਨਾਮੁਮਕਿਨ ਹੈ। ਕਈ ਵਾਰ ਇਨ੍ਹਾਂ ਹਾਲਤਾਂ ਵਿਚ ਬਹੁਤੇ ਇਨਸਾਨ ਇਸ ਸੰਸਾਰ ਤੋਂ ਪਾਣੀ ਨੂੰ ਤਰਸਦੇ ਕੂਚ ਕਰ ਜਾਂਦੇ ਹਨ। ਕਹਿੰਦੇ ਇਕ ਵਾਰ ਕੋਈ ਜਿਊਂਦਾ ਜਾਗਦਾ ਇਨਸਾਨ ਰਾਜਸਥਾਨ ਦੇ ਮਾਰੂਥਲ 'ਚ ਰਾਹ ਭਟਕ ਕੇ ਰੇਤ ਦੇ ਟਿੱਬਿਆਂ ਅੰਦਰ ਪਾਣੀ ਖੁਣੋਂ ਸਦਾ ਲਈ ਗੁਆਚ ਗਿਆ ਮੁੜ ਕੇ ਉੱਧਰ ਨੂੰ ਕਿਸੇ ਨੇ ਜਾਣਾ ਤਾਂ ਦੂਰ ਦੀ ਗੱਲ ਝਾਕਣਾ ਵੀ ਮੁਨਾਸਬ ਨਾ ਸਮਝਿਆ। ਜੇਕਰ ਮਈ, ਜੂਨ ਦੇ ਮਹੀਨੇ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਬੰਗਾਲ ਤੇ ਤਾਮਿਲਨਾਡੂ ਦੇ ਉਨ੍ਹਾਂ ਹਿੱਸਿਆਂ ਦਾ ਗੇੜਾ ਕੱਢੀਏ ਜਿੱਥੇ ਪਾਣੀ ਨੂੰ ਰੱਬ ਵਾਂਗ ਪੂਜਿਆ ਜਾਂਦਾ ਹੈ ਤਾਂ ਪਾਣੀ ਦੀ ਕਦਰ ਸ਼ਾਇਦ ਸਾਡੀ ਸਮਝ ਵਿਚ ਆ ਜਾਵੇਗੀ।ਮੱਧ ਪ੍ਰਦੇਸ਼ ਦਾ ਇਕ ਹਿੱਸਾ ਅਜਿਹਾ ਵੀ ਹੈ ਜਿੱਥੇ ਸ਼ਹਿਰ ਤੋਂ ਬਹੁਤ ਦੂਰ ਪਿੰਡਾਂ ਅੰਦਰ ਪਾਣੀ ਦੀ ਗੱਡੀ ਆਉਣ 'ਤੇ ਢੋਲ ਢਮੱਕੇ ਨਾਲ ਉਸ ਦਾ ਸੁਆਗਤ ਕੀਤਾ ਜਾਂਦਾ ਹੈ ਤੇ ਫਿਰ ਮਾਰਾਮਾਰੀ ਰਾਹੀਂ ਪਾਣੀ ਨੂੰ ਇਕ-ਦੂਜੇ ਤੋਂ ਖੋਹਿਆ ਜਾਂਦਾ ਹੈ। ਇਸ ਦੇ ਮੁਕਾਬਲੇ ਕੁਦਰਤ ਨੇ ਪੰਜਾਬ ਦੀ ਰੰਗਲੀ ਧਰਤੀ ਨੂੰ ਜ਼ਰਖੇਜ਼ ਜ਼ਮੀਨ ਦੇ ਨਾਲ-ਨਾਲ ਅੰਮ੍ਰਿਤ ਵਰਗਾ ਪਾਣੀ ਵੀ ਦਿੱਤਾ ਸੀ। ਪੰਜਾਬ ਦੇ ਤਿੰਨਾਂ ਖਿੱਤਿਆਂ ਮਾਝਾ, ਮਾਲਵਾ ਤੇ ਦੋਆਬਾ ਤੋਂ ਬਾਅਦ ਪੁਆਧ ਦੇ ਹਿੱਸੇ ਅੰਦਰ ਕਈ ਇਲਾਕਿਆਂ ਦਾ ਮਿੱਠਾ ਪਾਣੀ ਜਿਸ ਨੂੰ ਪੀ ਕੇ ਇਨਸਾਨੀ ਜਿਸਮ ਅੰਦਰ 'ਸਰੂਰ' ਦੀਆਂ ਬੁਛਾੜਾਂ ਖਿੜ ਜਾਂਦੀਆਂ ਸਨ ਤੇ ਪਾਣੀ ਦੇ ਚਸ਼ਮਿਆਂ ਵਿਚੋਂ ਅੰਮ੍ਰਿਤ ਦੀ ਵਰਖਾ ਹੋਇਆ ਕਰਦੀ ਸੀ। ਚਿੱਟੀ ਕਪਾਹ ਦੀਆਂ ਫੁੱਟੀਆਂ ਵਰਗਾ ਪਾਣੀ ਮਨੁੱਖ ਨੂੰ ਕੁਦਰਤ ਦਾ ਕਦਰਦਾਨ ਹੋਣ ਲਈ ਪ੍ਰੇਰਿਤ ਕਰਦਾ ਜਾਪਦਾ ਸੀ। ਪਾਣੀ ਨੂੰ ਪਵਿੱਤਰ ਮੰਨ ਕੇ ਇਨਸਾਨ ਉਸ ਦੀ ਝੂਠੀ ਸਹੁੰ ਖਾਣ ਤੋਂ ਵੀ ਖ਼ੌਫ ਕਰਦਾ ਸੀ। ਸ਼ਾਇਦ ਉਸ ਸਮੇਂ ਸਾਨੂੰ ਅੱਜ ਜਿੰਨਾ ਗਿਆਨ ਹੀ ਨਹੀਂ ਸੀ, ਇਸੇ ਲਈ ਉਦੋਂ ਅਸੀਂ ਪਾਣੀ ਦੇ ਕਦਰਦਾਨ ਸਾਂ।

ਅਫ਼ਸੋਸ ਹੁਣ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਰੇਲਵੇ ਸਟੇਸ਼ਨਾਂ 'ਤੇ ਹੋਰ ਥਾਵਾਂ ਉੱਤੇ ਵੀ ਪਾਣੀ ਨੂੰ ਖ਼ਰੀਦਣ ਦੇ ਲਈ ਕਤਾਰਾਂ ਲਗਦੀਆਂ ਹਨ ਤੇ ਉੱਚੀ ਆਵਾਜ਼ ਵਿਚ ਲੱਗ ਰਹੇ ਹੋਕੇ ਇੱਥੋਂ ਦੀ ਆਉਣ ਵਾਲੀ 'ਦਰਦ ਕਹਾਣੀ' ਨੂੰ ਸ਼ਰ੍ਹੇਆਮ ਬਿਆਨਦੇ ਹਨ। ਧਰਤੀ ਦਾ ਜਿਸਮ ਪਾੜ ਕੇ 450 ਫੁੱਟ ਤੱਕ ਕੀਤੇ ਸਬਮਰਸੀਬਲਾਂ ਦੇ ਬੋਰਾਂ ਅੰਦਰੋਂ ਹੁਣ ਉਹ ਮਹਿਕ ਨਹੀਂ ਆਉਂਦੀ ਜੋ ਕਈ ਵਰ੍ਹੇ ਪਹਿਲਾਂ ਇਕ ਕਿਸਾਨ ਵਲੋਂ ਗ਼ਰੀਬੀ ਨਾਲ ਜੂਝਦਿਆਂ 70 ਫੁੱਟ ਤੱਕ ਕੀਤੇ ਬੋਰ ਵਿਚੋਂ ਆਉਂਦੀ ਸੀ। ਪੰਜਾਬ ਦੇ ਬਹੁਤ ਸਾਰੇ ਇਲਾਕੇ ਇਸ ਸਮੇਂ ਖ਼ਤਰੇ ਦੇ ਜ਼ੋਨ ਵਿਚ ਪ੍ਰਵੇਸ਼ ਕਰ ਚੁੱਕੇ ਹਨ ਕਈ ਹਲਕਿਆਂ ਅੰਦਰ ਧਰਤੀ ਹੇਠਲੇ ਪਾਣੀ ਦੀ ਸੱਤਾ ਦਾ ਪੱਧਰ 165 ਫੁੱਟ ਤੱਕ ਜਾ ਪਹੁੰਚਿਆ ਹੈ। ਉਸ ਵਿਚੋਂ ਵੀ ਸੜੇਹਾਂਦ ਮਾਰਦੀ ਬਦਬੂ ਤੇ ਜਿਲਬ ਦੀ ਪਕੜ ਸਾਫ਼ ਵਿਖਾਈ ਦਿੰਦੀ ਹੈ ਕਿ ਕਿੰਝ ਅਸੀਂ ਬੇਰਹਿਮੀ ਨਾਲ ਕੰਕਰੀਟ ਦੇ ਜੰਗਲ ਉਸਾਰਦਿਆਂ-ਉਸਾਰਦਿਆਂ ਅੰਮ੍ਰਿਤ ਵਿਚ ਜ਼ਹਿਰ ਘੋਲ ਦਿੱਤੀ, ਜਿਸ ਦੇ ਦੋਸ਼ੀ ਕੋਈ ਹੋਰ ਨਹੀਂ ਸਗੋਂ ਅਸੀਂ ਆਪ ਹਾਂ।ਸਾਨੂੰ ਤਾਂ ਕੁਦਰਤ ਨੇ ਪੰਜ ਪਾਣੀਆਂ ਦੇ ਮਾਲਕ ਬਣਾ ਦਿੱਤਾ ਸੀ ਪਰ ਅਸੀਂ ਇਕ ਦੇ ਵੀ ਨਾ ਰਹੇ। 1970 ਤੋਂ ਹਰੇ ਇਨਕਲਾਬ ਦੀ ਸ਼ੁਰੂਆਤ। ਫੈਕਟਰੀਆਂ ਅੰਦਰੋਂ ਨਿਕਲ ਰਹੇ ਜ਼ਹਿਰੀਲੇ ਇਨਸਾਨੀ ਜ਼ਿੰਦਗੀਆਂ ਨੂੰ ਮੌਤ ਦੇ ਦਰਵਾਜ਼ੇ ਤੱਕ ਲੈ ਕੇ ਜਾਣ ਵਾਲੇ ਜ਼ਹਿਰੀਲੇ ਰਸਾਇਣ, ਅੰਨ੍ਹੇਵਾਹ ਬੇਰਹਿਮੀ ਨਾਲ ਪੁੱਤਾਂ ਵਾਂਗੂ ਪਾਲੇ ਦਰੱਖਤਾਂ ਦੀ ਕਟਾਈ ਸਾਡੀ ਮੂਰਖਤਾ ਦੀ ਸਿਖਰ ਹੈ, ਫਿਰ ਦੋਸ਼ੀ ਕਿਸ ਨੂੰ ਮੰਨੀਏ ਇਹ ਫ਼ੈਸਲਾ ਵੀ ਅਸੀਂ ਆਪ ਹੀ ਕਰਨਾ ਹੈ। ਫੈਕਟਰੀਆਂ ਅੰਦਰ ਮਨੁੱਖੀ ਜ਼ਿੰਦਗੀਆਂ ਨੂੰ ਤਬਾਹ ਕਰਨ ਵਾਲੇ ਰਸਾਇਣਾਂ ਦੇ 10 ਇੰਚੀ ਪਾਇਪ ਧਰਤੀ ਦੀ ਹਿੱਕ ਵਿਚ ਸੁੱਟ ਕੇ ਉਸ ਨੂੰ 'ਅੱਗ ਦੇ ਭਾਂਬੜ ਬਣਨ ਲਈ ਮਜਬੂਰ' ਕਰਨ ਦੀ ਕਹਾਣੀ ਕਿਸੇ ਦੀ ਸਮਝ ਵਿਚ ਕਿਉਂ ਨਹੀਂ ਆ ਰਹੀ? ਆਖਰ 'ਪੈਸੇ ਰੂਪੀ ਗਲਫਤ' ਦੀ ਚਾਦਰ ਸਾਡੀਆਂ ਅੱਖਾਂ ਦੇ ਸਾਹਮਣਿਓਂ ਕਦ ਹਟੇਗੀ? ਪੰਜਾਬੀਓ, ਹੁਣ ਖ਼ੈਰ ਬਹੁਤਾ ਸਮਾਂ ਨਹੀਂ ਲੱਗਣਾ, ਪਾਣੀ ਦੇ ਖ਼ਤਮ ਹੋਣ ਦੀ ਕਹਾਣੀ ਨੇੜੇ ਆ ਪਹੁੰਚੀ ਹੈ। ਛੇਤੀ ਹੀ ਪੰਜਾਬ ਜ਼ਹਿਰੀਲਾ ਮਾਰੂਥਲ ਬਣਨ ਵੱਲ ਵਧ ਰਿਹਾ ਹੈ। ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਬਾਜ਼ਾਰਾਂ ਤੇ ਦੁਕਾਨਾਂ ਅੰਦਰ 'ਪੰਜਾਂ ਪਾਣੀਆਂ ਦੇ ਮਾਲਕਾਂ' ਨੂੰ ਬੋਤਲਾਂ ਵਿਚ ਭਰੇ ਪਾਣੀ ਦੀ ਖ਼ਰੀਦ ਕਰਦਿਆਂ ਆਮ ਵੇਖਿਆ ਜਾ ਸਕਦਾ ਹੈ। ਜੇ ਅਸੀਂ ਸੱਚੇ ਮਨੋਂ ਅੰਮ੍ਰਿਤ ਰੂਪੀ ਪਾਣੀ ਦੀ ਕਦਰ ਕਰਨਾ ਚਾਹੁੰਦੇ ਹਾਂ ਤਾਂ ਕਿਸੇ ਵੀ ਰੂਪ ਵਿਚ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕ ਕੇ ਆਪਣਾ ਫ਼ਰਜ਼ ਜ਼ਰੂਰ ਨਿਭਾਓ। ਜੇਕਰ ਫਿਰ ਵੀ ਸਾਡੀ ਸਮਝ ਵਿਚ ਕੁਝ ਨਾ ਆਵੇ ਤਾਂ ਰਾਜਸਥਾਨ ਦੇ ਉਸ 'ਬੰਦੇ ਖਾਣੇ' ਭਿਆਨਕ ਮਾਰੂਥਲ ਨੂੰ ਇਕ ਵਾਰ ਯਾਦ ਜ਼ਰੂਰ ਕਰੋ ਤਾਂ ਸ਼ਾਇਦ ਸਾਨੂੰ ਆਪਣੇ ਆਪ ਪਾਣੀ ਦੀ ਕਦਰ ਪਤਾ ਲੱਗ ਜਾਵੇਗੀ।