ਆਕਸੀਜਨ ਦੀ ਕਮੀ ਵਾਲੇ ਦੇਸ਼ ਦੀ ਹਕੂਮਤ ਦੁਆਰਾ ਬਣਾਏ ਕਾਨੂੰਨ ਕਿੰਨੇ ਕੁ ਸਫ਼ਲ ?

ਆਕਸੀਜਨ ਦੀ ਕਮੀ ਵਾਲੇ ਦੇਸ਼ ਦੀ ਹਕੂਮਤ ਦੁਆਰਾ ਬਣਾਏ ਕਾਨੂੰਨ ਕਿੰਨੇ ਕੁ ਸਫ਼ਲ ?

ਹਕੂਮਤ ਦੀ ਲਾਪਰਵਾਹੀ ਆਮ ਇਨਸਾਨ 'ਤੇ ਭਾਰੂ

ਕੋਰੋਨਾ ਮਹਾਂਮਾਰੀ ਦਾ ਇਹ ਦੂਸਰਾ ਸਾਲ ਚੱਲ ਰਿਹਾ ਹੈ, ਜਦੋਂ ਦੂਜੇ ਦੇਸ਼ਾਂ ਵਿਚ ਇਹ ਮਹਾਮਾਰੀ ਖਤਮ ਹੋਣ ਤੇ ਆਈ ਹੈ ਤਾਂ ਭਾਰਤ ਵਿੱਚ ਇਹ ਬਿਮਾਰੀ ਲਗਾਤਾਰ ਵੱਧ ਰਹੀ ਹੈ  । ਇਸ ਬਿਮਾਰੀ ਦੇ ਵਧਣ ਦੇ ਕਾਰਨ  ਹਕੂਮਤ ਦੀ ਲਾਪ੍ਰਵਾਹੀ ਹੈ, ਜਿਸ ਨੇ ਨਾ ਤਾਂ ਸਹੀ ਪ੍ਰਬੰਧ ਕੀਤੇ  ਅਤੇ ਨਾ ਹੀ ਆਮ ਜਨਤਾ ਨੂੰ  ਇਸ ਬਿਮਾਰੀ ਪ੍ਰਤੀ ਜਾਗਰੂਕਤਾ ਕਰਨ ਲਈ ਕੋਈ ਅਭਿਆਨ ਚਲਾਇਆ । ਸਭ ਤੋਂ ਵੱਡੀ ਲਾਪ੍ਰਵਾਹੀ  ਸਮਾਂ ਰਹਿੰਦੇ ਹੋਏ ਵੀ ਕੋਈ ਚੰਗੀ ਰਣ ਨੀਤੀ ਨਹੀਂ ਅਪਣਾਈ ਗਈ ,ਜੋ ਮੀਟਿੰਗਾਂ ਅੱਜ ਤੋਂ ਇਕ ਸਾਲ ਪਹਿਲਾਂ ਕਰ ਲੈਣੀਆਂ ਚਾਹੀਦੀਆਂ ਸਨ ਉਹ ਹੁਣ ਬਿਮਾਰੀ ਦੇ ਵਧਣ ਉੱਤੇ ਕੀਤੀਆਂ ਜਾ ਰਹੀਆਂ ਹਨ ਤੇ ਜਿਸ ਦਾ ਖਾਮਿਆਜ਼ਾ ਇਸ ਆਮ ਲੁਕਾਈ ਨੂੰ ਭੁਗਤਣਾ ਪੈ ਰਿਹਾ ਹੈ । 

ਪੰਜਾਬ ਜਿਉਂਦਾ ਗੁਰਾਂ ਦੇ ਨਾਮ ਉੱਤੇ ਇਹ ਗੱਲ ਅੱਜ ਸੱਚ ਹੋ ਨਿੱਬੜੀ ਹੈ ਕਿਉਂਕੀ ਭਾਰਤ ਦੇ ਸਾਰੇ ਰਾਜਾਂ ਵਿਚ ਕੋਰੋਨਾ ਮਹਾਂਮਾਰੀ ਨਾਲ ਹਾਹਾਕਾਰ ਫੈਲੀ ਹੋਈ ਹੈ । ਪੰਜਾਬ ਦੇ ਹਾਲਾਤ ਬਾਕੀ ਰਾਜਾਂ ਨਾਲੋਂ ਬਿਹਤਰ ਹਨ, ਕਿਉਂਕੀ ਪੰਜਾਬ ਦਾ ਵਾਤਾਵਰਨ ਦੂਜੇ ਰਾਜਾਂ ਦੇ ਵਾਤਾਵਰਨ ਮੁਕਾਬਲੇ ਕੁਝ ਸ਼ੁੱਧਤਾ ਵਿਚ ਹੈ ਪਰ ਫਿਰ ਵੀ ਅਸੀਂ ਇਹ ਨਹੀਂ ਕਹਿ ਸਕਦੇ  ਕਿ ਪੰਜਾਬ ਦਾ ਵਾਤਾਵਰਨ ਬਿਲਕੁਲ ਹੀ ਸਾਫ਼ ਸੁਥਰਾ ਹੈ । ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਇਸ ਭਿਆਨਕ ਮਹਾਂਮਾਰੀ ਪ੍ਰਤੀ ਚੰਗੇ ਢੰਗ ਨਾਲ ਸੁਚੇਤ ਨਹੀਂ ਕੀਤਾ ਜਿਸ ਦੇ ਨਤੀਜੇ ਅੱਜ ਸਾਨੂੰ ਵੇਖਣ ਨੂੰ ਮਿਲ ਰਹੇ ਹਨ । ਸਰਕਾਰਾਂ ਦੀਆਂ ਅਜਿਹੀਆਂ ਲਾਪਰਵਾਹੀਆਂ ਇਸ ਗੱਲ ਨੂੰ ਸਪੱਸ਼ਟ ਕਰਦੀਆਂ ਹਨ ਕਿ ਇੱਥੇ ਲੋਕਾਂ ਦੀ ਜ਼ਿੰਦਗੀ ਦਾ ਕੋਈ ਵੀ ਮੁੱਲ ਨਹੀਂ ਹੈ ਜੇਕਰ ਮੁੱਲ ਹੈ ਤਾਂ ਉਹ ਕੇਵਲ ਉਸ ਦੀ ਵੋਟ ਦਾ ਜਿਸ ਦਾ ਇਸਤੇਮਾਲ ਕਰ ਕੇ  ਕੁਰਸੀ ਨੂੰ ਪਾਇਆ ਜਾਂਦਾ ਹੈ  । ਅੱਜ ਜੋ ਵੀ ਹਾਲਾਤ ਭਾਰਤ ਵਿੱਚ ਚੱਲ ਰਹੇ ਹਨ ਉਹ ਸਰਕਾਰਾਂ  ਦੀਆਂ ਨਾਕਾਮੀਆਂ ਨੂੰ ਸਾਹਮਣੇ ਲਿਆਉਂਦੇ ਹਨ । ਆਕਸੀਜਨ ਦੀ ਆਈ ਕਮੀ ਨਾਲ  ਅਣਗਿਣਤ ਮੌਤਾਂ ਹੋ ਚੁੱਕੀਆਂ ਹਨ । ਇਨ੍ਹਾਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ  ?ਉਹ ਆਮ ਇਨਸਾਨ ਜਿਸ ਨੂੰ ਇਸ ਮਹਾਂਮਾਰੀ ਪ੍ਰਤੀ ਚੰਗੇ ਢੰਗ ਨਾਲ ਸੁਚੇਤ ਨਹੀਂ ਕੀਤਾ ਗਿਆ  ਜਾਂ ਫਿਰ ਸਾਡੀਆਂ ਹਕੂਮਤਾਂ ਜਿਸ ਨੇ ਸਮਾਂ ਰਹਿੰਦੇ ਹੋਏ ਵੀ ਕੋਈ ਸਹੀ ਪ੍ਰਬੰਧ ਨਹੀਂ ਕੀਤੇ ਇਸ ਬਿਮਾਰੀ ਨਾਲ ਨਜਿੱਠਣ ਦੇ ਲਈ । ਪਿਛਲੇ ਸਾਲ ਜਦੋਂ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਭਾਰਤ ਵਿੱਚ ਹੋਈ ਸੀ ਉਦੋਂ ਪ੍ਰਬੰਧਾਂ ਦੀ ਗਿਣਤੀ ਅਣਗਿਣਤ ਦੱਸੀ ਜਾਂਦੀ ਸੀ, ਪਰ ਜਦੋਂ ਇਸ ਬਿਮਾਰੀ ਦਾ ਪ੍ਰਕੋਪ ਏਨਾ ਜ਼ਿਆਦਾ ਵਧ ਗਿਆ ਤਦ ਸਰਕਾਰ ਦੁਆਰਾ ਕੀਤੇ ਉਨ੍ਹਾਂ ਪ੍ਰਬੰਧਾਂ ਚੋਂ ਇਕ ਵੀ ਨਜ਼ਰੀ ਨਹੀਂ ਪਿਆ। ਲੋਕ ਆਪਣੇ ਸਾਕ ਸਬੰਧੀਆਂ ਦੀਆਂ ਲਾਸ਼ਾਂ ਨੂੰ ਅੱਗ ਲਾਉਣ ਲਈ ਵੀ ਕਤਾਰਾਂ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ। 

ਦਿੱਲੀ ਦੇ ਹਸਪਤਾਲਾਂ ਵਿਚ ਆਕਸੀਜਨ ਦੀ ਕਮੀ ਦੇ ਕਾਰਨ ਅਨੇਕਾਂ ਹੀ ਲੋਕ ਮੌਤ ਦੇ ਮੂੰਹ ਚਲੇ ਗਏ । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਆਪਣੇ ਨਾਲ ਲੱਗਦੇ ਸੂਬਿਆਂ ਤੋਂ ਆਕਸੀਜਨ  ਦੀ ਮੰਗ ਰੱਖੀ ਤਾਂ ਉਨ੍ਹਾਂ ਨੇ ਸਾਫ਼ ਮਨ੍ਹਾ ਕਰ ਦਿੱਤਾ ।ਬੇਸ਼ਕ ਬਾਅਦ ਵਿਚ ਪ੍ਰਧਾਨ ਮੰਤਰੀ ਨਾਲ ਹੋਈ ਮੀਟਿੰਗ ਤੋਂ ਬਾਅਦ ਸੂਬਿਆਂ ਨੇ ਆਕਸੀਜਨ ਇੱਕ ਦੂਸਰੇ ਰਾਜਾਂ ਨੂੰ ਦੇਣ ਦੀ ਪਹਿਲ ਕੀਤੀ । ਪਰ ਦੇਖਣ ਯੋਗ ਹੈ ਕਿ ਜਦੋਂ ਇਕ ਦੇਸ਼ ਦੇ ਵਾਸੀ ਹੁੰਦੇ ਹੋਏ ਵੀ ਸਿਆਸਤੀ ਪ੍ਰਬੰਧਾਂ ਵਿੱਚ ਭਿੰਨਤਾ ਨਜ਼ਰ ਆਈ ਤਾਂ ਉੱਥੋਂ ਦੀ ਹਕੂਮਤ ਦੁਆਰਾ ਬਣਾਏ ਗਏ ਲੋਕਾਂ ਲਈ ਕਾਨੂੰਨ ਕਿੰਨੇ ਕੁ ਸਫ਼ਲ ਹੋ ਸਕਦੇ ਹਨ  । ਸਭ ਤੋਂ ਵੱਡੀ ਸੋਚ ਇਹ ਹੀ ਪੈਦਾ ਹੁੰਦੀ ਹੈ ਕਿ ਜੋ ਹਕੂਮਤ ਮਹਾਂਮਾਰੀ ਫੈਲਣ ਦੇ ਦੌਰਾਨ ਹੀ ਰਣਨੀਤੀਆਂ ਤਿਆਰ ਕਰਦੀ ਹੈ ਉਸ ਦੇ ਬਣਾਏ ਉਹ ਕਾਨੂੰਨ ਜਿਨ੍ਹਾਂ ਦਾ ਅੱਜ ਕਿਸਾਨਾਂ ਦੁਆਰਾ ਵਿਰੋਧ ਕੀਤਾ ਜਾ ਰਿਹਾ ਹੈ ਉਹ ਆਮ ਜਨਤਾ ਲਈ ਕਿੰਨੇ ਕੁ ਫਾਇਦੇਮੰਦ ਹੋਣਗੇ ?ਇਹ ਇੱਕ ਸੋਚਣ ਦਾ ਵਿਸ਼ਾ ਹੈ ਕੀ ਜੋ ਖੇਤੀ ਬਿਲ ਸਰਕਾਰ ਦੁਆਰਾ ਪਾਸ ਕੀਤੇ ਗਏ ਹਨ  ਉਹ ਆਉਣ ਵਾਲੇ ਸਮੇਂ ਵਿੱਚ ਕਿਸਾਨ ਲਈ ਕਿ ਸਿੱਟਾ ਕੱਢਣਗੇ  ਤੇ ਨਾਲ ਉਹ ਮਜ਼ਦੂਰ ਜੋ ਕਮਾਉਂਦੇ ਹਨ ਉਹ ਹੀ ਖਾਂਦੇ ਹਨ  । ਜਨਤਾ ਜਦੋਂ ਵੀ ਕਿਸੇ ਕਾਨੂੰਨ ਦਾ ਵਿਰੋਧ ਕਰਦੀ ਹੈ ਤਦ ਉਹ ਆਪਣੇ ਆਉਣ ਵਾਲੇ ਭਵਿੱਖ ਨੂੰ ਵੇਖ ਕੇ ੳ ਉਸ ਦੀ ਚਿੰਤਾ ਲਈ ਕਰਦੀ ਹੈ ਤਾਂ ਜੋ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ   ਨੂੰ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ । ਸਰਕਾਰਾਂ ਕਾਨੂੰਨ ਬਣਾਉਂਦੀਆਂ ਹਨ ਸਮੇਂ ਦੀ ਨਜ਼ਾਕਤ ਨਾਲ, ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਕਾਨੂੰਨਾਂ ਦਾ ਕੀ ਅਸਰ ਹੋਵੇਗਾ ਉਸ ਦੀ ਸੋਚ ਇਨ੍ਹਾਂ ਨੂੰ ਨਹੀਂ ਹੁੰਦੀ। ਇਹ ਹਕੂਮਤਾਂ ਕੇਵਲ ਤੇ ਕੇਵਲ ਸਿਆਸਤ ਕਰਨਾ ਹੀ ਜਾਣਦੀਆਂ ਹਨ । ਇਸ ਸਿਆਸਤੀ ਪੁਣੇ ਨੇ ਹੀ ਅੱਜ ਭਾਰਤ ਦੀ ਉਹ ਸਥਿਤੀ ਕਰ ਦਿੱਤੀ ਕਿ ਦੇਸ਼ ਨੂੰ ਆਕਸੀਜਨ ਵੀ ਦੂਜੇ ਦੇਸ਼ਾ ਤੋਂ ਮਗਵਾਉਂਣੀ ਪੈ ਰਹੀ ਹੈ। ਜੇ ਸਾਡੇ ਲੋਕਤੰਤਰੀ ਦੇਸ਼ ਵਿਚ ਸਮੇਂ 'ਤੇ ਠੀਕ ਪ੍ਰਬੰਧ ਨਹੀਂ ਹੋ ਸਕਦੇ ਤਾਂ ਇਸ ਦੇ ਲੋਕਾਂ ਲਈ ਬਣਾਏ ਕਾਨੂੰਨ ਵੀ ਭਰੋਸੇਯੋਗ ਨਹੀਂ

ਭਾਰਤੀ ਹਾਲਾਤ ਦੇਖ ਕੇ ਅੱਜ ਇਉਂ ਜਾਪਦਾ ਹੈ ਕਿ ਇੱਥੋਂ ਦੀ ਰਾਜਨੀਤੀ ਕੇਵਲ ਕੁਰਸੀ ਦੇ ਲਈ ਹੁੰਦੀ ਹੈ । ਆਮ ਜਨਤਾ ਦੀ ਜ਼ਿੰਦਗੀ ਨਾਲ ਇਨ੍ਹਾਂ ਨੂੰ ਬਹੁਤਾ ਫ਼ਰਕ ਨਹੀਂ ਪੈਂਦਾ ,ਫ਼ਰਕ ਪੈਂਦਾ ਹੈ ਤਾਂ ਕੇਵਲ ਵੋਟ ਦਾ ।ਜੇਕਰ ਇਸ ਗੰਦੀ ਰਾਜਨੀਤੀ ਵਿੱਚ ਕੋਈ ਸੱਚਾ ਵਿਅਕਤੀ ਵੀ ਆ ਜਾਂਦਾ ਹੈ ਤਾਂ ਉਸ ਨੂੰ ਸਿਆਸਤੀ ਢੰਗ ਨਾਲ ਬਦਨਾਮ ਕਰ ਕੇ  ਉਸ ਨੂੰ ਰਾਜਨੀਤੀ ਛੱਡਣ ਤਕ ਮਜਬੂਰ ਕਰ ਦਿੰਦੀਆਂ ਹਨ ।ਇਸ ਸਿਆਸਤੀ ਖੇਡ ਵਿੱਚ ਕਿਤੇ ਨਾ ਕਿਤੇ ਆਮ ਜਨਤਾ ਵੀ ਜ਼ਿੰਮੇਵਾਰ ਹੁੰਦੀ ਹੈ, ਕਿਉਂਕਿ ਅਸੀਂ ਲੋਕ ਕੁਝ ਰੁਪਿਆਂ ਦੇ ਲਾਲਚ ਵਿਚ ਆਪਣੀ ਜ਼ਮੀਰ ਤਕ ਵੇਚ ਦਿੰਦੇ ਹਾਂ ਜਿਸ ਦਾ ਭੁਗਤਾਨ ਸਾਨੂੰ ਅੰਦੋਲਨ ਕਰ ਕੇ ਜਾਂ ਫਿਰ ਧਰਨੇ ਲਾ ਕੇ ਚੁਕਾਉਣਾ ਪੈਂਦਾ ਹੈ । ਗ਼ੈਰ ਜ਼ਿੰਮੇਵਾਰ ਇਸ ਹਕੂਮਤ ਤੋਂ ਅਸੀਂ ਕੁਝ ਵੀ ਉਮੀਦ ਨਹੀਂ ਰੱਖ ਸਕਦੇ ਕਿਉਂ ਕੀ ਜਿੱਥੇ ਅੱਜ ਆਕਸੀਜਨ ਦੀ ਕਮੀ ਆ ਰਹੀ ਹੈ  ਉਸ ਦੀ ਘਾਟ ਕਾਰਨ ਅਨੇਕਾਂ ਹੀ ਰਾਜਾਂ  ਵਿੱਚ ਆਮ ਜਨਤਾ ਦੀਆਂ ਲਾਸ਼ਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ।

 

ਸਰਬਜੀਤ ਕੌਰ *ਸਰਬ