ਅਮਰ ਕਹਾਣੀਆਂ ਦਾ  ਸਿਰਜਕ ਕੁਲਵੰਤ ਸਿੰਘ ਵਿਰਕ 

ਅਮਰ ਕਹਾਣੀਆਂ ਦਾ  ਸਿਰਜਕ ਕੁਲਵੰਤ ਸਿੰਘ ਵਿਰਕ 
ਕੁਲਵੰਤ ਸਿੰਘ ਵਿਰਕ

ਸਖਸ਼ੀਅਤ

-ਭੋਲਾ ਸਿੰਘ ਸੰਘੇੜਾ

ਪੰਜਾਬੀ ਵਿਚ ਕਾਲਜਈ ਰਚਨਾਵਾਂ ਦੀ ਸਿਰਜਣਾ ਕਰਨ ਵਾਲੇ ਲੇਖਕਾਂ ਦੀ ਗਿਣਤੀ ਬਹੁਤੀ ਨਹੀਂ। ਇਹ ਰਚਨਾਵਾਂ ਲੇਖਕ ਨਾਲ ਇਸ ਕਦਰ ਇਕਮੁੱਕ ਹੋ ਜਾਂਦੀਆਂ ਹਨ ਕਿ ਉਨ੍ਹਾਂ ਦਾ ਜ਼ਿਕਰ ਆਉਂਦਿਆਂ ਹੀ ਲੇਖਕ ਦਾ ਨਾਂ ਆਪ-ਮੁਹਾਰੇ ਜ਼ਬਾਨ ’ਤੇ ਆ ਜਾਂਦਾ ਹੈ। ਅਜਿਹੀਆਂ ਕਹਾਣੀਆਂ ਦਾ ਸਿਰਜਕ ਕੁਲਵੰਤ ਸਿੰਘ ਵਿਰਕ ਪੰਜਾਬੀ ਕਹਾਣੀ ਦਾ ਮਾਣ ਹੈ। ਸੱਚੀ ਗੱਲ ਇਹ ਹੈ ਕਿ ‘ਨਿੱਕੀ ਹੁਨਰੀ ਕਹਾਣੀ’ ਲਿਖਣ ਦਾ ਵੱਲ ਸਿਰਫ਼ ਵਿਰਕ ਦੇ ਹਿੱਸੇ ਹੀ ਆਇਆ ਹੈ। ਪ੍ਰਸਿੱਧ ਤੇ ਚਰਚਿਤ ਕਹਾਣੀਕਾਰਾ ਅਜੀਤ ਕੌਰ ਲਿਖਦੀ ਹੈ : ‘ਵਿਰਕ ਨਿੱਕੀ ਕਹਾਣੀ ਦਾ ਬਾਦਸ਼ਾਹ ਹੈ। ਚੈਖਵ ਵਾਂਗੂੰ ਛੋਟੀਆਂ-ਛੋਟੀਆਂ ਗੱਲਾਂ ਅਤੇ ਘਟਨਾਵਾਂ ਦੇ ਦੁਆਲੇ ਉਹ ਆਪਣੀ ਕਹਾਣੀ ਉਣਦਾ ਹੈ।ਉਹਦੀਆਂ ਕਈ ਕਹਾਣੀਆਂ ਤਾਂ ਹੁਣੇ ਹੀ ਪੰਜਾਬੀ ਸਾਹਿਤ ਵਿਚ ਕਲਾਸਿਕ ਬਣ ਚੁੱਕੀਆਂ ਹਨ।’ ਕੁਲਵੰਤ ਸਿੰਘ ਵਿਰਕ ਦੇ ਸਾਰੀ ਜ਼ਿੰਦਗੀ ‘ਪੈਰ-ਚੱਕਰ’ ਹੀ ਰਿਹਾ। ਬਿਨਾਂ ਸ਼ੱਕ ਇਕ ਲੇਖਕ ਲਈ ਇਹ ਚੱਕਰ ਨਿਆਮਤ ਦਾ ਕੰਮ ਕਰਦਾ ਹੈ। ਵਿਰਕ ਨੂੰ ਵੀ ਇਹ ਚੱਕਰ ਰਾਸ ਆਇਆ। ਇਹ ਚੱਕਰ ਤਾਂ ਉਸ ਦੇ ਬਚਪਨ ਵਿਚ ਹੀ ਸ਼ੁਰੂ ਹੋ ਗਿਆ ਸੀ। ਉਸ ਦਾ ਜਨਮ 20 ਮਈ 1921 ਨੂੰ ਪਿਤਾ ਆਸਾ ਸਿੰਘ ਵਿਰਕ ਤੇ ਮਾਤਾ ਈਸ਼ਰ ਕੌਰ ਦੇ ਘਰ, ਪਿੰਡ ਫੁੱਲਵਰਨ ਜ਼ਿਲ੍ਹਾ ਸ਼ੇਖੂਪੁਰਾ (ਪਾਕਿਸਤਾਨੀ ਪੰਜਾਬ) ਵਿਚ ਹੋਇਆ ਸੀ। ਉਸ ਨੇ ਚਾਰ ਜਮਾਤਾਂ ਪਿੰਡ ਦੇ ਸਕੂਲ ’ਚੋਂ, ਪੰਜਵੀਂ ਨਨਕਾਣਾ ਸਾਹਿਬ ਤੋਂ ਅਤੇ ਦਸਵੀਂ ਸ਼ੇਖੂਪੁਰਾ ਤੋਂ ਕਰਨ ਤੋਂ ਬਾਅਦ ਬੀਏ ਐੱਫਸੀ ਕਾਲਜ ਲਾਹੌਰ ਤੋਂ ਕੀਤੀ ਸੀ।ਡ

ਐੱਮਏ ਅੰਗਰੇਜ਼ੀ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਕਰਨ ਤੋਂ ਬਾਅਦ ਵਕਾਲਤ ਲਾਹੌਰ ਤੋਂ ਪਾਸ ਕੀਤੀ। ਸੰਨ 1942 ਵਿਚ ਦੂਜਾ ਵਿਸ਼ਵ ਯੁੱਧ ਛਿੜ ਗਿਆ ਸੀ। ਫ਼ੌਜ ਨੇ ਪੰਜਾਬੀਆਂ ਦੇ ਭਰਤੀ ਹੋਣ ਲਈ ਆਪਣੇ ਦਰਵਾਜ਼ੇ ਖੋਲ੍ਹ ਰੱਖੇ ਸਨ। ਕੁਲਵੰਤ ਸਿੰਘ ਵਿਰਕ ਵੀ ਫ਼ੌਜ ਵਿਚ ਲੈਫਟੀਨੈਂਟ ਭਰਤੀ ਹੋ ਗਿਆ ਪਰ ਯੁੱਧ ਸਮਾਪਤ ਹੁੰਦਿਆਂ ਹੀ ਭਾਰਤੀ ਫ਼ੌਜੀਆਂ ਦੀਆਂ ਨੌਕਰੀਆਂ ਵੀ ਸਮਾਪਤ ਹੋ ਗਈਆਂ। ਸੰਨ 1947 ਵਿਚ ਭਾਰਤ ਦੀ ਵੰਡ ਹੋ ਗਈ ਤੇ ਦੰਗੇ ਸ਼ੁਰੂ ਹੋ ਗਏ। ਭਾਰਤ ਸਰਕਾਰ ਨੇ ਪਾਕਿਸਤਾਨ ਵਿਚ ਰਹਿ ਗਈਆਂ ਔਰਤਾਂ ਪੰਜਾਬ ਵਿਚ ਵਸਾਉਣ ਲਈ ‘ਮੁੜ ਵਸਾਊ’ ਮਹਿਕਮਾ ਬਣਾ ਦਿੱਤਾ। ਵਿਰਕ ਨੂੰ ਸਾਬਕਾ ਫ਼ੌਜੀ ਹੋਣ ਕਾਰਨ ਇਸ ਮਹਿਕਮੇ ਵਿਚ ਤਾਲਮੇਲ ਅਫ਼ਸਰ ਦੀ ਨੌਕਰੀ ਮਿਲ ਗਈ। ਇਸ ਅਫ਼ਸਰੀ ਨੇ ਵੀ ਉਸ ਦੇ ਪੈਰ ਚੱਕਰ ਨੂੰ ਹੋਰ ਤੇਜ਼ ਕਰ ਦਿੱਤਾ। ਇਸ ਤੋਂ ਬਾਅਦ ਉਹ ਲੋਕ ਸੰਪਰਕ ਵਿਭਾਗ, ਭਾਰਤ ਸਰਕਾਰ ਦੇ ਸੂਚਨਾ ਵਿਭਾਗ ਤੇ ਸੰਤਾਨ ਸੰਜਮ ਵਿਭਾਗ ਵਿਚ ਉੱਚ ਅਹੁਦਿਆਂ ’ਤੇ ਤਾਇਨਾਤ ਰਿਹਾ। ਨੌਕਰੀ ਦੇ ਅਖ਼ੀਰਲੇ ਦਿਨਾਂ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਜੁਆਇੰਟ ਡਾਇਰੈਕਟਰ ਸੂਚਨਾ ਤੇ ਅੰਤ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰੈੱਸ ਸਕੱਤਰ ਦੇ ਅਹੁਦੇ ’ਤੇ ਕੰਮ ਕਰਨ ਦਾ ਮੌਕਾ ਮਿਲਿਆ। ਉਸ ਨੂੰ ਕੁਝ ਸਮਾਂ ਸਰਕਾਰੀ ਪਰਚੇ ਜਾਗਿ੍ਰਤੀ ਅਤੇ ਐਡਵਾਂਸ ਦੇ ਸੰਪਾਦਕ ਦੀ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਵੀ ਮਿਲਿਆ। ਉਸ ਦੀ ਸ਼ਾਦੀ 1949 ਵਿਚ ਹਰਬੰਸ ਕੌਰ ਨਾਲ ਹੋਈ ਸੀ। ਉਨ੍ਹਾਂ ਦੇ ਘਰ ਦੋ ਬੇਟੇ ਅਤੇ ਤਿੰਨ ਬੇਟੀਆਂ ਨੇ ਜਨਮ ਲਿਆ। ਪਹਿਲਾਂ ਹਾਲਾਤ ਤੇ ਫਿਰ ਸਰਕਾਰੀ ਨੌਕਰੀ ਉਸ ਲਈ ਲਾਹੇਵੰਦ ਸਿੱਧ ਹੋਈ।

ਉਸ ਨੂੰ ਥਾਂ-ਥਾਂ ਦਾ ਪਾਣੀ ਪੀਂਦਿਆਂ ਕਿੰਨੇ ਹੀ ਤਰ੍ਹਾਂ ਦੇ ਅਨੁਭਵ ਹੋਏ। ਉਸ ਦੀ ਪੈਨੀ ਨਜ਼ਰ ਮਨੁੱਖ ਨੂੰ ਅੰਦਰ ਤੀਕ ਪੜ੍ਹ ਜਾਂਦੀ ਸੀ। ਕਹਾਣੀ ਲਿਖਣ ਲਈ ਉਸ ਨੂੰ ਕੋਈ ਤਰੱਦਦ ਨਹੀਂ ਸੀ ਕਰਨਾ ਪੈਂਦਾ। ਕਹਾਣੀਆਂ ਦੇ ਪਲਾਟ ਤਾਂ ਥਾਂ-ਥਾਂ ਉਸ ਨੂੰ ਗਲਵੱਕੜੀ ਪਾ ਕੇ ਮਿਲਦੇ ਸਨ। ਮੁੜ ਵਸੇਬਾ ਮਹਿਕਮੇ ਵਿਚ ਕੰਮ ਕਰਦਿਆਂ ਵੰਡ ’ਚੋਂ ਪਨਪੀਆਂ ਕਈ ਯਾਦਗਾਰੀ ਕਹਾਣੀਆਂ ਉਸ ਤੋਂ ਸਹਿਵਾਨ ਹੀ ਲਿਖ ਹੋ ਗਈਆਂ। ਕਹਾਣੀ ‘ਖੱਬਲ’ ਵਿਚ ਇਕ ਉਧਾਲੀ ਹੋਈ ਔਰਤ ਉਸ ਨੂੰ ਕਹਿੰਦੀ ਹੈ, ‘‘ਤੂੰ ਮੇਰਾ ਸਿੱਖ ਭਰਾ ਏਂ... ਹੁਣ ਤੇ ਮੈਂ ਮੁਸਲਮਾਨ ਹੋ ਗਈ ਹੋਈ ਆਂ... ਮੇਰੀ ਇਕ ਨਨਾਣ ਏ... ਰੁੜ ਜਾਣੇ ਯਾਰਾਂ ਚੱਕ ਵਾਲੇ ਲੈ ਗਏ ਹੋਏ ਨੀ...ਤੂੰ ਉਹਨੂੰ ਏਥੇ ਮੇਰੇ ਕੋਲ ਲਿਆਦੇ...ਮੈਂ ਆਪਣੇ ਹੱਥੀਂ ਉਹਨੂੰ ਕਿਸੇ ਦੇ ਲੜ ਲਾਂਗੀ...ਮੇਰੀ ਸਾਂਝ ਵਧੇਗੀ...ਮੇਰੀਆਂ ਬਾਹਾਂ ਬਣਨਗੀਆਂ।’’

ਵਿਰਕ ਇਸ ਘਟਨਾ ’ਚੋਂ ਮਨੁੱਖ ਦੇ ਔਖੇ ਹਾਲਾਤ ’ਚੋਂ ਜ਼ਿੰਦਗੀ ਦੇ ਲੜ ਲੱਗਣ ਦੇ ਅਰਥ ਤਲਾਸ਼ਦਿਆਂ ਇਕ ਬੁੱਢੇ ਦੀ ਆਖੀ ਗੱਲ ਚੇਤੇ ਕਰਦਾ ਲਿਖਦਾ ਹੈ, ‘‘ਆਹ ਵੇਖ ਖੱਬਲ ਹੁੰਦਾ ਏ ਪੈਲੀ ਵਿਚ... ਜੜ੍ਹੋਂ ਪੁੱਟ ਕੇ ਬਾਹਰ ਸੁੱਟ ਦੇਈਦੈ...ਪਰ ਦਸਾਂ ਦਿਨਾਂ ਮਗਰੋਂ ਫਿਰ ਕੋਈ ਤਿੜ ਫੁੱਟ ਆਉਂਦੀ ਹੈ।’’ ਇਸੇ ਤਰ੍ਹਾਂ ਫ਼ੌਜੀ ਜੀਵਨ ਨਾਲ ਸਬੰਧਤ ‘ਧਰਤੀ ਹੇਠਲਾ ਬਲਦ’ ਵਿਰਕ ਦੀ ਇਕ ਹੋਰ ਸ਼ਾਹਕਾਰ ਕਹਾਣੀ ਹੈ। ਪਾਠਕ ਨੂੰ ਧੁਰ ਅੰਦਰ ਤੀਕ ਹਿਲਾਉਣ ਵਾਲੀ ਇਸ ਤਰ੍ਹਾਂ ਦੀ ਕਹਾਣੀ ਕੁਲਵੰਤ ਸਿੰਘ ਵਿਰਕ ਹੀ ਲਿਖ ਸਕਦਾ ਸੀ। ਛੁੱਟੀ ਆਇਆ ਫ਼ੌਜੀ ਮਾਨ ਸਿੰਘ ਆਪਣੇ ਫ਼ੌਜੀ ਮਿੱਤਰ ਕਰਮ ਸਿੰਘ ਦੇ ਘਰ ਸੁੱਖ-ਸਾਂਦ ਦਾ ਸੁਨੇਹਾ ਲੈਣ ਜਾਂਦਾ ਹੈ। ਕਰਮ ਸਿੰਘ ਦਾ ਪਿਤਾ ਆਪਣੇ ਪੁੱਤ ਦੇ ਸ਼ਹੀਦੀ ਪਾਏ ਜਾਣ ਦੀ ਖ਼ਬਰ ਮਾਨ ਸਿੰਘ ਨੂੰ ਦੱਸ ਕੇ ਉਸ ਦੀ ਛੁੱਟੀ ਖ਼ਰਾਬ ਨਹੀਂ ਕਰਨਾ ਚਾਹੁੰਦਾ। ਪਤਾ ਲੱਗਣ ’ਤੇ ਮਾਨ ਸਿੰਘ ਨੂੰ ਕਰਮ ਸਿੰਘ ਦਾ ਪਿਤਾ ਓਸ ਬਲਦ ਤੋਂ ਵੀ ਬਲਵਾਨ ਲੱਗਦਾ ਹੈ ਜਿਸ ਬਾਰੇ ਮਿੱਥ ਹੈ ਕਿ ਉਸ ਨੇ ਧਰਤੀ ਦਾ ਭਾਰ ਆਪਣੇ ਸਿੰਙਾਂ ’ਤੇ ਉਠਾਇਆ ਹੋਇਆ ਹੈ। ਵਿਰਕ ਦੀ ਖ਼ਾਸੀਅਤ ਇਸ ਗੱਲ ਵਿਚ ਹੈ ਕਿ ਉਹ ਪਾਠਕ ਨੂੰ ਅਛੋਪਲੇ ਜਿਹੇ ਆਪਣੇ ਨਾਲ ਤੋਰ ਲੈਂਦਾ ਹੈ। ਕਹਾਣੀ ਦਾ ਅੰਤ ਪਾਠਕ ਦੀਆਂ ਅੱਖਾਂ ਹੀ ਨਮ ਨਹੀਂ ਕਰਦਾ ਸਗੋਂ ਸੁੰਨ ਕਰ ਕੇ ਰੱਖ ਦਿੰਦਾ ਹੈ। ਜਿਸ ਨੇ ਵੀ ਇਸ ਕਹਾਣੀ ਨੂੰ ਪੜਿ੍ਹਆ ਹੈ, ਕਦੇ ਨਹੀਂ ਭੁੱਲ ਸਕਦਾ। ਉਕਤ ਕਹਾਣੀਆਂ ਤੋਂ ਬਿਨਾਂ ਉਨ੍ਹਾਂ ਨੇ ‘ਤੂੜੀ ਦੀ ਪੰਡ’, ‘ਛਾਹ ਵੇਲਾ’, ‘ਓਪਰੀ ਧਰਤੀ’ ਤੇ ‘ਮੈਨੂੰ ਜਾਣਨੈ’ ਵਰਗੀਆਂ ਅਮਰ ਕਹਾਣੀਆਂ ਲਿਖ ਕੇ ਪੰਜਾਬੀ ਕਹਾਣੀ ਨੂੰ ਅਮੀਰੀ ਬਖ਼ਸ਼ੀ। ਕੁਲਵੰਤ ਸਿੰਘ ਵਿਰਕ ਨੇ 400 ਦੇ ਲਗਪਗ ਕਹਾਣੀਆਂ ਦੀ ਸਿਰਜਣਾ ਕੀਤੀ।

ਇਹ ਕਹਾਣੀਆਂ ਉਸ ਦੇ ਕਹਾਣੀ-ਸੰਗ੍ਰਹਿਾਂ ‘ਛਾਹ ਵੇਲਾ’, ‘ਧਰਤੀ ਤੇ ਆਕਾਸ਼’, ‘ਤੂੜੀ ਦੀ ਪੰਡ’, ‘ਏਕਸ ਕੇ ਹਮ ਬਾਰਿਕ’, ‘ਦੁੱਧ ਦਾ ਛੱਪੜ’, ‘ਗੋਲ੍ਹਾਂ’, ‘ਨਵੇਂ ਲੋਕ’, ‘ਦੁਆਦਸੀ’, ‘ਅਸਤਬਾਜ਼ੀ’ ਵਿਚ ਸ਼ਾਮਲ ਹਨ। ਇਸ ਤੋਂ ਬਿਨਾਂ ਖੋਜ ਅਤੇ ਸੁਹਿਰਦ ਪਾਠਕਾਂ ਦੀ ਸਹੂਲਤ ਲਈ ‘ਮੇਰੀਆਂ ਸਾਰੀਆਂ ਕਹਾਣੀਆਂ’ ਨਾਂ ਦੀ ਵੱਡ-ਆਕਾਰੀ ਪੁਸਤਕ ਵੀ ਉਪਲਬਧ ਹੈ। ਉਸ ਦੁਆਰਾ ਅਰਨੈਸਟ ਹੈਮਿੰਗਵੇ ਦੀ ਅਨੁਵਾਦ ਕੀਤੀ ਇੱਕੋ-ਇਕ ਪੁਸਤਕ ‘ਸ਼ਸਤਰਾਂ ਤੋਂ ਵਿਦਾਇਗੀ’ ਨਾਂ ਹੇਠ ਪ੍ਰਕਾਸ਼ਿਤ ਹੋਈ। ਉਸ ਦੀਆਂ ਕਹਾਣੀਆਂ ਰੂਸੀ ਅਤੇ ਜਾਪਾਨੀ ਤੋਂ ਬਿਨਾਂ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਈਆਂ।

ਲਿਉ ਟਾਲਸਟਾਏ ਦੀ ਪੋਤੀ ਨਤਾਸ਼ਾ ਨੇ ਉਸ ਦੀਆਂ ਕਹਾਣੀਆਂ ਰੂਸੀ ਅਤੇ ਓਸਾਕਾ ਵਿਚ ਭਾਰਤੀ ਭਾਸ਼ਾਵਾਂ ਦੇ ਪ੍ਰੋ. ਡਾ. ਟੋਮੀਓ ਮੀਜੋਕਾਮੀ ਨੇ ਜਾਪਾਨੀ ਵਿਚ ਅਨੁਵਾਦ ਕਰ ਕੇ ਪੰਜਾਬੀ ਕਹਾਣੀ ਨੂੰ ਮਾਣ ਬਖ਼ਸ਼ਿਆ। ਜਲੰਧਰ ਦੂਰਦਰਸ਼ਨ ਨੇ ਉਸ ਦੀਆਂ ਕਈ ਕਹਾਣੀਆਂ ਨੂੰ ਦਰਸ਼ਕਾਂ ਦੀ ਮੰਗ ’ਤੇ ਨਾਟਕੀ ਰੂਪ ਵਿਚ ਪੇਸ਼ ਕੀਤਾ। ਕੁਲਵੰਤ ਸਿੰਘ ਵਿਰਕ ਦੇ ਕਹਾਣੀ-ਸੰਗ੍ਰਹਿ ‘ਨਵੇਂ ਲੋਕ’ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਨੇ ਆਪਣਾ ਵੱਕਾਰੀ ਪੁਰਸਕਾਰ ਦੇ ਕੇ ਨਿਵਾਜਿਆ ਸੀ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਤੋਂ ਬਿਨਾਂ ਕਹਾਣੀ-ਸੰਗ੍ਰਹਿ ‘ਦੁੱਧ ਦਾ ਛੱਪੜ’ ਨੂੰ ਵੀ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ। ਪੰਜਾਬੀ ਕਹਾਣੀ ਦੇ ਖ਼ਜ਼ਾਨੇ ਨੂੰ ਵੱਡਮੁੱਲੀਆਂ ਕਹਾਣੀਆਂ ਨਾਲ ਭਰਪੂਰ ਕਰਨ ਵਾਲਾ ਕੁਲਵੰਤ ਸਿੰਘ ਵਿਰਕ 24 ਦਸੰਬਰ 1987 ਨੂੰ ਆਪਣੇ ਪਿਆਰਿਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਸੀ।