ਲੋਕਾਂ ਦੀ ਖ਼ੁਸ਼ੀ ਤੇ ਸੰਤੁਸ਼ਟੀ ਹੀ ਗ਼ਰੀਬੀ ਘਟਣ ਦੀ ਗਵਾਹ ਬਣੇਗੀ
ਆਸੂਤੋਸ਼ ਸੀਨੀਅਰ ਪੱਤਰਕਾਰ
ਜੇਕਰ ਪ੍ਰਧਾਨ ਮੰਤਰੀ ਦੀ ਗੱਲ ਮੰਨੀਏ ਤਾਂ ਹੁਣ ਦੇਸ਼ ’ਚ ਕੋਈ ਵੀ ਗ਼ਰੀਬ ਨਹੀਂ ਹੈ। ਉਹ ਵਿਸ਼ਵ ਬੈਂਕ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹਨ, ਜੋ ਦਰਸਾਉਂਦੀ ਹੈ ਕਿ 2011 ਤੇ 2023 ਦੇ ਵਿਚਕਾਰ 50 ਕਰੋੜ ਲੋਕਾਂ ਨੂੰ ਗ਼ਰੀਬੀ ਰੇਖਾ ਤੋਂ ਉੱਪਰ ਲਿਆਂਦਾ ਗਿਆ ਹੈ। ਕੋਈ ਵੀ ਸਰਕਾਰ ਹੁੰਦੀ ਉਸ ਨੇ ਇਸ ਗੱਲ ਦਾ ਢੋਲ ਵਜਾਉਣਾ ਹੀ ਸੀ, ਫਿਰ ਮੋਦੀ ਸਰਕਾਰ ਤਾਂ ਵੈਸੇ ਵੀ ਅਜਿਹੇ ਮਾਮਲਿਆਂ ਦਾ ਪ੍ਰਚਾਰ ਕਰਨ ’ਚ ਹੋਰਾਂ ਤੋਂ ਕਿਤੇ ਅੱਗੇ ਹੈ। ਪ੍ਰਧਾਨ ਮੰਤਰੀ ਹਰ ਪਲੇਟਫਾਰਮ ਤੋਂ ਇਸ ਦਾ ਜ਼ਿਕਰ ਕਰਨਾ ਕਦੇ ਨਹੀਂ ਭੁੱਲਦੇ। ਜੇਕਰ ਇਹ ਹਕੀਕਤ ਹੁੰਦੀ, ਜਿਵੇਂ ਪ੍ਰਧਾਨ ਮੰਤਰੀ ਜਾਂ ਵਿਸ਼ਵ ਬੈਂਕ ਦੀ ਰਿਪੋਰਟ ਕਹਿ ਰਹੀ ਹੈ, ਤਾਂ ਸਾਡੇ ਦੇਸ਼ ’ਚ ਦੁੱਧ ਦੀਆਂ ਨਦੀਆਂ ਵਗ ਰਹੀਆਂ ਹੁੰਦੀਆਂ। ਕਿਤੇ ਵੀ ਗ਼ਰੀਬਾਂ ਦੀਆਂ ਬਸਤੀਆਂ ਤੇ ਝੁੱਗੀਆਂ-ਝੌਂਪੜੀਆਂ ਨਾ ਹੁੰਦੀਆਂ ਅਤੇ ਬੱਚੇ ਗਲੀਆਂ-ਚੌਰਾਹਿਆਂ ’ਤੇ ਭੀਖ ਨਾ ਮੰਗਦੇ ਹੁੰਦੇ। ਜੇਕਰ ਕੋਈ ਗ਼ਰੀਬ ਨਾ ਹੁੰਦਾ ਤਾਂ ਸਰਕਾਰ 80 ਕਰੋੜ ਲੋਕਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਉਣ ਦੇ ਦਾਅਵੇ ਨਾ ਕਰਦੀ।
ਦੱਸਣਯੋਗ ਹੈ ਕਿ ਸਾਡੇ ਦੇਸ਼ ’ਚ ਗ਼ਰੀਬੀ ਹਟਾਉਣ ਦਾ ਦਾਅਵਾ ਕੋਈ ਪਹਿਲੀ ਵਾਰ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਮਨਮੋਹਨ ਸਿੰਘ ਸਰਕਾਰ ਦੌਰਾਨ 27 ਕਰੋੜ ਲੋਕਾਂ ਨੂੰ ਗ਼ਰੀਬੀ ਰੇਖਾ ਤੋਂ ਬਾਹਰ ਲਿਆਉਣ ਦਾ ਦਾਅਵਾ ਕੀਤਾ ਗਿਆ ਸੀ ਤੇ ਨੀਤੀ ਆਯੋਗ ਦੀ ਰਿਪੋਰਟ ’ਚ 2005-06 ਤੋਂ 2015-16 ਦੇ ਵਿਚਕਾਰ 26.93 ਕਰੋੜ ਲੋਕਾਂ ਨੂੰ ਗ਼ਰੀਬੀ ਰੇਖਾ ਤੋਂ ਉੱਪਰ ਲਿਆਉਣ ਬਾਰੇ ਕਿਹਾ ਗਿਆ ਸੀ। ਆਕਸਫੋਰਡ ਦੀ ‘ਗ਼ਰੀਬੀ ਤੇ ਮਨੁੱਖੀ ਵਿਕਾਸ ਪਹਿਲਕਦਮੀ’ ਰਿਪੋਰਟ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ’ਚ ਗ਼ਰੀਬੀ ਘਟ ਰਹੀ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ 1991 ਦੇ ਆਰਥਿਕ ਸੁਧਾਰਾਂ ਤੋਂ ਬਾਅਦ ਆਮ ਲੋਕਾਂ ਦੀਆਂ ਆਰਥਿਕ ਸਥਿਤੀਆਂ ’ਚ ਸੁਧਾਰ ਹੋਇਆ ਹੈ ਤੇ ਭਾਰਤ ਦੀ ਅਰਥਵਿਵਸਥਾ ਦੇ ਗਤੀ ਫੜਨ ਨਾਲ ਇਸ ਦਾ ਆਕਾਰ ਵੀ ਵਧਿਆ ਹੈ। ਜਦੋਂ ਮਨਮੋਹਨ ਸਿੰਘ ਨੇ 2004 ’ਚ ਦੇਸ਼ ਦੀ ਵਾਗਡੋਰ ਸੰਭਾਲੀ ਸੀ ਤਾਂ ਅਰਥਵਿਵਸਥਾ ਦਾ ਆਕਾਰ 704 ਅਰਬ (70,400 ਹਜ਼ਾਰ ਕਰੋੜ) ਡਾਲਰ ਸੀ, ਜੋ 2014 ’ਚ 2.04 ਟ੍ਰਿਲੀਅਨ (2 ਲੱਖ 4 ਹਜ਼ਾਰ ਕਰੋੜ) ਡਾਲਰ ਹੋ ਗਿਆ ਸੀ। ਭਾਵ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਅਰਥਵਿਵਸਥਾ ਦੇ ਆਕਾਰ ’ਚ 185 ਫ਼ੀਸਦੀ ਦਾ ਵਾਧਾ ਹੋਇਆ ਸੀ।
ਮੋਦੀ ਜੀ ਦੇ 12 ਸਾਲਾਂ ਦੇ ਕਾਰਜਕਾਲ ਦੌਰਾਨ ਭਾਰਤੀ ਅਰਥਵਿਵਸਥਾ ਲਗਪਗ 4.15 ਟ੍ਰਿਲੀਅਨ (4 ਲੱਖ 15 ਹਜ਼ਾਰ ਕਰੋੜ) ਡਾਲਰ ਤੱਕ ਪਹੁੰਚ ਗਈ ਹੈ। ਇਸ ਦਾ ਮਤਲਬ ਹੈ ਕਿ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਅਰਥਵਿਵਸਥਾ ’ਚ ਕਾਫ਼ੀ ਸੁਧਾਰ ਹੋਣ ਨਾਲ ਆਮ ਲੋਕਾਂ ਨੂੰ ਇਸ ਦਾ ਫ਼ਾਇਦਾ ਹੋਇਆ। ਇਸ ਸੰਦਰਭ ਵਿੱਚ ਉਸ ਸਮੇਂ ਦਾ 27 ਕਰੋੜ ਦਾ ਅੰਕੜਾ ਹੈਰਾਨ ਨਹੀਂ ਸੀ ਕਰਦਾ। ਪਰ ਜਦੋਂ ਪ੍ਰਧਾਨ ਮੰਤਰੀ 50 ਕਰੋੜ ਦਾ ਦਾਅਵਾ ਕਰਦੇ ਹਨ ਤਾਂ ਇੱਕ ਗੱਲ ਛੁਪਾ ਲਈ ਜਾਂਦੀ ਹੈ ਕਿ ਇਹ ਅੰਕੜਾ 2011 ਤੋਂ 2023 ਤੱਕ ਦਾ ਹੈ। ਇਨ੍ਹਾਂ 12 ਸਾਲਾਂ ’ਚੋਂ 2011 ਤੋਂ 2014 ਤੱਕ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ। ਭਾਵ ਮਨਮੋਹਨ ਸਿੰਘ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੇ ਦਾਅਵਿਆਂ ’ਚੋਂ ਇੱਕ ਤਿਹਾਈ ਦਾ ਯੋਗਦਾਨ ਪਾਇਆ ਹੈ। ਇਹ ਤੱਥ ਲੋਕਾਂ ਨੂੰ ਨਹੀਂ ਦੱਸਿਆ ਜਾਂਦਾ ਤੇ ਸਾਰਾ ਸਿਹਰਾ ਭਾਜਪਾ ਸਰਕਾਰ ਤੇ ਪ੍ਰਧਾਨ ਮੰਤਰੀ ਖ਼ੁਦ ਲੈ ਲੈਂਦੇ ਹਨ।
ਦੂਜੀ ਗੱਲ, ਵਿਸ਼ਵ ਬੈਂਕ ਦਾ ਵਿਸ਼ਲੇਸ਼ਣ ਭਾਰਤ ਸਰਕਾਰ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ’ਤੇ ਨਿਰਭਰ ਕਰਦਾ ਹੈ ਤੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਰਤੀ ਅਰਥਵਿਵਸਥਾ ਦੇ ਅੰਕੜਿਆਂ ਨੂੰ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐੱਮ.ਐੱਫ.) ਨੇ ‘ਸੀ’ ਸ਼੍ਰੇਣੀ ’ਚ ਪਾਇਆ ਹੋਇਆ ਹੈ। ਭਾਵ ਸਾਡੇ ਅੰਕੜਿਆਂ ਦੀ ਭਰੋਸੇਯੋਗਤਾ ਸ਼ੱਕੀ ਹੈ। ਇਹੀ ਗੱਲ ਸਰਕਾਰ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨੀਅਨ ਵੀ ਕਈ ਵਾਰ ਕਹਿ ਚੁੱਕੇ ਹਨ। ਪਿਛਲੀ ਵਾਰ ਜਦੋਂ ਸਰਕਾਰ ਨੇ ਪਿਛਲੀ ਤਿਮਾਹੀ ਦੀ ਜੀ.ਡੀ.ਪੀ. ਵਿਕਾਸ ਦਰ 7.8 ਫ਼ੀਸਦੀ ਹੋਣ ਦਾ ਐਲਾਨ ਕੀਤਾ ਸੀ ਤਾਂ ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਨੇ ਇਨ੍ਹਾਂ ਅੰਕੜਿਆਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਸੀ ਕਿ ਸਰਕਾਰ ਦੇ ਆਪਣੇ ਅੰਕੜਿਆਂ ਅਨੁਸਾਰ ਜੀ.ਡੀ.ਪੀ. ਵਾਧਾ ਲਗਪਗ 2.6 ਫ਼ੀਸਦੀ ਹੈ। ਇਸ ਨਾਲ ਕਾਫ਼ੀ ਵਿਵਾਦ ਹੋਣ ’ਤੇ ਸਰਕਾਰ ਨੂੰ ਸਫ਼ਾਈ ਦੇਣੀ ਪਈ ਸੀ। ਗਰਗ ਤੇ ਸੁਬਰਾਮਨੀਅਨ ਦੋਵੇਂ ਹੀ ਮੋਦੀ ਨਾਲ ਕੰਮ ਕਰ ਚੁੱਕੇ ਹਨ।
ਅਸਲੀਅਤ ’ਚ ਸਾਰੇ ਵੱਡੇ ਦਾਅਵਿਆਂ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਦੀ ਹਾਲਤ ਬਹੁਤੀ ਠੀਕ ਨਹੀਂ ਹੈ। ਇੱਕ ਸਮਾਂ ਸੀ ਜਦੋਂ ਸਰਕਾਰ ਦਾਅਵਾ ਕਰਦੀ ਸੀ ਕਿ ਭਾਰਤ ਬਹੁਤ ਜਲਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ, ਪਰ ਹੁਣ ਉਸ ਨੇ ਇਹ ਕਹਿਣਾ ਬੰਦ ਕਰ ਦਿੱਤਾ ਹੈ, ਕਿਉਂਕਿ ਅਰਥਵਿਵਸਥਾ ਦੇ ਆਕਾਰ ਦੇ ਮਾਮਲੇ ਵਿੱਚ ਇਹ ਚੌਥੇ ਸਥਾਨ ਤੋਂ ਖਿਸਕ ਕੇ ਛੇਵੇਂ ਸਥਾਨ ’ਤੇ ਆ ਗਈ ਹੈ। ਇਸ ਦੇ ਨਾਲ ਹੀ ਸ਼ੇਅਰ ਬਾਜ਼ਾਰ ਵੀ ਸੁੰਗੜ ਕੇ 7ਵੇਂ ਸਥਾਨ ’ਤੇ ਪਹੁੰਚ ਗਿਆ ਹੈ ਅਤੇ ਪਿਛਲੇ ਇੱਕ ਸਾਲ ਦੌਰਾਨ ਇਸ ’ਚੋਂ 30 ਲੱਖ ਕਰੋੜ ਰੁਪਏ ਕੱਢੇ ਜਾ ਚੁੱਕੇ ਹਨ। ਭਾਰਤ ’ਚੋਂ ਲਗਪਗ 30 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਬਾਹਰ ਚਲਾ ਗਿਆ ਹੈ। ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਅਰਥਵਿਵਸਥਾ ’ਚ ਭਰੋਸਾ ਘਟਣ ਕਰਕੇ ਹੀ 30 ਅਰਬ ਡਾਲਰ ਭਾਰਤ ਤੋਂ ਬਾਹਰ ਚਲੇ ਗਏ ਸਨ। ਅੰਤਰਰਾਸ਼ਟਰੀ ਘਟਨਾਕ੍ਰਮ ਦੇ ਚੱਲਦਿਆਂ ਅਮਰੀਕਾ ’ਚ ਰਿਪਬਲਿਕਨ ਪਾਰਟੀ ਦੀ ਹਾਰ ਅਤੇ ਐਨਵੀਡੀਆ ਕੰਪਨੀ ਦੇ ਸੰਕਟ ਤੋਂ ਬਾਅਦ 10 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਭਾਰਤੀ ਬਾਜ਼ਾਰ ’ਚ ਵਾਪਸ ਆਇਆ ਹੈ, ਪਰ ਇਹ ਭਾਰਤ ਸਰਕਾਰ ਦੇ ਯਤਨਾਂ ਕਾਰਨ ਨਹੀਂ ਹੋਇਆ।
ਭਾਰਤ ਵਿੱਚ ਇਸ ਸਮੇਂ ਬੇਰੁਜ਼ਗਾਰੀ ਤੇ ਮਹਿੰਗਾਈ ਸਭ ਤੋਂ ਵੱਡੀਆਂ ਸਮੱਸਿਆਵਾਂ ਹਨ। ਨੀਤੀ ਆਯੋਗ ਦੀ ਰਿਪੋਰਟ ਅਨੁਸਾਰ 8.7 ਕਰੋੜ ਨੌਜਵਾਨ ਨਾ ਪੜ੍ਹ ਰਹੇ ਹਨ, ਨਾ ਹੀ ਨੌਕਰੀ ਕਰ ਰਹੇ ਹਨ ਅਤੇ ਨਾ ਹੀ ਕੋਈ ਹੁਨਰ ਸਿਖਲਾਈ ਪ੍ਰਾਪਤ ਕਰ ਰਹੇ ਹਨ। ਸਿਰਫ਼ 8.25 ਫ਼ੀਸਦੀ ਗ੍ਰੈਜੂਏਟਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਮਿਲ ਰਹੀਆਂ ਹਨ। ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਇੱਕ ਅਧਿਐਨ ਅਨੁਸਾਰ 15 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ’ਚ ਬੇਰੁਜ਼ਗਾਰੀ ਦਰ 40 ਫ਼ੀਸਦੀ ਹੈ ਤੇ ਸਿਰਫ਼ 7 ਫ਼ੀਸਦੀ ਗ੍ਰੈਜੂਏਟਾਂ ਨੂੰ ਇੱਕ ਸਾਲ ਦੇ ਅੰਦਰ ਨੌਕਰੀਆਂ ਮਿਲਦੀਆਂ ਹਨ।
ਇਹ ਅੰਕੜੇ ਚਿੰਤਾਜਨਕ ਤੇ ਬਿਨਾਂ ਵਜ੍ਹਾ ਨਹੀਂ ਹਨ। ਜੁਲਾਈ ਮਹੀਨੇ ਵੱਡੀ ਗਿਣਤੀ ’ਚ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਜੰਤਰ-ਮੰਤਰ ’ਤੇ ਇਕੱਠੇ ਹੋਣ ਨਾਲ ਸਰਕਾਰ ਨੂੰ ਆਪਣੇ ਸਿੱਖਿਆ ਮੰਤਰੀ ਦਾ ਅਸਤੀਫ਼ਾ ਲੈਣ ਲਈ ਮਜਬੂਰ ਹੋਣਾ ਪਿਆ। ਮਹਿੰਗਾਈ ਦੇ ਚੱਲਦਿਆਂ ਥੋਕ ਮੁੱਲ ਸੂਚਕਾਂਕ 12.29 ਫ਼ੀਸਦੀ ਤੇ ਪ੍ਰਚੂਨ ਮੁੱਲ ਸੂਚਕਾਂਕ 6.09 ਫ਼ੀਸਦੀ ਤੱਕ ਪਹੁੰਚ ਗਿਆ ਹੈ, ਜੋ ਭਾਰਤੀ ਰਿਜ਼ਰਵ ਬੈਂਕ ਦੁਆਰਾ ਨਿਰਧਾਰਤ ਸੀਮਾਵਾਂ ਤੋਂ ਕਿਤੇ ਵੱਧ ਹੈ। ਖ਼ੁਰਾਕ ਮੁਦਰਾ ਸਫੀਤੀ 8.3 ਫ਼ੀਸਦੀ ਹੋ ਗਈ ਹੈ। ਇਹ ਅੰਕੜੇ ਸਰਕਾਰ ਦੀਆਂ ਕਮੀਆਂ ਨੂੰ ਬੇਨਕਾਬ ਕਰਦੇ ਹਨ।
ਸਰਕਾਰ ਦੇ ਦਾਅਵੇ ਮੁਤਾਬਕ ਜੇਕਰ ਸਭ ਕੁਝ ਠੀਕ ਹੈ ਤਾਂ ਸਵਾਲ ਉੱਠਦਾ ਹੈ: ਲੋਕ ਖ਼ੁਸ਼ ਕਿਉਂ ਨਹੀਂ ਹਨ? ਲੋਕ ਮਹਿੰਗਾਈ ਤੋਂ ਕਿਉਂ ਪਰੇਸ਼ਾਨ ਹਨ? ਬੇਰੁਜ਼ਗਾਰ ਨੌਜਵਾਨ ਸੜਕਾਂ ’ਤੇ ਪ੍ਰਦਰਸ਼ਨ ਕਿਉਂ ਕਰ ਰਹੇ ਹਨ? ਸਰਕਾਰ ਇਨ੍ਹਾਂ ਸਵਾਲਾਂ ਨੂੰ ਟਾਲ ਕੇ ਵਿਰੋਧੀ ਧਿਰ ਨੂੰ ਗ਼ੱਦਾਰ ਤੇ ਅਰਾਜਕਤਾਵਾਦੀ ਕਿਉਂ ਕਹਿੰਦੀ ਹੈ? ਜੇਕਰ ਸਭ ਕੁਝ ਠੀਕ ਹੈ ਤਾਂ ਪ੍ਰਧਾਨ ਮੰਤਰੀ ‘ਫਿੱਕੀ’ ਦੀ ਸਾਲਾਨਾ ਮੀਟਿੰਗ ’ਚ ਕਾਰਪੋਰੇਟ ਜਗਤ ਨੂੰ ਇਹ ਕਹਿ ਕੇ ਕਿਉਂ ਝਿੜਕਦੇ ਹਨ ਕਿ ਸਰਕਾਰ ਤਾਂ ਉਨ੍ਹਾਂ ਦੀਆਂ ਜੇਬਾਂ ਭਰਦੀ ਜਾ ਰਹੀ ਹੈ, ਪਰ ਉਹ ਨਾ ਤਾਂ ਕਰਮਚਾਰੀਆਂ ਦੀ ਆਮਦਨ ਵਧਾਉਂਦੇ ਹਨ, ਨਾ ਨੌਕਰੀਆਂ ਪੈਦਾ ਕਰਦੇ ਹਨ ਅਤੇ ਨਾ ਹੀ ਚੰਗੇ ਉਤਪਾਦ ਪੈਦਾ ਕਰਦੇ ਹਨ? ਪ੍ਰਧਾਨ ਮੰਤਰੀ ਦਾ ਗੁੱਸਾ ਜਾਇਜ਼ ਹੋ ਸਕਦਾ ਹੈ, ਪਰ ਜੇਕਰ ਕਾਰਪੋਰੇਟ ਜਗਤ ’ਚ ਗਤੀ ਨਹੀਂ ਹੈ ਤੇ ਉਹ ਆਪਣਾ ਕੰਮ ਨਹੀਂ ਕਰ ਰਹੇ ਤਾਂ ਸਰਕਾਰ ਪਿਛਲੇ 12 ਸਾਲਾਂ ਤੋਂ ਵਿਹਲੀ ਕਿਉਂ ਬੈਠੀ ਹੈ? ਮੋਦੀ ਸਰਕਾਰ ਨੂੰ ਕਾਰਪੋਰੇਟ ਪੱਖੀ ਕਿਹਾ ਜਾਂਦਾ ਹੈ, ਕਿਉਂਕਿ ਉਨ੍ਹਾਂ ਦੇ ਕਾਰਜਕਾਲ ’ਚ ਅਡਾਨੀ ਤੇ ਅੰਬਾਨੀ ਦੇ ਸਾਮਰਾਜ ਵਧੇ-ਫੁੱਲੇ ਹਨ।
ਭਾਰਤ ਬਾਰੇ ਇਹ ਮਸ਼ਹੂਰ ਹੈ ਕਿ ਇੱਥੇ ਬਰਾਬਰ ਵਿਕਾਸ ਨਹੀਂ ਹੋ ਰਿਹਾ। ਇਹ ਵਿਕਾਸ ‘ਕੇ’ ਆਕਾਰ ਦਾ ਹੈ, ਭਾਵ ਅਮੀਰ ਹੋਰ ਅਮੀਰ ਤੇ ਗ਼ਰੀਬ ਹੋਰ ਗ਼ਰੀਬ ਹੋ ਰਹੇ ਹਨ। ਮੌਜੂਦਾ ਅੰਕੜਿਆਂ ਅਨੁਸਾਰ ਆਬਾਦੀ ਦੇ ਉੱਪਰਲੇ 1 ਫ਼ੀਸਦੀ ਲੋਕਾਂ ਕੋਲ ਦੇਸ਼ ਦੀ 40.1 ਫ਼ੀਸਦੀ ਦੌਲਤ ਹੈ, ਜੋ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ 31.6 ਫ਼ੀਸਦੀ ਸੀ। ਇਹ ਸਪੱਸ਼ਟ ਕਰਦਾ ਹੈ ਕਿ ਮੋਦੀ ਸਰਕਾਰ ਕਾਰਪੋਰੇਟਾਂ ਦਾ ਪੱਖ ਲੈ ਰਹੀ ਹੈ ਤੇ ਮੋਦੀ ਦੇ ਕਾਰਜਕਾਲ ਦੌਰਾਨ ਕਾਰਪੋਰੇਟਾਂ ਨੂੰ ਸਭ ਤੋਂ ਵੱਧ ਲਾਭ ਹੋਇਆ ਹੈ। ਜੇ ਯਕੀਨ ਨਹੀਂ ਹੈ ਤਾਂ ਅਡਾਨੀ ਦੇ ਵਿਕਾਸ ਦੇ ਅੰਕੜਿਆਂ ’ਤੇ ਨਜ਼ਰ ਮਾਰ ਸਕਦੇ ਹੋ। ਅੱਜ ਸਰਕਾਰ ਨੂੰ ਉਨ੍ਹਾਂ ਤਬਕਿਆਂ ਬਾਰੇ ਸੋਚਣ ਦੀ ਜ਼ਰੂਰਤ ਹੈ, ਜਿਨ੍ਹਾਂ ਦੀਆਂ ਵੋਟਾਂ ਨਾਲ ਉਹ ਸੱਤਾ ’ਚ ਹੈ। ਭਵਿੱਖ ’ਚ ਬਹੁਤ ਮੁਸ਼ਕਿਲ ਆ ਸਕਦੀ ਹੈ, ਗ਼ਰੀਬ ਸੱਚਮੁੱਚ ਬਹੁਤ ਦੁਖੀ ਹਨ। ਹੁਣ ਅੰਕੜਿਆਂ ਦੇ ਜੋੜ-ਤੋੜ ਨਾਲ ਕੰਮ ਨਹੀਂ ਚੱਲੇਗਾ।











Comments (0)