"ਮੈਂ ਵੀ ਹਰਜੀਤ ਸਿੰਘ'' ਪੰਜਾਬ ਪੁਲੀਸ ਦੀ ਨਫਰਤੀ ਅਤੇ ਵਿਚਾਰਧਾਰਕ ਤਬਦੀਲੀ ਦਾ ਅਮਲ

ਮੌਜੂਦਾ ਆਫ਼ਤ ਸਮੇਂ ਲੋਕਾਈ ਦੀ ਨਿਸ਼ਕਾਮ ਸੇਵਾ ਕਾਰਨ ਸਿਖ ਕੌਮ ਨੂੰ ਵਿਸ਼ਵ ਪੱਧਰੀ ਮਿਲੀ ਪ੍ਰਸਿੱਧੀ ਅਤੇ ਪ੍ਰਸੰਨਤਾ ਤੋਂ ਪ੍ਰੇਸ਼ਾਨ ਹੈ ਸਿਖ ਵਿਰੋਧੀ ਲਾਬੀ

ਸਿਖ ਵਿਰੋਧੀ ਲਾਬੀ ਸਿਖਾਂ ਨੂੰ ਬਦਨਾਮ ਕਰਨ ਦੀ ਹਮੇਸ਼ਾਂ ਤਾਕ ਵਿਚ ਰਹੀ, ਮੌਕਾ ਮਿਲਿਆ ਹੱਥੋਂ ਨਹੀਂ ਜਾਣ ਦਿਤਾ। ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ-19 ਦੇ ਕਹਿਰ ਦੌਰਾਨ ਜਿਥੇ ਵੀ ਸਿਖ ਭਾਈਚਾਰਾ ਵਸਿਆ ਉਨ੍ਹਾਂ ਆਪਣੇ ਦੇਸ਼ ਵਾਸੀਆਂ ਦੀ ਅਗੇ ਹੋ ਕੇ ਸੇਵਾ ਕੀਤੀ। ਅਨੇਕਾਂ ਦੇਸ਼ਾਂ ਵਿਚ ਪੀੜਤ ਲੋਕਾਈ ਦੀ ਕੀਤੀ ਗਈ ਲੰਗਰ ਸੇਵਾ ਸਿਖ ਭਾਈਚਾਰੇ ਨੂੰ ਪ੍ਰਸਿੱਧੀ ਤੇ ਪ੍ਰਸੰਨਤਾ ਦਿਵਾਉਣ ਦਾ ਸਬੱਬ ਬਣਾਇਆ। ਅਮਰੀਕਾ ਦੇ ਰਾਸ਼ਟਰਪਤੀ ਡੀ. ਟਰੰਪ ਵੱਲੋਂ ਸਿਖ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ ਤਾਂ ਕਈ ਦੇਸ਼ਾਂ 'ਚ ਸਥਾਨਕ ਝੰਡਿਆਂ ਦੇ ਨਾਲ ਸਿਖੀ ਦੇ ਨਿਸ਼ਾਨ ਸਾਹਿਬ ਝੁਲਾਏ ਗਏ, ਇੰਜ ਹੀ ਦਿਲੀ ਪੁਲੀਸ ਵੱਲੋਂ ਪੰਥ ਪ੍ਰਤੀ ਦਿਤੀ ਗਈ ਸਲਾਮੀ ਆਦਿ, ਇਹ ਗਲਾਂ ਪਚਾਉਣੀਆਂ ਪੰਥ ਵਿਰੋਧੀਆਂ ਲਈ ਸੁਖਾਲਾ ਕਿਵੇਂ ਹੋ ਸਕਦੈ?

ਪੰਥ ਵਿਰੋਧੀ ਸਾਜਿਸ਼ਕਾਰਾਂ ਵੱਲੋਂ ਭੰਬਲਭੂਸਾ ਪੈਦਾ ਕਰ ਕੇ ਸੰਸਾਰ ਭਰ ਵਿਚ ਅਨੇਕਾਂ ਸਿੱਖ ਸ਼ਖ਼ਸੀਅਤਾਂ ਵੱਲੋਂ ਸਖ਼ਤ ਮਿਹਨਤ ਨਾਲ ਬਣਾਈ ਗਈ ਸਿਖੀ ਦੀ ਸ਼ਾਖ਼ ਨੂੰ ਖ਼ਤਮ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਕੋਈ ਨਵੀਂ ਗਲ ਨਹੀਂ।  ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੀ ਸਿਖ ਸੰਗਤ 'ਤੇ ਕਰੋਨਾ ਪੀੜਤ ਹੋਣ ਦਾ ਦੋਸ਼ ਮੜ੍ਹਨਾ ਅਤੇ ''ਮੈਂ ਭੀ ਹਰਜੀਤ ਸਿੰਘ'' ਮੁਹਿੰਮ ਉਸੇ ਮਾਨਸਿਕਤਾ ਨਾਲ ਲਬਰੇਜ਼ ਹਨ। ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੀ ਗਲ ਕਰੀਏ ਤਾਂ ਸਭ ਜਾਣ ਦੇ ਹਨ ਕਿ ਉਨ੍ਹਾਂ ਦਾ ਨਾਂਦੇੜ ਸਾਹਿਬ ਵਿਖੇ ਪ੍ਰਸ਼ਾਸਨ ਨੇ ਤਿੰਨ ਵਾਰ ਸੰਗਤ ਦਾ ਟੈੱਸਟ ਕਰਾਇਆ ਪਰ ਕੋਈ ਕਰੋਨਾ ਪੀੜਤ ਕੇਸ ਸਾਹਮਣੇ ਨਹੀਂ ਆਇਆ। ਉਨ੍ਹਾਂ ਸਿਹਤਮੰਦਾਂ ਨੂੰ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਕੇਂਦਰ ਅਤੇ ਰਾਜ ਸਰਕਾਰ ਦੀ ਸੀ, ਇਨ੍ਹਾਂ ਦੇ ਪੰਜਾਬ ਪਹੁੰਚਦਿਆਂ ਹੀ ਸਰਕਾਰ ਵੱਲੋਂ ਆਪਣੀਆਂ ਨਾਕਾਮੀਆਂ ਤੇ ਬਦ-ਇੰਤਜ਼ਾਮੀਆਂ ਨੂੰ ਛੁਪਾਉਣ ਖ਼ਾਤਰ ਉਨ੍ਹਾਂ 'ਚੋ ਬਹੁਤਿਆਂ 'ਤੇ ਕਰੋਨਾ ਪੀੜਤ ਹੋਣ ਦਾ ਲਕਬ ਲਾ ਦਿਤਾ। ਪ੍ਰਚਾਰ ਇਹ ਕਿ ''ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀਆਂ ਸਿਖ ਸੰਗਤਾਂ ਕਰੁਨਾ ਨਾਲ ਪੀੜਤ'' ਹਨ। ਜੇ ਇਹ ਗਲ ਸਹੀ ਹੈ ਤਾਂ ਫਿਰ ਹੁਣ ਤੱਕ ਵੀ ਕਿਸੇ ਵੀ ਸਰਕਾਰ ਦੀ ਇਸ ਪ੍ਰਤੀ ਜ਼ਿੰਮੇਵਾਰੀ ਕਿਉ ਨਾ ਤੈਅ ਕੀਤੀ ਗਈ? ਹਰ ਕੋਈ ਆਪਣਾ ਪਲਾ ਕਿਉ ਝਾੜ ਰਿਹਾ ਹੈ। ਤਖਤ ਸ੍ਰੀ ਹਜ਼ੂਰ ਸਾਹਿਬ ਸਿਖਾਂ ਦਾ ਮੁਕੱਦਸ ਅਸਥਾਨ ਹੈ। ਜਿਸ ਦਾ ਸਿਖ ਪੰਥ 'ਚ ਉਚਾ ਮੁਕਾਮ ਹੈ। ਸ੍ਰੀ ਹਜ਼ੂਰ ਸਾਹਿਬ ਦੇ ਨਾਮ 'ਤੇ ਗਲਤ ਪ੍ਰਚਾਰ ਜਾਂ ਪ੍ਰਾਪੇਗੰਡਾ ਪੰਥ ਅਤੇ ਸਿਖਾਂ ਦੇ ਮੁਕੱਦਸ ਗੁਰਧਾਮਾਂ ਨੂੰ ਬਦਨਾਮ ਕਰਨ ਦੀ ਬਦ-ਨੀਯਤ ਹੀ ਸਮਝਿਆ ਜਾਣਾ ਚਾਹੀਦਾ ਅਤੇ ਸਿਖ ਭਾਈਚਾਰੇ ਨੇ ਇੰਜ ਹੀ ਲਿਆ। ਉਨ੍ਹਾਂ ਨੂੰ ਕਰੋਨਾ ਪੀੜਤ ਗਰਦਾਨਦਿਆਂ ਇਕਾਂਤਵਾਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਵਿਸ਼ੇਸ਼ ਰਿਹਾਇਸ਼ੀ ਪ੍ਰਬੰਧਾਂ ਦੀ ਥਾਂ ਗੈਰ ਸਿਖ ਡੇਰਾ ਰਾਧਾ ਸਵਾਮੀਆਂ ਕੋਲ ਭੇਜਿਆ ਜਾਣਾ, ਸਿਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਆਪਣੇ ਗੁਰਧਾਮਾਂ ਨਾਲੋਂ ਤੋੜਨ ਦੀ ਗਹਿਰੀ ਸਾਜ਼ਿਸ਼ ਨਹੀਂ ਤਾਂ ਹੋਰ ਕੀ ਹੈ?  

ਆਓ ਹੁਣ ਗਲ ਕਰਦੇ ਹਾਂ '' ਮੈਂ ਵੀ ਹਰਜੀਤ ਸਿੰਘ, ਮੈਂ ਭੀ ਪੰਜਾਬ ਪੁਲੀਸ'' ਦੀ ਨਫਰਤੀ ਮੁਹਿੰਮ ਬਾਰੇ, ਤਾਂ ਇਹ ਪੰਜਾਬ ਦੀ ਸ਼ਾਂਤੀ ਅਤੇ ਸਥਿਰਤਾ ਨੂੰ ਮੁੜ ਖ਼ਤਰੇ ਦੀ ਦੁਹਾਈ ਦੇ ਕੇ ਪੰਜਾਬ ਵਿਚ ਮੁੜ ਕਥਿਤ ਸਿਰ ਚੁੱਕ ਰਹੇ ਕੱਟੜਵਾਦ ਨਾਲ ਨਜਿੱਠਣ ਲਈ ਵਿਆਪਕ ਰਣਨੀਤੀ ਉਲੀਕਣ ਦੀ ਕੇਂਦਰੀ ਨੂੰ ਵਾਰ ਵਾਰ ਬੇਵਜ੍ਹਾ ਦਖ਼ਲ ਦਾ ਸਦਾ ਦੇਣਾ ਵਾਲੇ ਰਾਜ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਗ੍ਰਹਿ ਵਿਭਾਗ ਦੇ ਮੁਖੀ ਵੀ ਹਨ ਦੇ ਐਨ ਨਕ ਥਲੇ ਪੰਜਾਬ ਪੁਲੀਸ ਵਲੋਂ ਵਰਤਾਇਆ ਜਾ ਰਿਹਾ ਨਫਰਤੀ ਵਰਤਾਰਾ ਹੈ। ਪੰਜਾਬ ਪੁਲੀਸ, ਜਿਸ ਦੀ ਸਥਾਪਨਾ 1861 ਵਿਚ ਕੀਤੀ ਗਈ, ਜਿਸ ਦੀ ਹੁਣ ਨਫ਼ਰੀ 70,000 ਤੋਂ ਵੱਧ ਹੈ ਅਤੇ ਸਲਾਨਾ ਬਜਟ ਕਰੀਬ 6500 ਕਰੋੜ ਰੁਪੈ ਹੈ। ਅਪਰਾਧ 'ਤੇ ਕਾਬੂ ਪਾਉਣਾ, ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੇ ਬਗੈਰ ਕਾਨੂੰਨ ਵਿਵਸਥਾ, ਸਮਾਜਕ ਇਕ ਸੁਰਤਾ ਕਾਇਮ ਰਖਣ ਤੋਂ ਇਲਾਵਾ ਨਾਗਰਿਕਾਂ ਵਿਚ ਵਿਸ਼ਵਾਸ ਪੈਦਾ ਕਰਨਾ ਇਸ ਦੇ ਪ੍ਰਥਮ ਤੇ ਜ਼ਰੂਰੀ ਫ਼ਰਜ਼ਾਂ 'ਚ ਸ਼ਾਮਿਲ ਹਨ। ਇਹੀ ਕਾਰਨ ਹੈ ਕਿ ਪੰਜਾਬ ਪੁਲੀਸ ਲਈ ਮੋਟੋ '' ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ'' ਨੂੰ ਅਪਣਾਇਆ ਗਿਆ।  ਪਰ ਇਹ ਸਲੋਗਨ ਅਤੇ ਅਕੀਦਾ ਕਿਵੇਂ ਸਾਜ਼ਿਸ਼ੀ ਰੂਪ 'ਚ ''ਮੈਂ ਵੀ ਹਰਜੀਤ ਸਿੰਘ'' ਵਿਚ ਬਦਲ ਦਿਤਾ ਗਿਆ, ਇਸ ਦਾ ਪੰਜਾਬ ਅਤੇ ਪੰਥ ਪ੍ਰਤੀ ਸੁਹਿਰਦਤਾ ਰਖਣ ਵਾਲੇ ਬਹੁਤੇ ਮੁਲਾਜ਼ਮ ਤੇ ਅਧਿਕਾਰੀਆਂ ਨੂੰ ਅਹਿਸਾਸ ਵੀ ਨਹੀਂ ਹੋਣ ਦਿਤਾ ਗਿਆ।  ਪੁਲੀਸ ਵਿਭਾਗ ਵੱਲੋਂ ''ਮੈਂ ਭੀ ਹਰਜੀਤ ਸਿੰਘ'' ਨੇਮ ਪਲੇਟ ਲਾਉਣ ਬਾਬਤ ਕਿਹਾ ਤਾਂ ਇਹੀ ਜਾਂਦਾ ਹੈ ਕਿ ਇਹ ਪਟਿਆਲਾ ਵਿਖੇ ਲਾਕਡਾਉਨ ਤੇ ਕਰਫ਼ਿਊ ਦੌਰਾਨ ਨਾਕੇ 'ਤੇ ਨਾ ਰੁਕਣ 'ਤੇ ਪੁਲਿਸ ਵੱਲੋਂ ਕੀਤੀ ਗਈ ਗਾਲੀ ਗਲੋਚ ਕਾਰਨ ਰੋਹ 'ਚ ਆਏ ਨਿਹੰਗ ਸਿੰਘ ਵੱਲੋਂ ਆਪਣਾ ਸ਼ਸਤਰ ਚਲਾ ਦਿਤੇ ਜਾਣ ਨਾਲ ਹੱਥ ਕਟੇ ਗਏ ਏ ਐੱਸ ਆਈ ਹਰਜੀਤ ਸਿੰਘ ਦੀ ਹੌਸਲਾ ਅਫਜਾਈ ਅਤੇ ਸਨਮਾਨ ਲਈ ਕੀਤਾ ਗਿਆ। ਇਸ ਮੁਹਿੰਮ ਪ੍ਰਤੀ ਮੀਡੀਆ ਤੇ ਸੋਸ਼ਲ ਮੀਡੀਆ 'ਤੇ ਪੁਲੀਸ ਵਿਭਾਗ ਵੱਲੋਂ ਖੂਬ ਪ੍ਰਚਾਰ ਕੀਤਾ ਗਿਆ।  ਪਟਿਆਲਾ ਵਿਖੇ ਖ਼ਾਕੀ ਦਾ ਰੋਹਬ ਪਾਉਣ ਵਾਲੇ ਪੁਲਿਸ ਮੁਲਾਜ਼ਮਾਂ ਤੇ ਨਿਹੰਗ ਸਿੰਘਾਂ ਵਿਚ ਹੋਈ ਅਚਨਚੇਤ ਝੜਪ ਇਕ ਆਮ ਵਰਤਾਰਾ ਸੀ।  ਜੋ ਕਿ ਲਾਕਡਾਉਨ ਦੌਰਾਨ ਗਰੀਬ ਜਨਤਾ ਦੀਆਂ ਮਜਬੂਰੀਆਂ ਕਰਕੇ ਬਣੇ ਹੋਏ ਦਿਮਾਗ਼ੀ ਤਣਾਅ ਕਾਰਨ ਵਾਪਰ ਰਿਹਾ ਹੈ। ਇਸ ਦੇ ਬਾਵਜੂਦ ਹਰਜੀਤ ਸਿੰਘ ਦਾ ਹੱਥ ਹਥ ਕਟੇ ਜਾਣ ਪ੍ਰਤੀ ਸਮੂਹ ਲੋਕਾਂ ਨੇ ਬੁਰਾ ਮਨਾਇਆ ਤੇ ਧਰਮ ਜਾਤ ਤੋ ਉੱਪਰ ਉੱਠ ਕੇ ਸਭ ਨੇ ਉਸ ਪ੍ਰਤੀ ਹਮਦਰਦੀ ਵੀ ਪ੍ਰਗਟਾਈ। ਪਰ ਕੀ ਉਸ ਦੌਰਾਨ ਵਾਪਰੀ ਅਣਸੁਖਾਵੀ ਘਟਨਾ ਲਈ ਸਿਰਫ ਨਿਹੰਗ ਸਿੰਘਾਂ ਨੂੰ ਹੀ ਕਸੂਰਵਾਰ ਠਹਿਰਾਇਆ ਜਾਣਾ ਠੀਕ ਹੈ? ਕੀ ਪੁਲੀਸ ਫੋਰਸ ਦੀ ਕੋਈ ਜ਼ਿੰਮੇਵਾਰੀ ਨਹੀਂ? ਪੁਲੀਸ ਦੀ ਡਿਊਟੀ ਪ੍ਰਬੰਧਕੀ ਹੀ ਨਹੀਂ ਸਗੋਂ ਸੰਵੇਦਨਸ਼ੀਲਤਾ ਵੀ ਤਾਂ ਹੈ। ਫਿਰ ਉਨ੍ਹਾਂ ਵੀ ਮਾਹੌਲ ਨੂੰ ਸੁਖਾਵਾਂ ਬਣਾਈ ਰਖਣ ਲਈ ਸੰਜਮ ਤੇ ਸਿਆਣਪ ਤੋਂ ਕੰਮ ਕਿਉ ਨਾ ਲਿਆ?  ਅਚਾਨਕ ਵਾਪਰੀ ਉਕਤ ਘਟਨਾ ਨੂੰ ਲੈ ਕੇ ਸਿੱਖ ਵਿਰੋਧੀ ਲਾਬੀ ਨੇ ਚੰਗੇ ਕਿਰਦਾਰ ਵਾਲੇ ਸਿਖ ਅਧਿਕਾਰੀਆਂ ਨੂੰ ਮੋਹਰਾ ਬਣਾ ਕੇ ਇਸ ਦੀ ਘਟਨਾ ਦੀ ਅਸਲ ਸਚਾਈ ਨੂੰ ਛੁਪਾਉਣ ਦਾ ਕੋਝਾ ਯਤਨ ਕੀਤਾ ਤਾਂ ਕਿ ਵਿਅਕਤਿਤਵ ਅਤੇ ਸਮੂਹਿਕ ਰੂਪ ਵਿਚ ਸਿੱਖਾਂ ਦੇ ਕਿਰਦਾਰ ਨੂੰ ਢਾਹ ਲਾਈ ਜਾ ਸਕੇ।  ਘਟਨਾ ਦੀ ਨਿਰਪੱਖ ਪੜਚੋਲ ਕਰੀਏ ਤਾਂ ਇਕ ਧਾਰਮਿਕ ਬਿਰਤੀ ਵਾਲੇ ਸਿਖ ਪੁਲੀਸ ਅਧਿਕਾਰੀ ਆਈ. ਜੀ. ਜਤਿੰਦਰ ਸਿੰਘ ਔਲਖ ਨੂੰ ਇਸ ਘਟਨਾ ਦੀ ਅਗਵਾਈ ਕਰਦਾ ਬਣਾ ਕੇ ਮੀਡੀਆ ਵਿਚ ਪੇਸ਼ ਕੀਤਾ ਗਿਆ। ਦੂਜੇ ਇਮਾਨਦਾਰ ਤੇ ਲੋਕਾਂ ਦੇ ਚਹੇਤੇ ਅਫ਼ਸਰ ਵੱਜੋ ਜਾਣੇ ਜਾਂਦੇ ਐੱਸ ਐੱਸ ਪੀ ਸ: ਮਨਦੀਪ ਸਿੰਘ ਸੰਧੂ ਦੇ ਜ਼ੈਲ ਜ਼ਿਲ੍ਹਾ ਪਟਿਆਲਾ ਵਿਖੇ ਸਖ਼ਤ ਕਾਰਵਾਈ ਕਰਦਿਆਂ ਵਾਰਦਾਤ ਵਿਚ ਸ਼ਾਮਿਲ ਨਿਹੰਗ ਸਿੰਘਾਂ ਦੇ ਨਾਲ ਇਕ ਸਿਖ ਬੀਬੀ ਅਤੇ ਕੁੱਝ ਬੇ ਕਸੂਰ ਲੋਕਾਂ ਖ਼ਿਲਾਫ਼ ਕੇਸ ਦਰਜ ਕਰਦਿਆਂ ਗ੍ਰਿਫ਼ਤਾਰ ਕਰ ਲਏ ਗਏ, ਜਿਸ ਦਾ ਸਿਖ ਸੰਗਤਾਂ ਤੇ ਜਥੇਬੰਦੀਆਂ ਵੱਲੋਂ ਸਖ਼ਤ ਵਿਰੋਧ ਹੋਇਆ। ਘਟਨਾ ਪ੍ਰਤੀ ਸਿੱਖ ਵਿਰੋਧੀ ਲਾਬੀ ਦਾ ਐਸਾ ਦਬਾਅ ਪਿਆ ਕਿ ਸਿਖਾਂ ਨੂੰ ਬੀਤਿਆ ਹੋਇਆ ਸਿਖ ਸੰਘਰਸ਼ ਦਾ ਦੌਰ ਮੁੜ ਯਾਦ ਕਰਾ ਦਿੱਤਾ ਗਿਆ। ਨਿਹੰਗ ਸਿੰਘਾਂ ਨੂੰ ਅਦਾਲਤ ਵਿਚ ਪੇਸ਼ ਕਰਨ ਸਮੇਂ ਉਨ੍ਹਾਂ ਦੀਆਂ ਪਗਾਂ ਉਤਾਰ ਕੇ ਲੈ ਕੇ ਆਉਣਾ ਦੇਖ ਸਿੱਖ ਹਿਰਦੇ ਵਲੂੰਧਰੇ ਗਏ। ਸਿਖ ਜਥੇਬੰਦੀਆਂ ਦੇ ਸਖ਼ਤ ਰੋਸ ਨੂੰ ਦੇਖਦਿਆਂ ਪੁਲੀਸ ਵੱਲੋਂ ਬੀਬੀ ਸਮੇਤ 4 ਬੇਦੋਸ਼ੇ ਛੱਡੇ ਗਏ। ਇਸ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦੀ ਸਿੱਖ ਵਿਰੋਧੀ ਸਾਜ਼ਿਸ਼ ਨੇ ਐੱਸ ਐੱਸ ਪੀ ਸੰਧੂ ਤੇ ਆਈ ਜੀ ਔਲਖ ਦੀ ਸਾਰੀ ਉਮਰ ਸਲੀਕੇ ਨਾਲ ਕੀਤੀ ਨੌਕਰੀ ਜੋ ਉਨ੍ਹਾਂ ਦੀ ਜ਼ਿੰਦਗੀ ਦੀ ਵੱਡੀ ਕਮਾਈ ਸੀ ਉਸ ਨੂੰ ਇਸ ਅਚਾਨਕ ਵਾਪਰੀ ਘਟਨਾ ਰਾਹੀਂ ਸਾਜ਼ਿਸ਼ ਰਚ ਕੇ ਮਿੰਟਾਂ ਵਿਚ ਰੋੜ੍ਹਨ ਪ੍ਰਤੀ ਕੋਈ ਕਸਰ ਨਹੀਂ ਛੱਡੀ।

ਪੁਲੀਸ ਵੱਲੋਂ ''ਮੈਂ ਵੀ ਹਰਜੀਤ ਸਿੰਘ'' ਨੇਮ ਪਟੇਲ ਲਾਉਣ ਦੀ ਮੁਹਿੰਮ ਸਿਖਾਂ ਨੂੰ ਚਿੜਾਉਣ ਦਾ ਸਬੱਬ ਇਸ ਕਰਕੇ ਬਣ ਗਿਆ, ਕਿਉਂਕਿ ਇਸੇ ਹਰਜੀਤ ਸਿੰਘ ਬਾਬਤ ਝੂਠੇ ਮੁਕਾਬਲਿਆਂ ਲਈ ਬਦਨਾਮ ਪੁਲੀਸ ਦੇ ਉਚ ਅਧਿਕਾਰੀ ਸ: ਉਮਰਾਨੰਗਲ ਦਾ ਇਹ ਕਹਿਣਾ ਕਿ ਉਹ ਉਸ ਦਾ ਗੰਨਮੈਨ ਰਿਹਾ ਅਤੇ ਖਾੜਕੂਵਾਦ ਵਿਚ ਦਲੇਰੀ ਨਾਲ ਲੜਿਆ, ਭਾਵ ਕਿ ਉਸ ਪ੍ਰਤੀ ਵੀ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਨ ਸਮੇਂ ਭਾਗੀਦਾਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਤੱਥ ਤੋ ਬਾਅਦ ਹਰਜੀਤ ਸਿੰਘ ਪ੍ਰਤੀ ਪੰਜਾਬ ਦੇ ਲੋਕ ਦਿਲਾਂ ਅਤੇ ਸਿਖ ਮਨਾਂ ਵਿਚ ਪੈਦਾ ਹੋਈ ਹਮਦਰਦੀ ਕਿਸੇ ਹੱਦ ਤਕ ਜਾਂਦੀ ਰਹੀ । ਮਨਜੀਤ ਸਿੰਘ ਨਾਲ ਮੇਰਾ ਕਿਸੇ ਤਰਾਂ ਵੀ ਜਾਤੀ ਵਿਰੋਧ ਨਹੀਂ ਹੈ, ਪਰ ਜਿਸ ਭਾਵਨਾ ਨੂੰ ਲੈ ਕੇ ਇਹ ਖੇਡ ਖੇਡੀ ਗਈ, ਉਸ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਰਾਜ  ਅਤੇ ਪੰਜਾਬ ਪੁਲੀਸ ਵਿਚ ਅਨੇਕਾਂ ਇਮਾਨਦਾਰ ਸ਼ਖ਼ਸੀਅਤਾਂ ਦੇ ਮੌਜੂਦ ਹੋਣ ਦੇ ਬਾਵਜੂਦ ਇਸ ''ਮੈਂ ਭੀ ਹਰਜੀਤ ਸਿੰਘ'' ਸਲੋਗਨ ਰਾਹੀਂ ਹਰਜੀਤ ਸਿੰਘ ਨੂੰ ਰੋਲ ਆਫ਼ ਮਾਡਲ ਵਜੋਂ ਪੇਸ਼ ਕਰਨ ਦੀ ਖੇਡ 'ਚ ਨਿਹੰਗ ਸਿੰਘਾਂ ਨੂੰ ਵਿਰੋਧੀ ਸ਼੍ਰੇਣੀ ਜਾਂ ਦੁਸ਼ਮਣ ਜਮਾਤ ਵਜੋਂ ਲੈਣ ਦੌਰਾਨ ਪੰਜਾਬ ਪੁਲੀਸ ਮੁਖੀ ਗੁਰੂ ਕੀਆਂ ਫ਼ੌਜਾਂ ਨਿਹੰਗ ਸਿੰਘਾਂ ਦੀ ਦੇਸ਼ ਕੌਮ ਪ੍ਰਤੀ ਦੇਣ ਅਤੇ ਉਨ੍ਹਾਂ ਦੀ ਵਡੀ ਇਤਿਹਾਸਕ ਭੂਮਿਕਾ ਨੂੰ ਮਨਫ਼ੀ ਕਰਨ ਦੀ ਵੱਡੀ ਭੁੱਲ ਕਰ ਬੈਠਾ। ਨਤੀਜਾ ਸਿਖ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ । ਜਿਵੇਂ ਜੂਨ '84 ਦੌਰਾਨ ਹਿੰਦ ਦੀ ਇੰਦਰਾ ਗਾਂਧੀ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਗਏ ਹਮਲੇ ਨੂੰ ਸਿਖ ਕੌਮ ਨੇ ਸਿਖੀ ਅਣਖ ਨੂੰ ਵੰਗਾਰ ਵਜੋਂ ਲਿਆ ਸੀ। ਉਸੇ ਤਰਾਂ ਸਿਖਾਂ ਦੇ ਨੌਜਵਾਨ ਵਰਗ ਨੇ ਪੁਲੀਸ ਦੇ ਮੌਜੂਦਾ ਵਰਤਾਰੇ ਨੂੰ ਸਿਖੀ ਅਣਖ ਨੂੰ ਵੰਗਾਰ ਵਜੋਂ ਲਿਆ ਅਤੇ ਰੋਹ ਵਿਚ ਆਉਂਦਿਆਂ ਪੁਲੀਸ ਮੁਹਿੰਮ ਦੇ ਮੁਕਾਬਲੇ ਸੋਸ਼ਲ ਮੀਡੀਆ 'ਤੇ ''ਮੈਂ ਵੀ ਨਿਹੰਗ ਸਿੰਘ'' ਨੂੰ ਅਪਣਾਇਆ। ਜਿਸ ਨਾਲ ਮਾਹੌਲ ਵਿਚ ਤਲਖ਼ੀ ਪੈਦਾ ਹੋਣੀ ਸੁਭਾਵਿਕ ਸੀ। ਸੋ ''ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ'' ਦੇ ਸਲੋਗਨ ਦੀ ਥਾਂ ਪੁਲੀਸ ਦੀ ਆਪ ਮੁਹਾਰੀ ''ਮੈਂ ਭੀ ਹਰਜੀਤ ਸਿੰਘ'' ਮੁਹਿੰਮ ਨੇ ਰਾਜ ਵਿਚ ''ਕੁੜੱਤਣ'' ਪੈਦਾ ਕੀਤੀ। ਸਰਕਾਰ ਅਤੇ ਸਿੱਖ ਕੌਮ ਦਰਮਿਆਨ ਵੱਡੀ ਨਫ਼ਰਤ ਪੈਦਾ ਕਰਨ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।  ਇਸ ਤੋਂ ਪਹਿਲਾਂ ਪੰਜਾਬ ਪੁਲੀਸ ਦੇ ਡੀਜੀਪੀ ਵੱਲੋਂ ''ਸਿੱਖ ਜੋ ਕਰਤਾਰਪੁਰ ਸਾਹਿਬ ਜਾਂਦੇ ਹਨ ਉਹ ਕੁੱਝ ਘੰਟਿਆਂ ਵਿਚ ਬੰਬ ਬਣਾਉਣ ਦੀ ਟਰੇਨਿੰਗ ਪ੍ਰਾਪਤ ਕਰਕੇ ਵਾਪਸ ਆਉਂਦੇ ਹਨ'' ਕਹਿਦਿੰਆਂ ਸਿਖਾਂ ਪ੍ਰਤੀ ਸੋਚ ਤੇ ਮਾਨਸਿਕਤਾ ਨੂੰ ਦ੍ਰਿਸ਼ਟੀਗੋਚਰ ਕੀਤਾ ਜਾ ਚੁੱਕਿਆ ਹੈ।  ਕੀ ਇਹ ਕਿਸੇ ਦੇ ਦਬਾਅ ਅਧੀਨ ਕੀਤਾ ਗਿਆ? ਇਸ ਬਾਰੇ ਪੁਲੀਸ ਮੁਖੀ ਹੀ ਦਸ ਸਕਦੇ ਹਨ। ਵਿਵਾਦਿਤ ਅਧਿਕਾਰੀਆਂ ਨੂੰ ਮਾਡਲ ਵਜੋਂ ਪੇਸ਼ ਕਰਨਾ ਦੂਰਅੰਦੇਸ਼ੀ ਨਹੀਂ ਹੈ। ਕੀ ਇਸ ਸਭ 'ਚ ਮੁਖ ਮੰਤਰੀ ਦੀ ਪਰਵਾਨਗੀ ਸ਼ਾਮਿਲ ਸੀ?  ਜੇ ਜਵਾਬ ਹਾਂ ਵਿਚ ਹੈ ਤਾਂ ਪੰਥ ਅਤੇ ਪੰਜਾਬ ਵਿਰੋਧੀਆਂ ਸਾਜ਼ਿਸ਼ ਪ੍ਰਤੀ ਸੁਚੇਤ ਨਾ ਹੋਣਾ ਲੀਡਰਸ਼ਿਪ ਦੀ ਚੰਗੀ ਕੁਆਲਿਟੀ ਨਹੀਂ ਮੰਨੀ ਜਾ ਸਕਦੀ। ਪੰਜਾਬ ਨੂੰ ਕੇਂਦਰੀ ਲੀਡਰਸ਼ਿਪ ਜਾਂ ਸਿਖ ਵਿਰੋਧੀ ਲਾਬੀ ਲਈ ਪ੍ਰਯੋਗਸ਼ਾਲਾ ਵਜੋਂ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ।  ਹਿੰਦੁਸਤਾਨ ਦੀ ਸਿਆਸਤ 'ਤੇ ਕਬਜਾ ਜਮਾਈ ਰਖਣ ਲਈ ਵਡੀਆਂ ਤਾਕਤਾਂ ਅਖੌਤੀ ਰਾਸ਼ਟਰਵਾਦ ਦੇ ਨਾਮ ਹੇਠ ਸਿਖ ਕੌਮ ਅਤੇ ਪੰਜਾਬ ਨੂੰ ਨਿਸ਼ਾਨੇ 'ਤੇ ਲੈਂਦੀਆਂ ਰਹੀਆਂ ਹਨ । ਪੰਜਾਬ ਵਿਚ ਕਥਿਤ ਕੱਟੜਵਾਦ ਦਾ ਹਊਆ ਖੜਾ ਕਰਦਿਆਂ ਪੰਜਾਬ ਤੇ ਪੰਥ ਨੂੰ ਬਦਨਾਮ ਕਰਨ ਅਤੇ ਰਾਜ ਦੀ ਸ਼ਾਂਤੀ ਨੂੰ ਅਸਥਿਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਰਹੀਆਂ ਹਨ।  ਅਜਿਹੀਆਂ ਸਾਜ਼ਿਸ਼ਾਂ ਕਾਰਨ ਪੰਜਾਬ ਕਈ ਦਹਾਕੇ ਸੰਤਾਪ ਹੰਢਾ ਚੁੱਕਿਆ ਹੈ। ਸੰਤਾਪ ਦੇ ਦਿਨਾਂ ਦੌਰਾਨ ਕੇਂਦਰ ਵੱਲੋਂ ਭੇਜੀ ਗਈ ਅਸੀਮ ਸ਼ਕਤੀ ਨੇ ਪੰਜਾਬ ਦੀ ਨੌਜਵਾਨੀ ਦਾ ਕਿਵੇਂ ਘਾਣ ਕੀਤਾ, ਕੈਪਟਨ ਸਾਹਿਬ ਨੂੰ ਸਭ ਯਾਦ ਹੋਵੇਗਾ। ਆਪ ਨੂੰ ਇਹ ਵੀ ਯਾਦ ਹੋਵੇਗਾ ਕਿ ਉਸ ਸਮੇਂ ਦੌਰਾਨ ਜਿਨ੍ਹਾਂ ਸਿਖ ਨੌਜਵਾਨਾਂ ਨੂੰ ਪੁਲੀਸ ਕੋਲ ਉਨ੍ਹਾਂ ਪੇਸ਼ ਕੀਤਾ ਉਨ੍ਹਾਂ ਦਾ ਕੀ ਹਸ਼ਰ ਹੋਇਆ? ਨਫ਼ਰਤ ਫੈਲਾਉਣ ਵਾਲਿਆਂ ਪ੍ਰਤੀ ਪੰਜਾਬੀਆਂ ਦੀ ਸੋਚ ਕਿਵੇਂ ਦੀ ਹੈ ਕਿਸੇ ਨੂੰ ਕੋਈ ਭੁਲੇਖਾ ਨਹੀ। ਵਾਰ ਵਾਰ ਪੰਜਾਬ 'ਚ ਖਾੜਕੂਵਾਦ ਦਾ ਹਊਆ ਖੜਾ ਕਰਨ ਵਾਲੀਆਂ ਸ਼ਕਤੀਆਂ ਨੂੰ ਨਾ ਰੋਕਿਆ ਗਿਆ ਤਾਂ ਰਾਜ ਦੀ ਅਰਥ ਵਿਵਸਥਾ ਹੋਰ ਕਮਜ਼ੋਰ ਹੋਵੇਗੀ। ਪੂੰਜੀ ਨਿਵੇਸ਼ ਪ੍ਰਤੀ ਮਾੜਾ ਅਸਰ ਪਾਵੇਗਾ। ਪੰਜਾਬ ਦੀ ਇੰਡਸਟਰੀ ਤਾਂ ਪਹਿਲਾਂ ਹੀ ਕੇਂਦਰ ਅਤੇ ਸਮੇਂ ਸਮੇਂ ਦੀਆਂ ਰਾਜ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਬਾਹਰ ਜਾ ਚੁਕੀ ਹੈ ਜਾਂ ਤੇਜ਼ੀ ਨਾਲ ਜਾ ਰਹੀ ਹੈ। ਨੌਜਵਾਨ ਵਰਗ ਰੁਜ਼ਗਾਰ ਨੂੰ ਤਰਸ ਰਹੇ ਹੋਣ ਦੀਆਂ ਚੁਨੌਤੀਆਂ ਮੂੰਹ ਅੱਡੀ ਖੜੀਆਂ ਹਨ।

ਕੈਪਟਨ ਅਮਰਿੰਦਰ ਸਿੰਘ ਨੂੰ ਇਕ ਸੂਝਵਾਨ ਅਤੇ ਦ੍ਰਿੜ ਸਿਆਸਤਦਾਨ ਵਜੋਂ ਦੇਖਿਆ ਜਾਂਦਾ ਰਿਹਾ ਹੈ। ਪਰ ਪੁਲੀਸ ਦੀ ਆਪ ਹੁਦਰੀ ਅਤੇ ਸ੍ਰੀ ਹਜ਼ੂਰ ਸਾਹਿਬ ਵਰਗੇ ਗੁਰਧਾਮਾਂ ਪ੍ਰਤੀ ਗਲਤ ਪ੍ਰਚਾਰ ਦੀ ਖੁਲ ਕੈਪਟਨ ਦੀ ਲੀਡਰਸ਼ਿਪ ਪ੍ਰਤੀ ਕਈ ਸਵਾਲ ਖੜੇ ਕਰ ਰਹੇ ਹਨ। ਸੋ, ''ਮੈਂ ਵੀ ਹਰਜੀਤ ਸਿੰਘ'' ਵਾਲੇ ਨਫ਼ਰਤੀ ਅਮਲ ਤੋਂ ਇਲਾਵਾ ਪੰਥ ਅਤੇ ਪੰਜਾਬ ਵਿਰੋਧੀ ਸਾਜ਼ਿਸ਼ਾਂ ਪ੍ਰਤੀ ਮੁਖ ਮੰਤਰੀ ਤੇ ਸਿੱਖ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ। 

ਪ੍ਰੋ: ਸਰਚਾਂਦ ਸਿੰਘ 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।