ਗੁਰਸਿੱਖੀ ਦੀ ਨਿਸ਼ਾਨੀ ਕੀ ਹੈ

ਗੁਰਸਿੱਖੀ ਦੀ ਨਿਸ਼ਾਨੀ ਕੀ ਹੈ

ਸਿਖ ਫਲਸਫਾ

ਜਸਬੀਰ ਸਿੰਘ ਵੈਨਕੂਵਰ

ਗੁਰਮਤਿ ਦੀ ਜੀਵਨ-ਜੁਗਤ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਸਚਿਆਰ ਬਣਨ ਦਾ ਢੰਗ ਇਕੋ ਸੀ, ਇਕੋ ਹੈ ਅਤੇ ਇਕੋ ਰਹੇਗਾ। ਇਸ ਜੀਵਨ-ਜਾਚ ਵਿੱਚ ਸਮੇਂ ਨਾਲ ਕਿਸੇ ਤਰ੍ਹਾਂ ਦਾ ਵੀ ਪਰਿਵਰਤਨ ਨਹੀਂ ਆਉਂਦਾ। ਤਾਂਹੀਓ, ਗੁਰਬਾਣੀ ਵਿੱਚ ਪੁਰਾਣ ਸਾਹਿਤ ਦੀ ਇਸ ਧਾਰਨਾ ਨੂੰ ਸਵੀਕਾਰ ਨਹੀਂ ਕੀਤਾ ਗਿਆ ਕਿ (ਕਥਿਤ) ਸਤਜੁਗ, ਤ੍ਰੇਤੇ, ਦੁਆਪਰ ਅਤੇ ਕਲਜੁਗ ਵਿੱਚ ਰੱਬ ਨਾਲ ਜੁੜਨ ਦੇ ਭਿੰਨ ਭਿੰਨ ਢੰਗ ਹਨ।ਜਪੁਜੀ ਦੀ ਪਹਿਲੀ ਪਉੜੀ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਸਚਿਆਰ ਬਣਨ ਦੀਆਂ ਪ੍ਰਚਲਤ ਧਾਰਨਾ ਨੂੰ ਨਕਾਰਦਿਆਂ ਹੋਇਆਂ ਫਿਰ ਇਹ ਸਵਾਲ ਉਠਾਇਆ ਹੈ ਕਿ ‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ’। ਅਗਲੀ ਹੀ ਪੰਗਤੀ ਵਿੱਚ ਇਸ ਦਾ ਉੱਤਰ ਦੇਂਦਿਆਂ ਕਿਹਾ ਕਿ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ’। ਭਾਵ ਹੁਕਮੀ ਦੀ ਰਜ਼ਾ ਵਿੱਚ ਰਹਿਣ ਨਾਲ ਹੀ ਸਚਿਆਰ ਬਣਿਆ ਜਾ ਸਕਦਾ ਹੈ । ਗੁਰਮਤਿ ਦੀ ਇਸ ਜੀਵਨ-ਜੁਗਤ ਅਨੁਸਾਰ ਸਿੱਖ ਦੀ ਪ੍ਰੀਭਾਸ਼ਾ ਵਿੱਚ ਸਮੇਂ ਨਾਲ ਕੋਈ ਪਰਿਵਰਤਨ ਨਹੀਂ ਆਇਆ। ਸਿੱਖ ਦੀ ਪ੍ਰੀਭਾਸ਼ਾ ਹਮੇਸ਼ਾਂ ਹੀ ਗੁਰਬਾਣੀ ਦੇ ਇਸ ਫ਼ੁਰਮਾਨ ਵਾਲੀ ਹੀ ਰਹੇਗੀ: ‘ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥’ (ਪੰਨਾ ੬੦੧) ਅਰਥ:-ਹੇ ਭਾਈ! ਉਹੀ ਮਨੁੱਖ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੀ ਰਜ਼ਾ ਵਿੱਚ ਤੁਰਦਾ ਹੈ।ਗੁਰਬਾਣੀ ਦੀ ਰੋਸ਼ਨੀ ਵਿੱਚ ਹੀ ਭਾਈ ਗੁਰਦਾਸ ਜੀ ਨੇ ਸਿੱਖੀ ਦੇ ਉਘੜਵੇਂ ਲੱਛਣਾਂ ਦੀ ਚਰਚਾ ਕਰਦਿਆਂ ਲਿਖਿਆ ਹੈ:-(ੳ) ਹਉ ਤਿਸੁ ਘੋਲਿ ਘੁਮਾਇਆ ਗੁਰਮਤਿ ਰਿਦੈ ਗਰੀਬੀ ਆਵੈ। ਹਉ ਤਿਸੁ ਘੋਲਿ ਘੁਮਾਇਆ ਪਰ ਨਾਰੀ ਦੈ ਨੇੜਿ ਨ ਜਾਵੈ। ਹਉ ਤਿਸੁ ਘੋਲਿ ਘੁਮਾਇਆ ਪਰ ਦਰਬੈ ਨੋ ਹਥੁ ਨ ਲਾਵੈ। ਹਉ ਤਿਸੁ ਘੋਲਿ ਘੁਮਾਇਆ ਪਰਨਿੰਦਾ ਸੁਣਿ ਆਪੁ ਹਟਾਵੈ। ਹਉ ਤਿਸੁ ਘੋਲਿ ਘੁਮਾਇਆ ਸਤਿਗੁਰ ਦਾ ਉਪਦੇਸੁ ਕਮਾਵੈ। ਹਉ ਤਿਸੁ ਘੋਲਿ ਘੁਮਾਇਆ ਥੋੜਾ ਸਵੈ ਥੋੜੈ ਹੀ ਖਾਵੈ। ਗੁਰਮਖਿ ਸੋਈ ਸਹਜਿ ਸਮਾਵੈ। (ਵਾਰ ੧੨, ਪਉੜੀ ੪)

(ਅ) ਪਿਛਲ ਰਾਤੀ ਜਾਗਣਾ ਨਾਮੁ ਦਾਨੁ ਇਸਨਾਨੁ ਦ੍ਰਿੜਾਏ। ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇ ਕੇ ਭਲਾ ਮਨਾਏ। ਥੋੜਾ ਸਵਣਾ ਖਾਵਣਾ ਥੋੜਾ ਬੋਲਨੁ ਗੁਰਮਤਿ ਪਾਏ। ਘਾਲਿ ਖਾਇ ਸੁਕ੍ਰਿਤੁ ਕਰੈ ਵਡਾ ਹੋਇ ਨ ਆਪੁ ਗਣਾਏ। ਸਾਧ ਸੰਗਤਿ ਮਿਲਿ ਗਾਂਵਦੇ ਰਾਤਿ ਦਿਹੈ ਨਿਤ ਚਲਿ ਚਲਿ ਜਾਏ। ਸਬਦੁ ਸੁਰਤਿ ਪਰਚਾ ਕਰੈ ਸਤਿਗੁਰੁ ਪਰਚੈ ਮਨ ਪਰਚਾਏ। ਆਸਾ ਵਿਚਿ ਨਿਰਾਸੁ ਵਲਾਏ। (ਵਾਰ ੨੮, ਪਉੜੀ ੧੫)       ਪਹਿਰ ਰਾਤ ਰਹਿੰਦੀ ਜਾਗਣਾ ਕਰੇ, ਨਾਮ, ਦਾਨ, ਇਸ਼ਨਾਨ ਦਾ ਅਭਿਆਸ ਕਰੇ। ਕੋਮਲ ਵਾਕ ਬੋਲੇ, ਨਿੰਮ੍ਰੀ ਭੁਤ ਹੋ ਕੇ ਭਲਾ ਮਨਾਵੇ, ਭਾਵ, ਅਹਿਸਾਨ ਨ ਕਰੇ, ਲੈਣ ਵਾਲੇ ਦਾ ਅਹਿਸਾਨ ਜਾਵੇ। ਸਵਣਾ, ਖਾਣਾ, ਬੋਲਣਾ ਥੋੜਾ ਥੋੜਾ ਕਰੇ ਅਰ ਗੁਰੂ ਦੀ ਸਿਖਿਆ ਕਰੇ। ਕਮਾਈ ਦਸਾਂ ਨੌਹਾਂ ਦੀ ਕਰਕੇ ਖਾਵੇ, ਭਲੇ ਕੰਮ ਕਰੇ, ਦਸਵੰਧ ਆਦਿਕ ਦਾਨ ਕਰੇ ਪਰ ਵੱਡਾ ਦਾਨੀ ਬਣਕੇ ਆਪਣਾ ਆਪ ਨਾ ਗਿਣਾਵੇ। ਜਿੱਥੇ ਸਾਧ ਸੰਗਤਿ ਮਿਲਕੇ ਕਥਾ ਕੀਰਤਨ ਕਰਨ ਰਾਤ ਦਿਨ ਨਿਤ ਤੁਰ ਜਾਵੇ ਭਾਵ ਰਾਤ ਹੋਵੇ ਤਾਂ ਆਲਸ ਕਰਕੇ ਘੁਰਾੜੇ ਨਾ ਮਾਰੇ, ਉੱਥੇ ਜਾਕੇ ਕੀ ਕਰੇ? ਸ਼ਬਦ ਦੀ ਸੁਰਤ ਵਿਖੇ ਪ੍ਰੇਮ ਕਰੇ ਅਰ ਸਤਿਗੁਰੂ ਦੇ ਪ੍ਰੇਮ ਵਿਖੇ ਮਨ ਨੂੰ ਪ੍ਰੇਰੇ। ਆਸਾ ਵਿੱਚ ਨਿਰਾਸ ਹੋ ਕੇ ਰਹੇ, ਭਾਵ, ਸਾਧ ਸੰਗਤਿ ਵਿਖੇ ਦੁੱਧ, ਪੁੱਤ, ਧਨ ਦੀ ਆਸਾ ਨਾ ਕਰੇ, ਕੇਵਲ ਗੁਰੂ ਦੇ ਪ੍ਰੇਮ ਕਰਕੇ ਨਿਸ਼ਕਾਮ ਭਗਤੀ ਕਰੇ)।ਗੁਰਸਿੱਖ ਦੀ ਰਹਿਣੀ ਦਾ ਆਧਾਰ ਤਾਂ ਗੁਰਬਾਣੀ ਵਿਚਲੀ ਜੀਵਨ-ਜਾਚ ਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਰੇਕ ਤਰ੍ਹਾਂ ਦੇ ਭੇਖ ਦੀ ਨਿਖੇਧੀ ਕੀਤੀ ਹੋਈ ਹੈ। ਕੇਵਲ ਕਕਾਰਾਂ ਦੇ ਧਾਰਨੀ ਹੋਣ ਨਾਲ ਹੀ ਗੁਰੂ ਵਾਲਾ ਨਹੀਂ ਬਣ ਜਾਈਦਾ; ਗੁਰੂ ਵਾਲਾ ਗੁਰਬਾਣੀ ਦੀ ਜੀਵਨ-ਜੁਗਤ ਨੂੰ ਅਪਣਾਉਣ ਨਾਲ ਹੀ ਬਣ ਸਕੀਦਾ ਹੈ। ਰਹਿਤਨਾਮਿਆਂ ਵਿੱਚ ਕੇਵਲ ਖੰਡੇ ਦੀ ਪਾਹੁਲ ਜਾਂ ਕਕਾਰਾਂ ਦੀ ਗੱਲ ਹੀ ਨਹੀਂ ਮਿਲਦੀ, ਗੁਰਮਤਿ ਦੀ ਜੀਵਨ-ਜੁਗਤ ਨਾਲ ਜੁੜੇ ਹੋਰ ਪਹਿਲੂਆਂ ਦਾ ਵਰਣਨ ਵੀ ਮਿਲਦਾ ਹੈ। ਰਹਿਤਨਾਮਿਆਂ ਵਿਚੋਂ ਹੀ ਸੰਖੇਪ ਵਿੱਚ ਰਹਿਤ ਦੇ ਕੁੱਝ ਹੋਰ ਪਹਿਲੂਆਂ ਵਲ ਪਾਠਕਾਂ ਦਾ ਧਿਆਨ ਦਵਾਇਆ ਜਾ ਰਿਹਾ ਹੈ: “ਅਰੁ ਸਭ ਤੇ ਵਡੀ ਰਹਿਤ ਏਹ ਹੈ ਜੋ ਮਿਥਿਆ ਨਾ ਬੋਲੇ. . ਪਰਾਏ ਦਰਬੁ ਕਉ ਅੰਗੀਕਾਰੁ ਨਾ ਕਰੈ, ਧਰਮ ਕੀ ਕਿਰਤ ਕਰਿ ਖਾਇ. . ਅਰੁ ਜੋ ਕੋਈ ਭੁੱਖਾ ਨੰਗਾ ਅਰਥੀ ਪ੍ਰਾਪਤਿ ਹੋਇ, ਤਾਂ ਉਸ ਨਾਲਿ ਆਪਣੀ ਵੰਡ ਵਿਚੋਂ, ਜੋ ਕਿਛੁ ਸਾਹਿਬ ਦਿਤਾ ਹੋਇ ਸੋ ਵੰਡਿ ਖਾਇ, ਵੰਡਿ ਪਹਰੇ। ਅਰ ਕੰਮ ਕਿਸੇ ਕਾ ਜਾਨੇ ਜੋ ਮੁਝ ਤੇ ਹੋਤਾ ਹੈ ਤਾਂ ਜਾਣੈ ਜੋ ਗੁਰੂ ਕ੍ਰਿਪਾਲ ਹੋਇਆ ਹੈ, ਤਾਂ ਢਿੱਲ ਨ ਕਰੈ। ਅਪਣਾ ਕੰਮੁ ਛੋਡਿ ਕਰਿ ਉਸ ਪ੍ਰਾਨੀ ਕੇ ਕੰਮਿ ਕਉ ਉਠਿ ਖੜਾ ਹੋਇ, ਜਾਣਿ ਨ ਦੇਇ। ਗੁਰੂ ਕਾ ਰੀਝਾਵਣਾ ਇਸੀ ਬਾਤ ਮੇਂ ਹੈ।” (ਪਰੇਮ ਸੁਮਾਰਗ)

ਹਮਾਰੇ ਕੋ ਭੇਖ ਬਰਣ ਪਿਆਰਾ ਨਹੀਂ, ਰਹਣੀ ਪਿਆਰੀ ਹੈ। (ਭਾਈ ਦਯਾ ਸਿੰਘ)

ਖਾਲਸਾ ਸੋਈ ਜੋ ਨਿੰਦਾ ਤਿਆਗੈ। … ਖਾਲਸਾ ਸੋਈ ਜੋ ਪੰਚ ਕਉ ਮਾਰੈ। ਖਾਲਸਾ ਸੋਈ ਭਰਮ ਕੋ ਸਾੜੈ। ਖਾਲਸਾ ਸੋਈ ਮਾਨ ਜੋ ਤਿਆਗੈ। ਖਾਲਸਾ ਸੋਈ ਪਰਤ੍ਰਿਆ ਤੇ ਭਾਗੈ। ਖਾਲਸਾ ਸੋਈ ਪਰਦ੍ਰਿਸਟਿ ਕਉ ਤਿਆਗੈ। (ਭਾਈ ਨੰਦ ਲਾਲ ਜੀ)ਗੁਰਮਤਿ ਦੀ ਰਹਿਣੀ ਦੇ ਇਨ੍ਹਾਂ ਪੱਖਾਂ ਨੂੰ ਨਜ਼ਰ ਅੰਦਾਜ਼ ਕਰਕੇ ਕੇਵਲ ਕਕਾਰਾਂ ਨੂੰ ਹੀ ਖ਼ਾਲਸੇ ਦੀ ਪੂਰਨ ਰਹਿਤ ਮੰਨਣ ਨਾਲ ਸਿੱਖੀ ਦੇ ਅਕਸ ਨੂੰ ਬਹੁਤ ਹੀ ਨੁਕਸਾਨ ਪਹੁੰਚਿਆ ਹੈ। ਜੇਕਰ ਅਸੀਂ ਸਿੱਖੀ ਦੇ ਪੁਰਾਤਨ ਗੌਰਵਮਈ ਸ਼ਾਨਾਂ ਮੱਤੇ ਇਤਿਹਾਸ ਨੂੰ ਬਰਕਰਾਰ ਰੱਖਣਾ ਹੈ ਤਾਂ ਸਿੱਖੀ ਦੀ ਨਿਸ਼ਾਨੀ ਦੇ ਸਮੁੱਚੇ ਰੂਪ ਨੂੰ ਉਭਾਰਨ ਦੀ ਲੋੜ ਹੈ; ਨਾ ਕਿ ਕੇਵਲ ਪੰਜ ਕਕਾਰਾਂ ਦੀ ਰਹਿਤ ਨੂੰ ਹੀ। ਇਸ ਵਿੱਚ ਕਿਸੇ ਤਰ੍ਹਾਂ ਦਾ ਸੰਦੇਹ ਨਹੀਂ ਹੈ ਕਿ ਕਕਾਰ ਖ਼ਾਲਸੇ ਦੀ ਰਹਿਤ ਦਾ ਇੱਕ ਅਨਿਖੜਵਾਂ ਅੰਗ ਹਨ; ਇਨ੍ਹਾਂ ਤੋਂ ਬਿਨਾਂ ਖ਼ਾਲਸੇ ਦੀ ਕਲਪਣਾ ਨਹੀਂ ਕੀਤੀ ਜਾ ਸਕਦੀ। ਪਰੰਤੂ ਇਸ ਦਾ ਇਹ ਹਰਗ਼ਿਜ਼ ਭਾਵ ਨਹੀਂ ਹੈ ਕਿ ਕੇਵਲ ਕਕਾਰਾਂ ਦੀ ਰਹਿਤ ਹੀ ਸੰਪੂਰਨ ਰੂਪ ਵਿੱਚ ਖ਼ਾਲਸੇ ਦੀ ਰਹਿਤ ਜਾਂ ਇਸ ਦੀ ਨਿਸ਼ਾਨੀ ਹੈ। ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਮਨ ਲਿਖਤ ਫ਼ੁਰਮਾਨ ਹਮੇਸ਼ਾਂ ਹੀ ਧਿਆਨ ਵਿੱਚ ਰੱਖਣ ਦੀ ਲੋੜ ਹੈ:

ਰਹਤ ਅਵਰ ਕਛੁ ਅਵਰ ਕਮਾਵਤ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ॥ ਜਾਨਨਹਾਰ ਪ੍ਰਭੂ ਪਰਬੀਨ॥ ਬਾਹਰਿ ਭੇਖ ਨ ਕਾਹੂ ਭੀਨ॥ (ਪੰਨਾ ੨੬੯) ਅਰਥ: ਧਰਮ ਦੇ ਬਾਹਰਲੇ ਧਾਰੇ ਹੋਏ ਚਿੰਨ੍ਹ ਹੋਰ ਹਨ ਤੇ ਅਮਲੀ ਜ਼ਿੰਦਗੀ ਕੁੱਝ ਹੋਰ ਹੈ; ਮਨ ਵਿੱਚ (ਤਾਂ) ਪ੍ਰਭੂ ਨਾਲ ਪਿਆਰ ਨਹੀਂ, ਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰਦਾ ਹੈ। (ਪਰ ਦਿਲ ਦੀਆਂ) ਜਾਣਨ ਵਾਲਾ ਪ੍ਰਭੂ ਸਿਆਣਾ ਹੈ, (ਉਹ ਕਦੇ) ਕਿਸੇ ਦੇ ਬਾਹਰਲੇ ਭੇਖ ਨਾਲ ਪ੍ਰਸੰਨ ਨਹੀਂ ਹੋਇਆ।ਇਸ ਗੱਲ ਦਾ ਵਰਣਨ ਵੀ ਅਢੁੱਕਵਾਂ ਨਹੀਂ ਹੋਵੇਗਾ ਕਿ ਜੇਕਰ ਕੋਈ ਪ੍ਰਾਣੀ ਗੁਰਮਤਿ ਦੀ ਇਸ ਜੀਵਨ-ਜੁਗਤ ਦਾ ਧਾਰਨੀ ਹੈ ਤਾਂ ਉਸ ਨੂੰ ਤਨ ਦੀ ਰਹਿਤ ਰੱਖਣ ਵਿੱਚ ਕਿਸੇ ਤਰ੍ਹਾਂ ਦੀ ਹਿਚਕਚਾਹਟ ਨਹੀਂ ਹੋਵੇਗੀ। ਜੇ ਸੱਚ-ਮੁੱਚ ਕਿਸੇ ਦੇ ਅੰਦਰ ਸਿੱਖੀ ਹੈ ਤਾਂ ਬਾਹਰ ਵੀ ਜ਼ਰੂਰ ਪ੍ਰਗਟ ਹੋਵੇਗੀ ਹੀ। “ਧਾਰਮਿਕ ਵਲਵਲੇ ਜਦੋਂ ਜ਼ਾਹਿਰਾ ਰੂਪ ਧਾਰਦੇ ਹਨ ਤਾਂ ਉਹ ਧਰਮ ਦੇ ਚਿੰਨ, ਰਸਮਾਂ ਤੇ ਰਿਵਾਜ ਬਣ ਜਾਂਦੇ ਹਨ। ਜਿਕੁਰ ਬੀਜ ਬੀਜ ਦੇਵੀਏ ਤਾਂ ਪਤ੍ਰ, ਫੁਲ ਟਾਹਣ ਆਪੇ ਹੀ ਨਿਕਲ ਆਂਵਦੇ ਹਨ, ਇਕੁਰ ਹੀ ਧਾਰਮਿਕ ਜੀਵਨ ਦੇ ਵਲਵਲੇ ਆਪਣੇ ਆਪ ਚਿੰਨ੍ਹ ਤੇ ਰਸਮਾਂ ਦਾ ਰੂਪ ਧਾਰ ਲੈਂਦੇ ਹਨ।” (ਭਾਈ ਜੋਧ ਸਿੰਘ – ਗੁਰਮਤਿ ਨਿਰਣਯ) ਸੋ ਗੱਲ ਕੀ, ਕਕਾਰ ਸਿੱਖੀ ਦੀ ਰਹਿਤ ਦਾ ਇੱਕ ਅੰਗ ਹਨ ਨਾ ਕਿ ਪੂਰੀ ਰਹਿਤ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਗੁਰਮਤਿ ਦੀ ਰਹਿਣੀ ਵਿੱਚ ਦੈਵੀ ਗੁਣਾਂ ਨੂੰ ਹੀ ਅਨਿਖੜਵਾਂ ਅੰਗ ਮੰਨਿਆ ਗਿਆ ਹੈ। ਖ਼ਾਲਸੇ ਦੇ ਜਿਹੜੇ ਗੁਣ ਦਰਸਾਏ ਹਨ, ਇਹ ਉਹੀ ਹਨ ਜੋ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸਿੱਖ ਦੇ ਦਰਸਾਏ ਗਏ ਹਨ।ਗੁਣਾਂ ਨਾਲ ਹੀ ਮਨੁੱਖੀ ਕਿਰਦਾਰ ਪਰਿਭਾਸ਼ਤ ਹੁੰਦਾ ਹੈ ਤੇ ਗੁਣਾਂ ਨਾਲ ਹੀ ਉਸ ਦੀ ਪਛਾਣ ਬਣਦੀ ਹੈ। ਸਿੱਖ ਦੀ ਪਛਾਣ ਵੀ ਗੁਣਾਂ ਨਾਲ ਹੀ ਹੋਈ ਹੈ। ਇਤਿਹਾਸ ਵਿੱਚ ਉਹ ਖ਼ਾਲਸ ਹੋ ਕੇ ਵਿਚਰਿਆ ਹੈ ਤਾਂ ਹੀ ਖ਼ਾਲਸਾ ਅਖਵਾਇਆ ਹੈ।”