ਐਟਮ ਬੰਬ ਦੀ ਤਿਆਰੀ ਦਾ ਪ੍ਰਾਜੈਕਟ ਸੀ ਮਨੁੱਖ ਦੀ ਬਰਬਾਦੀ ਦਾ ਰਾਹ

ਐਟਮ ਬੰਬ ਦੀ ਤਿਆਰੀ ਦਾ ਪ੍ਰਾਜੈਕਟ ਸੀ ਮਨੁੱਖ ਦੀ ਬਰਬਾਦੀ ਦਾ ਰਾਹ

ਡਾ. ਕੁਲਦੀਪ ਸਿੰਘ ਧੀਰ

ਮੈਨਹੱਟਨ ਪ੍ਰਾਜੈਕਟ ਐਟਮ ਬੰਬ ਦੀ ਤਿਆਰੀ ਦਾ ਪ੍ਰਾਜੈਕਟ ਸੀ। ਐਟਮ ਬੰਬ, ਜਿਸ ਨੇ ਬੀਤੀ ਸਦੀ ਦੇ ਮੱਧ ਵਿਚ ਵਿਸ਼ਵ ਸਭਿਅਤਾ ਨੂੰ ਇਕ ਵੱਡਾ ਮੋੜ ਦਿੱਤਾ ਅਤੇ ਸਿੱਧ ਕਰ ਦਿੱਤਾ ਕਿ ਇਸ ਸਭਿਅਤਾ ਨੂੰ ਤਬਾਹ ਕਰਨ ਦੇ ਸਮਰੱਥ ਇਸ ਧਰਤੀ ਦਾ ਕੋਈ ਜੀਅ ਜੰਤੂ ਹੈ ਤਾਂ ਉਹ ਮਨੁੱਖ ਹੀ ਹੈ। ਇਸ ਤਬਾਹੀ ਦੀ ਪਰਖ ਉਸ ਨੇ ਆਪਣੇ ਹੱਥੀਂ ਕਰ ਕੇ ਵੇਖ ਲਈ ਹੈ ਪਰ ਫਿਰ ਵੀ ਉਹ ਇਸ ਰਾਹ ਉੱਤੇ ਤੁਰਨੋਂ ਬਾਜ਼ ਨਹੀਂ ਆਇਆ। ਰੱਬ ਦੀ ਕੁਦਰਤ ਵਿਚ ਮਨੁੱਖ ਲਈ ਕਿਸੇ ਗੱਲ ਦੀ ਥੁੜ੍ਹ ਨਹੀਂ। ਧਰਤੀ ਦਾ ਹਰ ਕੋਨਾ ਖੁਸ਼ੀ ਖੁਸ਼ਹਾਲੀ ਨਾਲ ਰੌਸ਼ਨ ਹੋ ਸਕਦਾ ਹੈ। ਭੁੱਖੇ ਰੱਜ ਕੇ ਰੋਟੀ ਖਾ ਸਕਦੇ ਹਨ। ਧਰਤੀ ਦੇ ਹਨੇਰੇ ਖੂੰਜੇ ਰੌਸ਼ਨ ਹੋ ਸਕਦੇ ਹਨ। ਉਦਾਸ ਚਿਹਰੇ ਖੁਸ਼ੀਆਂ ਨਾਲ ਖਿੜ ਸਕਦੇ ਹਨ। ਪਰ ਇਸ ਸਾਰੇ ਕੁਝ ਦੀ ਥਾਂ ਹਰ ਦੇਸ਼ ਅਰਬਾਂ ਖਰਬਾਂ ਰੁਪਏ ਦੀ ਤਬਾਹੀ ਦੇ ਹਥਿਆਰ ਬਣਾਉਣ ਉੱਤੇ ਲਾ ਰਿਹਾ ਹੈ। ਇਕੋ ਮੈਨਹੱਟਨ ਪ੍ਰਾਜੈਕਟ ਨੇ 1945 ਵਿਚ ਸਵਾ ਦੋ ਲੱਖ ਬੰਦੇ ਅੱਖ ਝਪਕਦੇ ਹੀ ਮਾਰ ਮੁਕਾਏ। ਕਿਸੇ ਵੀ ਸ਼ੈਅ ਨੂੰ ਬਣਾਉਣਾ ਔਖਾ ਹੈ। ਢਾਹੁਣਾ ਜਾਂ ਬਰਬਾਦ ਕਰਨਾ ਕੀ ਮੁਸ਼ਕਲ ਹੈ? ਮਨੁੱਖੀ ਸਭਿਅਤਾ ਦਾ ਵੀ ਇਹੀ ਹਾਲ ਹੈ। ਹਜ਼ਾਰਾਂ ਸਾਲ ਦੀ ਮਿਹਨਤ ਨਾਲ ਇਸ ਸਿਖਰ ’ਤੇ ਪੁੱਜੀ ਸਾਡੀ ਸਭਿਅਤਾ ਕਿਸੇ ਮੈਨਹੱਟਨ ਪ੍ਰਾਜੈਕਟ ਦੀ ਭੇਟ ਕਦੋਂ ਚੜ੍ਹ ਜਾਵੇ, ਇਹ ਕੌਣ ਜਾਣਦਾ ਹੈ। ਕੀ ਚਾਹੀਦਾ ਹੈ ਇਸ ਲਈ ਰਿਫੈਲਕਟਰਾਂ ਵਿਚ ਜੜੇ ਦਸ-ਦਸ ਪੌਂਡ ਦੇ ਯੂਰੇਨੀਅਮ ਦੇ ਥੋੜ੍ਹੇ ਜਿਹੇ ਗੋਲੇ। ਜੇ ਰਿਫਲੈਕਟਰ ਨਹੀਂ ਤਾਂ ਵੀਹ-ਵੀਹ ਪੌਂਡ ਦੇ ਗੋਲੇ। ਜਿੰਨੇ ਕੁ ਸ਼ਹਿਰ ਤੁਸੀਂ ਤਬਾਹ ਕਰਨੇ ਹਨ, ਬੱਸ ਓਨੇ ਹੀ ਗੋਲੇ। ਤੇ ਇਹ ਗੋਲੇ ਅੱਜ ਦੁਨੀਆਂ ਦੇ ਕਿਸੇ ਇਕ ਮੁਲਕ ਦੀ ਅਜ਼ਾਰੇਦਾਰੀ ਨਹੀਂ ਵੱਡੀਆਂ ਤਾਕਤਾਂ ਕੋਲ ਤਾਂ ਐਨੇ ਹੀ ਨਹੀਂ, ਇਸ ਤੋਂ ਹਜ਼ਾਰਾਂ ਗੁਣਾ ਤਾਕਤ ਵਾਲੇ ਹਜ਼ਾਰਾਂ ਗੋਲੇ ਹਨ। ਉਨ੍ਹਾਂ ਨੂੰ ਛੱਡੋ, ਛੋਟੇ ਛੋਟੇ ਮੁਲਕ ਵੀ ਆਪਣੀ ਗਰੀਬ ਜਨਤਾ ਨੂੰ ਆਏ ਦਿਨ ਸਖ਼ਤ ਤੋਂ ਸਖਤ ਭੁੱਖਮਰੀ ਤੇ ਮਹਿੰਗਾਈ ਵੱਲ ਧੱਕ ਕੇ ਮੌਤ ਦੇ ਇਹ ਗੋਲੇ ਬਣਾ ਰਹੇ ਹਨ। ਮੈਨਹੱਟਨ ਪ੍ਰਾਜੈਕਟ ਨੇ ਤਾਂ ਵਰ੍ਹਿਆਂਬੱਧੀ ਮਿਹਨਤ ਬਾਅਦ ਇਹ ਗੋਲੇ ਬਣਾਏ ਸਨ, ਹੁਣ ਤਾਂ ਬਹੁਤੇ ਦੇਸ਼ਾਂ ਨੂੰ ਸਾਰਾ ਕੁਝ ਪਤਾ ਲੱਗ ਗਿਆ ਹੈ, ਉਹ ਕਿਸੇ ਲੀਹ ਉੱਤੇ ਤੁਰ ਕੇ ਵਰ੍ਹਿਆਂ ਦੀ ਥਾਂ ਮਹੀਨਿਆਂ ਅਤੇ ਦਿਨਾਂ ਵਿਚ ਤਥਾਕਥਿਤ ਪ੍ਰਾਪਤੀ ਕਰਨ ਯੋਗ ਹੋ ਗਏ ਹਨ। ਆਓ ਵੇਖੀਏ ਕਿਵੇਂ ਨੇਪਰੇ ਚੜ੍ਹਿਆ ਸਭਿਅਤਾ ਦੀ ਬਰਬਾਦੀ ਦੇ ਬੀਜ ਬੀਜਣ ਵਾਲਾ ਇਹ ਮੈਨਹੱਟਨ ਪ੍ਰਾਜੈਕਟ।

ਯੂਰੇਨੀਅਮ ਵਿਖੰਡਨ ਨੂੰ ਤਬਾਹੀ ਦਾ ਹਥਿਆਰ ਬਣਾਉਣ ਲਈ ਵਰਤਣ ਦੀ ਕਲਪਨਾ 1934 ਵਿਚ ਜ਼ਿਲਾਰਡ ਨਾਂ ਦੇ ਬਰਤਾਨਵੀ ਵਿਗਿਆਨੀ ਨੇ ਕੀਤੀ ਸੀ ਅਤੇ ਉਸ ਨੇ ਸਿਧਾਂਤਕ ਰੂਪ ਵਿਚ ਇਸ ਲਈ ਪੇਟੈਂਟ ਲੈਣ ਵਾਸਤੇ ਅਰਜ਼ੀ ਵੀ ਦੇ ਦਿੱਤੀ ਸੀ। ਇਸ ਦੇ ਬਾਵਜੂਦ ਵਿਵਹਾਰਕ ਰੂਪ ਵਿਚ ਐਟਮ ਬੰਬ ਬਣਾਉਣ ਲਈ, ਉਸ ਸਮੇਂ ਜਿਹੜੇ ਸਾਧਨ, ਸਮੱਗਰੀ ਤੇ ਮੁਹਾਰਤ ਨੂੰ ਸੰਗਠਤ ਕਰਨ ਦੀ ਲੋੜ ਸੀ, ਉਸ ਦੀ ਸਮਰੱਥਾ ਸ਼ਾਇਦ ਅਮਰੀਕਾ ਕੋਲ ਹੀ ਸੀ। ਇਸੇ ਲਈ ਜ਼ਿਲਾਰਡ ਨੇ ਅਮਰੀਕੀ ਵਿਗਿਆਨੀ ਆਈਨਸਟਾਈਨ ਨੂੰ ਪ੍ਰੇਰਨਾ ਦੇ ਕੇ ਅਮਰੀਕੀ ਰਾਸ਼ਟਰਪਤੀ ਰੂਜ਼ਵੈਲਟ ਦੇ ਨਾਂ ਪੱਤਰ ਲਿਖਾ ਕੇ ਐਟਮ ਬੰਬ ਬਣਾਉਣ ਦੀ ਸਲਾਹ ਦਿੱਤੀ। ਅਕਤਬੂਰ 1939 ਵਿਚ ਉਨ੍ਹਾਂ ਪੱਤਰ ਲਿਖਿਆ ਤੇ ਦਸ ਦਿਨ ਵਿਚ ਹੀ ਰਾਸ਼ਟਰਪਤੀ ਨੇ ਇਸ ਮਸਲੇ ਉੱਤੇ ਇਕ ਕਮੇਟੀ ਬਣਾ ਦਿੱਤੀ। ਅਮਰੀਕਾ ਵਿਚ ਸਾਲ-ਡੇਢ ਸਾਲ ਇਹ ਕੰਮ ਮੱਠੀ ਤੋਰੇ ਤੁਰਦਾ ਰਿਹਾ ਤੇ ਆਰਥਰ ਕਾਂਪਟਨ ਦੀ ਅਗਵਾਈ ਹੇਠ ਐਸ-1 ਪ੍ਰਾਜੈਕਟ ਦੇ ਨਾਂ ਹੇਠ ਐਟਮ ਬੰਬ ਦੀ ਤਿਆਰੀ ਦਾ ਕਾਰਜ ਆਰੰਭ ਹੋ ਗਿਆ। ਅਗਸਤ 1942 ਵਿਚ ਇਸ ਪ੍ਰਾਜੈਕਟ ਨੂੰ ‘ਮੈਨਹੱਟਨ ਪ੍ਰਾਜੈਕਟ’ ਦਾ ਨਾਂ ਦੇ ਦਿੱਤਾ ਗਿਆ। ਅਗਵਾਈ ਅਜੇ ਵੀ ਆਰਥਰ ਕਾਂਪਟਨ ਕੋਲ ਰਹੀ। 17 ਸਤੰਬਰ, 1942 ਨੂੰ ਸਵੇਰੇ ਸਾਢੇ ਦਸ ਵਜੇ ਅਮਰੀਕੀ ਜਰਨੈਲ ਸਾਮਰਵੈਲ ਨੇ ਆਪਣੇ ਕਰਨਲ ਲੈਸਲੀ ਗਰੱਵਜ਼ ਨੂੰ ਵਿਸ਼ੇਸ਼ ਆਦੇਸ਼ਾਂ ਰਾਹੀਂ ਮੈਨਹੱਟਨ ਪ੍ਰਾਜੈਕਟ ਦੇ ਸੰਚਾਲਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਤੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ। ਫੌਜੀ ਹੁਕਮ ਅਤੇ ਫੌਜੀ ਕਮਾਨ ਹੇਠ ਹੁਣ ਹਰ ਕੰਮ ਬਿਜਲੀ ਦੀ ਤੇਜ਼ੀ ਨਾਲ ਹੋਣ ਲੱਗਾ। ਮਹੀਨਿਆਂ ਤੋਂ ਰਿੜਕ ਰਿਹਾ ਕੰਮ ਹੁਣ ਯਕਦਮ ਚੁਸਤੀ ਫੜ ਗਿਆ।

ਕਰਨਲ ਗਰੱਵਜ਼ ਨੇ ਮੈਨਹੱਟਨ ਪ੍ਰਾਜੈਕਟ ਸੰਭਾਲਦੇ ਸਾਰ ਅਗਲੇ ਹੀ ਦਿਨ 1250 ਟਨ ਯੂਰੇਨੀਅਮ ਦੀ ਖਰੀਦ ਦੇ ਆਦੇਸ਼ ਦੇ ਦਿੱਤੇ। 52000 ਏਕੜ ਜ਼ਮੀਨ ਇਸ ਕਾਰਜ ਲਈ ਖਰੀਦ ਲਈ ਇਕ ਹਫਤੇ ਵਿਚ ਹੀ ਕਰਨਲ ਗਰੱਵਜ਼ ਨੂੰ ਬ੍ਰਿਗੇਡੀਅਰ ਜਨਰਲ ਵਜੋਂ ਤਰੱਕੀ ਦੇ ਦਿੱਤੀ ਗਈ ਅਤੇ ਕੁਝ ਵੀ ਖਰੀਦਣ ਲਈ ਸੰਕਟ ਕਾਲੀ ਪਹਿਲ ਦੇ ਸਾਰੇ ਅਧਿਕਾਰ ਦੇ ਦਿੱਤੇ ਗਏ। ਤਿੱਖਾ ਤੇਜ਼-ਤਰਾਰ ਤੇ ਕੁਝ ਹੱਦ ਤਕ ਹੰਕਾਰੀ ਵੀ ਸੀ ਗਰੱਵਜ਼। ਇਸੇ ਕਾਰਨ ਪ੍ਰਾਜੈਕਟ ਦੇ ਵਿਗਿਆਨੀ ਉਸ ਨੂੰ ਬਹੁਤ ਚੰਗਾ ਨਹੀਂ ਸਨ ਮੰਨਦੇ। ਜ਼ਿਲਾਰਡ ਤੇ ਗਰੱਵਜ਼ ਵਿਚ ਤਾਂ ਖਾਸੀ ਦੁਸ਼ਮਣੀ ਪੈਦਾ ਹੋ ਗਈ ਸੀ। ਜਨਰਲ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਸੀ। ਉਸ ਉੱਤੇ ਛੇਤੀ ਤੋਂ ਛੇਤੀ ਬੰਬ ਬਣਾਉਣ ਦੀ ਧੁਨ ਸਵਾਰ ਸੀ। ਉਹ ਹਰ ਕੰਮ, ਹਰ ਜ਼ਿੰਮੇਵਾਰੀ, ਹਰ ਸਮੱਸਿਆ ਦੀ ਆਪ ਨਿਸ਼ਾਨਦੇਹੀ ਕਰਕੇ ਉਸ ਦੀ ਸਪਸ਼ਟ ਸੌਂਪਣੀ ਕਿਸੇ ਵਿਗਿਆਨੀ, ਇੰਜੀਨੀਅਰ, ਪ੍ਰਬੰਧਕ ਜਾਂ ਅਧਿਕਾਰੀ ਨੂੰ ਕਰਕੇ ਉਸ ਨੂੰ ਸਮਾਂਬੱਧ ਸੀਮਾਵਾਂ ਵਿਚ ਨੇਪਰੇ ਚਾੜ੍ਹਨ ਦੇ ਹੁਕਮ ਦੇਈ ਰੱਖਦਾ ਸੀ। ਫਰਮੀ ਉਸ ਸਮੇਂ ਗਰੇਫਾਈਟ ਅਤੇ ਯੂਰੇਨੀਅਮ ਨਾਲ ਪਹਿਲਾ ਨਿਊਕਲੀਅਰ ਰਿਐਕਟਰ ਡਿਜ਼ਾਈਨ ਕਰ ਰਿਹਾ ਸੀ। ਇਸ ਨੂੰ ਉਸ ਨੇ ਸੀ.ਪੀ.-1 ਦਾ ਨਾਮ ਦਿੱਤਾ ਸੀ। ਉਹ ਇਹ ਕੰਮ ਸ਼ਿਕਾਗੋ ਯੂਨੀਵਰਸਿਟੀ ਵਿਚ ਮੈਟ-ਲੈਬ ਨਾਂ ਦੇ ਗੁਪਤ ਪ੍ਰਾਜੈਕਟ ਅਧੀਨ ਕਰਦਾ ਆ ਰਿਹਾ ਸੀ।

ਗਰੱਵਜ਼ ਨੂੰ ਵਿਖੰਡਨ ਨਾਲ ਸਬੰਧਤ ਇਸ ਕਿਸਮ ਦਾ ਕਾਰਜ ਬਹੁਤਾ ਕੰਮ ਵਿਗਿਆਨੀਆਂ ਦੇ ਹੱਥਾਂ ਤੋਂ ਲੈ ਕੇ ਡੂ-ਪੋਂਟ ਤੇ ਕੈਲਾਗ ਜਿਹੀਆਂ ਉਦਯੋਗਿਕ ਕਾਰਪੋਰੇਸ਼ਨਾਂ ਦੇ ਹਵਾਲੇ ਕਰ ਦਿੱਤਾ। 15 ਅਕਤੂਬਰ 1942 ਨੂੰ ਉਸ ਨੇ ਹਥਿਆਰਾਂ ਨਾਲ ਜੁੜੇ ਭੌਤਿਕ ਵਿਗਿਆਨ ਲਈ ਇਕ ਨਵੀਂ ਪ੍ਰਯੋਗਸ਼ਾਲਾ ਦਾ ਗਠਨ ਕੀਤਾ। ਇਸ ਨੂੰ ਉਸ ਨੇ ਪ੍ਰਾਜੈਕਟ-ਵਾਈ ਦਾ ਨਾਂ ਦਿੱਤਾ ਅਤੇ ਇਸ ਦੇ ਸੰਚਾਲਨ ਦੀ ਜ਼ਿੰਮੇਵਾਰੀ ਰਾਬਰਟ ਓਪਨਹੀਮਰ ਨੂੰ ਸੌਂਪੀ। ਇਹ ਕਾਰਜ 16 ਨਵੰਬਰ ਨੂੰ ਨਿਊ ਮੈਕਸੀਕੋ ਵਿਚ ਲਾਸ ਐਲਮਾਸ ਵਿਚ ਵਿਵਹਾਰਕ ਰੂਪ ਵਿਚ ਆਰੰਭ ਕਰ ਦਿੱਤਾ ਗਿਆ। ਓਪਨ ਹੀਮਰ ਬਰਕਲੇ ਵਿਚ ਭੌਤਿਕ ਵਿਗਿਆਨ ਦਾ ਪ੍ਰੋਫੈਸਰ ਸੀ। ਐਸ.-1 ਪ੍ਰਾਜੈਕਟ ਵਿਚ ਉਸ ਨੇ ਵਿਗਿਆਨੀਆਂ ਦੇ ਵੱਖ-ਵੱਖ ਗਰੁੱਪਾਂ ਨੂੰ ਸੰਗਠਤ ਰੂਪ ਵਿਚ ਚਲਾਉਣ ਸਮੇਂ ਬੜੀ ਸੂਝ-ਬੂਝ ਦਿਖਾਈ ਸੀ। ਗਰੱਵਜ਼ ਤੇ ਓਪਨਹੀਮਰ ਦੋਵੇਂ ਇਕੋ ਸੋਚ ਅਤੇ ਵਿਵਹਾਰਕ ਸੂਝ ਦੇ ਮਾਲਕ ਸਨ। ਇਸ ਲਈ ਦੋਹਾਂ ਵਿਚ ਖੂਬ ਬਣੀ। ਪ੍ਰਾਜੈਕਟ ਵਿਚ ਹੁਣ ਦਿਨ ਰਾਤ ਇਕ ਕਰ ਦਿੱਤਾ ਗਿਆ। ਫਰਮੀ ਅਤੇ ਉਸ ਦੇ ਸਾਥੀਆਂ ਨੇ ਪਹਿਲੀ ਦਸੰਬਰ 1942 ਤਕ ਸੀ.ਪੀ.-1 ਦਾ ਡਿਜ਼ਾਈਨ ਪੂਰਾ ਕਰ ਦਿੱਤਾ। ਉਸਾਰੀ ਤਾਂ ਪਹਿਲਾਂ ਹੀ ਜਾਰੀ ਸੀ। ਇਸ ਲਈ ਡਿਜ਼ਾਈਨ ਮਿਲਦੇ ਸਾਰ ਇਸ ਨੂੰ ਅਮਲੀ ਰੂਪ ਦੇ ਦਿੱਤਾ ਗਿਆ ਤੇ ਅਗਲੇ ਦਿਨ ਸ਼ਾਮ ਨੂੰ ਸੀ.ਪੀ.-1 ਚਾਲੂ ਕਰ ਦਿੱਤਾ ਗਿਆ। ਜਨਵਰੀ 1943 ਵਿਚ ਗਰੱਵਜ਼ ਨੇ ਹੈਂਫਰਡ ਇੰਜੀਨੀਅਰਿੰਗ ਵਰਕਸ ਨਾਂ ਹੇਠ 780 ਵਰਗ ਕਿਲੋਮੀਟਰ ਥਾਂ ਲੈ ਕੇ ਪਲੂਟੋਨੀਅਮ ਉਤਪਾਦਕ ਰਿਐਕਟਰ ਅਤੇ ਨਿਖੇੜਕ ਪਲਾਂਟ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ। ਮਾਰਚ ਵਿਚ ਇਹ ਪਲਾਂਟ ਵੀ ਚਾਲੂ ਹੋ ਗਿਆ। ਇੰਜ ਮਾਹਰ ਵਿਗਿਆਨੀ ਇਕ ਪਾਸੇ ਓਕ ਰਿਜ ਦੇ 52000 ਏਕੜ ਉੱਤੇ ਯੂਰੇਨੀਅਮ ਦੀ ਤਿਆਰੀ ਵਿਚ ਦਿਨ-ਰਾਤ ਇਕ ਕਰਦੇ ਰਹੇ ਅਤੇ ਦੂਜੇ ਪਾਸੇ ਉਹ ਹੈਮਫਰਡ ਦੇ 780 ਵਰਗ ਮੀਲ ਖੇਤਰ ਵਿਚ ਪਲੂਟੋਨੀਅਮ ਦੇ ਉਤਪਾਦਨ ਵਿਚ ਰੁਝ ਗਏ। ਮੁੱਢ ਵਿਚ ਅਸਫਲਤਾਵਾਂ ਦੇ ਬਾਵਜੂਦ ਇਹ ਸਾਰਾ ਕੰਮ ਸਹੀ ਲੀਹਾਂ ਉੱਤੇ ਪੈ ਗਿਆ।

ਪਿੰਡ ਵੱਸਿਆ ਨਹੀਂ ਕਿ ਉਚੱਕਿਆਂ ਦੀ ਤਿਆਰੀ ਸ਼ੁਰੂ ਹੋ ਗਈ। ਬੰਬ ਅਜੇ ਬਣਿਆ ਵੀ ਨਹੀਂ ਸੀ ਕਿ ਗਰੱਵਜ਼ ਨੇ ਇਸ ਨੂੰ ਸੁੱਟਣ ਵਾਸਤੇ ਜਹਾਜ਼ਾਂ ਵਿਚ ਯੋਗ ਅਦਲਾ- ਬਦਲੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਵਰਤੋਂ ਤੇ ਬੰਬ ਨੂੰ ਨਿਸ਼ਾਨੇ ਉੱਤੇ ਸੁੱਟਣ ਲਈ ਅਮਲੇ ਦੀ ਟਰੇਨਿੰਗ ਵੀ ਆਰੰਭ ਕਰਵਾ ਦਿੱਤੀ। ਬੰਬ ਡਿਜ਼ਾਈਨ ਵਿਚ ਆਈਆਂ ਵਿਹਾਰਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਗਰੱਵਜ਼ ਨੇ ਇੰਗਲੈਂਡ ਤੋਂ ਜੀਓਫਰੀ ਟੇਲਰ ਅਤੇ ਜੇਮਜ਼ ਟੱਕ ਨੂੰ ਲਾਸ ਐਲਮਾਸ ਸੱਦਿਆ। ਓਪਨਹੀਮਰ ਅਤੇ ਗਰੱਵਜ਼ ਨੂੰ ਵਾਰ ਵਾਰ ਨਵੀਂ ਤੋਂ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ। ਹਰ ਵਾਰ ਉਹ ਪੂਰੇ ਜ਼ੋਰ ਨਾਲ ਉਸ ਦਾ ਹੱਲ ਕਰਨ ਲਈ ਪੈਸੇ ਨੂੰ ਅੰਨੇ ਵਾਹ ਵਰਤਦੇ, ਕਿਸੇ ਵੀ ਸਾਧਨ ਦੀ ਵਰਤੋਂ ਜਾਂ ਪ੍ਰਾਪਤੀ ਲਈ ਉਨ੍ਹਾਂ ਕੋਲ ਪੂਰੇ ਅਖ਼ਤਿਆਰ ਸਨ। ਅਗਸਤ 1944 ਵਿਚ ਗਰੱਵਜ਼ ਨੇ ਸਰਕਾਰ ਨੂੰ ਦੱਸ ਦਿੱਤਾ, ‘‘ਅਸੀਂ 1945 ਦੀ ਬਹਾਰ ਰੁੱਤ ਵਿਚ ਤੁਹਾਨੂੰ ਬੰਬ ਬਣਾ ਕੇ ਦੇ ਦਿਆਂਗੇ।’’ ਉਸ ਨੇ ਬੰਬ ਦੀ ਵਰਤੋਂ ਲਈ 17 ਬੀ-29 ਬੰਬਾਰ ਜਹਾਜ਼ਾਂ ਵਿਚ ਲੋੜੀਂਦੀਆਂ ਸੋਧਾਂ ਦਾ ਕੰਮ ਵੀ ਤੁਰੰਤ ਸ਼ੁਰੂ ਕਰਵਾ ਦਿੱਤਾ। 27 ਅਕਤੂਬਰ, 1944 ਨੂੰ ਓਪਨਹੀਮਰ ਨੇ ਬੰਬ ਨੂੰ ਅਲਾਮੋਗੋਰਦੋ ਬੰਬਿੰਗ ਰੇਂਜ ਵਿਚ ਟੈਸਟ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਤੇ ਪੰਜ ਦਿਨ ਪਿੱਛੋਂ ਗਰੱਵਜ਼ ਨੇ ਵੀ ਇਸ ਉੱਤੇ ਸਹੀ ਪਾ ਦਿੱਤੀ। ਦਸੰਬਰ ਦੇ ਅੱਧ ਵਿਚ ਬੰਬ ਲਈ ਵਿਸਫੋਟਕ ਲੈਂਜ਼ ਦੀ ਸਫਲ ਪਰਖ ਨੇ ਬੰਬ ਦੀ ਤਿਆਰੀ ਦਾ ਰਾਹ ਲਗਪਗ ਪੱਧਰਾ ਕਰ ਦਿੱਤਾ। ਬੰਬ ਦੇ ਬਣਨ ਦੀ ਇਸ ਆਸ ਵਿਚ ਐਟਮੀ ਹੱਲੇ ਲਈ ਟਿਨੀਅਨ ਟਾਪੂ ਨੂੰ ਅੱਡੇ ਵਜੋਂ ਚੁਣਨ ਦਾ ਫੈਸਲਾ ਕਰ ਲਿਆ ਗਿਆ। ਇਸ ਟਾਪੂ ਉੱਤੇ ਬੰਬ ਦੀ ਅਸੈਂਬਲੀ ਲਈ ਤਿਆਰੀ ਲਈ ਅਧਿਕਾਰੀਆਂ ਦੀ ਕਮੇਟੀ ਵੀ ਤਿੰਨ ਅਪਰੈਲ 1945 ਨੂੰ ਗਠਿਤ ਕਰ ਦਿੱਤੀ ਗਈ।

12 ਅਪਰੈਲ, 1945 ਨੂੰ ਰਾਸ਼ਟਰਪਤੀ ਰੂਜ਼ਵੈਲਟ ਦੀ ਬਰੇਨ ਹੈਮਰੇਜ ਨਾਲ ਅਚਾਨਕ ਮੌਤ ਹੋ ਗਈ। ਟਰੂਮੈਨ ਨਵਾਂ ਰਾਸ਼ਟਰਪਤੀ ਬਣਿਆ। ਅਗਲੇ ਹੀ ਦਿਨ ਸੈਕਟਰੀ ਆਫ ਵਾਰ ਹੈਨਰੀ ਸਟਿਮਸਨ ਨੇ ਉਸ ਨੂੰ ਐਟਮੀ ਬੰਬ ਦੀ ਤਿਆਰੀ ਦੀ ਸਥਿਤੀ ਤੋਂ ਜਾਣੂ ਕਰਵਾਇਆ। ਕੁਝ ਹੀ ਦਿਨ ਵਿਚ ਜਨਰਲ ਗਰੱਵਜ਼ ਨੇ ਟਰੂਮੈਨ ਨੂੰ ਮੈਨਹੱਟਨ ਪ੍ਰਾਜੈਕਟ ਦੀ ਪੂਰੀ ਜਾਣਕਾਰੀ ਦੇ ਦਿੱਤੀ। 27 ਅਪਰੈਲ ਨੂੰ ਬੰਬ ਸੁੱਟਣ ਲਈ ਸੰਭਾਵੀ ਨਿਸ਼ਾਨੇ ਮਿੱਥਣ ਵਾਲੀ ਕਮੇਟੀ ਦੀ ਮੀਟਿੰਗ ਕਰਕੇ ਸਤਾਰਾਂ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ। ਦਸ ਮਈ ਨੂੰ ਮੁੜ ਟਾਰਗੈਟ ਕਮੇਟੀ ਦੀ ਮੀਟਿੰਗ ਕਰਕੇ ਉਕਤ ਸੂਚੀ ਵਿਚੋਂ ਬਾਕੀ ਥਾਵਾਂ ਛੱਡ ਕੇ ਕਿਓਟੋ, ਯੋਕੋਹਾਮਾ, ਹੀਰੋਸ਼ੀਮਾ ਤੇ ਨਾਗਾਸਾਕੀ ਨੂੰ ਬੰਬਾਰੀ ਲਈ ਚੁਣਿਆ ਗਿਆ। ਇਸ ਚੋਣ ਤੋਂ ਹਫਤੇ ਦੇ ਅੰਦਰ ਅੰਦਰ ‘ਲਿਟਲ ਬੁਆਏ’ ਨਾਂ ਦਾ ਐਟਮ ਬੰਬ ਵਰਤੋਂ ਤੇ ਪਰਖ ਹਿੱਤ ਤਿਆਰ ਹੋ ਗਿਆ। ਟਾਰਗੈਟ ਕਮੇਟੀ ਦੀ ਮੁੜ ਮੀਟਿੰਗ ਹੋਈ ਤਾਂ ਲੈਫਟੀਨੈਂਟ ਕਰਨਲ ਤਿਬੇਤਸ ਨੇ ਦੱਸਿਆ ਕਿ ਜਾਪਾਨ ਦੇ ਬਹੁਤੇ ਸ਼ਹਿਰ ਤਾਂ ਸਾਧਾਰਨ ਬੰਬਾਂ ਨਾਲ ਹੀ 1946  ਦੇ ਆਰੰਭ ਤੋਂ ਪਹਿਲਾਂ ਤਬਾਹ ਹੋਣ ਦੀ ਸੰਭਾਵਨਾ ਹੈ। ਸਟਿਮਸਨ ਨੇ ਕਿਹਾ ਕਿ ਕਿਓਟੋ ਨੂੰ ਜਪਾਨ ਦੀ ਪੁਰਾਤਨ ਰਾਜਧਾਨੀ ਹੋਣ ਕਾਰਨ ਨਾ ਛੇੜਿਆ ਜਾਵੇ। ਇਸ ਲਈ ਨਿਸ਼ਾਨਦੇਹੀ ਹੋਰ ਸੀਮਤ ਕੀਤੀ ਗਈ। ਇਸ ਦੇ ਨਾਲ ਹੀ ਪਹਿਲੇ ਐਟਮ ਬੰਬ ਦੀ ਪਰਖ 16 ਜੁਲਾਈ, 1945 ਨੂੰ ਅਲਾਮੋਗੋਰਦੋ ਵਿਚ ਕਰਨ ਦਾ ਨਿਰਣਾ ਕਰ ਲਿਆ ਗਿਆ। ਇਸ ਨੂੰ ‘ਟਰਿਨਿਟੀ’ ਦਾ ਕੋਡ ਨਾਂ ਦਿੱਤਾ ਗਿਆ।   3 ਜੁਲਾਈ ਨੂੰ ‘ਲਿਟਲ ਬੁਆਏ ਬੰਬ’ ਦਾ ਬਾਹਰੀ ਖੋਲ ਤਿਆਰ ਹੋ ਗਿਆ। ਸੱਤ ਜੁਲਾਈ ਨੂੰ ਬੰਬ ਲਈ ਵਿਸਫੋਟਕ ਲੈਂਜ਼ ਵੀ ਤਿਆਰ ਹੋ ਗਿਆ। ਗਿਆਰਾਂ ਜੁਲਾਈ ਨੂੰ ਬੰਬ ਨੂੰ ਅਸੈਂਬਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ 13 ਜੁਲਾਈ ਸ਼ਾਮ ਤਕ ਇਹ ਕੰਮ ਪੂਰਾ ਹੋ ਗਿਆ। 14 ਜੁਲਾਈ ਨੂੰ ਹੀ ਪਰਖ ਤੋਂ ਪਹਿਲਾਂ ਐਟਮ ਬੰਬ ਵਾਲੀਆਂ ਫੌਜੀ ਟੁਕੜੀਆਂ ਟਿਨੀਅਨ ਟਾਪੂ ਨੂੰ ਰਵਾਨਾ ਕਰ ਦਿੱਤੀਆਂ ਗਈਆਂ ਕਿ ਉਹ ਤਬਾਹੀ ਦੀ ਖੇਡ ਲਈ ਮੋਰਚਾ ਸੰਭਾਲ ਲੈਣ ਕਿਉਂਕਿ ਬੰਬ ਤਾਂ ਹੁਣ ਦੋ ਕੁ ਦਿਨ ਵਿਚ ਪਰਖ ਹੀ ਲਿਆ ਜਾਣਾ ਹੈ। ਫੌਜੀ ਟੁਕੜੀਆਂ ਦੀ ਰਵਾਨਗੀ ਤੋਂ ਦੋ ਦਿਨ ਪਿੱਛੋਂ 16 ਜੁਲਾਈ, 1945 ਨੂੰ ਸਵੇਰੇ ਅੰਮ੍ਰਿਤ ਵੇਲੇ ਹੀ ਐਟਮ ਬੰਬ ਦੀ ਪਰਖ ਲਈ ਵਿਸਫੋਟ ਕਰ ਦਿੱਤਾ ਗਿਆ। ਮਨੁੱਖ ਨੇ ਆਪਣੇ ਹੱਥੀਂ ਆਪਣੀ ਬਰਬਾਦੀ ਦਾ ਰਸਤਾ ਆਖਰ ਲੱਭ ਹੀ ਲਿਆ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।