ਟੈਕਸਸ ਨੂੰ ਮਿਲਣਗੀਆਂ ਦੋ ਹੋਰ  ਕਾਂਗਰਸ ਸੀਟਾਂ

ਟੈਕਸਸ ਨੂੰ ਮਿਲਣਗੀਆਂ ਦੋ ਹੋਰ  ਕਾਂਗਰਸ ਸੀਟਾਂ

ਕੈਲੀਫੋਰਨੀਆ ਸਮੇਤ 7 ਰਾਜਾਂ ਕੋਲੋਂ ਖੁਸ ਜਾਵੇਗੀ 1-1 ਸੀਟ

* ਡੈਮੋਕਰੈਟਸ ਉਪਰ ਵਧੇਗਾ ਦਬਾਅ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ) 2020 ਦੀ ਜਨਗਣਨਾ ਅਨੁਸਾਰ ਟੈਕਸਸ ਨੂੰ ਦੋ ਹੋਰ ਕਾਂਗਰਸ ਸੀਟਾਂ ਮਿਲਣਗੀਆਂ ਜਦ ਕਿ ਕੈਲੀਫੋਰਨੀਆ ਸਮੇਤ 7 ਰਾਜਾਂ ਵਿਚ 1-1 ਸੀਟ ਘੱਟ ਜਾਵੇਗੀ। ਇਹ ਪ੍ਰਗਟਾਵਾ ਸੈਨਸਸ ਬਿਊਰੋ ਨੇ ਕੀਤਾ ਹੈ। ਇਹ ਤਬਦੀਲੀ ਆਬਾਦੀ ਦੇ ਇਧਰ-ਉਧਰ ਚਲੇ ਜਾਣ ਨਾਲ ਹੋਈ ਹੈ। ਟੈਕਸਸ ਸਮੇਤ ਕੁਲ 13 ਰਾਜ ਪ੍ਰਭਾਵਿਤ ਹੋਣਗੇ। ਕੋਲੋਰਾਡੋ, ਫਲੋਰੀਡਾ, ਮੋਨਟਾਨਾ, ਉਤਰੀ ਕੈਰੋਲੀਨਾ ਤੇ ਉਰਗੋਨ ਰਾਜਾਂ ਵਿਚੋਂ ਹਰੇਕ ਵਿਚ 1 ਕਾਂਗਰਸ ਸੀਟ ਵਧ ਜਾਵੇਗੀ ਜਦ ਕਿ ਕੈਲੀਫੋਰਨੀਆ,ਇਲੀਨੋਇਸ, ਮਿਸ਼ੀਗਨਨਿਊਯਾਰਕ, ਓਹੀਓ, ਪੈਨਸਿਲਵਾਨੀਆ ਤੇ ਵੈਸਟ ਵਰਜੀਨੀਆ ਵਿਚੋਂ ਹਰੇਕ ਰਾਜ ਵਿਚ 1 ਕਾਂਗਰਸ ਸੀਟ ਘੱਟ ਜਾਵੇਗੀ। ਇਹ ਤਬਦੀਲੀ 2022 ਵਿਚ ਹੋਣ ਵਾਲੀਆਂ ਮੱਧ ਕਾਲੀ ਚੋਣਾਂ 'ਤੇ ਲਾਗੂ ਹੋ ਸਕਦੀ ਹੈ। ਉਕਤ ਰਾਜਾਂ ਵਿਚ ਜਿਥੇ ਡੈਮੋਕਰੈਟਸ ਬਹੁਤ ਘੱਟ ਬਹੁਮਤ ਰਖਦੇ ਹਨ, ਉਪਰ ਦਬਾਅ ਵਧ ਸਕਦਾ ਹੈ। ਆਬਾਦੀ ਅਧਾਰਤ ਪ੍ਰਤੀਨਿੱਧ ਸਦਨ ਦੀਆਂ 435 ਸੀਟਾਂ ਹਨ ਤੇ ਹਰੇਕ ਦਹਾਕੇ ਬਾਅਦ ਜਨਗਣਨਾ ਦੇ  ਆਧਾਰ 'ਤੇ ਰਾਜਾਂ ਦੀਆਂ ਸੀਟਾਂ ਘੱਟਦੀਆਂ ਜਾਂ ਵਧਦੀਆਂ ਰਹਿੰਦੀਆਂ ਹਨ। ਜਿਨਾਂ ਰਾਜਾਂ ਦੀ ਆਬਾਦੀ ਵਧ ਜਾਂਦੀ ਹੈ ਉਨਾਂ ਦੀਆਂ ਸੀਟਾਂ ਵਧ ਜਾਂਦੀਆਂ ਹਨ ਤੇ ਜਿਨਾਂ ਰਾਜਾਂ ਵਿਚੋਂ ਆਬਾਦੀ ਦੂਸਰੇ ਰਾਜਾਂ ਵਿਚ ਚਲੀ ਜਾਂਦੀ ਹੈ, ਉਨਾਂ ਦੀਆਂ ਸੀਟਾਂ ਘੱਟ ਜਾਂਦੀਆਂ ਹਨ।  ਇਸ ਵੇਲੇ ਡੈਮੋਕਰੈਟਸ ਪ੍ਰਤੀਨਿੱਧ ਸਦਨ ਵਿਚ 218-212 ਦੇ ਬਹੁਤ ਘੱਟ ਫਰਕ ਨਾਲ ਬਹੁਮਤ ਵਿਚ ਹਨ।  5 ਸੀਟਾਂ ਖਾਲੀ ਹਨ। ਜਿਨਾਂ ਰਾਜਾਂ ਵਿਚ ਸੀਟਾਂ ਵਧੀਆਂ ਹਨ ਉਨਾਂ ਵਿਚ ਰਿਪਬਲੀਕਨਾਂ ਦਾ ਦਬਦਬਾ ਹੈ। ਟੈਕਸਸ, ਫਲੋਰੀਡਾ, ਮੋਨਟਾਨਾ ਤੇ ਉਤਰੀ ਕੈਰੋਲੀਨਾ ਨੇ 2020 ਦੀਆਂ ਚੋਣਾਂ ਵਿਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੱਕ ਵਿਚ ਵੋਟ ਪਾਈ ਸੀ। ਹਾਲਾਂ ਕਿ ਉਤਰੀ ਕੈਰੋਲੀਨਾ ਵਿਚ ਟਰੰਪ ਨੇ ਜੋਅ ਬਾਇਡਨ ਨੂੰ 1.5% ਤੋਂ ਵੀ ਘੱਟ ਵੋਟਾਂ ਦੇ ਫਰਕ ਨਾਲ ਹਰਾਇਆ ਸੀ ਜਦ ਕਿ ਓਰਗੋਨ ਤੇ ਕੋਲੋਰਾਡੋ ਵਿਚ ਡੈਮੋਕਰੈਟਸ ਦਾ ਹੱਥ ਉਪਰ ਰਿਹਾ ਸੀ। ਕੈਲੀਫੋਰਨੀਆ, ਇਲੀਨੋਇਸ ਤੇ ਨਿਊਯਾਰਕ ਜਿਥੇ ਸੀਟਾਂ ਘਟੀਆਂ ਹਨ, ਵਿਚ ਬਾਇਡਨ ਜਿੱਤੇ ਸਨ।