ਮੋਗਾ ਨੇੜੇ ‘ਆਪ’ ਦੀ ਰੈਲੀ ਦੌਰਾਨ ਵਾਪਰਿਆ ਮੰਦਭਾਗਾ ਹਾਦਸਾ

ਮੋਗਾ ਨੇੜੇ ‘ਆਪ’ ਦੀ  ਰੈਲੀ ਦੌਰਾਨ ਵਾਪਰਿਆ ਮੰਦਭਾਗਾ ਹਾਦਸਾ

ਮੋਗਾ/ਏ.ਟੀ.ਨਿਊਜ਼ : ਮੋਗਾ-ਲੁਧਿਆਣਾ ਕੌਮੀ ਮਾਰਗ ਉੱਤੇ ਪਿੰਡ ਨੱਥੂਵਾਲਾ ਜਦੀਦ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕਰਵਾਈ ਜਾ ਰਹੀ ਸੂਬਾ ਪੱਧਰੀ ‘ਖੁਸ਼ਹਾਲ ਪੰਜਾਬ ਰੈਲੀ’ ਦੌਰਾਨ ਇੱਕ ਬੇਹੱਦ ਮੰਦਭਾਗੀ ਅਤੇ ਦਰਦਨਾਕ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਰੈਲੀ ਸਥਾਨ ’ਤੇ ਲੱਗੀ ਕੌਫ਼ੀ ਮਸ਼ੀਨ ਫਟਣ ਕਾਰਨ ਇੱਕ ਕਾਮੇ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਰੈਲੀ ਸਥਾਨ ’ਤੇ ਕੁਝ ਸਮੇਂ ਲਈ ਹਫ਼ੜਾ-ਦਫ਼ੜੀ ਵਾਲਾ ਮਾਹੌਲ ਬਣ ਗਿਆ ਅਤੇ ਮੌਕੇ ’ਤੇ ਲੋਕਾਂ ਦੀ ਕਾਫ਼ੀ ਭੀੜ ਇਕੱਠੀ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਇਹ ਕੌਫ਼ੀ ਮਸ਼ੀਨ ਰੈਲੀ ਦੌਰਾਨ ਮੀਡੀਆ ਕਰਮਚਾਰੀਆਂ ਅਤੇ ਪੱਤਰਕਾਰਾਂ ਲਈ ਖਾਣੇ ਦੇ ਪ੍ਰਬੰਧ ਵਾਸਤੇ ਤਿਆਰ ਕੀਤੇ ਗਏ ਪੰਡਾਲ ਵਿੱਚ ਲਗਾਈ ਗਈ ਸੀ। ਇਸੇ ਪੰਡਾਲ ਵਿੱਚ ਕੌਫ਼ੀ ਬਣਾਉਣ ਲਈ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਸੀ।
ਇਸ ਦੌਰਾਨ ਅਚਾਨਕ ਮਸ਼ੀਨ ਫਟ ਗਈ, ਜਿਸ ਕਾਰਨ ਉੱਥੇ ਕੰਮ ਕਰ ਰਹੇ ਇੱਕ ਕਾਮੇ ਦੀ ਜਾਨ ਚਲੀ ਗਈ। ਘਟਨਾ ਵਾਪਰਨ ਸਮੇਂ ਰੈਲੀ ਸਥਾਨ ’ਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਜੂਦਗੀ ਦੱਸੀ ਜਾ ਰਹੀ ਹੈ। ਜਿਵੇਂ ਹੀ ਕੌਫ਼ੀ ਮਸ਼ੀਨ ਫਟਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਮੌਕੇ ’ਤੇ ਮੌਜੂਦ ਲੋਕਾਂ ਵਿੱਚ ਚਿੰਤਾ ਅਤੇ ਘਬਰਾਹਟ ਦਾ ਮਾਹੌਲ ਬਣ ਗਿਆ। ਹਾਦਸੇ ਦੀ ਖ਼ਬਰ ਫੈਲਦਿਆਂ ਹੀ ਲੋਕ ਘਟਨਾ ਵਾਲੀ ਥਾਂ ਵੱਲ ਇਕੱਠੇ ਹੋਣ ਲੱਗੇ। ਇਸ ਦੁਖਦਾਈ ਘਟਨਾ ਨੇ ਰੈਲੀ ਦੇ ਖੁਸ਼ੀ ਭਰੇ ਮਾਹੌਲ ਨੂੰ ਸੋਗ ਵਿੱਚ ਬਦਲ ਦਿੱਤਾ।